ਕੈਪਟਨ ਅਮਰਿੰਦਰ ਸਿੰਘ ਦੀ ਫੇਸਬੁੱਕ 'ਤੇ ਲੋਕਾਂ ਦਾ ਸ਼ਹੀਦ ਭਾਈ ਦਿਲਾਵਰ ਸਿੰਘ ਲਈ ਉਮੜਿਆ ਪਿਆਰ-ਸਤਿਕਾਰ; ਬੇਅੰਤ ਸਿੰਘ ਤੇ ਕੈਪਟਨ ਨੂੰ ਲਾਹਨਤਾਂ

ਕੈਪਟਨ ਅਮਰਿੰਦਰ ਸਿੰਘ ਦੀ ਫੇਸਬੁੱਕ 'ਤੇ ਲੋਕਾਂ ਦਾ ਸ਼ਹੀਦ ਭਾਈ ਦਿਲਾਵਰ ਸਿੰਘ ਲਈ ਉਮੜਿਆ ਪਿਆਰ-ਸਤਿਕਾਰ; ਬੇਅੰਤ ਸਿੰਘ ਤੇ ਕੈਪਟਨ ਨੂੰ ਲਾਹਨਤਾਂ

ਚੰਡੀਗੜ੍ਹ: ਅੱਜ ਜਦੋਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਬੇਅੰਤ ਸਿੰਘ ਦੀ ਬਰਸੀ ਮਨਾਉਂਦਿਆਂ ਉਨ੍ਹਾਂ ਦੀ ਤਸਵੀਰ ਅੱਗੇ ਫੁੱਲ ਭੇਂਟ ਕਰਦਿਆਂ ਦੀ ਆਪਣੀ ਫੋਟੋ ਆਪਣੇ ਫੇਸਬੁੱਕ ਖਾਤੇ 'ਤੇ ਪਾ ਕੇ ਸ਼ਰਧਾਂਜਲੀ ਦਿੱਤੀ ਤਾਂ ਇਸ ਪੋਸਟ ਥੱਲੇ ਲੋਕਾਂ ਦੇ ਕਮੈਂਟਾਂ ਨੇ ਪੰਜਾਬ ਦੇ ਲੋਕਾਂ ਦੀ ਆਮ ਰਾਇ ਨੂੰ ਜੱਗ ਜਾਹਰ ਕਰ ਦਿੱਤਾ ਜੋ ਬੇਅੰਤ ਸਿੰਘ ਨੂੰ ਇੱਕ ਕਾਤਲ ਸ਼ਾਸਕ ਮੰਨਦੀ ਹੈ ਅਤੇ ਬੇਅੰਤ ਸਿੰਘ ਨੂੰ ਆਤਮਘਾਤੀ ਬੰਬ ਨਾਲ ਉਡਾਉਣ ਵਾਲੇ ਸ਼ਹੀਦ ਭਾਈ ਦਿਲਾਵਰ ਸਿੰਘ ਨੂੰ ਮਨੁੱਖੀ ਹੱਕਾਂ ਦਾ ਰਾਖਾ ਅਤੇ ਸਿੱਖ ਕੌਮ ਦਾ ਮਾਣ ਮੰਨਦੀ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਫੇਸਬੁੱਕ ਖਾਤੇ 'ਤੇ ਲਿਖਿਆ ਸੀ, "ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਜੀ ਦੀ ਬਰਸੀ ਮੌਕੇ ਅਸੀਂ ਉਨ੍ਹਾਂ ਨੂੰ ਸ਼ਰਧਾਂਜਲੀ ਭੇਂਟ ਕਰਦੇ ਹਾਂ। ਉਨ੍ਹਾਂ ਦਾ ਇਸ ਦੁਨੀਆਂ ਤੋਂ ਜਾਣਾ ਸੂਬੇ ਦੇ ਇਤਿਹਾਸ ਵਿੱਚ ਕਾਲਾ ਦਿਨ ਸੀ ਪਰ ਪੰਜਾਬ ਵਿੱਚ ਅਮਨ-ਸ਼ਾਂਤੀ ਲਿਆਉਣ ਵਿੱਚ ਉਨ੍ਹਾਂ ਦਾ ਦਿੱਤਾ ਯੋਗਦਾਨ ਸਦਾ ਯਾਦ ਰਹੇਗਾ।" 

ਇਸ ਪੋਸਟ 'ਤੇ ਲੋਕਾਂ ਨੇ ਟਿੱਪਣੀਆਂ ਕਰਦਿਆਂ ਆਪਣੀਆਂ ਭਾਵਨਾਵਾਂ ਪ੍ਰਗਟ ਕੀਤੀਆਂ। ਪਰਮਿੰਦਰ ਸਿੰਘ ਨੇ ਟਿੱਪਣੀ ਕੀਤੀ, "ਜ਼ਾਲਮ ਦੇ ਅੰਤ ਨਾਲ ਜ਼ੁਲਮ ਦਾ ਅੰਤ ਹੋਇਆ ਸੀ। ਅੱਜ ਪੰਜਾਬ ਵਿਚ ਅਮਨ ਬਹਾਲ ਹੋਇਆ ਸੀ ਭਾਈ ਦਿਲਾਵਰ ਸਿੰਘ ਜੀ ਦੀ ਬਦੌਲਤ"। ਅੰਮ੍ਰਿਤਪਾਲ ਸਿੰਘ ਨੇ ਟਿੱਪਣੀ ਕੀਤੀ, "ਦਿਲਾਵਰ ਸਿੰਘ ਨੇਂ ਇਸ ਪਾਪੀ ਦੇ ਪਾਪਾਂ ਦਾ ਅੰਤ ਕੀਤਾ .. ਅਸੀ ਹਰ ਪਲ ਉਸ ਸ਼ਹੀਦ ਨੂੰ ਸਿਜਦਾ ਕਰਦੇ ਹਾਂ .. ਤੇ ਖਾਨਦਾਨੀ ਗਦਾਰਾਂ ਨੂੰ ਲਾਹਨਤਾਂ ਪਾਉਦੇ ਹਾਂ .. ਆਲਾ ਸਿੰਘ ਵੱਡੇ ਘੱਲੂਘਾਰੇ ਮੌਕੇ ਪੰਜ ਮੀਲ ਤੇ ਬੈਠਾ ਰਿਹਾ ਸੀ ਤੇ ਅੱਧੀ ਕੌੰਮ ਕਤਲ ਹੋ ਗਈ .. ਕੈਪਟਨ ਉਸੇ ਆਲਾ ਸਿੰਘ ਦਾ ਵਾਰਸ ਹੈ...।" ਸੰਦੀਪ ਸਿੰਘ ਨੇ ਟਿੱਪਣੀ ਕੀਤੀ, "ਕਈ ਵਾਰ #ਮਨੁੱਖਤਾ ਇਸ ਤਰ੍ਹਾਂ ਵੀ ਬਚਾਉਣੀ ਪੈਂਦੀ ਹੈ..ਪੰਜਾਬ ਦੇ ਇਤਿਹਾਸ ਵਿਚ ਇੱਕ ਅਜਿਹਾ #ਸੋਧਾ ਜਿਸਨੇ ਪੰਜਾਬ ਦੀ ਇੱਕ ਪੂਰੀ ਪੀੜ੍ਹੀ ਨੂੰ #ਮੌਤ ਦੇ ਮੂੰਹੋਂ ਬਚਾ ਦਿੱਤਾ ..ਇਤਿਹਾਸ ਗਵਾਹ ਹੈ ਕਿ ਪੰਜਾਬ ਦੀ ਜੁਆਨੀ ਦੇ ਕਾਤਿਲਾਂ ਦੇ ਅੰਤਿਮ ਕਾਰਜ ਵੀ #ਟੋਕਰਿਆਂ ਚ ਕੱਠੇ ਕਰ-ਕਰ ਕੀਤੇ ਗਏ..."। ਗੋਲਡੀ ਅਰਨੇਜਾ ਨੇ ਟਿੱਪਣੀ ਕੀਤੀ, "ਉਹਨਾਂ ਜਾਅਲੀ ਜੁੱਤੀ ਚੱਟ ਤੇ ਚਿੱਤੜ ਚੱਟ ਪੱਤਰਕਾਰਾਂ ਨੂੰ ਵੀ ਲਾਹਨਤਾਂ ਜੋ ਇਸ ਦੇ ਦਿਨ ਰਾਤ ਗੁਣ ਗਾੳਂਦੇ ਨੇ।" ਕੁਲਦੀਪ ਸਿੰਘ ਸ਼ਾਹ ਨੇ ਟਿੱਪਣੀ ਕੀਤੀ, "ਬੇਅੰਤਾ ਸਹੀਦ ਨਹੀ ਸੀ ਬੁਚੜ ਸੀ ਸਹੀਦ ਤਾ ਭਾਈ ਦਿਲਾਵਰ ਸਿੰਘ ਸੀ ਸਾਡੇ ਵਲੋ ਕੋਟਿ ਕੋਟਿ ਪ੍ਣਾਮ ਸਹੀਦ ਭਾਈ ਦਿਲਾਵਰ ਸਿੰਘ ਨੂ ਅਜ ਉਸ ਸੂਰਮੇ ਨੇ ਕਈਆ ਮਾਵਾ ਦੇ ਪੁਤ ਬਚਾ ਲਏ ਸਨ।" 

ਲਗਭਗ 99 ਫੀਸਦੀ ਟਿੱਪਣੀਆਂ ਵਿੱਚ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਕਾਤਲ, ਬੁੱਚੜ ਅਤੇ ਜ਼ਾਲਮ ਕਿਹਾ ਗਿਆ ਹੈ ਜਦਕਿ ਸ਼ਹੀਦ ਭਾਈ ਦਿਲਾਵਰ ਸਿੰਘ ਦੀ ਸ਼ਹਾਦਤ ਨੂੰ ਸਿਜਦਾ ਕੀਤਾ ਗਿਆ ਹੈ। 



ਸ਼ਹੀਦ ਭਾਈ ਦਿਲਾਵਰ ਸਿੰਘ 

ਦੱਸ ਦਈਏ ਕਿ ਬੇਅੰਤ ਸਿੰਘ 1991 ਵਿੱਚ ਪੰਜਾਬ ਅੰਦਰ ਹੋਏ ਵਿਧਾਨ ਸਭਾ ਚੋਣਾਂ ਦੇ ਇਤਿਹਾਸਕ ਬਾਈਕਾਟ ਦੌਰਾਨ ਮਹਿਜ਼ ਕੁੱਝ ਫੀਸਦੀ ਵੋਟਾਂ ਨਾਲ ਮੁੱਖ ਮੰਤਰੀ ਬਣਿਆ ਸੀ ਤੇ ਉਸ ਦੌਰ ਵਿੱਚ ਪੰਜਾਬ ਅੰਦਰ ਚੱਲ ਰਹੀ ਖਾਲਿਸਤਾਨ ਦੀ ਅਜ਼ਾਦੀ ਲਹਿਰ ਨੂੰ ਖਤਮ ਕਰਨ ਲਈ ਗੈਰ-ਕਾਨੂੰਨੀ ਕਤਲੇਆਮ ਦਾ ਦੋਸ਼ ਬੇਅੰਤ ਸਿੰਘ 'ਤੇ ਹੀ ਲਗਦਾ ਹੈ ਜਦੋਂ ਪੰਜਾਬ ਵਿੱਚ ਪੁਲਿਸ ਨੇ ਝੂਠੇ ਪੁਲਿਸ ਮੁਕਾਬਲਿਆਂ ਦੀ ਹਨੇਰੀ ਲਿਆ ਦਿੱਤੀ ਸੀ। ਬੇਅੰਤ ਸਿੰਘ ਦੇ ਇਸ ਜ਼ੁਲਮ ਦਾ ਅੰਤ 31 ਅਗਸਤ 1995 ਨੂੰ ਪੰਜਾਬ ਪੁਲਿਸ ਦੇ ਸਿਪਾਹੀ ਦਿਲਾਵਰ ਸਿੰਘ ਨੇ ਆਪਣੇ ਸ਼ਰੀਰ ਨਾਲ ਬੰਬ ਬੰਨ੍ਹ ਬੇਅੰਤ ਸਿੰਘ ਨੂੰ ਉਡਾ ਕੇ ਕੀਤਾ ਸੀ।