ਮਾਮਲਾ ਕੈਨੇਡੀਅਨ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦਾ ਸਰੀ 'ਵਿਚ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ ਦਾ

ਮਾਮਲਾ ਕੈਨੇਡੀਅਨ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦਾ ਸਰੀ 'ਵਿਚ ਗੋਲ਼ੀਆਂ ਮਾਰ ਕੇ ਕੀਤੀ ਹੱਤਿਆ ਦਾ

*ਏਅਰ ਇੰਡੀਆ ਬੰਬ ਧਮਾਕਾ ਮਾਮਲੇ 'ਵਿਚ ਆਇਆ ਸੀ ਨਾਂ

*ਜਾਂਚ ਟੀਮ ਨੇ ਜਾਰੀ ਕੀਤੀ ਰਿਪੁਦਮਨ ਸਿੰਘ ਦੇ ਕਤਲ ਨਾਲ ਸਬੰਧਤ ਕਾਰ ਦੀ ਫੁਟੇਜ

ਅੰਮ੍ਰਿਤਸਰ ਟਾਈਮਜ਼

ਵੈਨਕੂਵਰ : ਸੰਨ 1985 'ਵਿਚ ਏਅਰ ਇੰਡੀਆ ਦੇ ਜਹਾਜ਼ 'ਚ ਹੋਏ ਬੰਬ ਧਮਾਕਾ ਮਾਮਲੇ 'ਵਿਚੋਂ 2005 ਵਿਚ ਬਰੀ ਹੋਏ ਕੈਨੇਡਾ ਦੇ ਕਾਰੋਬਾਰੀ ਰਿਪੁਦਮਨ ਸਿੰਘ ਮਲਿਕ ਦਾ ਬੀਤੇੜਵੀਰਵਾਰ ਸਵੇਰੇ ਸਰੀ 'ਵਿਚ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ ਗਿਆ। ਸਰੀ ਦੀ 128 ਸਟਰੀਟ ਦੇ 8200-ਬਲਾਕ 'ਵਿਚ ਵੀਰਵਾਰ ਸਵੇਰੇ ਤਕਰੀਬਨ 9.26 'ਤੇ ਹਮਲਾਵਰ ਨੇ ਰਿਪੁਦਮਨ ਸਿੰਘ ਨੂੰ ਗੋਲ਼ੀਆਂ ਮਾਰੀਆਂ ਗਈਆਂ। ਦੱਸ ਦੇਈਏ ਕਿ ਰਿਪੁਦਮਨ ਸਿੰਘ 'ਤੇ ਕਦੇ ਖਾਲਿਸਤਾਨੀ ਹੋਣ ਦੇ ਦੋਸ਼ ਵੀ ਲੱਗੇ ਸਨ। ਇਥੇ ਤੱਕ ਕਿ ਉਨ੍ਹਾਂ 'ਤੇ 1985 'ਵਿਚ ਹੋਏ ਬੰਬ ਧਮਾਕੇ ਮਾਮਲੇ 'ਚ ਲੰਬੇ ਸਮੇਂ ਤੱਕ ਕੈਨੇਡਾ 'ਵਿਚ ਕੇਸ ਵੀ ਚੱਲਿਆ ਸੀ। 

ਦੱਸਿਆ ਜਾ ਰਿਹਾ ਹੈ ਕਿ ਮਲਿਕ ਨੂੰ ਇਸ ਲਈ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਸ ਨੇ ਕਥਿਤ ਤੌਰ 'ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਪੱਤਰ ਲਿਖਿਆ ਸੀ, ਜਿਸ ਵਿੱਚ ਉਨ੍ਹਾਂ ਦੀ ਸਰਕਾਰ ਵੱਲੋਂ ਸਿੱਖ ਭਾਈਚਾਰੇ ਲਈ ਚੁੱਕੇ ਗਏ ਬੇਮਿਸਾਲ ਸਾਕਾਰਾਤਮਕ ਕਦਮਾਂ ਲਈ ਧੰਨਵਾਦ ਕੀਤਾ ਸੀ।ਦੂਸਰੇ ਪਾਸੇ ਕੁਝ ਲੋਕਾਂ ਦਾ ਮੰਨਣਾ ਹੈ ਕਿ ਇਹ ਏਜੰਸੀਆਂ ਦੀ ਸਾਜਿਸ਼ ਹੈ।

ਜ਼ਿਕਰਯੋਗ ਹੈ ਕਿ ਮਲਿਕ ਅਤੇ ਸਹਿ-ਦੋਸ਼ੀ ਅਜਾਇਬ ਸਿੰਘ ਬਾਗੜੀ ਨੂੰ 2005 ਵਿੱਚ 1985 ਦੇ ਏਅਰ ਇੰਡੀਆ ਬੰਬ ਧਮਾਕਿਆਂ ਦੇ ਇੱਕ ਜੋੜੇ ਨਾਲ ਸਬੰਧਤ ਸਮੂਹਿਕ ਕਤਲ ਅਤੇ ਸਾਜ਼ਿਸ਼ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਗਿਆ ਸੀ, ਜਿਸ ਵਿੱਚ 331 ਲੋਕ ਮਾਰੇ ਗਏ ਸਨ, ਜ਼ਿਆਦਾਤਰ ਟੋਰਾਂਟੋ ਅਤੇ ਵੈਨਕੂਵਰ ਖੇਤਰਾਂ ਦੇ ਸਨ।

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਸਰੀ ਵਿੱਚ ਕਤਲ ਕੀਤੇ ਗਏ ਧਨਾਢ ਸਿੱਖ ਰਿਪੁਦਮਨ ਸਿੰਘ ਮਲਿਕ ਨੂੰ ਮਾਰਨ ਲਈ ਕਾਤਲਾਂ ਨੂੰ ਕਰੀਬ ਡੇਢ ਘੰਟਾ ਉਡੀਕ ਕਰਨੀ ਪਈ ਸੀ। ਕੈਨੇਡਾ ਵਿੱਚ ਕਤਲ ਕੇਸਾਂ ਦੀ ਜਾਂਚ ਕਰਨ ਵਾਲੀ ਸਭ ਤੋਂ ਵੱਡੀ ਯੂਨਿਟ ਏਕੀਕ੍ਰਿਤ ਕਤਲ ਜਾਂਚ ਟੀਮ (ਆਈਐੱਚਆਈਟੀ) ਨੇ  ਇਕ ਕਾਰ ਦੀ ਜਾਰੀ ਕੀਤੀ ਫੁਟੇਜ ਦੇ ਆਧਾਰ ’ਤੇ ਦੱਸਿਆ ਕਿ ਸਫੈਦ ਰੰਗ ਦੀ ਹੌਂਡਾ ਸੀਆਰਵੀ ਕਾਰ ਵਿੱਚ ਕਾਤਲ ਭੱਜੇ ਸਨ ਤੇ ਉਨ੍ਹਾਂ ਨੇ ਉਸ ਕਾਰ ਨੂੰ ਥੋੜ੍ਹੀ ਦੂਰ ਜਾ ਕੇ ਅੱਗ ਲਾ ਦਿੱਤੀ ਸੀ। ਇਹ ਕਾਰ ਉਸ ਪਲਾਜ਼ਾ ਵਿੱਚ ਸਵੇਰੇ 8 ਵਜੇ ਤੋਂ ਖੜ੍ਹੀ ਸੀ। ਵਾਰਦਾਤ ਦੇ 40 ਘੰਟੇ ਬਾਅਦ ਵੀ ਕਾਤਲਾਂ ਬਾਰੇ ਕੋਈ ਠੋਸ ਸੁਰਾਗ ਪੁਲੀਸ ਦੇ ਹੱਥ ਨਹੀਂ ਲੱਗਾ ਹੈ, ਜਿਸ ਕਰ ਕੇ ਹੁਣ ਪੁਲੀਸ ਦੀ ਟੇਕ ਉਨ੍ਹਾਂ ਕੁਝ ਲੋਕਾਂ ਉੱਤੇ ਹੈ ਜੋ ਕੈਮਰੇ ਵਿੱਚ ਘਟਨਾ ਸਥਾਨ ’ਤੇ ਦਿਖਾਈ ਦੇ ਰਹੇ ਹਨ। ਪੁਲੀਸ ਉਨ੍ਹਾਂ ਚਸ਼ਮਦੀਦਾਂ ਦੀ ਪਛਾਣ ਕਰਵਾ ਰਹੀ ਹੈ ਤਾਂ ਜੋ ਉਹ ਜਾਂਚ ਵਿੱਚ ਸਹਿਯੋਗ ਕਰ ਕੇ ਪੁਲੀਸ ਨੂੰ ਠੋਸ ਜਾਣਕਾਰੀ ਦੇ ਸਕਣ। ਉਧਰ, ਰਿਪੁਦਮਨ ਦੇ ਵੱਡੇ ਪੁੱਤਰ ਜਸਪ੍ਰੀਤ ਮਲਿਕ ਨੇ ਕਿਹਾ ਕਿ ਉਨ੍ਹਾਂ ਦੇ ਪਿਤਾ ਨੇ ਕਿਸੇ ਤੋਂ ਖ਼ਤਰਾ ਹੋਣ ਜਾਂ ਧਮਕੀ ਮਿਲਣ ਸਬੰਧੀ ਕੋਈ ਗੱਲ ਉਨ੍ਹਾਂ ਨੂੰ ਨਹੀਂ ਦੱਸੀ ਸੀ। ਉਨ੍ਹਾਂ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦੇ ਪਿਤਾ ਦੀ ਹੱਤਿਆ ਦਾ ਏਅਰ ਇੰਡੀਆ ਮਾਮਲੇ ਨਾਲ ਕੁਝ ਲੈਣਾ-ਦੇਣਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ ਪੁਲੀਸ ’ਤੇ ਪੂਰਾ ਭਰੋਸਾ ਹੈ ਕਿ ਉਹ ਕਾਤਲ ਨੂੰ ਲੱਭ ਹੀ ਲਵੇਗੀ

 ਵਿਵਾਦਾਂ ’ਚ ਘਿਰਿਆ ਰਿਹਾ ਮਲਿਕ

ਕੈਨੇਡਾ ਦੇ ਉੱਘੇ ਵਪਾਰੀ ਅਤੇ ਚਰਚਿਤ ਸਿੱਖ ਰਿਪੁਦਮਨ ਸਿੰਘ ਮਲਿਕ ਦੀ ਬਿ੍ਰਟਿਸ਼ ਕੋਲੰਬੀਆ ਸੂਬੇ ਦੇ ਸਰੀ ਸ਼ਹਿਰ ਵਿਚ ਉਨ੍ਹਾਂ ਦੇ ਦਫ਼ਤਰ ਦੇ ਸਾਹਮਣੇ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਮੌਕੇ ਤੋਂ ਇਕ ਸੜ ਰਹੀ ਕਾਰ ਵੀ ਬਰਾਮਦ ਕੀਤੀ ਗਈ।ਮਲਿਕ ਇਕ ਦਹਾਕੇ ਤੋਂ ਇੰਡੀਅਨ ਬਲੈਕ ਲਿਸਟ ਸੀ। ਉਸ ਨੂੰ 2020 ਵਿਚ ਸਿੰਗਲ ਐਂਟਰੀ ਵੀਜ਼ਾ ਅਤੇ ਹਾਲ ਹੀ ਵਿਚ 2022 ਵਿਚ ਮਲਟੀਪਲ ਵੀਜ਼ਾ ਦਿੱਤਾ ਗਿਆ ਸੀ। ਜਿਵੇਂ ਆਮ ਤੌਰ ’ਤੇ ਹੁੰਦਾ ਹੈ ਕਿ ਵੱਡੇ ਵਿਅਕਤੀਆਂ ਨਾਲ ਵਾਦ-ਵਿਵਾਦ ਹਮੇਸ਼ਾ ਜੁੜੇ ਰਹਿੰਦੇ ਹਨ। ਉਸੇ ਤਰ੍ਹਾਂ ਮਲਿਕ ਵੀ ਸਾਰੀ ਜ਼ਿੰਦਗੀ ਵਾਦ-ਵਿਵਾਦਾਂ ਵਿਚ ਘਿਰਿਆ ਰਿਹਾ। ਤੇਈ ਜੂਨ 1985 ਨੂੰ ਏਅਰ ਇੰਡੀਆ ਦੀ ਟੋਰਾਂਟੋ ਤੋਂ ਭਾਰਤ ਜਾ ਰਹੀ ਫਲਾਈਟ ਸੀ-182 ਵਿਚ ਹੋਏ ਬੰਬ ਧਮਾਕੇ ਦੇ ਮਾਮਲੇ ਵਿਚ ਵੀ ਉਹ 4 ਸਾਲ ਜੇਲ੍ਹ ਵਿਚ ਰਹੇ ਸਨ।ਇਸ ਫਲਾਈਟ ਵਿਚ ਸਵਾਰ 329 ਯਾਤਰੀ ਜਿਨ੍ਹਾਂ ਵਿਚ 268 ਕੈਨੇਡੀਅਨ ਨਾਗਰਿਕ, 27 ਬਰਤਾਨੀਆ ਅਤੇ 24 ਭਾਰਤੀ ਸਨ, ਇਸ ਘਟਨਾ ਕਾਰਨ ਸਾਰੇ ਯਾਤਰੀ ਅਤੇ ਜਹਾਜ਼ ਦੇ ਅਮਲੇ ਦੇ ਲੋਕ ਮਾਰੇ ਗਏ ਸਨ। ਇਸ ਕੇਸ ਵਿਚੋਂ ਮਲਿਕ 2005 ਵਿਚ ਬਰੀ ਹੋਇਆ ਸੀ। ਉਹ ਬੱਬਰ ਖਾਲਸਾ ਦੇ ਮੁਖੀ ਰਹੇ ਤਲਵਿੰਦਰ ਸਿੰਘ ਪਰਮਾਰ ਦਾ ਨਜ਼ਦੀਕੀ ਸਮਝਿਆ ਜਾਂਦਾ ਸੀ ਜਿਸ ਉੱਪਰ ਏਅਰ ਇੰਡੀਆ ਦੇ ਜਹਾਜ਼ ਵਿਚ ਵਿਸਫੋਟ ਕਰਨ ਦੀ ਸਾਜ਼ਿਸ਼ ਕਰਨ ਦਾ ਇਲਜ਼ਾਮ ਸੀ। ਪਰਮਾਰ 1992 ਵਿਚ ਪੰਜਾਬ ਵਿਚ ਇਕ ਪੁਲਿਸ ਮੁਕਾਬਲੇ ਵਿਚ ਮਾਰਿਆ ਗਿਆ ਸੀ। ਭਾਰਤ ਸਰਕਾਰ ਨੇ ਬੱਬਰ ਖਾਲਸਾ ਦੇ ਨਜ਼ਦੀਕੀ ਹੋਣ ਕਰਕੇ ਰਿਪੁਦਮਨ ਸਿੰਘ ਮਲਿਕ ਨੂੰ ਬਲੈਕ ਲਿਸਟ ਵਿਚ ਪਾਇਆ ਹੋਇਆ ਸੀ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਨੇ ਜਦੋਂ 2019 ਵਿਚ ਉਸ ਦਾ ਨਾਮ ਕਾਲੀ ਸੂਚੀ ਵਿੱਚੋਂ ਬਾਹਰ ਕੱਢਿਆ ਸੀ ਤਾਂ ਉਹ 2019 ਵਿਚ ਭਾਰਤ 25 ਸਾਲਾਂ ਬਾਅਦ ਗਿਆ ਸੀ। ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਕਰ ਕੇ ਉਸ ਦੀ ਰੂਹ ਸਰਸ਼ਾਰ ਹੋ ਗਈ ਸੀ। ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਕਾਲੀ ਸੂਚੀ ਵਿੱਚੋਂ ਬਹੁਤ ਸਾਰੇ ਸਿੱਖਾਂ ਦਾ ਨਾਮ ਕੱਢਣ ’ਤੇ ਧੰਨਵਾਦ ਵੀ ਕੀਤਾ ਸੀ। ਇਹ ਵੀ ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ ਪ੍ਰਧਾਨ ਮੰਤਰੀ ਦੀਆਂ ਸਿੱਖਾਂ ਬਾਰੇ ਹਮਦਰਦੀ ਵਾਲੀਆਂ ਨੀਤੀਆਂ ਦਾ ਸਵਾਗਤ ਕਰਦਿਆਂ ਸਿੱਖਾਂ ਨੂੰ ਪ੍ਰਧਾਨ ਮੰਤਰੀ ਦੇ ਖਾਹ-ਮਖਾਹ ਵਿਰੋਧ ਕਰਨ ਤੋਂ ਵੀ ਵਰਜਿਆ ਸੀ।

ਇਹ ਚਿੱਠੀ ਭਾਰਤੀ ਜਨਤਾ ਪਾਰਟੀ ਨੇ ਆਪਣੀ ਵੈੱਬਸਾਈਟ ’ਤੇ ਵੀ ਪਾਈ ਸੀ ਜਿਸ ਦੇ ਨਾਲ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੀ ਤਸਵੀਰ ਵੀ ਲਗਾਈ ਹੋਈ ਹੈ। ਇਹ ਵੀ ਕਿਹਾ ਜਾਂਦਾ ਹੈ 2022 ਵਿਚ ਪੰਜਾਬ ਵਿਚ ਹੋਈਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਮਲਿਕ ਨੇ ਪ੍ਰਧਾਨ ਮੰਤਰੀ ਦੇ ਧੰਨਵਾਦ ਵਾਲੀ ਚਿੱਠੀ ਲਿਖੀ ਸੀ।

ਸੰਨ 2021 ਵਿਚ ਵੀ ਮਲਿਕ ਭਾਰਤ ਆਇਆ ਸੀ। ਉਸ ’ਤੇ ਇਲਜ਼ਾਮ ਸੀ ਕਿ ਉਹ ਇਸ ਦੌਰੇ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਵੀ ਮਿਲ ਕੇ ਗਿਆ ਸੀ। ਇਸ ਦੌਰੇ ਦੌਰਾਨ ਉਹ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਹਰਪ੍ਰੀਤ ਸਿੰਘ ਨੂੰ ਮਿਲ ਕੇ ਕੈਨੇਡਾ ਆਉਣ ਦਾ ਸੱਦਾ ਵੀ ਦੇ ਕੇ ਆਏ ਸਨ।

ਇਸ ਗੱਲ ਦਾ ਵੀ ਕੈਨੇਡਾ ਵਸਦੇ ਸਿੱਖਾਂ ਦੇ ਇਕ ਧੜੇ ਨੇ ਵਿਰੋਧ ਕੀਤਾ ਸੀ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਕੈਨੇਡਾ ਵਿਚ ਛਪਾਈ ਦੇ ਵਾਦ-ਵਿਵਾਦ ਵਿਚ ਵੀ ਉਨ੍ਹਾਂ ਦਾ ਨਾਮ ਬੋਲਦਾ ਸੀ। ਇਸ ਤੋਂ ਇਲਾਵਾ ਰਿਪੁਦਮਨ ਸਿੰਘ ਮਲਿਕ ਬਿ੍ਰਟਿਸ਼ ਕੋਲੰਬੀਆ ਦੇ ਰਹੇ ਪ੍ਰੀਮੀਅਰ ਅਤੇ ਅਟਾਰਨੀ ਜਨਰਲ ਉੱਜਲ ਦੋਸਾਂਝ ਦਾ ਨਜ਼ਦੀਕੀ ਵੀ ਮੰਨਿਆ ਜਾ ਰਿਹਾ ਸੀ। ਦੇਸ਼ ਦੀ ਵੰਡ ਸਮੇਂ 1947 ਵਿਚ ਆਹਲੂਵਾਲੀਆ ਪਰਿਵਾਰ ਵਿਚ ਜਨਮੇ ਰਿਪੁਦਮਨ ਸਿੰਘ ਮਲਿਕ ਪੰਜਾਬ ਦੇ ਫਿਰੋਜ਼ਪੁਰ ਦੇ ਰਹਿਣ ਵਾਲੇ ਸਨ। ਉਹ 1972 ਵਿਚ ਕੈਨੇਡਾ ਗਏ ਸਨ। ਕੈਨੇਡਾ ਪਹੁੰਚਣ ਤੋਂ ਬਾਅਦ ਉਨ੍ਹਾਂ ਨੂੰ ਸਫਲਤਾ ਪ੍ਰਾਪਤ ਕਰਨ ਲਈ ਸਖ਼ਤ ਜਦੋਜਹਿਦ ਕਰਨੀ ਪਈ। ਸ਼ੁਰੂ ਵਿਚ ਉਹ ਟੈਕਸੀ ਡਰਾਈਵਰ ਦੇ ਤੌਰ ’ਤੇ ਕੰਮ ਕਰਦੇ ਰਹੇ ਸਨ। ਉਹ ਆਪਣੀ ਮਿਹਨਤ ਅਤੇ ਵਪਾਰਕ ਸੋਚ ਕਾਰਨ ਕੈਨੇਡਾ ਦੇ ਚੋਣਵੇਂ ਅਮੀਰ ਅਤੇ ਚੋਟੀ ਦੇ ਸਿੱਖਾਂ ਵਿਚ ਗਿਣੇ ਜਾਂਦੇ ਸਨ।ਉਨ੍ਹਾਂ ਨੇ 1986 ਵਿਚ ਕੈਨੇਡਾ ਵਿਚ ‘ਸਤਨਾਮ ਐਜੂਕੇਸ਼ਨ ਸੁਸਾਇਟੀ’ ਸਥਾਪਤ ਕੀਤੀ ਸੀ ਜਿਸ ਦੇ ਉਹ ਚੇਅਰਮੈਨ ਸਨ। ਇਸ ਸੁਸਾਇਟੀ ਨੇ ਬਹੁਤ ਸਾਰੇ ਖ਼ਾਲਸਾ ਸਕੂਲ ਕੈਨੇਡਾ ਵਿਚ ਸਥਾਪਤ ਕੀਤੇ ਹੋਏ ਹਨ ਜਿਨ੍ਹਾਂ ਵਿੱਚੋਂ ਤਿੰਨ ਬਿ੍ਰਟਿਸ਼ ਕੋਲੰਬੀਆ ਸੂਬੇ ਵਿਚ ਸਥਿਤ ਹਨ। ਇਨ੍ਹਾਂ ਤਿੰਨ ਸਕੂਲਾਂ ਵਿਚ 3000 ਵਿਦਿਆਰਥੀ ਸਿੱਖਿਆ ਲੈ ਰਹੇ ਹਨ। ਸੰਨ 1986 ਤੋਂ ਹੀ ਉਹ ਗੁਰੂਘਰਾਂ ਦੇ ਬਾਹਰ ਪੰਜਾਬੀ ਦੀਆਂ ਪੁਸਤਕਾਂ ਦੇ ਸਟਾਲ ਲਗਾਉਂਦੇ ਆ ਰਹੇ ਸਨ ਜਿਨ੍ਹਾਂ ਵਿਚ ਮੁਫ਼ਤ ਪੁਸਤਕਾਂ ਦਿੱਤੀਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਹਰ ਸਾਲ ਉਹ ਗੁਰਮਤਿ ਕੈਂਪ ਲਗਾਉਂਦੇ ਸਨ। ਪੰਜਾਬ ਤੋਂ ਕੈਨੇਡਾ ਵਿਚ ਆਉਣ ਵਾਲੇ ਵਿਦਵਾਨਾਂ ਤੋਂ ਸਿੱਖ ਜਗਤ ਨੂੰ ਸਿੱਖ ਸਿਧਾਂਤਾਂ ਬਾਰੇ ਜਾਣਕਾਰੀ ਦੇਣ ਲਈ ਸਮਾਗਮ ਆਯੋਜਿਤ ਕਰਦੇ ਸਨ। ਉੱਤਰੀ ਕੈਨੇਡਾ ਵਿਚ ਖ਼ਾਲਸਾ ਸਕੂਲਾਂ ਦੀ ਸਥਾਪਨਾ ਕਰਨ ਵਾਲਾ ਰਿਪੁਦਮਨ ਸਿੰਘ ਮਲਿਕ ਸਮਾਜ ਸੇਵਕ ਦੇ ਤੌਰ ’ਤੇ ਵੀ ਜਾਣਿਆ ਜਾਂਦਾ ਸੀ।

ਇਸ ਤੋਂ ਇਲਾਵਾ ਉਹ ਉੱਤਰੀ ਅਮਰੀਕਾ ਵਿਚ ਚੱਲ ਰਹੇ ਸਿੱਖਾਂ ਦੇ ਇੱਕੋ-ਇੱਕ ਬੈਂਕ ‘ਖਾਲਸਾ ਕ੍ਰੈਡਿਟ ਯੂਨੀਅਨ’ ਦੇ ਵੀ ਸੰਸਥਾਪਕ ਸਨ। ਇਸ ਬੈਂਕ ਦੀਆਂ 6 ਬਰਾਂਚਾਂ ਹਨ ਅਤੇ 16000 ਮੈਂਬਰ ਹਨ। ਉਨ੍ਹਾਂ ਨੇ ਬਹੁਤ ਸਾਰੇ ਪੰਜਾਬੀਆਂ ਖ਼ਾਸ ਤੌਰ ’ਤੇ ਅੰਮ੍ਰਿਤਧਾਰੀ ਸਿੱਖਾਂ ਨੂੰ ਰੁਜ਼ਗਾਰ ਦਿੱਤਾ ਹੋਇਆ ਸੀ। ਉਨ੍ਹਾਂ ਦੇ 4 ਲੜਕੇ ਅਤੇ ਇਕ ਲੜਕੀ ਹੈ। ਉਨ੍ਹਾਂ ਦੀ ਪਤਨੀ ਰਾਮਿੰਦਰ ਕੌਰ ਕਾਰੋਬਾਰ ਸੰਭਾਲਦੀ ਹੈ। ਉਹ ਪਾਪੋਲੀਨ (ਪਾਪਲੀਨ) ਬਰਾਂਡ ਦੇ ਕੱਪੜੇ ਦੇ ਵੱਡੇ ਵਪਾਰੀ ਹਨ। ਇਸ ਤੋਂ ਇਲਾਵਾ ਇੰਪੋਰਟ-ਐਕਸਪੋਰਟ ਦਾ ਵੀ ਕਾਰੋਬਾਰ ਹੈ