ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਗੈਂਗਸਟਰ ਸਰਗਰਮ, ਪੰਜਾਬ ’ਚ ਫ਼ਿਰੌਤੀਆਂ ਮੰਗਣ ਲਗੇ

ਸਿੱਧੂ ਮੂਸੇਵਾਲਾ ਦੇ ਕਤਲ ਪਿੱਛੋਂ ਗੈਂਗਸਟਰ ਸਰਗਰਮ, ਪੰਜਾਬ ’ਚ ਫ਼ਿਰੌਤੀਆਂ ਮੰਗਣ ਲਗੇ

ਫ਼ਿਰੌਤੀ ਦੀਆਂ ਘਟਨਾਵਾਂ ਨੇ ਪੁਲਿਸ ਦੀ ਪਰੇਸ਼ਾਨੀ ਵਧਾ ਦਿੱਤੀ ਹੈ

 ਗਾਇਕ ਸ਼ੁਭਦੀਪ ਸਿੰਘ ਸਿੱਧੂ ਉਰਫ਼ ਸਿੱਧੂ ਮੂਸੇਵਾਲਾ  ਦੀ ਹੱਤਿਆ ਪਿੱਛੋਂ ਪੰਜਾਬ ’ਚ ਬਿਸ਼ਨੋਈ ,ਬੰਬੀਹਾ  ਤੇ ਕਈ ਹੋਰ ਗਿਰੋਹਾਂ ਦੇ ਨਾਂ ’ਤੇ ਫ਼ਿਰੌਤੀਆਂ ਮੰਗਣ ਦੇ ਮਾਮਲੇ ਵੱਧ ਗਏ ਹਨ। ਕਈ ਕਲਾਕਾਰਾਂ, ਆਗੂਆਂ ਤੇ ਕਾਰੋਬਾਰੀਆਂ ਨੂੰ ਧਮਕੀਆਂ ਮਿਲ ਰਹੀਆਂ ਹਨ। ਮਹਾਰਾਸ਼ਟਰ, ਬਿਹਾਰ, ਉੱਤਰ ਪ੍ਰਦੇਸ਼ ਵਰਗੇ ਸੂਬਿਆਂ ’ਵਿਚ ਚੱਲਣ ਵਾਲਾ ਫ਼ਿਰੌਤੀ ਨੈੱਟਵਰਕ ਹੁਣ ਪੰਜਾਬ ’ਵਿਚ ਵੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ। ਹਾਲਾਂਕਿ ਪਹਿਲਾਂ ਵੀ ਸ਼ਿਕਾਇਤਆਂ ਆਉਂਦੀਆਂ ਰਹੀਆਂ ਹਨ ਪਰ ਮੂਸੇਵਾਲਾ ਦੀ ਹੱਤਿਆ ਪਿੱਛੋਂ ਅਜਿਹੇ ਮਾਮਲੇ ਬਹੁਤ ਵੱਧ ਗਏ ਹਨ। ਸ਼ਨਿਚਰਵਾਰ ਨੂੰ ਅਜਨਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਰਹੇ ਅਮਰਪਾਲ ਸਿੰਘ ਬੋਨੀ ਤੋੋਂ ਲਾਰੈਂਸ ਬਿਸ਼ਨੋਈ ਦੇ ਗੁਰਗੇ ਭਿੰਦੇ ਨੇ ਢਾਈ ਲੱਖ ਦੀ ਫ਼ਿਰੌਤੀ ਦੀ ਮੰਗ ਕੀਤੀ। ਇਸ ਤੋਂ ਪਹਿਲਾਂ 15 ਜੂਨ ਨੂੰ ਨਵਾਂਸ਼ਹਿਰ ’ਵਿਚ ਤਿੰਨ ਲੱਖ ਦੀ ਫ਼ਿਰੌਤੀ ਵਸੂਲਣ ਆਏ ਇਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫ਼ਤਾਰ ਕੀਤਾ। ਇਸ ਦੌਰਾਨ ਹੋਈ ਫਾਇਰਿੰਗ ’ਵਿਚ ਇਕ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਿਆ।

ਫ਼ਿਰੌਤੀ ਦੀਆਂ ਘਟਨਾਵਾਂ ਨੇ ਪੁਲਿਸ ਦੀ ਪਰੇਸ਼ਾਨੀ ਵਧਾ ਦਿੱਤੀ ਹੈ ਕਿਉਂਕਿ ਇਨ੍ਹਾਂ ਨੂੰ ਟਰੇਸ ਕਰਨਾ ਮੁਸ਼ਕਿਲ ਸਾਬਤ ਹੋ ਰਿਹਾ ਹੈ। ਕੋਈ ਵੀ ਦਿਨ ਅਜਿਹਾ ਨਹੀਂ ਹੈ ਜਦੋਂ ਅਜਿਹੀ ਧਮਕੀ ਭਰੀ ਫੋਨ ਕਾਲ ਕਰਕੇ ਕਿਸੇ ਤੋਂ ਫ਼ਿਰੌਤੀ ਨਾ ਮੰਗੀ ਗਈ ਹੋਵੇ। ਛੇ ਜੂਨ ਨੂੰ ਲੁਧਿਆਣੇ ’ਵਿਚ ਕੱਪਡ਼ਾ ਕਾਰੋਬਾਰੀ ਮਾਨਵ ਭੰਡਾਰੀ ਨੂੰ ਸਿੱਧੂ ਮੂਸੇਵਾਲਾ ਵਰਗਾ ਹਸ਼ਰ ਕਰਨ ਦੀ ਧਮਕੀ ਦੇ ਕੇ ਫ਼ਿਰੌਤੀ ਮੰਗੀ ਗਈ। ਪੰਜਾਬ ਪੁਲਿਸ ਨੇ ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਦੀ ਸਹਾਇਤਾ ਨਾਲ ਬਿਹਾਰ ਦੇ ਛਪਰਾ ਦੇ ਅਫਜ਼ਲ ਅਬਦੁੱਲਾ ਤੇ ਛੱਤੀਸਗੜ ਦੇ ਸ਼ਕਤੀ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮੂਸੇਵਾਲਾ ਦੀ ਹੱਤਿਆ ਪਿੱਛੋਂ ਪੈਦਾ ਹੋਏ ਡਰ ਦੇ ਮਾਹੌਲ ਦਾ ਫ਼ਾਇਦਾ ਉਠਾਉਂਦਿਆਂ ਕਈ ਅਜਿਹੇ ਅਪਰਾਧੀ ਵੀ ਧਮਕੀਆਂ ਦੇ ਰਹੇ ਹਨ ਜਿਨ੍ਹਾਂ ਦਾ ਕਿਸੇ ਗਿਰੋਹ ਨਾਲ ਕੋਈ ਸਬੰਧ ਨਹੀਂ। ਪੰਜਾਬ ਪੁਲਿਸ ਦੇ ਇਕ ਸੀਨੀਅਰ ਅਧਿਕਾਰੀ ਅਨੁਸਾਰ ਅਜਿਹੇ ਮਾਮਲਿਆਂ ’ਵਿਚ ਵਾਧਾ ਹੋਇਆ ਹੈ। ਕੁਝ ਲੋਕ ਤਾਂ ਪੁਲਿਸ ਤਕ ਪੁੱਜ ਜਾਂਦੇ ਹਨ ਪਰ ਕਈ ਅਜਿਹੇ ਵੀ ਹੋ ਸਕਦੇ ਹਨ ਜੋ ਪੁਲਿਸ ਨਾਲ ਸੰਪਰਕ ਨਾ ਕਰਦੇ ਹੋਣ।

ਬਿਸ਼ਨੋਈ ਤੇ ਗੋਲਡੀ ਬਰਾੜਦੇ ਨਾਂ ’ਤੇ ਧਮਕੀ

ਧਮਕੀ ਭਰੇ ਫੋਨਾਂ ’ਵਿਚ ਜ਼ਿਆਦਾਤਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਦੇ ਨਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਕਿਉਂਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਜ਼ਿੰਮੇਵਾਰੀ ਸਭ ਤੋਂ ਪਹਿਲਾਂ ਗੋਲਡੀ ਬਰਾੜ ਨੇ ਹੀ ਲਈ ਸੀ। ਸਾਬਾਕਾ ਵਿਧਾਇਕ ਬੋਨੀ ਨੂੰ ਮਿਲੀ ਧਮਕੀ ਪਿੱਛੋਂ ਪੁਲਿਸ ਜ਼ਿਆਦਾ ਚੌਕਸ ਹੋ ਗਈ ਹੈ। ਇਸ ਤੋਂ ਇਲਾਵਾ ਪੰਜਾਬੀ ਕਲਾਕਾਰਾਂ, ਗਾਇਕਾਂ ਦੇ ਨਾਲ-ਨਾਲ ਵਪਾਰੀਆਂ ਨੂੰ ਵੀ ਨਿਸ਼ਾਨਾ ਬਣਾਇਆ ਜਾਣ ਲੱਗਾ ਹੈ।

ਧਮਕੀਆਂ ਦੇ ਪ੍ਰਮੁੱਖ ਮਾਮਲੇ

18 ਜੂਨ: ਸਾਬਕਾ ਵਿਧਾਇਕ ਅਮਰਪਾਲ ਸਿੰਘ ਬੋਨੀ ਤੋਂ ਬਿਸ਼ਨੋਈ ਦੇ ਗੁਰਗੇ ਭਿੰਦੇ ਨੇ ਢਾਈ ਲੱਖ ਰੁਪਏ ਮੰਗੇ। ਕੇਸ ਦਰਜ

17 ਜੂਨ: ਅੰਮ੍ਰਿਤਸਰ ਦੇ ਕਾਰੋਬਾਰੀ ਜਸਬੀਰ ਸਿੰਘ ਤੋਂ ਵਿਦੇਸ਼ ’ਚ ਬੈਠੇ ਗੈਂਗਸਟਰ ਗੋਲਡੀ ਬਰਾੜ ਨੇ ਪੰਜ ਲੱਖ ਰੁਪਏ ਦੀ ਫ਼ਿਰੌਤੀ ਮੰਗੀ। ਕੇਸ ਦਰਜ

7 ਜੂਨ : ਛੇਹਰਟਾ ਦੇ ਸਾਬਕਾ ਸੈਨਿਕ ਹਰਜੀਤ ਸਿੰਘ ਤੋਂ ਵ੍ਹਟਸਐਪ ’ਤੇੇ ਲੱਖਾਂ ਰੁਪਏ ਮੰਗੇ ਗਏ। ਅਣਪਛਾਤੇ ਵਿਅਕਤੀ ’ਤੇ ਕੇਸ ਦਰਜ

30 ਮਈ: ਅੰਮ੍ਰਿਤਸਰ ਐੱਨਐੱਸਯੂਆਈ ਦੇ ਸੂਬਾ ਪ੍ਰਧਾਨ ਅਕਸ਼ੇ ਸ਼ਰਮਾ ਨੇ ਇਕ ਪੰਜਾਬੀ ਅਦਾਕਾਰ ’ਤੇ ਗੋਲਡੀ ਬਰਾੜ ਤੋਂ ਧਮਕੀ ਦਿਵਾਉਣ ਦਾ ਦੋਸ਼ ਲਾਇਆ।

15 ਜੂਨ : ਨਵਾਂਸ਼ਹਿਰ ਦੇ ਬੰਗਾ ’ਚ ਪੁਲਿਸ ਨੇ ਫ਼ਿਰੌਤੀ ਦੇ ਪੈਸੇ ਲੈਣ ਆਏ ਇਕ ਨੌਜਵਾਨ ਨੂੰ ਗ੍ਰਿਫ਼ਤਾਰ ਕੀਤਾ। ਯੂਪੀ ਦੇ ਸਹਾਹਨਪੁਰ ਦਾ ਰਹਿਣ ਵਾਲਾ ਮੁਲਜ਼ਮ ਤਿੰਨ ਲੱਖ ਰੁਪਏ ਲੈਣ ਪੁੱਜਾ ਸੀ।

6 ਜੂਨ : ਲੁਧਿਆਣੇ ’ਚ ਕਾਰੋਬਾਰੀ ਮਾਨਵ ਭੰਡਾਰੀ ਤੋਂ ਫ਼ਿਰੌਤੀ ਮੰਗਣ ਦੇ ਦੋਸ਼ ’ਚ ਬਿਹਾਰ ਦੇ ਦੇਰਨੀ (ਛਪਰਾ) ਦੇ ਅਫਜ਼ਲ ਅਬਦੁੱਲ ਤੇ ਛੱਤੀਸਗੜ੍ਹ ਦੇ ਮੰਗਲਾ (ਬਿਲਾਸਪੁਰ) ਦੇ ਸ਼ਕਤੀ ਸਿੰਘ ਨੂੰ ਕਾਬੂ ਕੀਤਾ।

8 ਜੂਨ : ਲੁਧਿਆਣੇ ’ਵਿਚ ਗੈਂਗਸਟਰਾਂ ਨੇ ਕਾਰੋਬਾਰੀ ਪੂਰਨ ਚੰਦ ਕੈਂਥ ਤੋਂ ਦੋ ਕਰੋੜ੍ਹ ਰੁਪਏ ਮੰਗੇ। ਇਸ ਮਾਮਲੇ ’ਚ ਤਿੰਨ ਲੋਕਾਂ ਨੂੰ ਫੜਿਆ ਗਿਆ।

ਫਿਰੋਜ਼ਪੁਰ ਦੇ ਮਮਦੋਟ ਵਿਚ ਕੰਪਿਊਟਰ ਦੀ ਵਿਦਿਆਰਥਣ ਤੋਂ ਗੋਲਡੀ ਬਰਾੜ ਦੇ ਨਾਂ ’ਤੇ ਪੰਜ ਲੱਖ ਰੁਪਏ ਮੰਗੇ ਗਏ।

ਗੁਰਦਾਸਪੁਰ ਦੇ ਬਟਾਲਾ ’ਵਿਚ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਸੁਰਿੰਦਰ ਕੁਮਾਰ ਤੋਂ ਗੈਂਗਸਟਰ ਜੱਗੂ ਭਗਵਾਨਪੁਰੀਆਂ ਦੇ ਨਾਂ ’ਤੇ 25 ਲੱਖ ਰੁਪਏ ਮੰਗੇ ਗਏ।