ਸਾਕਾ ਨਕੋਦਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਪੂਰਾ ਕਰਨ ਕੈਪਟਨ: ਪੀੜਤ ਪਰਿਵਾਰ

ਸਾਕਾ ਨਕੋਦਰ ਦੇ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਦਾ ਵਾਅਦਾ ਪੂਰਾ ਕਰਨ ਕੈਪਟਨ: ਪੀੜਤ ਪਰਿਵਾਰ

ਅੰਮ੍ਰਿਤਸਰ ਟਾਈਮਜ਼ ਬਿਊਰੋ

ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਮੌਕੇ 4 ਫ਼ਰਵਰੀ 1986 ਨੂੰ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਦੇ ਰੋਸ’ਚ ਵਾਪਰੇ ਸਾਕਾ ਨਕੋਦਰ ਦੌਰਾਨ ਪੰਜਾਬ ਪੁਲਿਸ ਵੱਲੋਂ ਸ਼ਹੀਦ ਕੀਤੇ ਚਾਰ ਸਿੱਖ ਨੌਜਵਾਨਾਂ ਦੇ ਪੀੜਿਤ ਪ੍ਰੀਵਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ ਨੂੰ ਪੰਜਾਬ ਵਿਧਾਨ ਸਭਾ ਦੇ ਆ ਰਹੇ ਸ਼ੈਸ਼ਨ ਵਿੱਚ ਬਹਿਸ ਕਰਵਾਕੇ ਤੇ ਐਕਸ਼ਨ ਟੇਕਨ ਰਿਪੋਰਟ ਜਾਰੀ ਕਰਕੇ ਆਪਣਾ ਵਾਅਦਾ ਪੂਰਾ ਕਰਨ ਦੀ ਮੰਗ ਕੀਤੀ ਹੈ।

ਜਿਕਰਯੋਗ ਹੈ ਕਿ ਇਸ ਸੰਬੰਧੀ ਜਲੰਧਰ ਤੋਂ ਕਾਂਗਰਸ ਦੇ ਲੋਕ ਸਭਾ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਵੀ ਮੁੱਖ ਮੰਤਰੀ ਪੰਜਾਬ ਨੂੰ ਸਾਕਾ ਨਕੋਦਰ ਦੇ ਇਨਸਾਫ਼ ਲਈ ਆਪਣਾ ਚੋਣ ਵਾਅਦਾ ਪੂਰਾ ਕਰਨ ਲਈ ਪੱਤਰ ਲਿਖਿਆ ਹੈ।

ਸਾਕਾ ਨਕੋਦਰ ਨੂੰ ਵਾਪਰਿਆਂ 34 ਸਾਲ ਬੀਤ ਚੁੱਕੇ ਹਨ। 4 ਫਰਵਰੀ 1986 ਨੂੰ ਪੰਜਾਬ ਪੁਲਿਸ ਨੇ ਨਕੋਦਰ ਵਿੱਚ ਸਿੱਖਾਂ ਦੇ ਇੱਕ ਸ਼ਾਂਤਮਈ ਕਾਫਿਲੇ ਉੱਪਰ ਗੋਲੀਆਂ ਚਲਾ ਕੇ ਚਾਰ ਸਿੱਖ ਨੌਜਵਾਨਾਂ ਨੂੰ ਸ਼ਹੀਦ ਕਰ ਦਿੱਤਾ ਸੀ। ਸਿੱਖਾਂ ਦਾ ਇਹ ਕਾਫਿਲਾ ਦੋ ਦਿਨ ਪਹਿਲਾਂ (ਭਾਵ 2 ਫਰਵਰੀ 1986) ਨੂੰ ਗੁਰਦੁਆਰਾ ਗੁਰੂ ਅਰਜਨ ਜੀ, ਨਕੋਦਰ ਵਿਖੇ ਅਗਨ ਭੇਟ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਗੋਇੰਦਵਾਲ ਸਾਹਿਬ ਲਿਜਾਣ ਵਾਸਤੇ ਜਾ ਰਿਹਾ ਸੀ।

ਸਾਕਾ ਨਕੋਦਰ 1986 ਦੌਰਾਨ ਪੁਲੀਸ ਵੱਲੋਂ ਸਿੱਖ ਨੌਜਵਾਨਾਂ ਦਾ ਪਿੱਛਾ ਕਰਕੇ ਉਨ੍ਹਾਂ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਇਆ ਗਿਆ ਸੀ। ਪੁਲਿਸ ਨੇ ਇਹ ਸਾਕਾ ਵਰਤਾ ਦੇਣ ਤੋਂ ਬਾਅਦ ਸ਼ਹੀਦ ਹੋਏ ਸਿੱਖ ਨੌਜਵਾਨਾਂ- ਭਾਈ ਰਵਿੰਦਰ ਸਿੰਘ, ਭਾਈ ਝਲਮਣ ਸਿੰਘ, ਭਾਈ ਬਲਧੀਰ ਸਿੰਘ ਅਤੇ ਭਾਈ ਹਰਮਿੰਦਰ ਸਿੰਘ ਦੀਆਂ ਮ੍ਰਿਤਕ ਦੇਹਾਂ ਵੀ ਪਰਿਵਾਰਾਂ ਨੂੰ ਨਹੀਂ ਸਨ ਦਿੱਤੀਆਂ ਅਤੇ ਆਪੇ ਹੀ ਇਨ੍ਹਾਂ ਦਾ ਬਿਨਾ ਮਰਿਆਦਾ ਦੇ ਤੇਲ ਪਾ ਕੇ ਸਾੜ ਦਿੱਤਾ ਸੀ।

ਇਨ੍ਹਾਂ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਨੇ ਅੱਜ ਵੀ ਇਨ੍ਹਾਂ ਸ਼ਹੀਦ ਸਿੰਘਾਂ ਅਤੇ ਇਸ ਸਾਕੇ ਦੀ ਯਾਦ ਨੂੰ ਸੰਭਾਲਿਆ ਹੋਇਆ ਹੈ ਅਤੇ ਉਨ੍ਹਾਂ ਕੋਲ ਦੋਸ਼ੀਆਂ ਨੂੰ ਇਨਸਾਫ ਦੇ ਕਟਿਹਰੇ ਵਿਣ ਖੜ੍ਹਾ ਕਰਨ ਲਈ ਸੰਘਰਸ਼ ਕਰਨ ਵਾਸਤੇ ਲੋੜੀਂਦਾ ਸਿਰੜ ਵੀ ਹੈ।

ਭਾਵੇਂ ਕਿ ਸਾਢੇ ਤਿੰਨ ਦਹਾਕੇ ਦੇ ਅਰਸੇ ਦੌਰਾਨ ਤਿੰਨ ਸ਼ਹੀਦ ਸਿੰਘਾਂ ਦੇ ਮਾਤਾ ਪਿਤਾ ਜਹਾਨ ਤੋਂ ਚਲਾਣਾ ਕਰ ਗਏ ਹਨ ਪਰ ਹਾਲੇ ਵੀ ਉਨ੍ਹਾਂ ਦੇ ਪਰਿਵਾਰ ਅਤੇ ਪਿੱਛੇ ਬਚੇ ਸ਼ਹੀਦ ਭਾਈ ਰਵਿੰਦਰ ਸਿੰਘ ਲਿੱਤਰਾਂ ਦੇ ਮਾਤਾ-ਪਿਤਾ ਹਰ ਸਾਲ ਸਾਕਾ ਨਕੋਦਰ 1986 ਦੇ ਸ਼ਹੀਦਾਂ ਨੂੰ ਯਾਦ ਕਰਦੇ ਹਨ। ਉਹ ਇਸ ਸਾਕੇ ਦੇ ਦੋਸ਼ੀ ਪੁਲਿਸ ਵਾਲਿਆਂ ਅਤੇ ਅਫਸਰਾਂ ਜਿਨ੍ਹਾਂ ਵਿਚ ਇਜਹਾਰ ਆਲਮ ਅਤੇ ਦਰਬਾਰਾ ਸਿੰਘ ਗੁਰੂ ਦੇ ਨਾਂ ਸ਼ੁਮਾਰ ਹਨ, ਨੂੰ ਕਟਹਿਰੇ ਵਿਚ ਖੜ੍ਹੇ ਕਰਨ ਲਈ ਯਤਨਸ਼ੀਲ ਰਹਿੰਦੇ ਹਨ। ਦੱਸਣਾ ਬਣਦਾ ਹੈ ਕਿ ਇਨ੍ਹਾਂ ਦੋਵਾਂ ਦੋਸ਼ੀਆਂ ਦੀ ਸ਼੍ਰੋਮਣੀ ਅਕਾਲੀ ਦਲ (ਬਾਦਲ) ਸਿਆਸੀ ਸਰਪ੍ਰਸਤੀ ਕਰਦਾ ਰਿਹਾ ਹੈ ਅਤੇ ਅੱਜ ਵੀ ਕਰ ਰਿਹਾ ਹੈ।

ਸਾਕਾ ਨਕੋਦਰ ਸੰਬੰਧੀ ਜਸਟਿਸ ਗੁਰਨਾਮ ਸਿੰਘ ਦੀ ਰਿਪੋਰਟ  ਸਾਢੇ ਤਿੰਨ ਦਹਾਕਿਆਂ ਬਾਅਦ ਵੀ ਜਨਤਿਕ ਨਹੀਂ ਹੋਈ ਤੇ ਨਾ ਹੀ ਰਾਜਸੀ ਨੇਤਾਵਾਂ ਵੱਲੋਂ ਇਨਸਾਫ਼ ਲਈ ਕੀਤੇ ਵਾਅਦੇ ਵਫਾ ਹੋਏ ਨੇ ।  ਸਾਕਾ ਬਰਗਾੜੀ, ਨਕੋਦਰ ਸਾਕੇ ਦਾ ਹੀ ਦੂਸਰਾ ਰੂਪ ਹੈ।