ਰੂਸ-ਯੂਕਰੇਨ ਜੰਗ ਦਾ ਮਾਰੂ ਅਸਰ

ਰੂਸ-ਯੂਕਰੇਨ ਜੰਗ ਦਾ ਮਾਰੂ ਅਸਰ

                                            ਵਿਸ਼ਵ ਚੇਤਨਾ                                     

ਕੋਈ ਜ਼ਮਾਨਾ ਸੀ ਜਦੋਂ ਦੋ ਦੇਸ਼ ਲੜ ਕੇ ਹਟ ਵੀ ਜਾਂਦੇ ਸਨ ਪਰ ਦੁਨੀਆ ਦੇ ਬਾਕੀ ਦੇਸ਼ਾਂ ਨੂੰ ਨਾ ਤਾਂ ਕੋਈ ਫ਼ਰਕ ਪੈਂਦਾ ਸੀ ਤੇ ਨਾ ਹੀ ਕਿਸੇ ’ਤੇ ਕੋਈ ਅਸਰ ਹੁੰਦਾ ਸੀ। ਬਸ ਦੋ-ਚਾਰ ਦਿਨ ਅਖ਼ਬਾਰਾਂ ਦੀਆਂ ਖ਼ਬਰਾਂ ਪੜ੍ਹ-ਸੁਣ ਕੇ ਸਭ ਸ਼ਾਂਤ ਹੋ ਜਾਂਦੇ ਸਨ। ਜੰਗ ਦਾ ਸੰਸਾਰ ਪੱਧਰ ’ਤੇ ਪ੍ਰਭਾਵ ਪੈਣਾ ਪਹਿਲੀ ਤੇ ਖ਼ਾਸ ਤੌਰ ’ਤੇ ਦੂਸਰੀ ਸੰਸਾਰ ਜੰਗ ਤੋਂ ਬਾਅਦ ਸ਼ੁਰੂ ਹੋਇਆ ਸੀ। ਦੂਜੀ ਆਲਮੀ ਜੰਗ ਤੋਂ ਪਹਿਲਾਂ ਇੰਗਲੈਂਡ ਤੇ ਫਰਾਂਸ ਸੁਪਰਪਾਵਰ ਸਨ ਤੇ ਅਮਰੀਕਾ ਤੇ ਰੂਸ ਦਾ ਕਿਤੇ ਨਾਮੋ-ਨਿਸ਼ਾਨ ਵੀ ਨਹੀਂ ਸੀ। ਉਸ ਸਮੇਂ ਅੱਧੀ ਤੋਂ ਵੱਧ ਦੁਨੀਆ ’ਤੇ ਇਨ੍ਹਾਂ ਦੋਵਾਂ ਦੇਸ਼ਾਂ (ਇੰਗਲੈਂਡ ਤੇ ਫਰਾਂਸ) ਦਾ ਹੀ ਕਬਜ਼ਾ ਸੀ। ਅਮਰੀਕਾ ਭਾਰੀ ਮੰਦੀ ਅਤੇ ਰੂਸ ਕਮਿਊਨਿਸਟ ਰਾਜ ਕਾਰਨ (ਪੱਛਮੀ ਦੇਸ਼ਾਂ ਨੇ ਉਸ ਦਾ ਬਾਈਕਾਟ ਕੀਤਾ ਹੋਇਆ ਸੀ) ਭੁੱਖਮਰੀ ਦੇ ਕੰਢੇ ਪਹੁੰਚੇ ਹੋਏ ਸਨ।

ਪਰ ਸੰਸਾਰ ਜੰਗ ਵਿਚ ਸ਼ਾਮਲ ਹੁੰਦੇ ਸਾਰ ਇਨ੍ਹਾਂ ਦੋਵਾਂ ਦੇਸ਼ਾਂ ਦੀ ਕਿਸਮਤ ਪਲਟ ਗਈ। ਫ਼ੌਜੀ ਸਾਜ਼ੋ-ਸਾਮਾਨ ਅਤੇ ਹੋਰ ਉਤਪਾਦਾਂ ਦੀ ਮੰਗ ਇਕਦਮ ਸਿਖ਼ਰ ’ਤੇ ਪਹੁੰਚ ਜਾਣ ਕਾਰਨ ਦੀਵਾਲੀਆ ਹੋਣ ਕਿਨਾਰੇ ਪਹੁੰਚੀਆਂ ਅਮਰੀਕਾ ਦੀਆਂ ਫੈਕਟਰੀਆਂ ਤਿੰਨ-ਤਿੰਨ ਸ਼ਿਫਟਾਂ ਵਿਚ ਚੱਲਣ ਲੱਗੀਆਂ ਤੇ ਰੂਸ ਜਿਸ ਨੂੰ ਕਦੇ ਯੂਰਪ ਦਾ ਬਿਮਾਰ ਦੇਸ਼ ਕਿਹਾ ਜਾਂਦਾ ਸੀ, ਨੇ ਅੱਧੇ ਦੇ ਕਰੀਬ ਯੂਰਪ ’ਤੇ ਕਬਜ਼ਾ ਕਰ ਲਿਆ। ਦੂਸਰੇ ਪਾਸੇ ਜੰਗ ਤੋਂ ਬਾਅਦ ਆਰਥਿਕ ਅਤੇ ਸੈਨਿਕ ਪੱਖੋਂ ਬਰਬਾਦ ਹੋਏ ਇੰਗਲੈਂਡ ਅਤੇ ਫਰਾਂਸ ਨੂੰ ਆਪਣੀਆਂ ਅੱਧੀਆਂ ਤੋਂ ਵੱਧ ਬਸਤੀਆਂ ਖ਼ਾਲੀ ਕਰਨੀਆਂ ਪਈਆਂ ਸਨ। ਦੂਸਰੀ ਸੰਸਾਰ ਜੰਗ ਤੋਂ ਬਾਅਦ ਜਿਸ ਜੰਗ ਨੇ ਸੰਸਾਰ ’ਤੇ ਸਭ ਤੋਂ ਵੱਧ ਬੁਰਾ ਪ੍ਰਭਾਵ ਪਾਇਆ ਹੈ, ਉਹ ਹੈ ਰੂਸ ਅਤੇ ਯੂਕਰੇਨ ਦੀ ਜੰਗ। ਜੰਗ ਦੀ ਸ਼ੁਰੂਆਤ ਵਿਚ ਤਾਂ ਇਸ ਤਰ੍ਹਾਂ ਲੱਗਦਾ ਸੀ ਕਿ ਇਹ ਕਰੀਮੀਆ ਵਾਂਗ ਇਕ ਸਥਾਨਕ ਝਗੜਾ ਹੈ ਜੋ ਜਲਦੀ ਹੀ ਨਿੱਬੜ ਜਾਵੇਗਾ ਪਰ ਜਿਵੇਂ-ਜਿਵੇਂ ਇਹ ਜੰਗ ਲੰਬੀ ਖਿੱਚਦੀ ਗਈ ਤੇ ਯੂਰਪੀ ਦੇਸ਼ ਅਤੇ ਅਮਰੀਕਾ ਇਸ ਵਿਚ ਪਿਛਲ ਬੰਨਿਓਂ ਸ਼ਾਮਲ ਹੋ ਗਏ, ਇਸ ਦੇ ਤਬਾਹਕੁੰਨ ਨਤੀਜੇ ਸੰਸਾਰ ਦੇ ਸਾਹਮਣੇ ਆਉਣ ਲੱਗ ਪਏ ਹਨ। ਸਭ ਤੋਂ ਬੁਰਾ ਪ੍ਰਭਾਵ ਸੰਸਾਰ ਦੀ ਅਨਾਜ ਤੇ ਊਰਜਾ ਦੀ ਸਪਲਾਈ ’ਤੇ ਪਿਆ ਹੈ। ਵਰਲਡ ਟਰੇਡ ਆਰਗੇਨਾਈਜ਼ੇਸ਼ਨ (ਡਬਲਿਊਟੀਓ) ਅਨੁਸਾਰ ਰੂਸ-ਯੂਕਰੇਨ ਜੰਗ ਕਾਰਨ ਮਨੁੱਖਤਾ ਨੂੰ ਦੂਸਰੀ ਸੰਸਾਰ ਜੰਗ ਤੋਂ ਬਾਅਦ ਸਭ ਤੋਂ ਵੱਡੀ ਮੁਸੀਬਤ ਸਹਿਣੀ ਪੈ ਰਹੀ ਹੈ ਕਿਉਂਕਿ ਇਸ ਨੇ ਕੌਮਾਂਤਰੀ ਵਪਾਰ ਨੂੰ ਤਬਾਹ ਕਰ ਕੇ ਰੱਖ ਦਿੱਤਾ ਹੈ। ਰੂਸ ਸੰਸਾਰ ਦਾ ਅਮਰੀਕਾ ਤੇ ਸਾਊਦੀ ਅਰਬ ਤੋਂ ਬਾਅਦ ਤੀਜਾ ਸਭ ਤੋਂ ਵੱਡਾ ਤੇਲ ਅਤੇ ਕੁਦਰਤੀ ਗੈਸ ਉਤਪਾਦਕ ਦੇਸ਼ ਹੈ।

ਜ਼ਿਆਦਾਤਰ ਯੂਰਪੀ ਦੇਸ਼ ਊਰਜਾ ਦੀ ਪੂਰਤੀ ਲਈ ਰੂਸ ’ਤੇ ਨਿਰਭਰ ਹਨ। ਪਰ ਅਮਰੀਕਾ ਦੇ ਦਬਾਅ ਹੇਠ ਉਨ੍ਹਾਂ ਨੂੰ ਰੂਸ ਤੋਂ ਤੇਲ ਅਤੇ ਗੈਸ ਦੀ ਦਰਾਮਦ ’ਤੇ ਪਾਬੰਦੀਆਂ ਲਗਾਉਣੀਆਂ ਪੈ ਰਹੀਆਂ ਹਨ ਜਿਸ ਕਾਰਨ ਉੱਥੇ ਅਤੇ ਸੰਸਾਰ ਦੇ ਬਾਕੀ ਦੇਸ਼ਾਂ ਵਿਚ ਡੀਜ਼ਲ, ਪੈਟਰੋਲ ਅਤੇ ਕੁਦਰਤੀ ਗੈਸ ਦੇ ਰੇਟ ਛੜੱਪੇ ਮਾਰ ਕੇ ਵਧ ਰਹੇ ਹਨ। ਤੇਲ ਦੀ ਕੀਮਤ ਵਧਣ ਕਾਰਨ ਰੋਜ਼ਮੱਰਾ ਦੀਆਂ ਵਸਤਾਂ ਦੇ ਭਾਅ ਵੀ ਵਧ ਗਏ ਹਨ। ਵਿਬੰਡਨਾ ਵੇਖੋ ਕਿ ਕੁਝ ਮਹੀਨੇ ਪਹਿਲਾਂ ਤਕ ਵੈਨਜ਼ੂਏਲਾ ਅਤੇ ਈਰਾਨ ਯੂਰਪੀ ਦੇਸ਼ਾਂ ਅਤੇ ਅਮਰੀਕਾ ਵਾਸਤੇ ਸ਼ੈਤਾਨ ਦੇਸ਼ ਸਨ ਜਿਨ੍ਹਾਂ ’ਤੇ ਮਨੁੱਖੀ ਅਧਿਕਾਰਾਂ ਦਾ ਘਾਣ ਕਰਨ ਦੇ ਦੋਸ਼ ਹੇਠ ਸਖ਼ਤ ਵਪਾਰਕ ਪਾਬੰਦੀਆਂ ਲਗਾਈਆਂ ਗਈਆਂ ਸਨ। ਪਰ ਹੁਣ ਯੂਕਰੇਨ ਸੰਕਟ ਕਾਰਨ ਉਹ ਇਨ੍ਹਾਂ ਦੇਸ਼ਾਂ ਤੋਂ ਹੀ ਤੇਲ ਹਾਸਲ ਕਰਨ ਬਾਰੇ ਗੰਭੀਰਤਾ ਨਾਲ ਸੋਚ ਰਹੇ ਹਨ। ਸੰਸਾਰ ਵਿਚ ਦੂਸਰਾ ਜਿਹੜਾ ਸਭ ਤੋਂ ਵੱਡਾ ਸੰਕਟ ਪੈਦਾ ਹੋ ਰਿਹਾ ਹੈ, ਉਹ ਹੈ ਅਨਾਜ ਸੰਕਟ। ਰੂਸ ਸੰਸਾਰ ਦਾ ਸਭ ਤੋਂ ਵੱਡਾ ਕਣਕ ਉਤਪਾਦਕ ਅਤੇ ਬਰਾਮਦਕਾਰ ਦੇਸ਼ ਹੈ। ਉਹ ਸੰਸਾਰ ਦੇ ਕੁੱਲ ਅਨਾਜ ਦਾ 24% ਵਿਦੇਸ਼ਾਂ ਨੂੰ ਭੇਜਦਾ ਹੈ। ਯੂਕਰੇਨ ਵੀ ਸੰਸਾਰ ਦਾ ਪੰਜਵਾਂ ਸਭ ਤੋਂ ਵੱਡਾ ਬਰਾਮਦਕਾਰ ਦੇਸ਼ ਹੈ। ਉਸ ਨੇ 2021 ਵਿਚ 47 ਕਰੋੜ ਟਨ ਦੇ ਲਗਪਗ ਕਣਕ ਵਿਦੇਸ਼ਾਂ ਨੂੰ ਬਰਾਮਦ ਕੀਤੀ ਸੀ। ਇਸ ਜੰਗ ਕਾਰਨ ਅਮਰੀਕਾ ਦੇ ਦਬਾਅ ਕਾਰਨ ਬਹੁਤ ਘੱਟ ਦੇਸ਼ ਰੂਸ ਤੋਂ ਕਣਕ ਲੈ ਰਹੇ ਹਨ ਤੇ ਦੂਸਰੇ ਪਾਸੇ ਯੂਕਰੇਨ ਦੀਆਂ ਬੰਦਰਗਾਹਾਂ ਨੂੰ ਰੂਸ ਨੇ ਆਪਣੇ ਕਬਜ਼ੇ ਹੇਠ ਲੈ ਕੇ ਉਸ ਦੀ ਆਰਥਿਕ ਨਾਕਾਬੰਦੀ ਕੀਤੀ ਹੋਈ ਹੈ ਜਿਸ ਕਾਰਨ ਉੱਥੋਂ ਵਪਾਰਕ ਜਹਾਜ਼ਾਂ ਦਾ ਆਵਾਗਮਨ ਅਸੰਭਵ ਹੈ। ਰੂਸ ਪੱਛਮੀ ਦੇਸ਼ਾਂ ਅਤੇ ਯੂਕਰੇਨ ਨੂੰ ਬਰਬਾਦ ਕਰਨ ਲਈ ਅਨਾਜ ਨੂੰ ਇਕ ਹਥਿਆਰ ਦੇ ਤੌਰ ’ਤੇ ਵਰਤ ਰਿਹਾ ਹੈ। ਦੁਨੀਆ ਨੂੰ ਭਾਰਤ ਤੋਂ ਉਮੀਦਾਂ ਸਨ ਪਰ ਉਸ ਨੇ ਵੀ ਆਪਣੀ ਘਰੇਲੂ ਮੰਡੀ ਵਿਚ ਖੁਰਾਕੀ ਪਦਾਰਥਾਂ ਦੇ ਰੇਟ ਵਧਣ ਦੇ ਡਰੋਂ ਕਣਕ ਦੀ ਬਰਾਮਦ ’ਤੇ ਪਾਬੰਦੀ ਲਗਾ ਦਿੱਤੀ ਹੈ।

ਇਸ ਕਾਰਨ ਸੰਸਾਰ ਦੀਆਂ ਮੰਡੀਆਂ ਵਿਚ ਹਾਹਾਕਾਰ ਮਚੀ ਹੋਈ ਹੈ। ਯੂਰਪ ਵਿਚ ਕਣਕ ਤੋਂ ਬਣਨ ਵਾਲੀ ਡਬਲਰੋਟੀ ਅਤੇ ਹੋਰ ਉਤਪਾਦ ਡੇਢ ਗੁਣਾ ਮਹਿੰਗੇ ਹੋ ਗਏ ਹਨ ਜਿਸ ਕਾਰਨ ਜਨ ਸਾਧਾਰਨ ਦਾ ਘਰੇਲੂ ਬਜਟ ਗੜਬੜਾ ਗਿਆ ਹੈ। ਅਸਲ ਵਿਚ ਇਹ ਜੰਗ ਅਮਰੀਕਾ, ਉਸ ਦੇ ਯੂਰਪੀ ਸਹਿਯੋਗੀਆਂ ਅਤੇ ਰੂਸ ਦਰਮਿਆਨ ਚੱਲ ਰਹੀ ਹੈ। ਪਰ ਉਨ੍ਹਾਂ ’ਤੇ ਅਨਾਜ ਸੰਕਟ ਦਾ ਜ਼ਿਆਦਾ ਅਸਰ ਇਸ ਲਈ ਨਹੀਂ ਹੋ ਰਿਹਾ ਕਿਉਂਕਿ ਅਮਰੀਕਾ ਖ਼ੁਦ ਵੱਡੇ ਪੱਧਰ ’ਤੇ ਕਣਕ ਪੈਦਾ ਕਰਦਾ ਹੈ ਅਤੇ ਯੂਰਪੀ ਦੇਸ਼ ਅਮੀਰ ਹੋਣ ਕਾਰਨ ਅਨਾਜ ਦਰਾਮਦ ਕਰ ਸਕਦੇ ਹਨ। ਕੁਝ ਦਿਨ ਪਹਿਲਾਂ ਅਫਰੀਕਨ ਯੂਨੀਅਨ ਦੇ ਪ੍ਰਧਾਨ ਅਤੇ ਸੈਨੇਗਲ ਦੇ ਰਾਸ਼ਟਰਪਤੀ ਮੈਕੀ ਸਾਲ ਨੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਰੂਸ ਦੇ ਸੋਚੀ ਸ਼ਹਿਰ ਵਿਚ ਮੀਟਿੰਗ ਕਰ ਕੇ ਰੂਸ ਅਤੇ ਯੂਕਰੇਨ ਦੀ ਕਣਕ ਦੀ ਸਪਲਾਈ ਬਹਾਲ ਕਰਨ ਦੀ ਭਾਵਪੂਰਤ ਅਪੀਲ ਕੀਤੀ ਹੈ। ਪੁਤਿਨ ਨੇ ਹਮਦਰਦੀ ਨਾਲ ਵਿਚਾਰ ਕਰਨ ਲਈ ਤਾਂ ਕਿਹਾ ਪਰ ਕੋਈ ਪੱਕਾ ਵਾਅਦਾ ਨਹੀਂ ਕੀਤਾ। ਇਸ ਜੰਗ ਕਾਰਨ ਅਫਰੀਕਾ ਦੇ ਜ਼ਿਆਦਾਤਰ ਦੇਸ਼ ਭੁੱਖਮਰੀ ਦੀ ਕਗਾਰ ’ਤੇ ਪਹੁੰਚ ਗਏ ਹਨ ਕਿਉਂਕਿ ਉੱਥੇ ਵਰਤੀ ਜਾਣ ਵਾਲੀ 40% ਕਣਕ ਰੂਸ ਅਤੇ ਯੂਕਰੇਨ ਤੋਂ ਹੀ ਦਰਾਮਦ ਕੀਤੀ ਜਾਂਦੀ ਹੈ।

ਯੂਐੱਨਓ ਦੇ ਬੁਲਾਰੇ ਅਮੀਨ ਅੱਵਦ ਨੇ ਜੈਨੇਵਾ ਵਿਖੇ ਬਿਆਨ ਦਿੱਤਾ ਹੈ ਕਿ ਯੂਕਰੇਨ ਦੀ ਨਾਕਾਬੰਦੀ ਕਾਰਨ ਅਫਰੀਕਾ ਸਮੇਤ ਅਨੇਕਾਂ ਦੇਸ਼ਾਂ ’ਚ ਭੁੱਖਮਰੀ ਫੈਲ ਰਹੀ ਹੈ ਜਿਸ ਕਾਰਨ 14 ਕਰੋੜ ਅਫਰੀਕਨ ਨਾਗਰਿਕ ਪ੍ਰਭਾਵਿਤ ਹੋਣਗੇ ਜਿਸ ਦੇ ਫਲਸਰੂਪ ਦੁਨੀਆ ਦੀ ਹੁਣ ਤਕ ਦੀ ਸਭ ਤੋਂ ਵੱਡੀ ਹਿਜਰਤ ਸ਼ੁਰੂ ਹੋ ਸਕਦੀ ਹੈ। ਅਫਰੀਕਾ ਦਾ ਅੱਧੇ ਦੇ ਕਰੀਬ ਇਲਾਕਾ ਖੁਸ਼ਕ ਸਹਾਰਾ ਤੇ ਕਾਲਾਹਾਰੀ ਰੇਗਿਸਤਾਨਾਂ ਨੇ ਮੱਲਿਆ ਹੋਇਆ ਹੈ ਤੇ ਬਾਕੀ ਦੇ ਦੇਸ਼ਾਂ ’ਚ ਵੀ ਲੋੜ ਅਨੁਸਾਰ ਬਰਸਾਤ ਨਹੀਂ ਹੋ ਰਹੀ। ਯੂਕਰੇਨ ਯੁੱਧ ਪਿੱਛੋਂ ਅਫਰੀਕਾ ਦੇ ਜ਼ਿਆਦਾਤਰ ਦੇਸ਼ਾਂ ’ਚ ਅਨਾਜ ਦੇ ਭਾਅ ਦੂਣੇ ਤੋਂ ਵੀ ਵੱਧ ਗਏ ਹਨ। ਸਹਾਰਾ ਰੇਗਿਸਤਾਨ ਵਿਚ ਸਥਿਤ ਦੇਸ਼ਾਂ ਚਾਡ, ਮਾਲੀ, ਨਾਈਜਰ, ਮਾਰੀਟਾਨੀਆ ਤੇ ਸੂਡਾਨ ਆਦਿ ਨੇ ਤਾਂ ਫੂਡ ਐਮਰਜੈਂਸੀ ਲਾ ਕੇ ਖੁਰਾਕੀ ਪਦਾਰਥਾਂ ਦੀ ਰਾਸ਼ਨਿੰਗ ਸ਼ੁਰੂ ਕਰ ਦਿੱਤੀ ਹੈ। ਮੈਕੀ ਸਾਲ ਨੇ ਪੂਤਿਨ ਨੂੰ ਦੱਸਿਆ ਕਿ ਸਾਡੇ ਦੇਸ਼, ਜਿਨ੍ਹਾਂ ਦਾ ਇਸ ਜੰਗ ਨਾਲ ਕੋਈ ਲੈਣਾ-ਦੇਣਾ ਨਹੀਂ ਹੈ, ਸਭ ਤੋਂ ਵੱਧ ਪ੍ਰਭਾਵਿਤ ਹੋ ਰਹੇ ਹਨ। ਪਰ ਪੁਤਿਨ ਦਾ ਦਿਲ ਨਹੀਂ ਪਸੀਜਿਆ। ਉਸ ਨੇ ਸ਼ਰਤ ਰੱਖ ਦਿੱਤੀ ਹੈ ਕਿ ਜੇ ਅਮਰੀਕਾ ਤੇ ਯੂਰਪੀ ਦੇਸ਼ ਉਸ ਦੇ ਸਹਿਯੋਗੀ ਦੇਸ਼ ਬੇਲਾਰੂਸ ਤੋਂ ਪਾਬੰਦੀਆਂ ਹਟਾ ਲੈਣ ਤਾਂ ਉਸ ਰਸਤੇ ਅਨਾਜ ਭੇਜਿਆ ਜਾ ਸਕਦਾ ਹੈ। ਰੂਸ ਅਫਰੀਕਾ ਦੀ ਭੁੱਖਮਰੀ ਤੋਂ ਸਿਆਸੀ ਫ਼ਾਇਦਾ ਉਠਾਉਣ ਦੀ ਤਾਕ ’ਚ ਹੈ। ਉਹ ਜਾਣਦਾ ਹੈ ਕਿ ਜੇ ਅਫਰੀਕਾ ਨੂੰ ਅਨਾਜ ਨਹੀਂ ਮਿਲੇਗਾ ਤਾਂ ਭੁੱਖਮਰੀ ਤੋਂ ਪਰੇਸ਼ਾਨ ਲੱਖਾਂ ਅਫਰੀਕਨ ਰਫਿਊਜੀ ਲੀਬੀਆ ਤੇ ਮਰਾਕੋ ਦੇ ਤਟਾਂ ਤੋਂ ਕਿਸ਼ਤੀਆਂ ਰਾਹੀਂ ਸਮੁੰਦਰ ਪਾਰ ਕਰ ਕੇ ਯੂਰਪ ’ਚ ਘੁਸ ਜਾਣਗੇ ਤੇ ਯੂਰਪ ਦੀ ਪਹਿਲਾਂ ਤੋਂ ਹੀ ਚੱਲ ਰਹੀ ਰਫਿਊਜੀ ਸਮੱਸਿਆ ਵਿਕਰਾਲ ਰੂਪ ਧਾਰਨ ਕਰ ਜਾਵੇਗੀ।

ਇਨ੍ਹਾਂ ਦੇਸ਼ਾਂ ਤੋਂ ਸਪੇਨ ਦਾ ਸਮੁੰਦਰੀ ਤਟ ਕੁਝ ਹੀ ਦੂਰੀ ’ਤੇ ਹੈ। ਤੀਸਰੀ ਵੱਡੀ ਸਮੱਸਿਆ ਰਸਾਇਣਕ ਖਾਦਾਂ ਦੀ ਸਖ਼ਤ ਘਾਟ ਦੀ ਆ ਰਹੀ ਹੈ। ਰੂਸ ਸੰਸਾਰ ਦਾ ਚੀਨ, ਭਾਰਤ ਅਤੇ ਅਮਰੀਕਾ ਤੋਂ ਬਾਅਦ ਸਭ ਤੋਂ ਵੱਡਾ ਖਾਦ ਉਤਪਾਦਕ ਅਤੇ ਨੰਬਰ ਇਕ ਬਰਾਮਦਕਾਰ ਹੈ। ਸੰਨ 2020 ਵਿਚ ਉਸ ਨੇ 760 ਕਰੋੜ ਡਾਲਰ ਮਾਲੀਅਤ ਦੀ 12 ਕਰੋੜ ਮੀਟ੍ਰਿਕ ਟਨ ਖਾਦ ਨਿਰਯਾਤ ਕੀਤੀ ਸੀ। ਉਸ ਦੀ ਸਭ ਤੋਂ ਵੱਡੀ ਮੰਡੀ ਯੂਰਪ, ਏਸ਼ੀਆ ਅਤੇ ਅਫਰੀਕਾ ਹੈ। ਯੂਕਰੇਨ ਨੇ ਵੀ 2021 ਵਿਚ 630 ਕਰੋੜ ਡਾਲਰ ਮਾਲੀਅਤ ਦੀ ਖਾਦ ਨਿਰਯਾਤ ਕੀਤੀ ਸੀ। ਨਾਕਾਬੰਦੀ ਤੇ ਬਾਈਕਾਟ ਕਾਰਨ ਹੁਣ ਇਨ੍ਹਾਂ ਦੇਸ਼ਾਂ ਦੀ ਖਾਦ ਗੁਦਾਮਾਂ ਵਿਚ ਪਈ ਸੜ ਰਹੀ ਹੈ। ਇਸ ਤੋਂ ਇਲਾਵਾ ਦੂਸਰੇ ਸੰਸਾਰ ਯੁੱਧ ਤੋਂ ਬਾਅਦ ਸ਼ਾਂਤੀ ਨਾਲ ਤਰੱਕੀ ਕਰ ਰਹੇ ਯੂਰਪੀ ਦੇਸ਼ਾਂ ਨੂੰ ਵੀ ਆਪਣਾ ਸੁਰੱਖਿਆ ਖ਼ਰਚਾ ਵਧਾਉਣਾ ਪੈ ਰਿਹਾ ਹੈ। ਕੱਲ੍ਹ ਤਕ ਭਾਰਤ ਤੇ ਪਾਕਿ ਵਰਗੇ ਦੇਸ਼ਾਂ ਨੂੰ ਜੰਗੀ ਸਾਜ਼ੋ-ਸਾਮਾਨ ਵੇਚ ਕੇ ਮੋਟਾ ਮੁਨਾਫ਼ਾ ਕਮਾ ਰਹੇ ਪੱਛਮੀ ਦੇਸ਼ ਹੁਣ ਰੂਸ ਤੋਂ ਆਪਣੀ ਸੁਰੱਖਿਆ ਲਈ ਖ਼ਤਰਾ ਮਹਿਸੂਸ ਕਰਨ ਲੱਗੇ ਹਨ। ਖ਼ਾਸ ਤੌਰ ’ਤੇ ਜਰਮਨੀ, ਪੋਲੈਂਡ, ਫਰਾਂਸ ਤੇ ਇੰਗਲੈਂਡ ਨੂੰ ਆਪਣਾ ਫ਼ੌਜੀ ਖ਼ਰਚਾ 20 ਤੋਂ 30% ਤਕ ਵਧਾਉਣਾ ਪੈ ਰਿਹਾ ਹੈ। ਇਸ ਤੋਂ ਪਹਿਲਾਂ ਕਿ ਵਿਸ਼ਵ ’ਤੇ ਕੋਈ ਹੋਰ ਸੰਕਟ ਆਵੇ ਜਾਂ ਇਹ ਜੰਗ ਹੋਰ ਦੇਸ਼ਾਂ ਨੂੰ ਆਪਣੀ ਲਪੇਟ ਵਿਚ ਲੈ ਲਵੇ, ਇਸ ਦਾ ਕੋਈ ਹੱਲ ਨਿਕਲਣਾ ਚਾਹੀਦਾ ਹੈ।

ਬਲਰਾਜ ਸਿੰਘ ਸਿੱਧੂ

ਮੋਬਾਈਲ-9501100062

 

 

 

 

 

-

Attachments area