ਸ਼ਹੀਦ ਭਾਈ ਤਾਰੂ ਸਿੰਘ ਜੀ

ਸ਼ਹੀਦ ਭਾਈ ਤਾਰੂ ਸਿੰਘ ਜੀ

ਅਠਾਰਵੀਂ ਸਦੀ ਦੇ ਕੁਰਬਾਨੀਆਂ ਭਰੇ ਇਤਿਹਾਸ
 

ਅਠਾਰਵੀਂ ਸਦੀ ਦੇ ਕੁਰਬਾਨੀਆਂ ਭਰੇ ਇਤਿਹਾਸ ਦੇ ਸ਼ਹੀਦਾਂ 'ਚੋਂ ਇਕ ਮਹਾਨ ਸ਼ਹੀਦ ਭਾਈ ਤਾਰੂ ਸਿੰਘ ਜੀ ਦਾ ਜਨਮ 1716 ਨੂੰ ਪਿੰਡ ਪੂਹਲਾ ਜਿਲ੍ਹਾ ਸ੍ਰੀ ਅੰਮ੍ਰਿਤਸਰ(ਅਜੋਕਾ ਤਰਨਤਾਰਨ) ਵਿਖੇ ਹੋਇਆ। 
ਪੁਰਾਤਨ ਸ੍ਰੋਤ ਪੰਥ ਪ੍ਰਕਾਸ਼ ਦੇ ਕਰਤਾ ਇਤਿਹਾਸਕਾਰ ਗਿਆਨੀ ਗਿਆਨ ਸਿੰਘ ਜੀ ਭਾਈ ਤਾਰੂ ਸਿੰਘ ਜੀ ਦੀ ਸਖਸ਼ੀਅਤ ਬਾਰੇ ਲਿਖਦੇ ਹਨ:-


ਪੂਹਲਾ ਨਾਮ ਗ੍ਰਾਮ ਅਹਿ ਨਿਕਟ ਭਢਾਣੈ ਬਹਿ, 
ਮਾਝੇ ਦੇਸ ਮੈ ਲਖਾਹਿ ਸਭ ਕੋ ਸੁਹਾਵਤੋ।
ਭਗਤ ਕਬੀਰ ਕੈਸੋ ਧੰਨੇ ਨੇ ਸਰਬੇ ਸਰੀਰ, 
ਤਾਰੂ ਸਿੰਘ ਨਾਮ ਮਮ ਭਗਤੀ ਕਮਾਵਤੋ।
ਜਤੀ ਸਤੀ ਹਠੀ ਤਪੀ ਸੂਰਬੀਰ ਧੀਰ ਬਰ, 
ਪਰ ਉਪਕਾਰੀ ਭਾਰੀ ਜਗ ਜਪ ਗਾਵਤੋ।
ਖੇਤੀ ਕਰਾਵਾਣੈ ਕ੍ਰਿਤ ਧਰਮ ਕੀ ਛਕੇ ਛਕਾਵੈ, 
ਧਰਮ ਕਰਾਵੈ ਆਪ ਕਰਤ ਰਹਾ ਭਤੋ।

ਪਿੰਡ ਪੂਹਲੇ ਵਿਖੇ ਖੇਤੀਬਾੜੀ ਕਰਕੇ ਸਾਦਾ ਜੀਵਨ ਬਤੀਤ ਕਰਦੇ ਉਨਾਂ ਦੇ ਸਤਿਕਾਰਯੋਗ ਮਾਤਾ ਅਤੇ ਭੈਣ ਜੀ ਸੇਵਾ ਭਾਵਨਾ ਵਾਲੇ ਬਹੁਤ ਮਿਹਨਤੀ ਸਨ।
1716 ਈ: ’ਚ ਬਾਬਾ ਬੰਦਾ ਸਿੰਘ ਜੀ ਦੀ ਸ਼ਹਾਦਤ ਤੋਂ ਬਾਅਦ ਮੁਗ਼ਲਾਂ ਵੱਲੋਂ ਸਿੰਘਾਂ ਤੇ ਬਹੁਤ ਅੱਤਿਆਚਾਰ ਸ਼ੁਰੂ ਹੋ ਗਏ ਤਾਕਤ ਦੇ ਨਸ਼ੇ ਵਿੱਚ ਆਮ ਲੋਕਾਂ ਨੂੰ ਵੀ ਨਾ ਬਖਸ਼ਿਆ ਗਿਆ।
 ਸਿੰਘਾਂ ਦੇ ਸਿਰਾਂ ਦੇ ਮੁੱਲ ਰੱਖ ਦਿੱਤੇ ਗਏ। ਲਾਹੌਰ ਦੇ ਗਵਰਨਰ ਜ਼ਕਰੀਆ ਖਾਨ ਨੇ ਤਾਂ ਜ਼ੁਲਮਾਂ ਦੀ ਹੱਦ ਹੀ ਕਰ ਦਿੱਤੀ। ਜਿੱਥੇ ਵੀ ਕੋਈ ਸਿੰਘ ਮਿਲਦਾ ਉਸਨੂੰ ਮਾਰ ਦਿੱਤਾ ਜਾਂਦਾ। ਹਾਲਤਾਂ ਦੇ ਸਤਾਏ ਸਿੰਘਾਂ ਨੇ ਜੰਗਲਾਂ,ਬੇਲਿਆਂ,ਰੋਹੀਆਂ ਵਿਚ ਰਹਿਣਾ ਸ਼ੁਰੂ ਕਰ ਦਿੱਤਾ। ਤਾਂ ਜੋ ਉਹ ਉਥੇ ਇਕੱਠੇ ਹੋ ਕੇ ਜ਼ੁਲਮੀ ਹਕੂਮਤ ਦਾ ਟਾਕਰਾ ਕਰ ਸਕਣ। ਅਜਿਹੇ ਹਾਲਾਤਾਂ ਵਿਚ ਉਨ੍ਹਾਂ ਸਿੰਘਾਂ ਨੂੰ ਲੰਗਰ ਪਾਣੀ ਦੀ ਲੋੜ੍ਹ ਤਾਂ ਸੁਭਾਵਿਕ ਸੀ ਭਾਈ ਤਾਰੂ ਸਿੰਘ ਜੀ ਦਾ ਪਰਿਵਾਰ ਸਿੱਖੀ ਸ਼ਰਧਾ ਸੇਵਾ ਭਾਵਨਾ ਨਾਲ ਓਤ/ਪੋਤ ਜਿੰਨਾ ਰਲਮਿਲ ਕੇ ਸਿੰਘਾਂ ਦੇ ਲੰਗਰ ਦੀ ਸੇਵਾ ਸਾਰਾ ਪਰਿਵਾਰ ਰਲਮਿਲ ਸਿੰਘਾਂ ਲਈ ਪਿਆਰ-ਸਤਿਕਾਰ ਨਾਲ ਲੰਗਰ ਤਿਆਰ ਕਰਦੇ। 


ਗਿਆਨੀ ਗਿਆਨ ਸਿੰਘ ਅਨੁਸਾਰ:
ਆਪ ਖਾਇ ਵਹਿ ਰੂਖੀ ਮੀਸੀ, 
ਮੋਟਾ ਪਹਰੈ ਆਪਿ ਰਹੇ ਲਿੱਸੀ।


ਇਸ ਤਰ੍ਹਾਂ ਭਾਈ ਤਾਰੂ ਸਿੰਘ ਜੀ ਕਿਰਤ ਕਰਕੇ ਵੰਡ ਛਕਦੇ ਇਲਾਕੇ ਦੇ ਲੋਕ ਆਪ ਦੇ ਉੱਚੇ-ਸੁੱਚੇ ਚਰਿੱਤਰ ਇਖਲਾਕੀ ਜੀਵਨ ਦਾ ਸਤਿਕਾਰ ਕਰਦੇ ਸਨ। ਉਥੇ ਜੰਗਲਾਂ ਵਿੱਚ ਵੱਸਦੇ ਸਿੰਘ ਭਾਈ ਤਾਰੂ ਸਿੰਘ ਜੀ ਨੂੰ ਸੰਤ ਮਹਾਤਮਾ ਜਾਣ ਕੇ ਸਤਿਕਾਰ ਦੇਂਦੇ ਹਕੂਮਤ ਦੇ ਸਤਾਏ ਲੋਕਾਂ ਨੂੰ ਪਤਾ ਸੀ ਕਿ ਤਾਰੂ ਸਿੰਘ ਦੀ ਪਹੁੰਚ ਹਕੂਮਤ ਦੇ ਬਾਗ਼ੀ ਸਿੰਘਾਂ ਤੱਕ ਹੈ। 
ਮੁਗਲ਼ ਜਾਲ੍ਹਮ ਇਕ ਪਾਸੇ ਤਾਂ ਸੌੜ੍ਹੀ ਸ਼ਰੀਅਤ ਮੁਤਾਬਿਕ ਕਾਫਰਾਂ ਨੂੰ ਮਾਰਕੇ ਇਸਲਾਮ ਫੈਲਾ ਰਹੇ ਸਨ। ਦੂਜੇ ਪਾਸੇ ਗਰੀਬ ਮੁਸਲਮਾਨਾਂ ਤੇ ਵੀ ਜੁਲ੍ਹਮ ਢਾਹ ਰਹੇ ਸਨ। ਦਿਨ ਇਕ ਗਰੀਬ ਮੁਸਲਮਾਨ ਰਹੀਮ ਬਖ਼ਸ਼ ਭਾਈ ਤਾਰੂ ਸਿੰਘ ਜੀ ਦੇ ਘਰ ਫਰਿਯਾਦ ਲੈ ਕੇ ਆਇਆ। ਗਰੀਬ ਮਛਿਆਰੇ ਬਜੁਰਗ ਦੀਆਂ ਅੱਖਾਂ ਵਿੱਚ ਅੱਥਰੂ ਸਨ। ਉਸ ਦੇ ਦੱਸਿਆ ਕੇ ਪੱਟੀ ਦਾ ਹਾਕਮ #ਉਸਮਾਨ_ਖ਼ਾਨ ਮੇਰੀ ਜਵਾਨ ਧੀ #ਸਲਮਾ ਨੂੰ ਚੁੱਕ ਕੇ ਲੈ ਗਿਆ ਹੈ। ਇਹ ਗੱਲ ਸੁਣਦਿਆਂ ਹੀ ਸਿੰਘ ਦੇ ਸਰੀਰ ਵਿੱਚ ਬਿਜਲੀ ਦੌੜ ਗਈ। ਭਾਈ ਸਾਹਿਬ ਨੇ ਕਿਹਾ ਬਜੁਰਗੋ ਤੁਸੀਂ ਤੁਸੀਂ ਅਰਾਮ ਕਰੋ ਤੁਹਾਡੀ ਧੀ ਸਾਡੀ ਵੀ ਭੈਣ ਹੈ। ਖਾਲਸਾ ਪੰਥ ਉਸਨੂੰ ਜਾਲਮ ਦੇ ਪਿੰਜਰੇ ਚੋਂ ਛੁਡਾ ਕੇ ਲਿਆਵੇਗਾ। ਭਾਈ ਤਾਰੂ ਸਿੰਘ ਜੰਗਲ ਵਿੱਚ ਸਿੰਘਾਂ ਲਈ ਪ੍ਰਸ਼ਾਦਾ ਪਾਣੀ ਲੈ ਕੇ ਗਏ ਤਾਂ ਸਿੰਘਾਂ ਨੂੰ ਇਸ ਘਟਨਾ ਬਾਰੇ ਦੱਸਿਆ। ਸਿੰਘਾਂ ਨੇ ਕਿਹਾ ਕੇ ਨੌ ਲੱਖੀ ਪੱਟੀ ਸ਼ਹਿਰ ਤੇ ਅੱਜ ਹੀ ਰਾਤ ਹਮਲਾ ਕੀਤਾ ਜਾਵੇਗਾ। ਖਾਲਸੇ ਨੇ ਪੱਟੀ ਦੇ ਨਵਾਬ ਉਸਮਾਨ ਖ਼ਾਨ ਨੂੰ ਸੋਧ ਦਿੱਤਾ ਨਰਕਾਂ ਵਿੱਚ ਪਹੁੰਚਾ ਕੇ ਗਰੀਬ ਮੁਸਲਮਾਨ ਰਹੀਮ ਬਖ਼ਸ਼ ਦੀ ਧੀ ਵਾਪਸ ਲਿਆ ਦਿੱਤੀ।
ਇਸ ਘਟਨਾ ਦਾ ਲਾਹੌਰ ਵਿੱਚ ਬੜਾ ਰੌਲਾ ਪਿਆ ਪੱਟੀ ਦੇ ਹਾਕਮ ਦਾ ਕਤ੍ਹਲ ਕਿਸ ਨੇ ਕੀਤਾ ਹੋਵੇਗਾ...? 
ਪਿੰਡਾਂ ਦੇ ਚੌਧਰੀ,ਸਰਕਾਰ ਦੇ ਸੂਹੀਏ,ਮੁਖ਼ਬਰ ਆਪਣਾ ਜੋਰ ਲਾਉਣ ਲੱਗੇ ਜਡਿੰਆਲੇ ਦੇ ਚੌਧਰੀ ਹਰਭਗਤ ਨਿਰੰਜਣੀਏ ਨੂੰ ਭਾਈ ਤਾਰੂ ਸਿੰਘ ਬਾਰੇ ਪਤਾ ਲੱਗਾ ਤਾਂ ਉਸਨੇ ਗਵਰਨਰ ਜ਼ਕਰੀਆਂ ਖਾਨ ਦੇ ਲਾਹੌਰ ਜਾ ਕੇ ਕੰਨ ਭਰ ਦਿੱਤੇ। ਜ਼ਕਰੀਆਂ ਖਾਨ ਤੋਂ ਇਹ ਬਰਦਾਸ਼ਤ ਨਾ ਹੋਇਆ ਤੇ ਉਸਨੇ ਤੁਰੰਤ ਹੀ ਭਾਈ ਤਾਰੂ ਸਿੰਘ ਜੀ ਨੂੰ ਗ੍ਰਿਫਤਾਰ ਕਰਨ ਦਾ ਹੁਕਮ ਦੇ ਦਿੱਤਾ। ਥਾਣੇਦਾਰ ਮੋਮਨ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਪੇਸ਼ ਕੀਤਾ,ਸਿੰਘਾਂ ਦੀ ਸਹਾਇਤਾ ਕਰਨ ਦੇ ਜੁਰਮ ਵਿਚ ਗ੍ਰਿਫਤਾਰ ਕੀਤਾ ਗਿਆ ਸੀ।
ਜ਼ਕਰੀਆਂ ਖ਼ਾਨ ਨੇ ਭਾਈ ਤਾਰੂ ਸਿੰਘ ਨੂੰ ਆਪਣਾ ਧਰਮ ਛੱਡ ਕੇ ਇਸਲਾਮ ਅਪਨਾਉਣ ਲਈ ਕਿਹਾ ਤੇ ਅਜਿਹਾ ਨਾ ਮੰਨਣ ਤੇ ਕੇਸ ਕਤ੍ਹਲ ਕਰਨ ਦਾ ਹੁਕਮ ਦਿੱਤਾ।ਪਰ ਭਾਈ ਤਾਰੂ ਸਿੰਘ ਨੇ ਇਸਲਾਮ ਧਾਰਨ ਕਰਨ ਦੇ ਵਿਰੋਧ ਵਿਚ ਕਿਹਾ ਕਿ ਮੈਂ ਸਿਰ ਕਟਵਾ ਸਕਦਾ ਹਾਂ ਪਰ ਸਿੱਖੀ ਨਹੀ ਛੱਡਾਂਗਾ। ਜ਼ਕਰੀਆਂ ਖ਼ਾਨ ਨੇ ਕਿਹਾ ਮੈਂ ਵੀ ਵੇਖਦਾ ਹਾਂ ਮੇਰੇ ਹੁੰਦਿਆਂ- ਤੂੰ ਸਿੱਖੀ ਕਿਵੇਂ ਕਾਇਮ ਰੱਖੇਗਾ। ਜਕਰੀਏ ਨੇ ਹੁਕਮ ਦਿੱਤਾ ਇਸਦੇ ਕੇਸ ਕੱਟ ਦਿੱਤੇ ਜਾਣ।ਪਰ ਬੰਦਗੀ ਵਾਲੀ ਰੂਹ ਭਾਈ ਤਾਰੂ ਸਿੰਘ ਜੀ ਦੇ ਕੇਸ ਉਸਤਰੇ ਕੈਂਚੀ ਨਾਲ ਨਹੀ ਕੱਟੇ ਗਏ। ਜਦੋਂ ਵਾਰ ਵਾਰ ਅਸਫਲ ਹੋਏ ਤਾਂ ਜਕਰੀਏ ਨੇ ਸੋਚਿਆ ਤਾਰੂ ਸਿੰਘ ਕੋਈ ਆਮ ਆਦਮੀ ਨਹੀ ਹੈ। ਇਸਨੂੰ ਸਜ਼ਾ ਵੀ ਮਿਸਾਲੀ ਦਿੱਤੀ ਜਾਣੀ ਚਾਹੀਦੀ ਹੈ। ਕਿਉਂ ਨਾ ਇਸ ਦੀ ਖੋਪਰੀ ਉਤਾਰ ਦਿੱਤੀ ਜਾਵੇ...? ਨਿਰੰਜਣੀਏ ਵਰਗੇ ਚਾਪਲੂਸਾਂ ਹਾਂ ਵਿਚ ਹਾਅ ਮਿਲਾ ਦਿੱਤੀ ਹੁਕਮ ਦੇ ਦਿੱਤਾ। ਜਿਸ ਸਜ਼ਾ ਤੇ ਭਾਈ ਤਾਰੂ ਸਿੰਘ ਨੂੰ ਜਰਾ ਵੀ ਦੁੱਖ ਨਾ ਹੋਇਆ ਇਲਾਹੀ ਮੌਜ਼ ਵਿਚ ਖੁਸ਼ ਸਨ। ਜਕਰੀਆ ਖਾਨ ਨੇ ਕਿਹਾ ਤੂੰ ਕਹਿੰਦਾ ਹੈਂ ਤੇਰੀ ਸਿੱਖੀ ਮਹਾਨ ਹੈ ਗੁਰੂ ਮਹਾਨ ਹੁਣ ਤੈਨੂੰ ਕੋਈ ਨਹੀਂ ਬਚਾ ਸਕਦਾ।

ਭਾਈ ਤਾਰੂ ਸਿੰਘ ਨੇ ਕਿਹਾ ਸੀ ਜਕਰੀਆ ਖਾਨ ਮੈਂ ਤੈਨੂੰ ਜੁੱਤੀ ਦੇ ਅੱਗੇ ਲਾ ਕੇ ਇਸ ਸੰਸਾਰ ਤੋਂ ਲੈ ਕੇ ਜਾਵਾਂਗਾ ਪੂਰੇ ਸ਼ਹਿਰ ਲਾਹੌਰ ਵਿਚ ਇਹ ਗੱਲ ਫੈਲ ਗਈ ਕਿ ਭਾਈ ਤਾਰੂ ਸਿੰਘ ਦੇ ਕੇਸ ਕੋਈ ਰੰਬੀ,ਉਸਤਰਾ,ਕੈਂਚੀ ਨਹੀ ਕੱਟ ਸਕੀ। ਅਗਲੇ ਦਿਨ ਲੋਕਾਂ ਦਾ ਵੱਡਾ ਹਜ਼ੂਮ ਲਾਹੌਰ ਦੇ ਨਖ਼ਾਸ ਚੌਕ ਇਕੱਠਾ ਹੋ ਗਿਆ। ਜਿਥੇ ਲੋਕਾਂ ਦੇ ਸਾਹਮਣੇਂ ਜਲਾਦ ਰੰਬੀ ਨਾਲ ਭਾਈ ਸਾਹਿਬ ਜੀ ਦੀ ਖੋਪਰੀ ਉਤਾਰ ਰਿਹਾ ਸੀ ਤੇ ਸੰਤ ਆਤਮਾ ਭਾਈ ਤਾਰੂ ਸਿੰਘ ਜਪੁਜੀ ਦਾ ਪਾਠ ਕਰ ਰਹੇ ਸਨ ।

ਪੰਥ ਪ੍ਰਕਾਸ਼ ਦਾ ਕਰਤਾ ਲਿਖਦਾ ਹੈ:

ਜਿਮ ਜਿਮ ਸਿੰਘਨ ਤੁਰਕ ਸਤਾਵੈ। ਤਿਮ ਤਿਮ ਮੁਖ ਸਿੰਘ ਲਾਲੀ ਆਵੈ।

ਮੰਨਿਆ ਜਾਂਦਾ ਹੈ ਕਿ ਖੋਪਰੀ ਉੱਤਰ ਜਾਣ ਤੋਂ ਬਾਅਦ ਆਪ ਨੂੰ ਸ਼ਹਿਰੋਂ ਬਾਹਰ ਇਕ ਸੁਨੇ ਰਾਹ ਤੇ ਸੁਟ ਦਿੱਤਾ ਗਿਆ। ਜਿਥੋਂ ਲੋਕਾਂ ਨੇ ਭਾਈ ਸਾਹਿਬ ਨੂੰ ਰਾਮਗੜ੍ਹੀਆ ਦੀ ਧਰਮਸ਼ਾਲਾ ਲਿਜਾ ਕੇ ਮਲ੍ਹਮ ਪੱਟੀ ਕੀਤੀ। ਜਕਰੀਆ ਘਰ ਪਹੁੰਚਿਆ ਅਗਲੇ ਦਿਨ ਸਿਹਤ ਢਿਲੀ ਵੇਖ ਕਚਹਿਰੀ ਨਾ ਗਿਆ ਪਰ ਸ਼ਾਮ ਤੱਕ ਜਦੋਂ ਪੇਸ਼ਾਬ ਨਾ ਆਇਆ ਤਾਂ ਪਤਾ ਲੱਗਾ ਕਿ ਜਕਰੀਏ ਨੂੰ ਪੇਸ਼ਾਬ ਦਾ ਬੰਨ੍ਹ ਪੈ ਗਿਆ ਹੈ। 


ਲਾਹੌਰ ਸ਼ਹਿਰ ਵਿਚ ਏਡਾ ਵੱਡਾ ਕਹਿਰ ਕਰਕੇ ਜਕਰੀਆ ਖੁਸ਼ ਕਿਵੇਂ ਰਹਿ ਸਕਦਾ ਸੀ...? ਅੱਤ ਖੁੱਦਾ ਦਾ ਵੈਰ ਹੁੰਦਾ ।
ਨੀਮਾਂ ਹਕੀਮਾਂ ਨੇ ਪੂਰਾ ਜੋਰ ਲਾ ਲਿਆ ਕੋਈ ਫਰਕ ਨਾ ਪਿਆ।ਜਕਰੀਏ ਦੀ ਬੇਗ਼ਮ ਕਹਿਣ ਲੱਗੀ ਜੁਲ੍ਹਮ ਦੀ ਵੀ ਕੋਈ ਹੱਦ ਹੁੰਦੀ ਹੈ। ਤੁਹਾਨੂੰ ਜਦੋਂ ਪਤਾ ਸੀ ਤਾਰੂ ਸਿੰਘ ਦੇ ਕੇਸਾਂ ਤੇ ਕੈਂਚੀ ਨਹੀ ਚੱਲ ਰਹੀ ਤਾਂ ਤੁਸੀ ਉਸਨੂੰ ਸਜ਼ਾ ਦੇ ਕੇ ਕਿਉਂ ਇਹ ਪਾਪ ਦੇ ਦੁਖਾਂ ਨੂੰ ਸਹੇੜਿਆ ਹੈ...?
 ਹੁਣ ਇਸਦਾ ਹੱਲ ਵੀ ਤਾਰੂ ਸਿੰਘ ਹੀ ਕਰੇਗਾ ਜਾਓ ਅਜੇ ਵੀ ਮਾਫੀ ਮੰਗ ਲਵੋ। ਅਹਿਲਕਾਰਾਂ ਨੇ ਇਹ ਗੱਲ ਭਾਈ ਤਾਰੂ ਸਿੰਘ ਜੀ ਦੀ ਭੈਣ ਤੇ ਮਾਤਾ ਰਾਂਹੀ ਭਾਈ ਸਾਹਿਬ ਜੀ ਨੂੰ ਮੰਜੇ ਤੇ ਪਏ ਵਕਤ ਦੱਸੀ। ਭਾਈ ਸਾਹਿਬ ਨੇ ਕਿਹਾ ਮੈਂ ਕੌਣ ਹਾਂ ਇਸਦਾ ਇਲਾਜ ਕਰਨ ਵਾਲਾ ਜਾਓ ਸਿੰਘਾਂ ਕੋਲੋਂ ਜਾ ਕੇ ਅਰਦਾਸ ਕਰਵਾਓ। ਭਾਈ ਸੁਬੇਗ ਸਿੰਘ ਸ਼ਾਹਬਾਜ਼ ਸਿੰਘ ਉਸ ਵਕਤ ਸਰਕਾਰੀ ਠੇਕੇਦਾਰ ਸਨ। ਉਨ੍ਹਾਂ ਰਾਂਹੀ ਇਹ ਗੱਲ ਸਿੰਘਾਂ ਕੋਲ ਪਹੁੰਚਾਈ ਸਿੰਘਾਂ ਦੇ ਮੁਖੀ ਨਵਾਬ ਕਪੂਰ ਸਿੰਘ ਜੀ ਨੇ ਅਰਦਾਸ ਕਰਕੇ ਕਿਹਾ ਜਾਓ। ਭਾਈ ਤਾਰੂ ਸਿੰਘ ਦੀ ਜੁੱਤੀ ਜ਼ਕਰੀਏ ਖ਼ਾਨ ਦੇ ਸਿਰ ਵਿੱਚ ਮਾਰੋ ਤਾਂ ਪਿਸ਼ਾਬ ਆਉਗਾ। ਉਧਰ ਜ਼ਕਰੀਆ ਪਿੱਟ ਰਿਹਾ ਸੀ,ਮੈਂ ਮਰ ਚੱਲਿਆ ਹਾਂ,ਜਲਦੀ ਕਰੋ ਦੁਸ਼ਟ ਹਰਭਗਤ ਨਿਰੰਜਣੀਏ ਨੂੰ ਸੱਦੋ ਜਿਸਨੇ ਮੈਥੋਂ ਇਹ ਜੁਲ੍ਹਮ ਕਰਵਾਇਆ ਹੈ। ਉਸੇ ਵਕਤ ਨਿੰਰਜਣੀਆਂਆਣ ਹਾਜਰ ਹੋਇਆ ਜ਼ਕਰੀਆਂ ਨੇ ਬਹੁਤ ਗੁੱਸੇ ਨਾਲ ਕਿਹਾ ਖੋਤੇ ਦਿਆ ਪੁੱਤਰਾਂ ਇਹ ਸਭ ਤੇਰੀ ਵਜ੍ਹਾਂ ਕਰਕੇ ਹੋ ਰਿਹਾ ਤੂੰ ਇਕ ਸੰਤ ਪੁਰਸ਼ ਨੂੰ ਮੈਥੋਂ ਭਿਆਨਕ ਸਜ਼ਾ ਦਿਵਾਈ। ਉਹ ਪਾਕ ਸੰਤ ਆਦਮੀ ਸੀ।ਜਕਰੀਏ ਨੇ ਪੀੜ੍ਹ ਨਾਲ ਕੁਰਲਾਉਂਦੇ ਨੇ ਕਿਹਾ ਇਸ ਹਰਿਭਜਤ ਨਿਰੰਜਣੀਏ ਦੀਆਂ ਮੁਸ਼ਕਾਂ ਬੰਨ੍ਹ ਲਵੋ ਇਸਨੂੰ ਰਾਮਗੜ੍ਹੀਆ ਦੀ ਧਰਮਸ਼ਾਲਾ ਵਿਖੇ ਕੋਰੜੇ ਮਾਰ ਮਾਰ ਕੇ ਮਾਰ ਦਿਓ।
 ਇਸਦੀ ਲਾਸ਼ ਨੂੰ ਚੁੱਕਣ ਨਾ ਦਿੱਤਾ ਜਾਵੇ,ਇਸ ਤਰ੍ਹਾਂ ਟਾਉਟੀ ਕਰਨ ਵਾਲੇ ਹਰਭਗਤ ਨਿੰਰਜਣੀਏ ਦਾ ਹਸ਼ਰ ਹੋਇਆ।
ਦੂਜੇ ਪਾਸੇ ਜਦੋਂ ਭਾਈ ਤਾਰੂ ਸਿੰਘ ਦੀ ਜੁੱਤੀ ਲੈ ਕੇ ਅਹਿਲਕਾਰ ਆਣ ਪਹੁੰਚੇ ਜਕਰੀਏ ਦੇ ਸਿਰ ਵਿੱਚ ਜੁੱਤੀਆਂ ਮਾਰਨੀਆਂ ਸੁਰੂ ਕੀਤੀਆਂ ਤਾਂ ਪਿਸ਼ਾਬ ਆਉਣ ਲੱਗਾ। 
੧੫ ਦਿਨ ਵਿੱਚ ਜਕਰੀਆ ਖਾਨ ਭਾਈ ਤਾਰੂ ਸਿੰਘ ਜੀ ਦੀਆਂ ਜੁੱਤੀਆ ਖਾਂਦਾ/ਖਾਂਦਾ ਮਰ ਗਿਆ। ਭਾਈ ਤਾਰੂ ਸਿੰਘ ਨੇ ਜਦੋਂ ਖ਼ਬਰ ਸੁਣੀ ਕਿ ਜਕਰੀਆ ਖਾਨ ਨਰਕਾਂ ਨੂੰ ਤੁਰ ਗਿਆ ਹੈ।
ਤਾਂ ਉਨ੍ਹਾਂ ਕਿਹਾ ਮਹਾਰਾਜ ਜੀ ਨੇ ਬਚਨ ਪੂਰੇ ਕੀਤੇ। ਅਸੀ ਇਸ ਨੂੰ ਜੁਤੀ ਅੱਗੇ ਲਾ ਕੇ ਖੜਿਆ ਹੈ। ਇਹ ਕਹਿੰਦਿਆਂ ਆਪ ਵੀ ਸਦਾ ਲਈ ਫਤਿਹ ਬੁਲਾ ਕੇ ਸ਼ਹੀਦੀ ਪਾ ਗਏ । ਭਾਈ ਸਾਹਿਬ ਜੀ ਦੀ ਖੋਪੜੀ ਲੱਥੀ ਤੋ ਬਾਅਦ 22 ਦਿਨ ਤੱਕ ਜੀਵਤ ਰੂਪ ਵਿਚ ਰਹੇ। ਇਸ ਤਰ੍ਹਾਂ ਆਪ ਨੇ 1745 ਈ: ਨੂੰ ਸ਼ਹੀਦੀ ਪ੍ਰਾਪਤ ਕੀਤੀ। ਭਾਈ ਤਾਰੂ ਸਿੰਘ ਜੀ ਦੀ ਅਦੁੱਤੀ ਸ਼ਹਾਦਤ ਨੂੰ ਅਸੀਂ ਆਪਣੀ ਨਿੱਤ ਦੀ ਅਰਦਾਸ ਵਿਚ ਯਾਦ ਕਰਦੇ ਹਾਂ। ਅਜੋਕੇ ਸਮੇਂ ਵਿਚ ਨੌਜਵਾਨ ਪੀੜੀ ਨੂੰ ਭਾਈ ਤਾਰੂ ਸਿੰਘ ਜੀ ਦੀ ਇਸ ਮਹਾਨ ਸ਼ਹੀਦੀ ਤੋਂ ਸਿੱਖਿਆ ਲੈ ਕੇ ਗੁਰਸਿੱਖੀ ਜੀਵਨ ਧਾਰਨ ਕਰਨਾ ਚਾਹੀਦਾ ਹੈ ।
 

ਸ਼ਮਸ਼ੇਰ ਸਿੰਘ ਜੇਠੂਵਾਲ