ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਿੱਤਾ ਗੈਂਗਸਟਰ ਗੋਲਡੀ ਬਰਾੜ ਵੱਲੋਂ ਲਾਏ ਇਲਜ਼ਾਮਾਂ ਦਾ ਠੋਕਵਾਂ ਜਵਾਬ

ਸਿੱਧੂ ਮੂਸੇਵਾਲਾ ਦੇ ਮਾਪਿਆਂ ਨੇ ਦਿੱਤਾ ਗੈਂਗਸਟਰ ਗੋਲਡੀ ਬਰਾੜ ਵੱਲੋਂ ਲਾਏ ਇਲਜ਼ਾਮਾਂ ਦਾ ਠੋਕਵਾਂ ਜਵਾਬ

 ਸਿੱਧੂ ਮੂਸੇਵਾਲਾ ਦਾ ਮੂਸਾ ਪਿੰਡ ਵਿਚ ਲੱਗਾ  ਬੁੱਤ 

*ਸਿੱਧੂ ਮੂਸੇਵਾਲਾ ਦਾ ਨਹੀਂ ਸੀ ਕਿਸੇ ਗੈਂਗ ਨਾਲ ਸਬੰਧ, ਪੁਲਿਸ ਦੀ ਜਾਂਚ ’ਵਿਚ ਸਾਹਮਣੇ ਆਇਆ ਤੱਥ

ਅੰਮ੍ਰਿਤਸਰ ਟਾਈਮਜ਼

ਮਾਨਸਾ : ਮਰਹੂਮ ਸਿੱਧੂ ਮੂਸੇਵਾਲਾ  ਦੇ ਪਿਤਾ ਬਲਕੌਰ ਸਿੰਘ  ਨੇ ਕਿਹਾ ਕਿ ਅੱਜ ਪਾਪੀ ਲੋਕ ਕਾਨੂੰਨ ਦੀਆਂ ਕਮਜ਼ੋਰੀਆਂ ਦਾ ਫ਼ਾਇਦਾ ਚੁੱਕ ਕੇ ਮਨੁੱਖੀ ਅਧਿਕਾਰਾਂ ਦੀ ਮੰਗ ਕਰਦੇ ਹਨ। ਮੇਰੇ ਬੱਚੇ ਦੇ ਮਨੁੱਖੀ ਅਧਿਕਾਰ ਕਿੱਥੇ ਸਨ? ਕੀ ਉਹ ਘਰ ਤੋਂ ਬਾਹਰ ਇਕੱਲਾ ਨਹੀਂ ਘੁੰਮ ਸਕਦਾ ਸੀ? ਪੁਲਿਸ ਕੁਝ ਲੋਕਾਂ ਨੂੰ ਸੁਰੱਖਿਆ ਦੇ ਸਕਦੀ ਹੈ। ਸਾਨੂੰ ਇਹੋ ਜਿਹਾ ਮਾਹੌਲ ਤਿਆਰ ਕਰਨਾ ਪਵੇਗਾ ਕਿ ਅਸੀਂ ਬੇਖੌਫ਼ ਹੋ ਕੇ ਆਪੋ ਆਪਣੇ ਘਰਾਂ ’ਵਿਚ ਸ਼ਾਂਤੀ ਨਾਲ ਜ਼ਿੰਦਗੀ ਬਤੀਤ ਕਰ ਸਕੀਏ। ਜਦ ਇਹ ਪਾਪੀ ਲੋਕ ਪੇਸ਼ੀ ’ਤੇ ਆਉਂਦੇ ਹਨ ਤਾਂ 200 ਬੰਦਾ ਉਨ੍ਹਾਂ ਨਾਲ ਹੁੰਦਾ ਹੈ। ਕੀ ਉਨ੍ਹਾਂ ’ਤੇ ਖ਼ਰਚਾ ਨਹੀਂ ਹੁੰਦਾ। ਸਿੱਧੂ ਦੇ ਪਿਤਾ ਨੇ ਕਿਹਾ ਕਿ ਸਾਡਾ ਪੁੱਤ 2 ਕਰੋਡ਼ ਰੁਪਇਆ ਟੈਕਸ ਭਰਦਾ ਸੀ ਤੇ ਉਸ ਦਾ ਹਸ਼ਰ ਸਾਰਿਆਂ ਦੇ ਸਾਹਮਣੇ ਹੈ। ਸ਼ੁਭਦੀਪ ਦੀ ਮਾਤਾ ਨੇ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਮਾਜ ਸੇਵਕ ਸੀ ਤੇ ਹੁਣ ਉਸ ਨੂੰ ਬਦਨਾਮ ਕਰਨ ਲਈ ਕੁਝ ਲੋਕ ਮੂੰਹ ਬੰਨ੍ਹ ਕੇ ਇੰਟਰਵਿਊ ਦੇ ਰਹੇ ਹਨ।

ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸ਼ੁਭਦੀਪ ਦਾ ਉਸ ਦੀ ਸਸਕਾਰ ਵਾਲੀ ਜਗ੍ਹਾ ’ਤੇ ਪ੍ਰਸ਼ੰਸਕ ਵੱਲੋਂ ਲਿਆਂਦੇ ਗਏ ਇਕ ਬੁਤ ਲਾਉਣ ਸਮੇਂ ਕਹੀਆਂ। ਉਨ੍ਹਾਂ ਕਿਹਾ ਕਿ ਜਿਹਡ਼ਾ ਸਾਫ਼ ਤੌਰ ’ਤੇ ਕਹਿ ਰਿਹਾ ਹੈ ਕਿ ਮੈਂ ਸਿੱਧੂ ਨੂੰ ਮਾਰਿਆ ਹੈ। ਉਸ ਬੰਦੇ ਨੂੰ ਸੁਰੱਖਿਆ ਕਿਉਂ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਉਹ ਸਾਰਿਆਂ ਤਕ ਗੱਲ ਪਹੁੰਚਾਉਣੀ ਚਾਹੁੰਦੇ ਹਨ ਕਿ ਜਿਸ ਤਰ੍ਹਾਂ ਮੇਰੇ ਪੁੱਤ ਨੂੰ ਸਡ਼ਕ ’ਤੇ ਜਾਂਦੇ ਗੋਲ਼ੀਆਂ ਮਾਰ ਕੇ ਮਾਰਿਆ ਗਿਆ ਹੈ। ਅਸੀਂ ਵੀ ਚਾਹੁੰਦੇ ਹਾਂ ਕਿ ਉਹ ਪਾਪੀ ਅਦਾਲਤਾਂ ’ਵਿਚ ਜਾਣ ’ਤੇ ਉਨ੍ਹਾਂ ਨੂੰ ਕੋਈ ਵੀ ਸੁਰੱਖਿਆ ਨਾ ਦਿੱਤੀ ਜਾਵੇ ਤੇ ਘੱਟੋ ਘੱਟ ਅਸੀਂ ਸਿੱਧੇ ਹੋ ਕੇ ਦੇਖ ਤਾਂ ਲਈਏ।

ਉਨ੍ਹਾਂ ਕਿਹਾ ਕਿ ਟੀਵੀ ਇੰਟਰਵਿਊ ਜ਼ਰੀਏ ਜਿਹਡ਼ੇ ਦੋਸ਼ ਲਗਾ ਰਹੇ ਹਨ ਉਹ ਝੂਠੇ ਤੇ ਬੇਬੁਨਿਆਦ ਹਨ। ਮੇਰੇ ਪੁੱਤ ਤੇ ਪਰਿਵਾਰ ਨੇ ਕਦੇ ਕਿਸੇ ਦਾ ਮਾਡ਼ਾ ਨਹੀਂ ਕੀਤਾ। ਮੇਰਾ ਪੁੱਤ ਬੇਦੋਸ਼ਾ ਤੇ ਕੋਰਾ ਕਾਗਜ਼ ਸੀ ਜਿਸ ’ਤੇ ਪਾਪੀਆਂ ਨੇ ਗੋਲ਼ੀਆਂ ਚਲਾਈਆਂ ਪਰ ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਉਹ ਮਾਰ ਕਿਸ ਨੂੰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਡਾ ਇਨਸਾਫ਼ ਸ਼ੂਟਰਾਂ ਨੂੰ ਮਾਰਨ ਜਾਂ ਫਡ਼ਨ ਤਕ ਸੀਮਤ ਨਹੀਂ ਹੈ, ਜਦੋਂ ਤਕ ਸਰਕਾਰਾਂ ਦੇਸ਼ਾਂ ਵਿਦੇਸ਼ਾਂ ਵਿਚ ਬੈਠੇ ਇਨ੍ਹਾਂ ਦੇ ਆਕਾਵਾਂ ਦਾ ਕੋਈ ਹੱਲ ਨਹੀਂ ਕਰਦੀਆਂ ਉਦੋਂ ਤਕ ਇਨਸਾਫ਼ ਅਧੂਰਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਤਫ਼ਤੀਸ਼ ’ਵਿਚ ਲੱਗਿਆ ਵੀ ਹੋਇਆ ਹੈ। ਉਮੀਦ ਕਰ ਸਕਦੇ ਹਾਂ ਕਿ ਕੁਝ ਚੰਗਾ ਸੁਣਨ ਨੂੰ ਮਿਲੇਗਾ।

ਇੱਥੇ ਜ਼ਿਕਰਯੋਗ ਹੈ ਕਿ ਐਤਵਾਰ ਨੂੰ ਵੱਡੀ ਗਿਣਤੀ ’ਵਿਚ ਮੂਸਾ ਪਿੰਡ ਪੰਜਾਬ, ਹਰਿਆਣਾ, ਰਾਜਸਥਾਨ ਤੇ ਹੋਰ ਰਾਜਾਂ ਵਿਚੋਂ ਲੋਕ ਪੁੱਜੇ ਸਨ ਜਿਨ੍ਹਾਂ ਨੇ ਪਿਤਾ ਬਲਕੌਰ ਸਿੱਧੂ ਤੇ ਮਾਤਾ ਚਰਨ ਕੌਰ ਨਾਲ ਹਮਦਰਦੀ ਜ਼ਾਹਿਰ ਕੀਤੀ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਮੂਸੇਵਾਲਾ ਦੇ ਕਾਤਲਾਂ ਨੂੰ ਗ੍ਰਿਫ਼ਤਾਰ ਕਰ ਕੇ ਸਖ਼ਤ ਸਜ਼ਾਵਾਂ ਦਿਵਾਈਆਂ ਜਾਣ ਅਤੇ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਇਕੱਠ ਨੂੰ ਸੰਬੋਧਨ ਕਰਦਿਆਂ ਬਲਕੌਰ ਸਿੰਘ ਸਿੱਧੂ ਨੇ ਸਭਨਾਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟਾਈ ਕਿ ਪਰਿਵਾਰ ਦੇ ਮੋਢੇ ਨਾਲ ਮੋਢਾ ਲਗਾ ਕੇ ਖਡ਼੍ਹਦੇ ਰਹਿਣਗੇ। ਜ਼ਿਕਰਯੋਗ ਹੈ ਕਿ ਪਰਿਵਾਰ ਵੱਲੋਂ ਅਫ਼ਸੋਸ ਜ਼ਾਹਿਰ ਕਰਨ ਲਈ ਐਤਵਾਰ ਦਾ ਦਿਨ ਨਿਸ਼ਚਿਤ ਕੀਤਾ ਹੋਇਆ ਹੈ। ਸਿੱਧੂ ਦੇ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਯਾਦਗਾਰ ’ਤੇ ਸ਼ਰਧਾ ਦੇ ਫੁੱਲ ਵੀ ਭੇਟ ਕੀਤੇ ।

ਪੁਲਿਸ ਅਨੁਸਾਰ ਮੂਸੇਵਾਲਾ ਦਾ ਨਹੀਂ ਸੀ ਕਿਸੇ ਗੈਂਗ ਨਾਲ ਸਬੰਧ

 ਼ਹੁਣ ਤ਼ਕ ਦੀ ਪੁਲਿਸ ਜਾਂਚ ’ਵਿਚ ਸਾਹਮਣੇ ਆਇਆ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਗੈਂਗਸਟਰਾਂ ਦੀ ਆਪਸੀ ਦੁਸ਼ਮਣੀ ਕਾਰਨ ਹੋਈ। ਸਿੱਧੂ ਦਾ ਕਿਸੇ ਗੈਂਗ ਨਾਲ ਕੋਈ ਲੈਣਾ-ਦੇਣਾ ਨਹੀਂ ਸੀ। ਮੂਸੇਵਾਲਾ ਨਾ ਹੀ ਕਿਸੇ ਤਰ੍ਹਾਂ ਦੀ ਅਪਰਾਧਿਕ ਸਰਗਰਮੀ ’ਵਿਚ ਸ਼ਾਮਲ ਸੀ। ਸਿੱਧੂ ਮੂਸੇਵਾਲਾ ਹੱਤਿਆ ਕਾਂਡ ਨੂੰ ਸੁਲਝਾਉਣ ਲਈ 250 ਤੋਂ ਜ਼ਿਆਦਾ ਪੰਜਾਬ ਪੁਲਿਸ ਦੇ ਵੱਖ-ਵੱਖ ਵਿੰਗਾਂ ਦੇ ਅਧਿਕਾਰੀ ਤੇ ਮੁਲਾਜ਼ਮ ਕੰਮ ਕਰ ਰਹੇ ਹਨ। ਇਸ ਮਾਮਲੇ ’ਵਿਚ ਐੱਸਆਈਟੀ ਵੀ ਗਠਿਤ ਹੈ। ਮਾਮਲੇ ਨੂੰ ਐਂਟੀ ਗੈਂਗਸਟਰ ਟਾਸਕ ਫੋਰਸ ਵੱਲੋਂ ਵੀ ਦੇਖਿਆ ਜਾ ਰਿਹਾ ਹੈ। ਮਾਨਸਾ, ਬਠਿੰਡਾ ਜ਼ਿਲ੍ਹਿਆਂ ਦੇ ਪੁਲਿਸ ਮੁਲਾਜ਼ਮ ਵੀ ਇਸ ਮਾਮਲੇ ਦੀ ਜਾਂਚ ਕਰ ਰਹੀਆਂ ਟੀਮਾਂ ਦੀ ਮਦਦ ਕਰ ਰਹੇ ਹਨ ਪਰ ਇਸ ਮਾਮਲੇ ’ਵਿਚ ਅਜੇ ਤਿੰਨ ਸ਼ੂਟਰ ਫ਼ਰਾਰ ਹਨ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਨੂੰ ਸੁਲਝਾਉਣ ਲਈ ਹੁਣ ਤਕ ਹਜ਼ਾਰਾਂ ਫੋਨ ਕਾਲਾਂ ਦੇ ਡਾਟੇ ਦੀ ਪੁਣਛਾਣ ਕੀਤੀ ਜਾ ਚੁੱਕੀ ਹੈ, ਤਾਂ ਜਾ ਕੇ ਪੁਲਿਸ ਨੂੰ ਕੁਝ ਸੁਰਾਗ ਮਿਲੇ ਜਿਸ ਪਿੱਛੋਂ ਜਾਂਚ ਅੱਗੇ ਵਧੀ। ਸੋਸ਼ਲ ਮੀਡੀਆ ’ਤੇ ਕੀਤੇ ਗਏ ਦਾਅਵਿਆਂ ਦੀ ਜਾਂਚ ਪਿੱਛੋਂ ਪੁਲਿਸ ਦਾ ਮੰਨਣਾ ਹੈ ਕਿ ਜੇਲ੍ਹ ’ਵਿਚ ਬੈਠੇ ਲਾਰੈਂਸ ਬਿਸ਼ਨੋਈ ਨੇ ਹੀ ਸਿੱਧੂ ਮੂਸੇਵਾਲਾ ਨੂੰ ਮਾਰਨ ਦਾ ਸਾਜ਼ਿਸ਼ ਰਚੀ ਸੀ। ਪਰ ਹੁਣ ਤਕ ਇਸ ਮਾਮਲੇ ’ਵਿਚ ਵਰਤੇ ਗਏ ਹਥਿਆਰਾਂ ਨੂੰ ਪੁਲਿਸ ਬਰਾਮਦ ਨਹੀਂ ਕਰ ਸਕੀ। ਪੰਜਾਬ ਪੁਲਿਸ ਨੇ ਇਸ ਮਾਮਲੇ ’ਚ ਹੁਣ ਤਕ 18 ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕੀਤਾ ਹੈ। ਸਿੱਧੂ ਦੀ ਬੀਤੀ 29 ਮਈ ਨੂੰ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

ਲਾਰੈਂਸ ਨੂੰ ਪੁਲਿਸ ਵੱਲੋਂ ਸੁਪਰ ਸੁਰੱਖਿਆ

ਸਿੱਧੂ ਮੂਸੇਵਾਲਾ ਦੀ ਹੱਤਿਆ ਦੀ ਸਾਜ਼ਿਸ਼ ਰਚਣ ’ਵਿਚ ਸ਼ਾਮਲ ਲਾਰੈਂਸ ਬਿਸ਼ਨੋਈ ਨੂੰ ਪੁਲਿਸ ਵੱਲੋਂ ਸੁਪਰ ਸੁਰੱਖਿਆ ਦਿੱਤੀ ਜਾ ਰਹੀ ਹੈ। ਉਸ ਨੂੰ ਅਦਾਲਤ ’ਵਿਚ ਪੇਸ਼ੀ ਲਈ ਲਿਜਾਣ ਲਈ 200 ਦੇ ਕਰੀਬ ਅਧਿਕਾਰੀ ਤੇ ਪੁਲਿਸ ਮੁਲਾਜ਼ਮ ਡਿਊਟੀ ਨਿਭਾਅ ਰਹੇ ਹਨ। ਦੋ ਬੁਲਟ ਪਰੂਫ ਗੱਡੀਆਂ ਵੀ ਨਾਲ ਚੱਲਦੀਆਂ ਹਨ। ਲਾਰੈਂਸ ਨੂੰ ਸੁਰੱਖਿਆ ਦੇ ਕੇ ਗਲੈਮਰਾਈਜ਼ ਕਰਨ ਦਾ ਮੁੱਦਾ ਪੰਜਾਬ ਵਿਧਾਨ ਸਭਾ ’ਵਿਚ ਆਪ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਵੀ ਉਠਾ ਚੁੱਕੇ ਹਨ।

Attachments area