ਨਫਰਤ ਦੀ ਹਨੇਰੀ 'ਚ ਵਿਛੜਿਆਂ ਨੂੰ ਮੇਲਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਦਰ 'ਨਨਕਾਣਾ ਸਾਹਿਬ'

ਨਫਰਤ ਦੀ ਹਨੇਰੀ 'ਚ ਵਿਛੜਿਆਂ ਨੂੰ ਮੇਲਦਾ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਦਰ 'ਨਨਕਾਣਾ ਸਾਹਿਬ'

ਅੰਮ੍ਰਿਤਸਰ: 1947 ਮੌਕੇ ਪੰਜਾਬ ਨੇ ਜਿੱਥੇ 1849 ਵਿੱਚ ਖੁੱਸਿਆ ਆਪਣਾ ਰਾਜ ਹਾਸਿਲ ਕਰਨ ਦਾ ਮੌਕਾ ਗਵਾਇਆ ਉੱਥੇ ਭਰਾਵਾਂ ਵਾਂਗ ਜੀਵਨ ਬਸਰ ਕਰਦੇ ਲੋਕ ਨਫਰਤ ਦੀ ਹਨੇਰੀ ਵਿੱਚ ਇਕ ਦੂਜੇ ਦੇ ਦੁਸ਼ਮਣ ਬਣ ਬੈਠੇ। ਨਫਰਤ ਦੀ ਰਾਜਨੀਤੀ ਦੇ ਬੀਜਾਂ ਨੇ ਪੰਜਾਬ ਵਿੱਚ ਵੱਡਾ ਕਤਲੇਆਮ ਕਰਵਾਇਆ। ਇਸ ਨਫਰਤ ਦੀ ਹਨੇਰੀ ਵਿੱਚ ਵਿਛੜਿਆਂ ਲਈ ਅੱਜ ਵੀ ਜੇ ਮਿਲਾਪ ਦਾ ਕੋਈ ਸਹਾਰਾ ਹੈ ਤਾਂ ਉਹ ਗੁਰੂ ਨਾਨਕ ਪਾਤਸ਼ਾਹ ਦਾ ਦਰ ਹੀ ਹੈ। ਅਜਿਹੇ ਮਿਲਾਪ ਦੇ ਅਨੇਕਾਂ ਕਿੱਸਿਆਂ ਵਿੱਚ ਇਕ ਹੋਰ ਕਿੱਸਾ ਇਸ ਵਿਸਾਖੀ ਜੁੜਿਆ। 

ਇਸ ਵਾਰ ਖ਼ਾਲਸਾ ਸਾਜਨਾ ਦਿਹਾੜੇ ਮੌਕੇ ਜ਼ਿਲ੍ਹਾ ਗੁਰਦਾਸਪੁਰ ਦੀ ਤਹਿਸੀਲ ਕਲਾਨੌਰ 'ਚ ਰਹਿੰਦੇ ਸ਼ਿੰਗਾਰਾ ਸਿੰਘ ਨੂੰ ਸ੍ਰੀ ਨਨਕਾਣਾ ਸਾਹਿਬ ਵਿਖੇ ਦੇਸ਼ ਦੀ ਵੰਡ ਦੌਰਾਨ ਆਪਣੇ ਵਿੱਛੜੇ ਮਿੱਤਰ ਅਬਦੁਲ ਰਹਿਮਾਨ ਨਾਲ ਮਿਲਣਾ ਨਸੀਬ ਹੋਇਆ। ਉਨ੍ਹਾਂ ਦੀ ਇਹ ਮੁਲਾਕਾਤ ਪੰਜਾਬੀ ਸਿੱਖ ਸੰਗਤ ਦੇ ਮੁਖੀ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਭਾਈ ਗੋਪਾਲ ਸਿੰਘ ਚਾਵਲਾ ਦੇ ਯਤਨਾਂ ਸਦਕਾ ਸੰਭਵ ਹੋ ਸਕੀ। 


ਸਿੱਖ ਬਜ਼ੁਰਗ ਸ਼ਿੰਗਾਰਾ ਸਿੰਘ ਨੂੰ ਮੁਸਲਮਾਨ ਮਿੱਤਰ ਅਬਦੁੱਲ ਰਹਿਮਾਨ ਨਾਲ ਮਿਲਾਉਂਦੇ ਹੋਏ ਗੋਪਾਲ ਸਿੰਘ ਚਾਵਲਾ

ਸ: ਚਾਵਲਾ ਨੇ ਦੱਸਿਆ ਕਿ ਅਬਦੁਲ ਰਹਿਮਾਨ ਮੌਜੂਦਾ ਸਮੇਂ ਪਾਕਿਸਤਾਨ ਦੇ ਗੋਜ਼ਰਾ 'ਚ ਰਹਿ ਰਹੇ ਹਨ, ਜਦਕਿ ਸ਼ਿੰਗਾਰਾ ਸਿੰਘ ਭਾਰਤ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਕਲਾਨੌਰ ਤੋਂ ਇੱਥੇ ਪਹੁੰਚੇ ਹਨ। ਪੰਜਾਬ ਦੀ ਵੰਡ ਤੋਂ ਪਹਿਲਾਂ ਉਕਤ ਦੋਵੇਂ ਪਰਿਵਾਰ ਗੁਰਦਾਸਪੁਰ 'ਚ ਰਹਿੰਦੇ ਸਨ ਅਤੇ ਇਕ-ਦੂਜੇ ਦੇ ਗੂੜ੍ਹੇ ਮਿੱਤਰ ਸਨ। ਅਬਦੁਲ ਰਹਿਮਾਨ ਤੇ ਸ਼ਿੰਗਾਰਾ ਸਿੰਘ ਨੇ ਇਕੱਠੇ ਸਕੂਲ ਜਾਣਾ ਸ਼ੁਰੂ ਕੀਤਾ, ਪਰ ਬਾਅਦ 'ਚ ਦੇਸ਼ ਦੀ ਵੰਡ ਨੇ ਉਨ੍ਹਾਂ ਨੂੰ ਇਕ-ਦੂਜੇ ਤੋਂ ਦੂਰ ਕਰ ਦਿੱਤਾ। 

ਉਨ੍ਹਾਂ ਦੱਸਿਆ ਕਿ ਅਬਦੁਲ ਰਹਿਮਾਨ ਨੇ ਗੁਰਦੁਆਰਾ ਸਾਹਿਬ 'ਚ ਪਹੁੰਚ ਕੇ ਇਹ ਅਵਾਜ਼ ਦੇਣ ਲਈ ਅਪੀਲ ਕੀਤੀ ਕਿ ਜੇਕਰ ਕੋਈ ਗੁਰਦਾਸਪੁਰ ਦੇ ਕਲਾਨੌਰ ਤੋਂ ਆਇਆ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰੇ। ਉਹ ਪਿਛਲੇ 10 ਵਰ੍ਹਿਆਂ ਤੋਂ ਭਾਰਤੀ ਸੰਗਤ ਦੇ ਜਾਣ 'ਤੇ ਇਹ ਅਵਾਜ਼ ਦਵਾਉਂਦੇ ਆ ਰਹੇ ਹਨ ਙ ਜਦਕਿ ਇਸ ਵਾਰ ਜਦੋਂ ਉਨ੍ਹਾਂ ਨੇ ਇਹ ਅਵਾਜ਼ ਦਵਾਈ ਤਾਂ ਵਾਹਿਗੁਰੂ ਦੀ ਮਿਹਰ ਸਦਕਾ ਉਨ੍ਹਾਂ ਦੀ ਸਿੱਧੇ ਤੌਰ 'ਤੇ ਆਪਣੇ ਮਿੱਤਰ ਨਾਲ ਹੀ ਮੁਲਾਕਾਤ ਹੋ ਗਈ। ਆਪਣੇ ਦੋਸਤ ਨੂੰ ਮਿਲਣ 'ਤੇ ਸ਼ਿੰਗਾਰਾ ਸਿੰਘ ਨੇ ਗੁਰੂ ਨਾਨਕ ਦੇਵ ਜੀ ਦਾ ਲੱਖ-ਲੱਖ ਸ਼ੁਕਰਾਨਾ ਕੀਤਾ। 

ਅਬਦੁਲ ਰਹਿਮਾਨ ਨੇ ਇਸ ਮੁਲਾਕਾਤ ਲਈ ਪੰਜਾਬੀ ਸਿੱਖ ਸੰਗਤ ਦਾ ਧੰਨਵਾਦ ਪ੍ਰਗਟ ਕਰਦਿਆਂ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਪਾਸੋਂ ਮੰਗ ਕੀਤੀ ਕਿ ਉਨ੍ਹਾਂ ਦੇ ਮਿੱਤਰ ਦਾ ਵੀਜ਼ਾ ਵਧਾਇਆ ਜਾਵੇ ਤਾਂ ਕਿ ਉਹ ਸੱਤ ਦਹਾਕਿਆਂ ਬਾਅਦ ਮਿਲੇ ਆਪਣੇ ਮਿੱਤਰ ਨਾਲ ਕੁਝ ਹੋਰ ਸਮਾਂ ਬਿਤਾ ਸਕਣ।

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ