ਸਿਰਸਾ-ਕਾਲਕਾ ਵਲੋਂ ਗੁਰਪੁਰਬ ਸਮਾਗਮਾਂ ਦੇ ਨਾਂ 'ਤੇ ਕੀਤਾ ਜਾ ਰਿਹਾ ਕਰੋੜਾਂ ਦਾ ਘਪਲਾ: ਸ਼੍ਰੋਮਣੀ ਅਕਾਲੀ ਦਲ ਦਿੱਲੀ

ਸਿਰਸਾ-ਕਾਲਕਾ ਵਲੋਂ ਗੁਰਪੁਰਬ ਸਮਾਗਮਾਂ ਦੇ ਨਾਂ 'ਤੇ ਕੀਤਾ ਜਾ ਰਿਹਾ ਕਰੋੜਾਂ ਦਾ ਘਪਲਾ: ਸ਼੍ਰੋਮਣੀ ਅਕਾਲੀ ਦਲ ਦਿੱਲੀ

 ਸਰਨਾ ਪਾਰਟੀ ਵਲੋਂ ਘੁਟਾਲੇ ਦੀ ਨਿੰਦਾ ਅਤੇ ਉੱਚ ਪੱਧਰੀ ਜਾਂਚ ਦੀ ਮੰਗ 

ਅੰਮ੍ਰਿਤਸਰ ਟਾਈਮਜ਼

ਨਵੀਂ ਦਿੱਲੀ, 18 ਅਪ੍ਰੈਲ (ਮਨਪ੍ਰੀਤ ਸਿੰਘ ਖਾਲਸਾ): ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਲਾਲ ਕਿਲਾ ਵਿਖੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400ਵੇਂ ਪ੍ਰਕਾਸ਼ ਪੁਰਬ ਮੌਕੇ ਕਰਵਾਏ ਜਾਣ ਵਾਲੇ ਰਾਜ ਪੱਧਰੀ ਸਮਾਗਮ ਦੌਰਾਨ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਦੀ ਨਿੰਦਾ ਕਰਦਿਆਂ ਤੁਰੰਤ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਹਾਲ ਹੀ ਵਿੱਚ ਇੱਕ ਮੀਡੀਆ ਰਿਪੋਰਟ ਅੰਦਰ ਮਨਜਿੰਦਰ ਸਿੰਘ ਸਿਰਸਾ ਅਤੇ ਹਰਮੀਤ ਸਿੰਘ ਕਾਲਕਾ ਕਰੋੜਾਂ ਰੁਪਏ ਦੇ ਟੈਂਡਰ ਘੁਟਾਲੇ ਦਾ ਪਰਦਾਫਾਸ਼ ਕਰਕੇ ਸੁਰਖੀਆਂ ਵਿੱਚ ਆਏ ਸਨ।  ਉਕਤ ਟੀਵੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ 20-21 ਅਪ੍ਰੈਲ ਨੂੰ ਲਾਲ ਕਿਲੇ 'ਤੇ ਹੋਣ ਵਾਲੇ ਪ੍ਰੋਗਰਾਮ 'ਚ ਹਿੱਸਾ ਲੈਣਗੇ।  ਇਸ ਪ੍ਰੋਗਰਾਮ ਲਈ ਕੇਂਦਰ ਸਰਕਾਰ ਵੱਲੋਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ 5 ਕਰੋੜ ਰੁਪਏ ਦਾ ਬਜਟ ਮਨਜ਼ੂਰ ਕੀਤਾ ਗਿਆ ਹੈ।  ਟੈਂਡਰ ਜਾਰੀ ਹੋਣ ਤੋਂ ਪਹਿਲਾਂ ਹੀ ਡੀਐਸਜੀਐਮਸੀ ਨੇ ਕਥਿਤ ਤੌਰ ਤੇ ਪੰਜਾਬ ਟੈਂਟ ਹਾਊਸ ਦੇ ਨਾਂ ਤੇ ਇੱਕ ਫਰਮ ਨੂੰ ਕਰੋੜਾਂ ਰੁਪਏ ਦੇ ਪੰਡਾਲ ਦਾ ਕੰਮ ਕਰਵਾ ਕੇ ਦਿਖਾਇਆ ਜਾ ਰਿਹਾ ਹੈ ।

ਇਸ ਸਬੰਧੀ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸੋਮਵਾਰ ਨੂੰ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਇਸ ਗੱਲ ਦੀ ਪ੍ਰਤੱਖ ਮਿਸਾਲ ਹੈ ਕਿ ਕਿਵੇਂ ਸਿਰਸਾ ਅਤੇ ਕਾਲਕਾ ਨੇ ਪੰਡਾਲ ਦੇ ਕੰਮ ਤੋਂ ਪਹਿਲਾਂ ਹੀ ਸਰਕਾਰੀ ਪੈਸੇ ਦੀ ਬਰਬਾਦੀ ਕਰਨ ਦੀ ਸਾਜ਼ਿਸ਼ ਰਚੀ ਸੀ । ਅਸਲ ਵਿੱਚ, ਉਨ੍ਹਾਂ ਨੇ ਪਹਿਲਾਂ ਹੀ ਇਸ ਦੀ ਯੋਜਨਾ ਬਣਾਈ ਹੋਣੀ ਹੈ ਅਤੇ ਬਾਅਦ ਵਿੱਚ ਆਪਣੀਆਂ ਜਾਅਲੀ ਕੰਪਨੀਆਂ ਨੂੰ ਪੈਸਾ ਜਾਰੀ ਕਰਨ ਦੀ ਯੋਜਨਾ ਬਣਾਈ ਹੋਵੇਗੀ। ਇਨ੍ਹਾਂ ਲੋਕਾਂ ਨੇ ਸਰਕਾਰੀ ਖਜ਼ਾਨੇ ਦਾ ਪੈਸਾ ਹੜੱਪਣ ਲਈ ਟੈਂਡਰ ਪ੍ਰਕਿਰਿਆ ਦੇ ਨਾਂ 'ਤੇ ਮਹਿਜ਼ ਕਾਗਜ਼ੀ ਕਾਰਵਾਈ ਕੀਤੀ ਹੈ। ਉਨ੍ਹਾਂ ਨੇ ਫਰਜ਼ੀ ਕੰਪਨੀ ਪੰਜਾਬ ਟੈਂਟ ਹਾਊਸ ਨਾਲ ਪਹਿਲਾਂ ਹੀ ਸੌਦਾ ਤੈਅ ਕਰ ਲਿਆ ਸੀ, ਇਹ ਟੈਂਡਰ ਸਿਰਫ਼ ਇੱਕ ਧੋਖਾ ਹੈ।

ਪੰਥਕ ਆਗੂਆਂ ਨੇ ਇੱਕ ਵਾਰ ਫਿਰ ਸਿਰਸਾ ਵੱਲੋਂ ਡੀਐਸਜੀਐਮਸੀ ਵਿੱਚ ਹੋਏ ਭ੍ਰਿਸ਼ਟਾਚਾਰ ਅਤੇ ਗੁਰੂ ਦੀ ਗੋਲਕ ਦੀ ਲੁੱਟ ਦੀ ਉੱਚ ਪੱਧਰੀ ਸਰਕਾਰੀ ਜਾਂਚ ਦੀ ਮੰਗ ਕੀਤੀ ਹੈ।  ਸਰਨਾ ਨੇ ਕਿਹਾ ਕਿ ਇਸ ਘਪਲੇ ਵਿੱਚ ਸਰਕਾਰੀ ਪੈਸੇ ਨੂੰ ਲਾਂਬੂ ਲਾਉਣ ਦੀ ਸਾਜ਼ਿਸ਼ ਰਚੀ ਗਈ ਹੈ।  ਇਸ ਲਈ ਐਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਸਮੇਤ ਕਈ ਸਰਕਾਰੀ ਜਾਂਚ ਏਜੰਸੀਆਂ ਨੂੰ ਤੁਰੰਤ ਜਾਂਚ ਸ਼ੁਰੂ ਕਰ ਕੇ ਦੋਸ਼ੀਆਂ ਖਿਲਾਫ ਮੁਕੱਦਮਾ ਚਲਾਉਣਾ ਚਾਹੀਦਾ ਹੈ।  ਸਰਨਾ ਨੇ ਕਿਹਾ ਕਿ ਹੁਣ ਤੱਕ ਦੇ ਘੁਟਾਲੇ ਦੱਸਦੇ ਹਨ ਕਿ ਕਿਸ ਤਰ੍ਹਾਂ ਸਿਰਸਾ ਅਤੇ ਕਾਲਕਾ ਵੱਲੋਂ ਸੂਬਾ ਪੱਧਰੀ ਪ੍ਰੋਗਰਾਮਾਂ ਵਿੱਚ ਕਰੋੜਾਂ ਰੁਪਏ ਦੀ ਧੋਖਾਧੜੀ ਕੀਤੀ ਜਾ ਰਹੀ ਹੈ।ਪੰਥਕ ਆਗੂਆਂ ਨੇ ਕਿਹਾ ਕਿ ਜੇਕਰ ਇਸ ਘਪਲੇ ਦੀ ਉੱਚ ਪੱਧਰੀ ਜਾਂਚ ਹੁੰਦੀ ਹੈ ਤਾਂ ਸਿਰਸਾ-ਕਾਲਕਾ ਦੇ ਕਈ ਛੁਪੇ ਹੋਏ ਰਾਜ਼ ਸਾਹਮਣੇ ਆ ਜਾਣਗੇ।  ਉਹ ਨਾ ਸਿਰਫ਼ ਸਰਕਾਰੀ ਗਰਾਂਟਾਂ ਦਾ ਸਗੋਂ ਗੁਰੂ ਘਰ ਵਿੱਚ ਸੰਗਤਾਂ ਵੱਲੋਂ ਦਿੱਤੇ ਦਸਵੰਧ ਦਾ ਵੀ ਗਬਨ ਕਰ ਰਹੇ ਹਨ।  ਇਨ੍ਹਾਂ ਆਗੂਆਂ ਨੇ ਕਿਹਾ ਕਿ ਡੀਐਸਜੀਐਮਸੀ ਵਿੱਚ ਹੋਏ ਸਾਰੇ ਵਿੱਤੀ ਅਪਰਾਧਾਂ ਲਈ ਦੋਵਾਂ ਨੂੰ ਸਲਾਖਾਂ ਪਿੱਛੇ ਡੱਕਿਆ ਜਾਣਾ ਚਾਹੀਦਾ ਹੈ।