ਰੂਸ-ਯੂਕਰੇਨ ਜੰਗ ਦਾ ਵਿਸ਼ਵ ਉਪਰ ਅਸਰ

ਰੂਸ-ਯੂਕਰੇਨ ਜੰਗ ਦਾ ਵਿਸ਼ਵ ਉਪਰ ਅਸਰ

ਵਿਸ਼ਵ  ਦਰਪਣ

ਸਾਲ 1992 ਵਿਚ ਜਦੋਂ ਸੋਵੀਅਤ ਸੰਘ ਢਹਿ-ਢੇਰੀ ਹੋਇਆ ਸੀ ਤਾਂ ਭਾਰੂ ਰੂਸੀ ਫੈਡਰੇਸ਼ਨ ਅਤੇ ਇਸ ਦੇ ਗੁਆਂਢੀ ਇਸਲਾਮੀ ਗਣਰਾਜਾਂ ਦਰਮਿਆਨ ਟਕਰਾਅ ਪੈਦਾ ਹੋਣ ’ਤੇ ਤੌਖ਼ਲੇ ਸਨ ਪਰ ਇੰਝ ਹੋਇਆ ਨਹੀਂ। ਮੁਸਲਿਮ ਬਹੁਗਿਣਤੀ ਵਾਲੇ ਇਸ ਦੇ ਪੂਰਬੀ ਗਣਰਾਜਾਂ- ਅਜ਼ਰਬਾਇਜਾਨ, ਉਜ਼ਬੇਕਿਸਤਾਨ, ਤਾਜਿਕਸਤਾਨ, ਕਿਰਗਿਜ਼ੀਆ ਤੇ ਕਜ਼ਾਕਸਤਾਨ ਵਿਚ ਸੁਚਾਰੂ ਤੇ ਸ਼ਾਂਤਮਈ ਢੰਗ ਨਾਲ ਸੱਤਾ ਤਬਦੀਲ ਕਰ ਦਿੱਤੀ ਗਈ। ਸੁਭਾਵਿਕ ਤੌਰ ’ਤੇ ਦੂਜੇ ਗਣਰਾਜਾਂ ਦੇ ਕੌਮੀ ਜੀਵਨ ਵਿਚ ਰੂਸੀ ਭੂਮਿਕਾ ਨੂੰ ਲੈ ਕੇ ਕੁਝ ਹੱਦ ਤੱਕ ਮਤਭੇਦ ਮੌਜੂਦ ਸਨ ਪਰ ਇਨ੍ਹਾਂ ਨੂੰ ਸੰਭਾਲ ਲਿਆ ਜਾਂਦਾ ਰਿਹਾ ਸੀ। ਦਿਲਚਸਪ ਗੱਲ ਇਹ ਸੀ ਕਿ ਸਭ ਤੋਂ ਗੰਭੀਰ ਮਤਭੇਦ ਮੁੱਖ ਤੌਰ ’ਤੇ ਰੂਸ ਦੇ ਆਪਣੇ ਗੁਆਂਢੀਆਂ ਨਾਲ ਸਬੰਧਾਂ ਬਾਰੇ ਪੈਦਾ ਹੋਏ ਖਾਸਕਰ ਯੂਕਰੇਨ ਨਾਲ ਉਭਰੇ ਜੋ ਨਸਲੀ ਅਤੇ ਧਾਰਮਿਕ ਤੌਰ ’ਤੇ ਉਸ ਦੇ ਕਾਫੀ ਕਰੀਬ ਸੀ ਤੇ ਲਗਭਗ ਦੋ ਸਦੀਆਂ ਤੋਂ ਉੱਥੇ ਰੂਸ ਦਾ ਹੀ ਰਾਜ ਚਲਦਾ ਰਿਹਾ ਸੀ। ਇਹ ਮਤਭੇਦ ਇਸ ਤੱਥ ਕਰ ਕੇ ਹੋਰ ਤੇਜ਼ ਹੋ ਗਏ ਕਿ ਕ੍ਰੀਮੀਆ ਅਤੇ ਕਾਲੇ ਸਾਗਰ ਤੱਕ ਰੂਸ ਦਾ ਇਕਮਾਤਰ ਸਮੁੰਦਰੀ ਮਾਰਗ ਦੱਖਣੀ ਯੂਕਰੇਨ ’ਚੋਂ ਹੋ ਕੇ ਲੰਘਦਾ ਹੈ। ਨਾਲ ਹੀ ਇਹ ਵੀ ਕਿ ਕ੍ਰੀਮੀਆ ਤੇ ਦੱਖਣੀ ਯੂਕਰੇਨ ਦੋਵੇਂ ਖੇਤਰਾਂ ਵਿਚ ਅੱਛੀ ਖਾਸੀ ਰੂਸੀ ਵਸੋਂ ਹੈ।

 

ਯੂਕਰੇਨ ਦੇ ਅਮਰੀਕਾ ਨਾਲ ਵਧ-ਫੁਲ ਰਹੇ ਸਬੰਧਾਂ ਨੂੰ ਲੈ ਕੇ ਮਾਸਕੋ ਵਿਚ ਲੰਮੇ ਸਮੇਂ ਤੋਂ ਸ਼ੱਕ-ਸ਼ੁਬਹੇ ਰਹੇ ਹਨ ਜੋ ਹਾਲੀਆ ਸਮਿਆਂ ਵਿਚ ਹੋਰ ਗਹਿਰੇ ਹੋ ਗਏ ਸਨ। ਇਹ ਮਤਭੇਦ ਉਦੋਂ ਗੰਭੀਰ ਬਣ ਗਏ ਜਦੋਂ ਅਮਰੀਕੀ ਵਿਦੇਸ਼ ਮੰਤਰੀ ਐਂਥਨੀ ਬਲਿੰਕਨ ਨੇ ਪਹਿਲੀ ਨਵੰਬਰ 2021 ਨੂੰ ਆਪਣੇ ਯੂਕਰੇਨੀ ਹਮਰੁਤਬਾ ਨਾਲ ਸੰਧੀ ਸਹੀਬੰਦ ਕੀਤੀ ਸੀ। ਇਹ ਰੂਸ ਵੱਲ ਸੇਧਤ ਇਕ ਤਰ੍ਹਾਂ ਦੀ ਰੱਖਿਆ ਸੰਧੀ ਸੀ। ਇਸ ਵਿਚ ‘ਰੂਸੀ ਹਮਲੇ ਦਾ ਮੁਕਾਬਲਾ ਕਰਨ’, ‘ਰੱਖਿਆ ਸਹਿਯੋਗ ਵਧਾਉਣ’ ਅਤੇ ‘ਯੂਕਰੇਨ ਨੂੰ ਰਣਨੀਤਕ ਸੁਰੱਖਿਆ ਇਮਦਾਦ’ ਮੁਹੱਈਆ ਕਰਾਉਣ ਜਿਹੇ ਮੁੱਦਿਆਂ ਦਾ ਜਿ਼ਕਰ ਸੀ। ਜਾਪ ਰਿਹਾ ਸੀ, ਅਮਰੀਕਾ ਅਤੇ ਯੂਕਰੇਨ ਦੀਰਘਕਾਲੀ ਸੁਰੱਖਿਆ ਅਤੇ ਦੱਖਣੀ ਯੂਕਰੇਨ ਵਿਚੋਂ ਹੋ ਕੇ ਬਾਲਟਿਕ ਸਾਗਰ ਤੱਕ ਉਸ ਦੀ ਇਕਮਾਤਰ ਰਸਾਈ ਬਾਰੇ ਰੂਸੀ ਸਰੋਕਾਰਾਂ ਨੂੰ ਨਜ਼ਰਅੰਦਾਜ਼ ਕਰਨਾ ਜਾਰੀ ਰੱਖਣਗੇ। ਇਸ ਮੁੱਦੇ ’ਤੇ ਤਣਾਅ ਪੈਦਾ ਹੋਣਾ ਲਾਜ਼ਮੀ ਸੀ ਅਤੇ ਬਾਲਟਿਕ ਸਾਗਰ ਤੱਕ ਨਿਰਵਿਘਨ ਰਸਾਈ ਯਕੀਨੀ ਬਣਾਉਣ ਲਈ ਹੀ ਰੂਸ ਨੇ 2014 ਵਿਚ ਕ੍ਰੀਮੀਆ ਪ੍ਰਾਇਦੀਪ ’ਤੇ ਕਬਜ਼ਾ ਕੀਤਾ ਸੀ। ਕ੍ਰੀਮੀਆ ਵਾਂਗ ਹੀ ਦੱਖਣੀ ਯੂਕਰੇਨ ਵਿਚ ਕਾਫੀ ਰੂਸੀ ਵਸੋਂ ਹੈ ਜਿਸ ਨੇ ਰੂਸ ਦੀ ਫ਼ੌਜੀ ਕਾਰਵਾਈ ਦੀ ਉਦੋਂ ਹਮਾਇਤ ਕੀਤੀ ਸੀ।

ਸ਼ੁਰੂ ਵਿਚ ਯੂਕਰੇਨ ਅੰਦਰ ਰੂਸੀ ਫ਼ੌਜੀ ਦਖ਼ਲਅੰਦਾਜ਼ੀ ਦਾ ਨਿਸ਼ਾਨਾ ਰਾਜਧਾਨੀ ਕੀਵ ਸੀ। ਰੂਸ ਦੇ ਦੁਸ਼ਮਣ ਬਾਇਡਨ ਪ੍ਰਸ਼ਾਸਨ ਅਤੇ ਇਕ ਯੁਵਾ, ਤੇਜ਼ ਤਰਾਰ ਪਰ ਸਿਆਸੀ ਤੌਰ ’ਤੇ ਗ਼ੈਰ-ਤਜਰਬੇਕਾਰ ਯੂਕਰੇਨੀ ਰਾਸ਼ਟਰਪਤੀ ਵਲੋਦੀਮੀਰ ਜ਼ੇਲੈਂਸਕੀ ਵਿਚਕਾਰ ਵਧਦੇ ਫ਼ੌਜੀ ਤੇ ਰਾਜਸੀ ਸਬੰਧਾਂ ਮੁਤੱਲਕ ਰੂਸ ਦੇ ਸਰੋਕਾਰਾਂ ਦਾ ਇਹ ਨਾ ਟਲਣਯੋਗ ਸਿੱਟਾ ਸੀ। ਇਸ ਦਖ਼ਲ ਕਰ ਕੇ ਫਿਨਲੈਂਡ ਜਿਹੇ ਰੂਸ ਦੇ ਗੁਆਂਢੀ ਦੇਸ਼ਾਂ ਨੇ ਵੀ ਨਾਟੋ ਮੈਂਬਰਸ਼ਿਪ ਮੰਗਣੀ ਸ਼ੁਰੂ ਕਰ ਦਿੱਤੀ। ਕਾਲੇ ਸਾਗਰ ਨਾਲ ਜੋੜਨ ਵਾਲੇ ਦੋਨੇਸਕ ਤੋਂ ਲੈ ਕੇ ਮਾਰਿਓਪੋਲ ਤੱਕ ਯੂਕਰੇਨ ਦੇ ਦੱਖਣ ਪੂਰਬੀ ਖੇਤਰਾਂ ਉਪਰ ਕਬਜ਼ਾ ਕਰਨ ਦੀ ਰੂਸ ਦੀ ਰਣਨੀਤਕ ਕਾਰਵਾਈ ਦੀ ਸਮਝ ਪੈਂਦੀ ਹੈ ਪਰ ਸ਼ੁਰੂ ਵਿਚ ਯੂਕਰੇਨ ਦੀ ਰਾਜਧਾਨੀ ਕੀਵ ਵੱਲ ਰੂਸ ਦੀ ਪੇਸ਼ਕਦਮੀ ਸਿਆਸੀ, ਕੂਟਨੀਤਕ ਅਤੇ ਰਣਨੀਤਕ ਤੌਰ ’ਤੇ ਬੇਤੁਕੀ ਜਾਪਦੀ ਹੈ। ਜਿਵੇਂ ਆਸ ਕੀਤੀ ਜਾਂਦੀ ਸੀ, ਪੱਛਮੀ ਦੇਸ਼ਾਂ ਨੇ ਰੂਸ ਦੀ ਕਾਰਵਾਈ ਨੂੰ ਯੂਕਰੇਨ ਦੀ ਪ੍ਰਭੂਸੱਤਾ ਦੀ ਖਿਲਾਫ਼ਵਰਜ਼ੀ ਕਰਾਰ ਦਿੱਤਾ।

ਉਂਝ, ਜਲਦੀ ਹੀ ਰੂਸ ਨੇ ਆਪਣਾ ਮੁਹਾਣ ਬਦਲ ਲਿਆ। ਮਾਸਕੋ ਨੇ ਹੁਣ ਸਮੁੱਚੇ ਲੁਹਾਂਸਕ ਖਿੱਤੇ ਉਪਰ ਕਬਜ਼ਾ ਕਰ ਲਿਆ ਜੋ ਇਤਿਹਾਸਕ ਤੌਰ ’ਤੇ ਕਾਲੇ ਸਾਗਰ ਤੱਕ ਇਸ ਦੀ ਰਸਾਈ ਦੀ ਜ਼ਾਮਨੀ ਦਿੰਦਾ ਆ ਰਿਹਾ ਸੀ। ਅਮਰੀਕਾ ਦੀ ਅਗਵਾਈ ਹੇਠ ਪੱਛਮੀ ਤਾਕਤਾਂ ਨੇ ਰੂਸ ਦੇ ਖਿਲਾਫ਼ ਕੌਮਾਂਤਰੀ ਮੰਚਾਂ ’ਤੇ ਮਤੇ ਪਾਸ ਕੀਤੇ ਹਾਲਾਂਕਿ ਇਨ੍ਹਾਂ ਨੂੰ ਅਮਰੀਕੀ ਰਾਸ਼ਟਰਪਤੀ ਦੀ ਘਰੋਗੀ ਲੋਕਪ੍ਰਿਅਤਾ ਵਧਾਉਣ ਦੀ ਚਾਰਾਜੋਈ ਵਜੋਂ ਜ਼ਿਆਦਾ ਦੇਖਿਆ ਗਿਆ। ਪੱਛਮੀ ਦੇਸ਼ਾਂ ਦੀਆਂ ਪਾਬੰਦੀਆਂ ਨਾਲ ਮਾਸਕੋ ਨੂੰ ਨੁਕਸਾਨ ਤਾਂ ਝੱਲਣਾ ਪਿਆ ਪਰ ਰੂਸ ਕੋਲ ਆਪਣੀਆਂ ਸਪਲਾਈ ਚੇਨਾਂ ਅਤੇ ਵਪਾਰ ਜਾਰੀ ਰੱਖਣ ਦੀ ਸਮੱਰਥਾ ਹੈ। ਇਸ ਤੋਂ ਇਲਾਵਾ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਵਲੋਂ ਰੂਸੀ ਕਰੰਸੀ ’ਤੇ ਲਾਈਆਂ ਪਾਬੰਦੀਆਂ ਤੋਂ ਵੀ ਰੂਸ ਉਭਰ ਗਿਆ।

ਉਂਝ, ਯੂਕਰੇਨ ਦੀਆਂ ਘਟਨਾਵਾਂ ਤੋਂ ਸੰਸਾਰ ਨਿਜ਼ਾਮ ਅੰਦਰ ਧਰੁਵੀਕਰਨ ਵਧ ਰਿਹਾ ਹੈ ਜਿਸ ਤਹਿਤ ਇਕ ਪਾਸੇ ਚੀਨ ਰੂਸ ਦੀ ਹਮਾਇਤ ਕਰ ਰਿਹਾ ਹੈ, ਦੂਜੇ ਪਾਸੇ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ ਖੜ੍ਹੇ ਹਨ। ਇਸ ਤੋਂ ਵੀ ਵੱਡੇ ਫ਼ਿਕਰ ਦੀ ਗੱਲ ਇਹ ਹੈ ਕਿ ਰੂਸ ਉੱਤੇ ਅਮਰੀਕਾ ਤੇ ਉਸ ਦੇ ਸਹਿਯੋਗੀ ਦੇਸ਼ਾਂ ਵਲੋਂ ਸਖ਼ਤ ਪਾਬੰਦੀਆਂ ਲਾਉਣ ਕਰ ਕੇ ਵਪਾਰ, ਨਿਵੇਸ਼ ਅਤੇ ਆਰਥਿਕ ਵਿਕਾਸ ਲਈ ਆਲਮੀ ਮਾਹੌਲ ਵਿਗੜ ਰਿਹਾ ਹੈ। ਹਾਲੀਆ ਘਟਨਾਵਾਂ ਨਾਲ ਦੁਨੀਆ ਅੰਦਰ ਖੁਰਾਕ ਦੀ ਕਮੀ ਆਉਣ ਅਤੇ ਮਹਿੰਗਾਈ ਦਰ ਵਧਣ ਦਾ ਡਰ ਪੈਦਾ ਹੋ ਗਿਆ ਹੈ। ਪਾਬੰਦੀਆਂ ਲਾਉਣ ਲਈ ਅਮਰੀਕਾ ਦਾ ਸਾਥ ਦੇ ਰਹੇ ਬਹੁਤ ਸਾਰੇ ਪੱਛਮੀ ਮੁਲਕ ਤੇਲ ਤੇ ਗੈਸ ਜਿਹੀਆਂ ਆਪਣੀਆਂ ਊਰਜਾ ਲੋੜਾਂ ਦੀ ਪੂਰਤੀ ਲਈ ਰੂਸ ’ਤੇ ਬਹੁਤ ਜ਼ਿਆਦਾ ਨਿਰਭਰ ਹਨ। ਰੂਸ ਨੂੰ ਉਨ੍ਹਾਂ ਦੇ ਊਰਜਾ ਖੇਤਰ ਦੇ ਕੁੱਲ ਖਰਚ ਤੋਂ 75 ਫ਼ੀਸਦ ਹਿੱਸਾ ਮਾਲੀਏ ਦੇ ਰੂਪ ਵਿਚ ਜਾਂਦਾ ਸੀ। ਉਧਰ, ਅਮਰੀਕਾ ਦੇ ਤੇਲ ਅਤੇ ਸ਼ੈੱਲ ਗੈਸ ਦੇ ਆਪਣੇ ਪੱਕੇ ਸਰੋਤ ਹਨ। ਜੇ ਰੂਸੀ ਗੈਸ ਸਪਲਾਈ ਨਹੀਂ ਹੁੰਦੀ ਤਾਂ ਕਈ ਮੁੱਖ ਯੂਰਪੀ ਦੇਸ਼ਾਂ ਅੰਦਰ ਲੋਕਾਂ ਨੂੰ ਸਰਦੀਆਂ ਦੇ ਮੌਸਮ ਵਿਚ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ। ਇਸ ਕਰ ਕੇ ਤੇਲ ਦੀਆਂ ਕੀਮਤਾਂ ਵਿਚ ਭਾਰੀ ਉਛਾਲ ਆਇਆ ਹੈ, ਸਿੱਟੇ ਵਜੋਂ ਨਾ ਕੇਵਲ ਵਿਕਸਤ ਜਗਤ ਸਗੋਂ ਵਿਕਾਸਸ਼ੀਲ ਦੇਸ਼ਾਂ ਦੇ ਅਰਥਚਾਰਿਆਂ ਵਿਚ ਉਥਲ-ਪੁਥਲ ਹੋ ਰਹੀ ਹੈ।

ਕੁਝ ਯੂਰੋਪੀਅਨ ਦੇਸ਼ਾਂ ਨੇ ਭਾਰਤ ਵਲੋਂ ਰੂਸ ਤੋਂ ਤੇਲ ਖਰੀਦਣ ਬਾਰੇ ਉਜ਼ਰ ਕੀਤਾ ਸੀ ਜਿਸ ਮੁਤੱਲਕ ਵਿਦੇਸ਼ ਮਾਮਲਿਆਂ ਦੇ ਮੰਤਰੀ ਜੈਸ਼ੰਕਰ ਨੇ ਪੁੱਛਿਆ ਸੀ: “ਕੀ ਰੂਸੀ ਗੈਸ ਦੀ ਖਰੀਦ ਦਾ ਮਤਲਬ ਜੰਗ ਲਈ ਫੰਡ ਮੁਹੱਈਆ ਕਰਾਉਣਾ ਨਹੀਂ? ਯੂਰੋਪ ਨੂੰ ਆਪਣੀ ਇਹ ਮਨੋਦਸ਼ਾ ਬਦਲਣ ਦੀ ਲੋੜ ਹੈ ਕਿ ਉਸ ਦੀਆਂ ਸਮੱਸਿਆਵਾਂ ਦੁਨੀਆ ਦੀ ਸਮੱਸਿਆ ਹੈ ਪਰ ਦੁਨੀਆ ਦੀਆਂ ਸਮੱਸਿਆਵਾਂ ਯੂਰੋਪ ਦੀ ਸਮੱਸਿਆ ਨਹੀਂ।’ ਭਾਰਤ ਕੋਲ ਅਮਰੀਕਾ ਤੇ ਯੂਰੋਪੀਅਨ ਦੇਸ਼ਾਂ ਦੇ ਦੋਹਰੇ ਮਿਆਰਾਂ ਦੀ ਨਿਸ਼ਾਨਦੇਹੀ ਕਰਨ ਦੇ ਕਈ ਵਧੀਆ ਕਾਰਨ ਹਨ। ਭਾਰਤ ਦੁਨੀਆ ਦਾ ਤੀਜਾ ਸਭ ਤੋਂ ਵੱਡਾ ਤੇਲ ਖਪਤਕਾਰ ਹੈ ਜਿਸ ਨੇ ਪਿਛਲੇ ਸਾਲ 119. 2 ਅਰਬ ਡਾਲਰ ਦੇ ਕੱਚੇ ਤੇਲ ਖਰੀਦਿਆ ਸੀ। ਤੇਲ ਦੀਆਂ ਕੀਮਤਾਂ ਵਿਚ ਵਾਧੇ ਨਾਲ ਭਾਰਤ ਦੇ ਆਮ ਲੋਕਾਂ ਦੀ ਜ਼ਿੰਦਗੀ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ। ਮਾਸਕੋ ਵਲੋਂ ਰਿਆਇਤੀ ਦਰਾਂ ’ਤੇ ਤੇਲ ਵੇਚਿਆ ਜਾ ਰਿਹਾ ਹੈ। ਪੈਟਰੋਲੀਅਮ ਪਦਾਰਥਾਂ ਦੀਆਂ ਕੌਮਾਂਤਰੀ ਕੀਮਤਾਂ ਜਿਵੇਂ ਅੰਬਰੀਂ ਚੜ੍ਹੀਆਂ ਹੋਈਆਂ ਹਨ, ਉਸ ਦੇ ਮੱਦੇਨਜ਼ਰ ਮਾਸਕੋ ਤੋਂ ਜ਼ਿਆਦਾ ਮਾਤਰਾ ਵਿਚ ਤੇਲ, ਗੈਸ ਤੇ ਖਾਦਾਂ ਖਰੀਦਣਾ ਭਾਰਤ ਨੂੰ ਵਾਰਾ ਖਾਂਦਾ ਹੈ। ਅਮਰੀਕੀ ਕਾਂਗਰਸ ਵਲੋਂ ਹਾਲ ਹੀ ਵਿਚ ਭਾਰਤ ’ਤੇ ਵਪਾਰਕ ਪਾਬੰਦੀਆਂ ਲਾਉਣ ਦੀ ਧਮਕੀ ਦਿੱਤੀ ਗਈ ਹੈ।

ਰੂਸ ਨੇ ਹੁਣ ਯੂਕਰੇਨ ਰਾਹੀਂ ਸਾਗਰ ਤੱਕ ਆਪਣੇ ਰਵਾਇਤੀ ਮਾਰਗ ’ਤੇ ਕਬਜ਼ਾ ਜਮਾਉਣ ਦਾ ਆਪਣਾ ਉਦੇਸ਼ ਪੂਰਾ ਕਰ ਲਿਆ ਹੈ। ਉਸ ਨੇ ਲੁਹਾਂਸਕ, ਦੋਨੇਸਕ ਅਤੇ ਕ੍ਰੀਮੀਆ ਖੇਤਰਾਂ ਉਪਰ ਕੰਟਰੋਲ ਕਾਇਮ ਕਰ ਲਿਆ ਹੈ। ਇਹ ਦੇਖਣਾ ਬਾਕੀ ਹੈ ਕਿ ਕੀ ਰੂਸ ਓਡੇਸਾ ਦੀ ਰਣਨੀਤਕ ਬੰਦਰਗਾਹ ’ਤੇ ਕਾਬਜ਼ ਹੋਣ ਲਈ ਪੱਛਮ ਵੱਲ ਅੱਗੇ ਵਧਦਾ ਹੈ ਜਾਂ ਨਹੀਂ ਜੋ ਯੂਕਰੇਨ ਦੀ ਸਭ ਤੋਂ ਮਹੱਤਵਪੂਰਨ ਬੰਦਰਗਾਹ ਹੈ। ਉਂਝ, ਦੁਨੀਆ ਭਰ ਖ਼ਾਸਕਰ ਬੰਗਲਾਦੇਸ਼ ਤੇ ਅਫ਼ਰੀਕਾ ਜਿਹੇ ਮੁਲਕਾਂ ਵਿਚ ਯੂਕਰੇਨ ਤੇ ਰੂਸ ਦੀ ਕਣਕ ਦੀ ਮੰਗ ਦੇ ਮੱਦੇਨਜ਼ਰ ਜੇ ਜਲਦੀ ਗੋਲੀਬੰਦੀ ਹੋ ਜਾਂਦੀ ਹੈ ਤਾਂ ਸਮੁੱਚੀ ਦੁਨੀਆ ਇਸ ਦਾ ਸਵਾਗਤ ਕਰੇਗੀ। ਭਾਰਤ ਕੋਲ ਕਣਕ ਦੇ ਸੀਮਤ ਭੰਡਾਰ ਹਨ ਜੋ ਕੁਝ ਚੋਣਵੇਂ ਮੁਲਕਾਂ ਲਈ ਸਹਾਈ ਹੋ ਸਕਦੇ ਹਨ। ਫਰਾਂਸ ਤੇ ਜਰਮਨੀ ਜਿਹੇ ਮੁਲਕਾਂ ਅੰਦਰ ਸ਼ਾਂਤੀ ਬਹਾਲ ਕਰਨ ਦੀ ਲੋੜ ਦੀ ਮਾਨਤਾ ਵਧ ਰਹੀ ਹੈ ਪਰ ਬਾਇਡਨ ਪ੍ਰਸ਼ਾਸਨ, ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਂਸਕੀ ਤੇ ਬਰਤਾਨਵੀ ਸਰਕਾਰ ਯੂਕਰੇਨ ਅੰਦਰ ਰੂਸ ਨੂੰ ਲਹੂ-ਲੁਹਾਣ ਕਰਨ ਲਈ ਲੱਕ ਬੰਨ੍ਹ ਕੇ ਜੁਟੇ ਹੋਏ ਹਨ। ਹਾਲੀਆ ਜੀ7 ਸਿਖਰ ਸੰਮੇਲਨ ਵਿਚ ਹੋਈ ਗੱਲਬਾਤ ਤੋਂ ਇਹ ਸਾਫ਼ ਨਜ਼ਰ ਆ ਰਿਹਾ ਸੀ। ਇਸ ਨਾਲ ਬਾਲਟਿਕ ਖਿੱਤੇ ਦੇ ਆਰ-ਪਾਰ ਦੁੱਖ ਤੇ ਮੁਸੀਬਤਾਂ ਵਿਚ ਹੀ ਵਾਧਾ ਹੋਵੇਗਾ।

ਰੂਸ ਅਤੇ ਅਮਰੀਕਾ ਦਰਮਿਆਨ ਵਧ ਰਹੇ ਵੈਰ ਤੋਂ ਇਸ ਗੱਲ ਦਾ ਡਰ ਹੈ ਕਿ ਮਿਸਰ ਸਮੇਤ ਅਫਰੀਕਾ ਦੇ ਬਹੁਤ ਸਾਰੇ ਮੁਲਕਾਂ ਅੰਦਰ ਰੂਸ ਤੇ ਯੂਕਰੇਨ ਦੀ ਕਣਕ ਦੀ ਸਪਲਾਈ ’ਤੇ ਬਹੁਤ ਬੁਰਾ ਅਸਰ ਪੈ ਸਕਦਾ ਹੈ ਜੋ ਉਸ ਖਿੱਤੇ ਅੰਦਰ ਕਣਕ ਦੇ ਸਭ ਤੋਂ ਵੱਡੇ ਦਰਾਮਦਕਾਰ ਹਨ। ਰੂਸ ਕਣਕ ਦਾ ਸਭ ਤੋਂ ਵੱਡਾ ਬਰਾਮਦਕਾਰ ਹੈ ਅਤੇ ਸਾਲਾਨਾ ਕਰੀਬ 8 ਅਰਬ ਡਾਲਰ ਦੀ ਕਣਕ ਭੇਜਦਾ ਹੈ। ਯੂਕਰੇਨ ਦੁਨੀਆ ਦਾ ਪੰਜਵਾਂ ਸਭ ਤੋਂ ਵੱਡਾ ਬਰਾਮਦਕਾਰ ਹੈ ਜਿਸ ਦੀਆਂ ਕਣਕ ਦੀਆਂ ਬਰਾਮਦਾਂ ਸਾਲਾਨਾ 3.5 ਅਰਬ ਡਾਲਰ ਦੀਆਂ ਹਨ। ਰੂਸ ਅਤੇ ਯੂਕਰੇਨ ਦੋਵਾਂ ਦੀ ਇਹ ਜ਼ਿੰਮੇਵਾਰੀ ਹੈ ਕਿ ਉਹ ਇਹ ਯਕੀਨੀ ਬਣਾਉਣ ਕਿ ਉਨ੍ਹਾਂ ਦੇ ਟਕਰਾਅ ਦਾ ਕਣਕ ਦੀਆਂ ਆਲਮੀ ਲੋੜਾਂ ਦੀ ਪੂਰਤੀ ਦੇ ਯਤਨਾਂ ਉਪਰ ਕੋਈ ਗੰਭੀਰ ਅਸਰ ਨਾ ਪਵੇ।

 

ਜੀ ਪਾਰਥਾਸਾਰਥੀ