ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਜਾ ਰਹੀ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਸਾਊਥਾਲ (ਲੰਦਨ) ਵਿੱਚ ਕੀਤਾ ਗਿਆ ਜਾਰੀ
ਅੰਮ੍ਰਿਤਸਰ ਟਾਈਮਜ਼
ਲੰਡਨ ਯੂਕੇ- ਬੀਤੇ ਦਿਨ ਲੰਡਨ ਦੇ ਸਾਊਥਾਲ ਟਾਊਨ ਵਿਖੇ ਰੌਸ਼ਨੀ ਰੈਸਟੋਰੈਂਟ ਵਿੱਚ ਕੀਤੀ ਗਈ ਇੱਕ ਮੀਟਿੰਗ ਦੌਰਾਨ ਸਾਹਿਤ ਸੁਰ ਸੰਗਮ ਸਭਾ ਇਟਲੀ ਵੱਲੋਂ ਕਰਵਾਈ ਜਾ ਰਹੀ ਦੂਜੀ ਯੂਰਪੀ ਪੰਜਾਬੀ ਕਾਨਫਰੰਸ ਦਾ ਪੋਸਟਰ ਲੋਕ ਅਰਪਣ ਕੀਤਾ ਗਿਆ। ਜਿਸ ਵਿੱਚ ਸਭਾ ਦੇ ਪ੍ਰਧਾਨ ਬਲਵਿੰਦਰ ਸਿੰਘ ਚਾਹਲ ਨੇ ਵਿਸਥਾਰ ਪੂਰਵਕ ਇਸ ਕਾਨਫਰੰਸ ਬਾਰੇ ਜਾਣਕਾਰੀ ਦਿੱਤੀ। ਉਹਨਾਂ ਇਹ ਵੀ ਦੱਸਿਆ ਕਿ ਇਸ ਕਾਨਫਰੰਸ ਵਿੱਚ ਯੂਰਪੀ ਪੰਜਾਬੀ ਸਾਹਿਤ, ਸੰਭਾਵਨਾਵਾਂ ਅਤੇ ਸਮੱਸਿਆਵਾਂ ਆਦਿ ਬਾਰੇ ਜਿੱਥੇ ਵਿਚਾਰ ਚਰਚਾ ਹੋਵੇਗੀ, ਉੱਥੇ ਇਹਨਾਂ ਵਿਸਿ਼ਆਂ ਦੇ ਹੱਲ ਸੰਬੰਧੀ ਵੀ ਗੱਲਬਾਤ ਕੀਤੀ ਜਾਵੇਗੀ। ਸਾਹਿਤ ਕਲਾ ਕੇਂਦਰ ਸਾਊਥਹਾਲ ਦੇ ਪ੍ਰਧਾਨ ਬੀਬੀ ਕੁਲਵੰਤ ਕੌਰ ਢਿੱਲੋਂ ਨੇ ਇਸ ਬਾਰੇ ਬੋਲਦੇ ਹੋਏ ਕਿਹਾ ਕਿ ਇਟਲੀ ਦੀ ਧਰਤੀ ਉੱਪਰ ਯੂਰਪੀ ਪੰਜਾਬੀ ਕਾਨਫਰੰਸ ਦਾ ਕਰਵਾਇਆ ਜਾਣਾ ਇੱਕ ਵੱਡਾ ਤੇ ਸਲਾਹੁਣਯੋਗ ਉਪਰਾਲਾ ਹੈ। ਜਿਸ ਲਈ ਇਟਲੀ ਵੱਸਦਾ ਸਾਹਿਤਕਾਰ ਭਾਈਚਾਰਾ, ਉੱਥੋ ਦਾ ਸਮੁੱਚਾ ਪੰਜਾਬੀ ਸੰਸਾਰ ਅਤੇ ਇਸਦੇ ਪ੍ਰਬੰਧਕ ਵਧਾਈ ਦੇ ਪਾਤਰ ਹਨ। ਇਸ ਸਮੇਂ ਹਰਮੀਤ ਸਿੰਘ ਭਕਨਾ, ਡਾ ਉਪਿੰਦਰਜੀਤ ਕੌਰ ਯੂਨੀਵਰਸਿਟੀ ਵੁਲਵਰਹੈਂਪਟਨ, ਸ਼ਾਇਰ ਅਜ਼ੀਮ ਸ਼ੇਖਰ, ਪ੍ਰਭਜੋਤ ਕੌਰ, ਮਨਜੀਤ ਕੌਰ ਪੱਡਾ, ਸ਼ਗੁਫਤਾ ਗਿੰਮੀ, ਨੁਜ਼ਹਤ ਅੱਬਾਸ ਆਕਸਫੌਰਡ, ਮਨਜੀਤ ਸਿੰਘ ਸ਼ਾਲਾਪੁਰੀ ਆਦਿ ਹਾਜਰ ਸਨ।
Comments (0)