ਪੰਜਾਬ ਸਰਕਾਰ  ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਤੇ ਚਰਚਾ ਕਰਵਾਕੇ ਐਕਸ਼ਨ ਰਿਪੋਰਟ ਜਾਰੀ ਕਰੇ  - ਪ੍ਰਤਾਪ ਸਿੰਘ ਬਾਜਵਾ

ਪੰਜਾਬ ਸਰਕਾਰ  ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਤੇ ਚਰਚਾ ਕਰਵਾਕੇ ਐਕਸ਼ਨ ਰਿਪੋਰਟ ਜਾਰੀ ਕਰੇ  - ਪ੍ਰਤਾਪ ਸਿੰਘ ਬਾਜਵਾ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅੰਮ੍ਰਿਤਸਰ: ਵਿਰੋਧੀ ਧਿਰ ਦੇ ਨੇਤਾ ਸ. ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਇੱਕ ਪੱਤਰ ਲਿਖ ਕੇ ਨਕੋਦਰ ਬੇਅਦਬੀ ਅਤੇ ਸਾਕਾ ਨਕੋਦਰ ਗੋਲੀ ਕਾਂਡ ਸਬੰਧੀ ਜਸਟਿਸ ਗੁਰਨਾਮ ਸਿੰਘ (ਸੇਵਾ ਮੁਕਤ) ਦੀ ਰਿਪੋਰਟ ਪੰਜਾਬ ਵਿਧਾਨ ਸਭਾ ਵਿੱਚ ਪੇਸ਼ ਕਰਨ ਤੇ ਚਰਚਾ ਕਰਵਾਉਣ ਦੀ ਅਪੀਲ ਕੀਤੀ ਹੈ ਅਤੇ ਮੰਗ ਕੀਤੀ ਹੈ ਕਿ ਪੰਜਾਬ ਸਰਕਾਰ ਇਸ ਸਬੰਧੀ ਐਕਸ਼ਨ ਰਿਪੋਰਟ ਜਾਰੀ ਕਰੇ। ਬਾਜਵਾ ਨੇ ਦੱਸਿਆ ਕਿ ਬਜਟ ਸੈਸ਼ਨ ਦੇ ਪਹਿਲੇ ਦਿਨ ਦੀ ਦੁਪਹਿਰ ਦੀ ਬੈਠਕ ਦੌਰਾਨ ਚਾਰ ਸਿੱਖ ਨੌਜਵਾਨਾਂ ਰਵਿੰਦਰ ਸਿੰਘ, ਹਰਮਿੰਦਰ ਸਿੰਘ, ਬਲਧੀਰ ਸਿੰਘ ਅਤੇ ਝਿਲਮਣ  ਸਿੰਘ ਦੇ ਨਾਵਾਂ ਨੂੰ ਸ਼ਾਮਲ ਕਰਨ ਦਾ ਜ਼ਿਕਰ ਕੀਤਾ ਗਿਆ ਸੀ, ਜੋ ਕਿ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦਾ ਸ਼ਾਂਤਮਈ ਢੰਗ ਨਾਲ ਵਿਰੋਧ ਕਰ ਰਹੇ ਸਨ। 2 ਫਰਵਰੀ 1986 ਨੂੰ ਨਕੋਦਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਗਈ ਅਤੇ 4 ਫਰਵਰੀ 1986 ਨੂੰ ਨਕੋਦਰ ਪੁਲਿਸ ਦੀ ਗੋਲੀਬਾਰੀ ਵਿੱਚ ਚਾਰ ਸਿੱਖ ਨੌਜਵਾਨ ਸ਼ਹੀਦ ਹੋ ਗਏ ਸਨ ।

ਉਨ੍ਹਾਂ ਨੇ ਸਪੀਕਰ ਨੂੰ ਦੱਸਿਆ ਕਿ ਸੁਖਦੇਵ ਸਿੰਘ ਫਗਵਾੜਾ ਦੀ ਅਗਵਾਈ ਵਿੱਚ ਇੱਕ ਵਫ਼ਦ ਉਨ੍ਹਾਂ ਨੂੰ ਮਿਲਿਆ ਅਤੇ ਅਲਾਇੰਸ ਆਫ਼ ਸਿੱਖ ਆਰਗੇਨਾਈਜੇਸ਼ਨਜ਼ ਦੀ ਤਰਫ਼ੋਂ ਪੇਸ਼ ਕੀਤੀ ਪ੍ਰਤੀਨਿਧਤਾ ਵਿੱਚ ਘਟਨਾ ਦੇ ਤੱਥਾਂ ਦੀ ਪਰੋੜਤਾ ਕਰਦਿਆਂ ਸਾਕਾ ਨਕੋਦਰ ਸਬੰਧੀ ਜਸਟਿਸ ਗੁਰਨਾਮ ਸਿੰਘ ਰਿਪੋਰਟ ਤੇ 37 ਸਾਲਾਂ ਦੌਰਾਨ ਵੀ ਕੋਈ ਕਾਰਵਾਈ ਨਾ ਹੋਣ ਦੇ ਮੁੱਦੇ ਨੂੰ ਵਿਧਾਨ ਸਭਾ ਦੇ ਬਜਟ ਸੈਸ਼ਨ ਵਿੱਚ ਉਠਾਉਣ ਲਈ ਮੰਗ ਪੱਤਰ ਦਿੱਤਾ ਸੀ ।