ਭਗਵੇਂਵਾਦ ਦੇ ਸ਼ੁੱਧੀਕਰਨ ਦਾ ਨਵਾਂ ਅਭਿਆਸ ਫਿਰਕੂ ਬੁਲਡੋਜਰ 

ਭਗਵੇਂਵਾਦ ਦੇ ਸ਼ੁੱਧੀਕਰਨ ਦਾ ਨਵਾਂ ਅਭਿਆਸ ਫਿਰਕੂ ਬੁਲਡੋਜਰ 

                                                   ਭੱਖਦਾ ਮੱਸਲਾ                                                   

 ਬੀਤੇ ਦਿਨੀਂ ਮਹਾਰਾਸ਼ਟਰ ਨਵਨਿਰਮਾਣ ਸੈਨਾ (ਮਨਸੇ) ਦੇ ਪ੍ਰਧਾਨ ਰਾਜ ਠਾਕਰੇ ਨੇ   ਇਕਸਾਰ ਸਿਵਲ ਕੋਡ ਦੀ ਵਕਾਲਤ ਕੀਤੀ ਅਤੇ ਆਬਾਦੀ ਵਾਧੇ ਨੂੰ ਕੰਟਰੋਲ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ। ਉਨ੍ਹਾਂ ਇੱਥੇ ਇੱਕ ਰੈਲੀ ਵਿੱਚ ਮਹਾਰਾਸ਼ਟਰ ਸਰਕਾਰ ਨੂੰ 3 ਮਈ ਤੋਂ ਪਹਿਲਾਂ ਕਾਰਵਾਈ ਕਰਨ ਦੀ ਚਿਤਾਵਨੀ ਦਿੰਦਿਆਂ  ਧਮਕੀ ਦਿੱਤੀ ਕਿ ਜੇਕਰ ਸ਼ਿਵ ਸੈਨਾ ਦੀ ਅਗਵਾਈ ਵਾਲੀ ਰਾਜ ਸਰਕਾਰ ਨੇ 3 ਮਈ ਤੋਂ ਪਹਿਲਾਂ ਮਸਜਿਦਾਂ ਤੋਂ ਲਾਊਡਸਪੀਕਰ ਨਾ ਹਟਾਏ ਤਾਂ ਮਹਾਰਾਸ਼ਟਰ ਨਵਨਿਰਮਾਣ ਸੈਨਾ ਵਰਕਰ ਮਸਜਿਦਾਂ ਦੇ ਸਾਹਮਣੇ ਹਨੂੰਮਾਨ ਚਾਲੀਸਾ ਖੇਡਣਗੇ। ਇਸ ਦੇ ਨਾਲ ਹੀ ਉਨ੍ਹਾਂ ਨੇ ਪੀਐਮ ਮੋਦੀ ਨੂੰ ਮੁੰਬਈ ਦੀਆਂ ਮਸਜਿਦਾਂ ਵਿੱਚ ਛਾਪੇਮਾਰੀ ਕਰਨ ਦੀ ਅਪੀਲ ਕੀਤੀ, ਕਿਉਂਕਿ ਉੱਥੇ ਰਹਿਣ ਵਾਲੇ ਲੋਕ ਪਾਕਿਸਤਾਨ ਦੇ ਸਮਰਥਕ ਹਨ।

ਉਨ੍ਹਾਂ ਕਿਹਾ ਕਿ ਇਹ ਕੋਈ ਧਾਰਮਿਕ ਮਸਲਾ ਨਹੀਂ ਸਗੋਂ ਸਮਾਜਿਕ ਮੁੱਦਾ ਹੈ ਕਿਉਂਕਿ ਲਾਊਡਸਪੀਕਰ ਹਰ ਕਿਸੇ ਨੂੰ ਪ੍ਰੇਸ਼ਾਨੀ ਦਾ ਕਾਰਨ ਬਣਦੇ ਹਨ। ਠਾਕਰੇ ਨੇ ਕਿਹਾ, ‘ਪ੍ਰਧਾਨ ਮੰਤਰੀ  ਮੋਦੀ ਨੂੰ ਭਾਰਤ ਵਿੱਚ ਯੂਨੀਫਾਰਮ ਸਿਵਲ ਕੋਡ ਲਾਗੂ ਕਰਨਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਆਬਾਦੀ ਵਾਧੇ ਨੂੰ ਰੋਕਣ ਲਈ ਕਾਨੂੰਨ ਲਿਆਂਦਾ ਜਾਣਾ ਚਾਹੀਦਾ ਹੈ।ਸੁਆਲ ਇਹ ਹੈ ਕਿ ਕੀ ਕਿਸੇ ਇੱਕ ਧਰਮ ਨਾਲ ਸਬੰਧਤ ਕਿਸੇ ਰੀਤੀ-ਰਿਵਾਜ ਉੱਤੇ ਹਮਲਾ ਕਰਨ ਲਈ ਆਪਣੇ ਧਰਮ ਵਿੱਚ ਨਵੀਂ ਰੀਤ ਦੀ ਸ਼ੁਰੂਆਤ ਕਰਨਾ 21ਵੀਂ ਸਦੀ ਦੇ ਹਿੰਦੂ ਸਮਾਜ ਦੀ ਵਿਸ਼ੇਸ਼ਤਾ ਕਹੀ ਜਾਵੇਗੀ? ਇਹ ਧਮਕੀ ਸ਼ਾਇਦ ਰਾਜ ਠਾਕਰੇ ਨੇ ਇਸ ਡਰੋਂ ਦਿੱਤੀ ਹੈ ਕਿ ਕਿਤੇ ਆਰ.ਐੱਸ.ਐੱਸ. ਨਾਲ ਸਬੰਧਤ ਸੰਗਠਨਾਂ ਦੀਆਂ ਮੁਸਲਿਮ ਅਤੇ ਈਸਾਈ-ਵਿਰੋਧੀ ਮੁਹਿੰਮਾਂ ਦੇ ਜੋਸ਼ ਅਤੇ ਹਫੜਾ-ਦਫੜੀ ਵਿਚ ਹਿੰਦੂ ਜਨਤਾ ਇਹ ਭੁੱਲ ਜਾਵੇ ਕਿ ਉਸ ਵਰਗਾ ਹਿੰਦੂ ਪਰਉਪਕਾਰੀ ਜ਼ਿੰਦਾ ਹੈ । 

ਚੈਤਰ ਨਵਰਾਤਰੀ ਸ਼ੁਰੂ ਹੋ ਚੁੱਕੀ ਹੈ। ਪਤਾ ਲੱਗਾ ਕਿ ਉੱਤਰ ਪ੍ਰਦੇਸ਼ ਵਿੱਚ ਮੀਟ ਦੀਆਂ ਦੁਕਾਨਾਂ ਬੰਦ ਕਰਨ ਦੇ ਸਰਕਾਰੀ ਹੁਕਮ ਜਾਰੀ ਕਰ ਦਿਤੇ   ਹਨ। ਇਕ ਥਾਂ 'ਤੇ ਮੁਰਗੇ ਦਾ ਮਾਸ ਵੇਚਣ ਵਾਲੀ ਦੁਕਾਨ ਅੱਗੇ ਇਕ ਸਰਕਾਰੀ ਅਧਿਕਾਰੀ ਧਮਕੀਆਂ ਦਿੰਦਾ ਨਜ਼ਰ ਆਇਆ  ਕਿ ਜੇਕਰ ਦੁਕਾਨ ਖੁੱਲ੍ਹੀ ਰਖੀ ਤਾਂ ਉਹ ਬੁਲਡੋਜ਼ਰ ਚਲਾ ਦੇਵੇਗਾ। ਕਿਸ ਕਾਨੂੰਨ ਤਹਿਤ, ਕਿਸ ਅਥਾਰਟੀ ਨੇ, ਇਹ ਹੁਕਮ ਜਾਰੀ ਕੀਤੇ ਇਹ ਤੁਸੀਂ ਜਾਣਦੇ ਹੀ ਹੋ। ਭਗਵੇਂਵਾਦੀ ਉਸ ਨਾਲ ਕਿਸੇ ਵੀ ਤਰ੍ਹਾਂ ਦੀ ਮਨਮਾਨੀ ਕਰ ਸਕਦੇ ਹਨ ਜੇਕਰ ਉਹ ਮੁਸਲਮਾਨ ਹੈ ਜਾਂ ਈਸਾਈ। ਇਹ ਭਗਵੇਂ ਗੁੰਡੇ ਅਜਿਹਾ ਕਰ ਸਕਦੇ ਹਨ ਅਤੇ  ਕਰਨਾਟਕ ਵਿੱਚ ਹਲਾਲ ਮੀਟ ਦੇ ਖਿਲਾਫ ਵੱਖ-ਵੱਖ ਹਿੰਦੂਤਵੀ ਸੰਗਠਨਾਂ ਨੇ ਮੁਹਿੰਮ ਵੀ ਸ਼ੁਰੂ ਕਰ ਦਿੱਤੀ ਹੈ।ਉਹ ਮੁਸਲਮਾਨਾਂ ਦੇ ਮੀਟ ਦੀਆਂ ਦੁਕਾਨਾਂ ਵਿਚ ਦਾਖਲ ਹੋ ਕੇ ਉਨ੍ਹਾਂ ਨੂੰ ਝਟਕਾ ਮੀਟ ਦੇਣ ਦੀ ਮੰਗ ਕਰ ਰਹੇ ਹਨ ਅਤੇ ਇਸ ਦੇ ਬਹਾਨੇ ਉਨ੍ਹਾਂ 'ਤੇ ਹਮਲੇ ਕਰ ਰਹੇ ਹਨ। ਉਹ ਹਿੰਦੂਆਂ ਵਿੱਚ ਮੁਸਲਮਾਨਾਂ ਦੀਆਂ ਦੁਕਾਨਾਂ ਦਾ ਬਾਈਕਾਟ ਕਰਨ ਦੀ ਮੁਹਿੰਮ ਵੀ ਚਲਾ ਰਹੇ ਹਨ। ਭਗਵਿਆਂ ਨੇ ਇੱਕ ਵੱਡੀ ਕੰਪਨੀ ਦੇ ਖਿਲਾਫ ਇਹ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਹੈ ਕਿ ਹਿੰਦੂਆਂ ਨੂੰ ਇਸਦਾ ਮਾਲ ਨਹੀਂ ਖਰੀਦਣਾ ਚਾਹੀਦਾ।ਕਿਉਂਕਿ ਉਸਦੇ ਉਤਪਾਦਾਂ ਵਿੱਚ ਹਲਾਲ ਸਰਟੀਫਿਕੇਟ ਹੈ।ਭਗਵਿਆਂ ਨੂੰ ਆਸਾਨੀ ਨਾਲ ਪਤਾ ਲੱਗ ਗਿਆ ਕਿ ਇਸ ਦਾ ਮਾਲਕ ਮੁਸਲਮਾਨ ਸੀ। ਇਸ ਜਾਣਕਾਰੀ ਕਾਰਣ ਭਗਵਿਆਂ ਵਿਚ  ਹੋਰ ਹਿੰਸਕ ਜੋਸ਼ ਵਧ ਗਿਆ ।

ਇਸ ਮੁਹਿੰਮ ਤੋਂ ਪਹਿਲਾਂ ਕਰਨਾਟਕ ਵਿੱਚ ਮੁਸਲਮਾਨਾਂ ਨੂੰ ਮੰਦਰਾਂ ਦੇ ਆਲੇ-ਦੁਆਲੇ ਦੁਕਾਨਾਂ ਲਗਾਉਣ ਤੋਂ ਰੋਕਿਆ ਗਿਆ ਸੀ। ਸਰਕਾਰ ਦੇ ਮੰਤਰੀਆਂ ਨੇ ਵੀ ਇਸ ਦਾ ਸਮਰਥਨ ਕੀਤਾ। ਕਿਹਾ ਗਿਆ ਸੀ ਕਿ ਜੇਕਰ ਮੁਸਲਮਾਨ ਹਿਜਾਬ ਦੇ ਹੱਕ ਵਿੱਚ ਅੰਦੋਲਨ ਕਰਦੇ ਹਨ ਤਾਂ ਹਿੰਦੂਆਂ ਦਾ ਅਜਿਹਾ ਪ੍ਰਤੀਕਰਮ ਕਰਨਾ ਸੁਭਾਵਿਕ  ਹੈ। ਸਮਝ ਨਹੀਂ ਆਇਆ ਕਿ ਸਤਾਧਾਰੀਆਂ ਦੀ ਇਹ ਕਿਹੜੀ ਤਰਕ ਵਿਧੀ ਹੈ।                                                                                                               

ਕਰੌਲੀ ਵਿੱਚ ਹਿੰਸਾ

'ਹਿੰਦੂ ਨਵਾਂ ਸਾਲ' ਵੀ ਚੈਤਰ ਨਵਰਾਤਰੀ ਨਾਲ ਸ਼ੁਰੂ ਹੋ ਚੁਕਾ ਹੈ। ਰਾਜਸਥਾਨ ਦੇ ਕਰੌਲੀ ਵਿੱਚ ਇੱਕ ਮੁਸਲਿਮ ਇਲਾਕੇ ਵਿੱਚ ਮੱਛਰੇ ਭਗਵਿਆਂ  ਨੇ ਇੱਕ ਮੋਟਰਸਾਈਕਲ ਜਲੂਸ ਕੱਢਿਆ। ਦੰਗਾ ਤਾਂ ਹੋਣਾ ਹੀ ਸੀ, ਹੋ ਗਿਆ। ਘਟਨਾ ਦੇ ਵੇਰਵੇ ਅਜੇ ਉਪਲਬਧ ਨਹੀਂ ਹਨ। ਪ੍ਰਸ਼ਾਸਨ ਦੀ ਸਖਤੀ ਕਾਰਨ ਇਹ ਹਿੰਸਾ ਅੱਗੇ ਨਹੀਂ ਵਧ ਸਕੀ। ਪਰ ਹਿੰਸਾ ਹੋਈ। ਅੱਗਜ਼ਨੀ, ਲੁੱਟ ਅਤੇ ਇਸ ਦਾ ਦੋਸ਼ ਮੁਸਲਮਾਨਾਂ 'ਤੇ ਵੀ ਮੜ੍ਹਿਆ ਗਿਆ। ਉਹ ਆਪਣੇ ਇਲਾਕੇ ਵਿੱਚੋਂ ਹਿੰਦੂਆਂ ਨੂੰ ਜਲੂਸ ਕਿਉਂ ਨਹੀਂ ਕੱਢਣ ਦਿੰਦੇ ? ਕੀ ਮੁਸਲਮਾਨ ਸ਼ਾਂਤੀ ਨਾਲ ਗਾਲ੍ਹਾਂ ਨਹੀਂ ਸੁਣ ਸਕਦੇ? ਸੁਆਲ ਇਹ ਹੈ ਕਿ ਕੀ ਇਹ ਧਾਰਨਾ ਉਹਨਾਂ ਦੇ ਉਤੇਜਿਤ ਹੋਣ ਦਾ ਕਾਰਨ ਹੋ ਸਕਦੀ ਹੈ? ਭਗਵੇਂ ਇੰਨੇ ਸੰਵੇਦਨਸ਼ੀਲ ਕਿਉਂ ਹਨ?

ਭਗਵੇਂ ਮੁਸਲਮਾਨਾਂ ਦਾ ਅਪਮਾਨ ਕਰਨਾ, ਉਨ੍ਹਾਂ ਵਿਰੁੱਧ ਹਿੰਸਾ ਕਰਨਾ ਆਪਣਾ ਅਧਿਕਾਰ   ਸਮਝ ਰਹੇ ਹਨ।ਕਿਸੇ ਨੂੰ ਵੀ ਇਸ ਹਿੰਸਾ ਦਾ ਵਿਰੋਧ ਕਰਨ ਦੀ ਇਜਾਜ਼ਤ ਨਹੀਂ ਹੈ।ਇਸ ਹਿੰਸਾ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਜਾਰੀ ਸਰਕੂਲਰ ਵਿਚ ਲਿਖਿਆ ਗਿਆ ਹੈ ਕਿ ਭਾਰਤੀ ਨਵੇਂ ਸਾਲ 'ਤੇ ਹਿੰਦੂ ਸਮਾਜ ਵੱਲੋਂ ਜਲੂਸ ਕੱਢਿਆ ਜਾ ਰਿਹਾ ਸੀ, ਜਿਸ 'ਤੇ ਕੁਝ ਮੁਸਲਮਾਨਾਂ  ਨੇ ਹਮਲਾ ਕਰ ਦਿੱਤਾ। ਪ੍ਰਸ਼ਾਸਨ ਦੇ ਧਿਆਨ ਵਿੱਚ ਆਇਆ ਕਿ ਇਸ ਸ਼ੋਭਾ ਯਾਤਰਾਵਿੱਚ ਮੁਸਲਮਾਨਾਂ ਵਿਰੋਧੀ  ਗੀਤ ਚਲਾਏ ਜਾ ਰਹੇ ਸਨ। ਪਰ ਇਸ ਦੀ ਇਜਾਜ਼ਤ ਕਿਸ ਨੇ ਦਿੱਤੀ  ? ਪ੍ਰਸ਼ਾਸਨ ਨੇ  ਅਜਿਹਾ ਕਿਉਂ ਹੋਣ ਦਿੱਤਾ ਅਤੇ ਹਿੰਸਾ ਤੋਂ ਬਾਅਦ ਜਲੂਸ ਕੱਢਣ ਵਾਲੇ ਹਿੰਸਕ ਭਗਵਿਆਂ ਨੂੰ  ਪੂਰੀ ਤਰ੍ਹਾਂ ਬਰੀ ਕਿਉਂ ਕੀਤਾ ।                                                                                   

ਡਾਂਸਰ ਨੇ ਨੱਚਣ ਤੋਂ ਰੋਕਿਆ

  ਦੂਜੇ ਪਾਸੇ, ਕੇਰਲ ਦੇ ਇੱਕ ਮੰਦਰ ਨੇ ਇੱਕ ਗੈਰ-ਹਿੰਦੂ ਡਾਂਸਰ ਨੂੰ ਆਪਣੇ ਨਾਚ ਤਿਉਹਾਰ ਵਿੱਚ ਨੱਚਣ ਤੋਂ ਰੋਕਿਆ।ਮੁਸਲਮਾਨ ਕੁੜੀ ਦੀ ਕਹਾਣੀ ਜਿਸ ਨੂੰ ਗ਼ੈਰ-ਹਿੰਦੂ ਹੋਣ ਕਾਰਨ ਮੰਦਰ ਵਿੱਚ ਨੱਚਣ ਨਹੀਂ ਦਿੱਤਾ ਗਿਆ।ਮਾਨਸੀਆ ਵੀਪੀ ਉਸ ਸਮੇਂ ਤਿੰਨ ਸਾਲ ਦੀ ਸੀ ਜਦੋਂ ਉਸ ਦੀ ਮਾਂ ਨੇ ਉਸ ਨੂੰ ਭਾਰਤਨਾਟਿਅਮ ਸਿੱਖਣ ਲਈ ਪ੍ਰੇਰਿਆ ਸੀ।ਭਾਰਤ ਨਾਟਿਅਮ ਸਦੀਆਂ ਪੁਰਾਣੇ ਭਾਰਤੀ ਕਲਾਸੀਕਲ ਡਾਂਸ ਦੀ ਇੱਕ ਕਿਸਮ ਹੈ, ਜਿਸ ਦਾ ਆਗਾਜ਼ ਮੰਦਰਾਂ ਵਿਚ ਹੋਇਆ ਸੀ।ਦੱਖਣੀ ਸੂਬੇ ਕੇਰਲਾ ਦੇ ਇੱਕ ਜ਼ਿਲ੍ਹੇ ਮਲਪਪੁਰਮ ਦੀ ਇੱਕ ਮੁਸਲਿਮ ਕੁੜੀ ਨੂੰ ਇਹ ਡਾਂਸ ਕਰਨ ਦਾ ਬੇਹਦ ਸ਼ੌਂਕ  ਸੀ। ਪਰ ਮਾਨਸੀਆ ਦੀ ਮਾਂ ਅਮੀਨਾ ਨੇ ਠਾਨ ਲਈ ਸੀ ਕਿ ਉਹ ਆਪਣੀ ਧੀ ਨੂੰ ਇਹ ਡਾਂਸ ਜ਼ਰੂਰ ਸਿਖਾਵੇਗੀ।ਇਸ ਲਈ ਉਸ ਦੀਆਂ ਦੋਵੇਂ ਧੀਆਂ ਨੇ ਨਾ ਸਿਰਫ ਭਾਰਤਨਾਟਿਅਮ ਬਲਕਿ ਹੋਰ ਕਲਾਸੀਕਲ ਨਾਚ ਜਿਵੇਂ ਕਿ ਕਥਕਲੀ ਅਤੇ ਮੋਹੀਨੀਆਟਮ ਵੀ ਸਿੱਖੇ।ਮੁਸਲਿਮ ਭਾਈਚਾਰੇ ਦੇ ਰੂੜੀਵਾਦੀ ਮੁਸਲਮਾਨਾਂ ਨੇ ਕਿਹਾ ਕਿ ਕੁੜੀਆਂ ਨੂੰ 'ਹਿੰਦੂ ਨਾਚ' ਨਹੀਂ ਸਿੱਖਣਾ ਚਾਹੀਦਾ ਹੈ। ਪਰ ਇਸਦੇ ਬਾਵਜੂਦ ਇਹ ਡਾਂਸ ਸਿਖਾਇਆ।ਹੁਣੇ ਜਿਹੇ ਪ੍ਰੋਗਰਾਮ ਦੇ ਪ੍ਰਬੰਧਕਾਂ ਨੇ ਪਹਿਲਾਂ ਤਾਂ ਉਸ ਦੀ ਅਰਜ਼ੀ ਸਵੀਕਾਰ ਕਰ ਲਈ ਸੀ, ਪਰ ਮੰਦਰ ਦੇ ਅਧਿਕਾਰੀਆਂ, ਜਿੰਨ੍ਹਾਂ ਨੇ ਉਸ ਨੂੰ ਮੰਦਰ ਵਿਚ ਨੱਚਣ ਤੋਂ ਰੋਕਿਆ ਸੀ, ਨੇ ਆਪਣੇ ਇਸ ਫੈਸਲੇ ਦਾ ਪੱਖ ਪੂਰਦਿਆਂ ਕਿਹਾ ਕਿ ਉਨ੍ਹਾਂ ਨੂੰ ਪਰੰਪਰਾ ਦੀ ਪਾਲਣਾ ਕਰਨੀ ਪਵੇਗੀ।

ਪਰ ਮਾਨਸੀਆ ਨੇ ਬੇਫਿਕਰ ਹੋ ਕੇ ਆਪਣੀ ਪੋਸਟ ਵਿਚ ਲਿਖਿਆ ਹੈ, " ਮੈਂ ਇਸ ਤੋਂ ਵੀ ਵੱਧ ਵਿਤਕਰੇ ਦਾ ਸ਼ਿਕਾਰ ਹੋ ਕੇ ਇੱਥੋਂ ਤੱਕ ਪਹੁੰਚੀ ਹਾਂ। ਇਸ ਲਈ ਇਹ ਮੇਰੇ ਲਈ ਕੁਝ ਵੀ ਨਹੀਂ ਹੈ।" ਮਾਨਸੀਆ 27 ਸਾਲਾਂ ਦੀ ਹੈ ਅਤੇ ਭਾਰਤਨਾਟਿਅਮ ਵਿਚ ਪੀਐਚਡੀ ਕਰ ਰਹੀ ਹੈ।ਮਾਨਸੀਆ ਦੀ ਮਾਂ ਨੇ ਟੀਵੀ 'ਤੇ ਇੱਕ ਡਾਂਸ ਪ੍ਰਦਰਸ਼ਨ ਵੇਖਿਆ ਸੀ ਅਤੇ 'ਰੰਗੀਨ ਕੱਪੜਿਆਂ' ਨੇ ਉਨ੍ਹਾਂ ਨੂੰ ਬਹੁਤ ਹੀ ਆਕਰਸ਼ਤ ਕੀਤਾ ਸੀ, ਜਿਸ ਤੋਂ ਬਾਅਦ ਡਾਂਸ ਉਨ੍ਹਾਂ ਦੇ ਜੀਵਨ ਵਿਚ ਸ਼ਾਮਲ ਹੋਇਆ।ਅਮੀਨਾ ਦੇ ਪਤੀ ਵੀਪੀ ਅਲਾਵਿਕੁਟੀ, ਜੋ ਕਿ ਉਸ ਸਮੇਂ ਸਾਊਦੀ ਅਰਬ ਵਿਚ ਕੰਮ ਕਰ ਰਹੇ ਸਨ, ਉਨ੍ਹਾਂ ਦੇ ਸਮਰਥਨ ਦੇ ਨਾਲ ਹੀ ਅਮੀਨਾ ਨੇ ਆਪਣੀਆਂ ਦੋਵੇਂ ਧੀਆਂ ਮਾਨਸੀਆ ਤੇ ਰੂਬੀਆ ਨੂੰ ਡਾਂਸ ਸਿਖਾਉਣ ਲਈ ਡਾਂਸ ਕਲਾਸ ਵਿਚ ਦਾਖਲਾ ਦਵਾਇਆ ਤੇ ਨਾਲ ਹੀ ਇਹ ਵੀ ਯਕੀਨੀ ਬਣਾਇਆ ਕਿ ਉਹ ਰੋਜ਼ਾਨਾ ਅਭਿਆਸ ਕਰਨ। ਅਮੀਨਾ ਇੱਕ ਪੱਕੀ ਮੁਸਲਮਾਨ ਸੀ। ਜਦੋਂ ਮਾਨਸੀਆ ਜਵਾਨ ਹੋਈ ਤਾ ਉਸ ਦੇ ਪਿਤਾ ਕੇਰਲ ਵਾਪਸ ਆ ਗਏ ਸਨ। ਉਹ ਜ਼ਿਆਦਾ ਧਾਰਮਿਕ ਬਿਰਤੀ ਵਾਲੇ ਨਹੀਂ ਸਨ ਪਰ ਉਨ੍ਹਾਂ ਨੂੰ ਆਪਣੀ ਪਤਨੀ ਅਤੇ ਬੱਚਿਆਂ ਦੀ ਧਰਮ ਪ੍ਰਤੀ ਨਿਸ਼ਠਾ ਤੋਂ ਕੋਈ ਦਿੱਕਤ ਨਹੀਂ ਸੀ।ਹਰ ਰੋਜ਼ ਸਕੂਲ ਤੋਂ ਬਾਅਦ ਤੇ ਹਫ਼ਤੇ ਦੇ ਛੁੱਟੀ ਵਾਲੇ ਦਿਨਾਂ ਵਿਚ ਮਾਨਸੀਆ ਦਾ ਪਰਿਵਾਰ ਕੇਰਲ ਦੇ ਕੁਝ ਡਾਂਸ ਅਧਿਆਪਕਾਂ ਕੋਲ ਪਹੁੰਚ ਕਰਦਾ ਸੀ ।ਬੱਚਿਆਂ ਨੇ ਮੰਦਿਰਾਂ ਅਤੇ ਯੂਥ ਫੈਸਟਿਵਲਾਂ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ, ਜੋ ਕਿ ਕੇਰਲ ਵਰਗੇ ਰਾਜ ਵਿਚ ਚਾਹਵਾਨ ਡਾਂਸਰਾਂ ਲਈ ਪਸੰਦੀਦਾ ਅਤੇ ਨਿਯਮਤ ਸਥਾਨ ਹਨ।ਪਰ ਅਸਲ ਮੁਸੀਬਤ ਉਸ ਸਮੇਂ ਸਾਹਮਣੇ ਆਈ ਜਦੋਂ ਉਨ੍ਹਾਂ ਦੀ ਸਥਾਨਕ ਮਸਜਿਦ ਦੀ ਕਮੇਟੀ ਨੇ ਇਸ ਸਭ 'ਤੇ ਇਤਰਾਜ਼ ਜਤਾਇਆ। ਪਰ ਅਮੀਨਾ ਅਤੇ ਅਲਵੀਕੁਟੀ ਨੇ ਆਪਣੀਆਂ ਧੀਆਂ ਨੂੰ ਭਰੋਸਾ ਦਿੱਤਾ ਕਿ ਉਹ ਡਾਂਸ ਜਾਰੀ ਰੱਖ ਸਕਦੀਆਂ ਹਨ।ਸਾਲ 2006 ਵਿਚ ਜਦੋਂ ਅਮੀਨਾ ਨੂੰ ਕੈਂਸਰ ਨਾਲ ਪੀੜ੍ਹਤ ਹੋਣ ਦਾ ਪਤਾ ਲੱਗਿਆ ਤਾਂ ਸਥਿਤੀ ਬਹੁਤ ਖਰਾਬ ਹੋ ਗਈ ਸੀ। ਜਦੋਂ ਉਸ ਦੇ ਪਿਤਾ ਅਮੀਨਾ ਦੇ ਇਲਾਜ ਲਈ ਪੈਸੇ ਇੱਕਠੇ ਕਰਨ ਵਿਚ ਲੱਗੇ ਹੋਏ ਸਨ, ਉਸ ਸਮੇਂ ਵਿਦੇਸ਼ ਤੋਂ ਵਿੱਤੀ ਮਦਦ ਦੀ ਪੇਸ਼ਕਸ਼ ਖ਼ਤਮ ਹੋ ਗਈ ਸੀ ਕਿਉਂਕਿ ਮਸਜਿਦ ਕਮੇਟੀ ਅਜੇ ਵੀ ਸਾਡੇ ਡਾਂਸ ਨੂੰ ਜਾਰੀ ਰੱਖਣ ਕਰਕੇ ਸਾਡੇ ਪਰਿਵਾਰ ਨਾਲ ਨਾਰਾਜ਼ ਸੀ ਅਤੇ ਮਸਜਿਦ ਕਮੇਟੀ ਨੇ ਉਹਨਾਂ ਦੀ ਮਦਦ ਕਰਨ  ਤੋਂ ਇਨਕਾਰ ਕਰ ਦਿੱਤਾ ਸੀ।ਜਦੋਂ 2007 ਵਿਚ ਅਮੀਨਾ ਦਾ ਦੇਹਾਂਤ ਹੋ ਗਿਆ ਤਾਂ ਉਸ ਨੂੰ ਸਥਾਨਕ ਕਬਰਿਸਤਾਨ ਵਿਚ ਦਫ਼ਨਾਉਣ ਤੋਂ ਵੀ ਮਨਾ ਕਰ ਦਿੱਤਾ ਗਿਆ ਸੀ।

ਰੂਬੀਆ ਦੇ ਗੁਆਂਢੀ ਰਾਜ ਤਾਮਿਲਨਾਡੂ ਵਿਚ ਪੜ੍ਹਾਈ ਲਈ ਜਾਣ ਤੋਂ ਬਾਅਦ ਅਗਲੇ ਕੁਝ ਸਾਲ ਇੱਕਲੇਪਨ ਨਾਲ ਭਰੇ ਹੋਏ ਅਤੇ ਔਖੇ ਸਨ। ਪਰ ਮਾਨਸੀਆ ਦਾ ਡਾਂਸ ਪ੍ਰਤੀ ਪਿਆਰ ਅਤੇ ਸ਼ਿੱਦਤ ਘੱਟ ਨਾ ਹੋਈ ਅਤੇ ਉਸ ਦੇ ਪਿਤਾ ਨੇ ਉਸ ਦਾ ਸਾਥ ਦੇਣਾ ਜਾਰੀ ਰੱਖਿਆ।ਉਹ ਜਾਣਦੇ ਸਨ ਕਿ ਭਾਰਤ ਦੇ ਕੁਝ ਸਭ ਤੋਂ ਪਿਆਰੇ ਕਲਾਸੀਕਲ ਸੰਗੀਤਕਾਰ ਮੁਸਲਿਮ ਹਨ। ਉਨ੍ਹਾਂ ਦਾ ਸੰਗੀਤ ਅਕਸਰ ਹੀ ਡੂੰਘੀ ਸ਼ਰਧਾ ਵਾਲਾ ਹੁੰਦਾ ਹੈ ਅਤੇ ਉਨ੍ਹਾਂ ਵਿਚੋਂ ਬਹੁਤ ਸਾਰੇ, ਜਿਵੇਂ ਕਿ ਉਸਤਾਦ ਬਿਸਮਿੱਲ੍ਹਾ ਖਾਨ ਅਤੇ ਅਲਾਊਦੀਨ ਖਾਨ ਆਪਣੇ ਧਰਮ ਨੂੰ ਮੰਨਣ ਦੇ ਨਾਲ ਨਾਲ ਹਿੰਦੂ ਸੰਗੀਤ ਨੂੰ ਵੀ ਮਾਨਤਾ ਦਿੰਦੇ ਸਨ।ਮਾਨਸੀਆ ਅਤੇ ਰੂਬੀਆ  ਨੇ ਮਲਪਪੁਰਮ ਜ਼ਿਲ੍ਹੇ ਦੇ ਲਗਭਗ ਹਰ ਮੰਦਿਰ ਵਿਚ ਡਾਂਸ ਕੀਤਾ ਹੋਵੇਗਾ। ਹਰ ਜਗ੍ਹਾ 'ਤੇ ਉਨ੍ਹਾਂ ਦਾ ਸਵਾਗਤ ਹੋਇਆ। 

ਜਦੋਂ ਤ੍ਰਿਸੂਰ ਜ਼ਿਲ੍ਹੇ ਦੇ ਕੁਡਲਮਨੀਕਯਮ ਮੰਦਰ ਨੇ ਆਪਣੇ ਸਾਲਾਨਾ ਤਿਉਹਾਰ ਲਈ ਅਰਜ਼ੀਆਂ ਮੰਗੀਆਂ ਤਾਂ ਮਾਨਸੀਆ ਨੇ ਪ੍ਰਬੰਧਕ ਨਾਲ ਸੰਪਰਕ ਕੀਤਾ ਅਤੇ ਉਸ ਨੇ ਮਾਨਸੀਆ ਨੂੰ ਆਪਣਾ ਵੇਰਵਾ ਭੇਜਣ ਲਈ ਕਿਹਾ। ਜਦੋਂ ਮਾਨਸੀਆ ਨੇ ਪੁੱਛਿਆ ਕਿ ਕਿਸ ਤਰ੍ਹਾਂ ਦੇ ਵੇਰਵੇ ਭੇਜਣੇ ਹਨ ਤਾਂ ਪ੍ਰਬੰਧਕ ਨੇ ਕਿਹਾ ਕਿ ਜੋ ਕਿ ਇੱਕ ਕਲਾਕਾਰ ਦੇ ਰੈਜ਼ਿਊਮੇ ਵਿਚ ਹੁੰਦੇ ਹਨ।ਮਾਨਸੀਆ ਦੱਸਦੀ ਹੈ ਕਿ ਉਸ ਵਿਚ ਧਰਮ ਦਾ ਜ਼ਿਕਰ ਨਹੀਂ ਸੀ।ਇਸ ਸਮਾਗਮ ਲਈ ਉਹ ਕਈ ਹਫ਼ਤਿਆਂ ਤੋਂ ਤਿਆਰੀ ਕਰ ਰਹੀ ਸੀ। ਪਰ ਅਚਾਨਕ ਇੱਕ ਹੋਰ ਪ੍ਰਬੰਧਕ ਨੇ ਉਸ ਨੂੰ ਕਿਹਾ ਕਿ ਉਹ ਮੰਦਰ ਵਿਚ ਆਪਣਾ ਪ੍ਰਦਰਸ਼ਨ ਨਹੀਂ ਕਰ ਸਕਦੀ ਹੈ ਕਿਉਂਕਿ ਮੰਦਰ ਵਿਚ ਗੈਰ ਹਿੰਦੂ ਲੋਕਾਂ ਨੂੰ ਆਉਣ ਤੋਂ ਮਨਾਹੀ ਹੈ।ਮਾਨਸੀਆ ਨੂੰ ਕਲਾਕਾਰਾਂ ਅਤੇ ਸਿਆਸਤਦਾਨਾਂ ਦਾ ਸਮਰਥਨ ਹਾਸਲ ਹੋਇਆ ਅਤੇ ਤਿੰਨ ਹਿੰਦੂ ਡਾਂਸਰਾਂ ਨੇ ਅਗਾਮੀ 10 ਰੋਜ਼ਾ ਉਤਸਵ ਤੋਂ ਆਪਣੇ ਨਾਮ ਵਾਪਸ ਲੈ ਲਏ ਹਨ।

ਹਿੰਦੂਤਵ ਦਾ ਸ਼ੁਧੀਕਰਨ ਬਾਰੇ ਨਵਾਂ ਅਭਿਆਸ 

ਰਮਜ਼ਾਨ ਦੀ ਸ਼ੁਰੂਆਤ ਨਵਰਾਤਰੀ ਦੇ ਨਾਲ ਹੋ ਗਈ ਹੈ। ਦੋਹਾਂ ਵਿੱਚ ਸ਼ਰਧਾਲੂ ਵਰਤ ਰੱਖਦੇ ਹਨ। ਦੋਵੇਂ ਆਪਣੇ ਵਰਤ ਰਾਹੀਂ ਆਪਣੇ ਆਪ ਨੂੰ ਸ਼ੁੱਧ ਕਰਨ ਦੀ ਕੋਸ਼ਿਸ਼ ਕਰਦੇ ਹਨ। ਇਹ ਸਵੈ-ਸ਼ੁੱਧੀਕਰਨ ਦਾ ਮੌਕਾ ਹੈ। ਪਰ ਇਸ ਮੌਕੇ ਨੂੰ ਹਿੰਦੂਆਂ ਵੱਲੋਂ ਮੁਸਲਮਾਨਾਂ ਨੂੰ ਸ਼ੁੱਧਕਰਨ ਲਈ ਵਰਤਿਆ ਜਾ ਰਿਹਾ ਹੈ। ਕੀ ਇਹ ਉਸ ਦੀ ਦੇਵੀ ਨੂੰ ਖੁਸ਼ ਕਰੇਗਾ? ਕਈ ਵਾਰ ਕਿਹਾ ਜਾ ਚੁਕਾ  ਹੈ ਕਿ ਹਿੰਦੂ ਦੀ ਪਰਿਭਾਸ਼ਾ ਹੁਣ ਬਦਲ ਗਈ ਹੈ। ਹੁਣ ਹਿੰਦੂ ਦਾ ਮਤਲਬ ਉਹ ਵਿਅਕਤੀ ਹੋ ਰਿਹਾ ਹੈ ਜੋ ਮੁਸਲਮਾਨਾਂ ਜਾਂ ਈਸਾਈਆਂ ਨੂੰ ਨਫ਼ਰਤ ਕਰਦਾ ਹੈ। ਮੁਸਲਮਾਨਾਂ ਵਿਰੁਧ ਜਿੰਨਾ ਤਿਖਾ ਹਿੰਸਕ ਪ੍ਰਚਾਰ ਕੀਤਾ ਜਾ ਰਿਹਾ ਹੈ ਓਨਾ ਦੁਰਗਾ ਦਾ ਨਾਮ ਨਵਰਾਤਰੀ ਦੌਰਾਨ ਨਹੀਂ ਲਿਆ ਜਾ ਰਿਹਾ।

ਜ਼ਾਹਿਰ ਹੈ ਕਿ ਸਾਰੇ ਹਿੰਦੂ ਅਜਿਹਾ ਨਹੀਂ ਕਰ ਰਹੇ, ਹੋ ਸਕਦਾ ਹੈ ਕਿ ਉਨ੍ਹਾਂ ਨੂੰ ਇਹ ਪਸੰਦ ਵੀ ਨਾ ਹੋਵੇ, ਪਰ ਇਸ ਗੱਲ ਦਾ ਕੋਈ ਸਬੂਤ ਨਹੀਂ ਹੈ ਕਿ ਉਹ ਆਪਣੇ ਧਾਰਮਿਕ ਮੌਕਿਆਂ 'ਤੇ ਰਾਸ਼ਟਰੀ ਸਵੈਮ ਸੇਵਕ ਸੰਘ ਦੇ ਸੰਗਠਨਾਂ ਦੇ ਕੂੜ ਪ੍ਰਚਾਰ ਦਾ ਵਿਰੋਧ ਕਰ ਰਹੇ ਹਨ ਜੋ ਕਰਨ ਦੀ ਲੋੜ ਹੈ।

ਪ੍ਰੋਫੈਸਰ ਅਪੂਰਵਾਨੰਦ