'ਹਿੰਦੂ ਅੱਤਵਾਦ' ਦਾ ਚਿਹਰਾ ਸਾਧਵੀ ਪਰੱਗਿਆ ਭਾਜਪਾ ਵਿੱਚ ਸ਼ਾਮਿਲ ਹੋਈ

'ਹਿੰਦੂ ਅੱਤਵਾਦ' ਦਾ ਚਿਹਰਾ ਸਾਧਵੀ ਪਰੱਗਿਆ ਭਾਜਪਾ ਵਿੱਚ ਸ਼ਾਮਿਲ ਹੋਈ

ਭੋਪਾਲ: ਹਿੰਦੂ ਅੱਤਵਾਦ ਦੇ ਚਿਹਰਿਆਂ ਵਿੱਚੋਂ ਇੱਕ ਸਾਧਵੀ ਪਰੱਗਿਆ ਨੇ ਅੱਜ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਹੈ। ਸਾਧਵੀ ਪਰੱਗਿਆ ਖਿਲਾਫ 2008 ਵਿੱਚ ਹੋਏ ਮਾਲੇਗਾਂਓਂ ਧਮਾਕੇ ਦਾ ਮਾਮਲਾ ਚੱਲ ਰਿਹਾ ਹੈ। ਅੱਜ ਭੋਪਾਲ ਵਿੱਚ ਪਹੁੰਚੀ ਸਾਧਵੀ ਪਰੱਗਿਆ ਨੇ ਭਾਜਪਾ ਵਿੱਚ ਸ਼ਾਮਿਲ ਹੋਣ ਦਾ ਐਲਾਨ ਕਰਦਿਆਂ ਕਿਹਾ ਕਿ ਉਹ ਭੋਪਾਲ ਤੋਂ ਲੋਕ ਸਭਾ ਚੋਣ ਲੜੇਗੀ। ਦੱਸਣਯੋਗ ਹੈ ਕਿ ਭੋਪਾਲ ਤੋਂ ਕਾਂਗਰਸ ਨੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੂੰ ਉਮੀਦਵਾਰ ਬਣਾਇਆ ਹੈ। 

ਹਿੰਦੀ ਵੋਟਾਂ ਨੂੰ ਆਪਣੇ ਹੇਠ ਸਮਝਣ ਵਾਲੀ ਸਾਧਵੀ ਪਰੱਗਿਆ ਨੇ ਬੜੇ ਵਿਸ਼ਵਾਸ ਨਾਲ ਇਸ ਸੀਟ ਨੂੰ ਜਿੱਤਣ ਦਾ ਦਾਅਵਾ ਕੀਤਾ ਹੈ। ਹਲਾਂਕਿ ਭਾਜਪਾ ਨੇ ਫਿਲਹਾਲ ਸਾਧਵੀ ਦੀ ਉਮੀਦਵਾਰੀ ਦਾ ਐਲਾਨ ਨਹੀਂ ਕੀਤਾ ਹੈ ਪਰ ਸੂਤਰਾਂ ਮੁਤਾਬਿਕ ਛੇਤੀ ਹੀ ਇਹ ਐਲਾਨ ਹੋ ਸਕਦਾ ਹੈ। 

ਦੱਸ ਦਈਏ ਕਿ 29 ਸਤੰਬਰ, 2008 ਵਿੱਚ ਮਾਲੇਗਾਂਓਂ ਵਿਖੇ ਮੋਟਰਸਾਈਕਲ 'ਤੇ ਲਾਏ ਦੋ ਬੰਬਾਂ ਵਿਚ ਧਮਾਕੇ 'ਚ 7 ਲੋਕ ਮਾਰੇ ਗਏ ਸਨ ਤੇ 100 ਤੋਂ ਵੱਧ ਜ਼ਖਮੀ ਹੋਏ ਸਨ। ਇਸ ਮਾਮਲੇ ਵਿੱਚ ਮੁੱਖ ਦੋਸ਼ੀ ਸਾਧਵੀ ਪਰੱਗਿਆ ਅਤੇ ਲੈਫਟੀਨੈਂਟ ਕਰਨਲ ਪ੍ਰਸਾਦ ਸ਼੍ਰੀਕਾਂਤ ਪੁਰੋਹਿਤ ਜ਼ਮਾਨਤ 'ਤੇ ਹਨ। ਸਾਧਵੀ ਪਰੱਗਿਆ ਖਿਲਾਫ ਗੈਰਕਾਨੂੰਨੀ ਗਤੀਵਿਧੀਆਂ ਰੋਕੂ ਕਾਨੂੰਨ ਤਹਿਤ ਮਾਮਲਾ ਚੱਲ ਰਿਹਾ ਹੈ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ