ਭਾਜਪਾ ਦਾ ਅਗਲਾ ਨਿਸ਼ਾਨਾ ਹੋ ਸਕਦਾ ਹੈ ਝਾਰਖੰਡ                        

ਭਾਜਪਾ ਦਾ ਅਗਲਾ ਨਿਸ਼ਾਨਾ ਹੋ ਸਕਦਾ ਹੈ ਝਾਰਖੰਡ                        

ਊਧਵ ਕੋਲ ਪ੍ਰਬੰਧਕਾਂ ਦੀ ਘਾਟ         

 ਜੇਕਰ ਮਹਾਰਾਸ਼ਟਰ ਵਿਚ ਭਾਜਪਾ ਦਾ 'ਆਪਰੇਸ਼ਨ ਲੋਟਸ' ਸਫਲ ਹੁੰਦਾ ਹੈ ਤਾਂ ਝਾਰਖੰਡ ਵਿਚ ਵੀ ਇਸੇ ਤਰ੍ਹਾਂ ਦਾ 'ਆਪਰੇਸ਼ਨ' ਹੋਵੇਗਾ। ਝਾਰਖੰਡ 'ਵਿਚ ਸਰਕਾਰ ਚਲਾ ਰਹੇ ਝਾਰਖੰਡ ਮੁਕਤੀ ਮੋਰਚਾ ਵਿਚ ਤਾਂ ਵੰਡ ਦੀ ਸੰਭਾਵਨਾ ਘੱਟ ਹੈ ਪਰ ਉਸ ਦੀ ਭਾਈਵਾਲ ਕਾਂਗਰਸ ਦੇ ਕਈ ਵਿਧਾਇਕ ਪਹਿਲਾਂ ਤੋਂ ਭਾਜਪਾ ਦੇ ਸੰਪਰਕ ਵਿਚ ਹਨ। ਜਿਸ ਤਰ੍ਹਾਂ ਮਹਾਰਾਸ਼ਟਰ ਵਿਚ ਦੋ ਵਾਰ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਤੀਜੀ ਵਾਰ 'ਵਿਚ ਭਾਜਪਾ ਨੂੰ ਸਫਲਤਾ ਮਿਲੀ ਹੈ, ਉਸੇ ਤਰ੍ਹਾਂ ਉਹ ਝਾਰਖੰਡ 'ਵਿਚ ਵੀ ਦੋ ਕੋਸ਼ਿਸ਼ਾਂ 'ਚ ਅਸਫਲ ਰਹਿ ਚੁੱਕੀ ਹੈ। ਜਲਦ ਹੀ ਹੁਣ ਉਹ ਅਗਲੇ ਕੁਝ ਦਿਨਾਂ ਵਿਚ ਤੀਜੀ ਕੋਸ਼ਿਸ਼ ਕਰ ਸਕਦੀ ਹੈ। ਇਸੇ ਦਰਮਿਆਨ ਭਾਜਪਾ ਨੇ ਝਾਰਖੰਡ ਦੀ ਰਾਜਪਾਲ ਰਹੀ ਦਰੋਪਦੀ ਮੁਰਮੂ ਨੂੰ ਰਾਸ਼ਟਰਪਤੀ ਅਹੁਦੇ ਦਾ ਉਮੀਦਵਾਰ ਬਣਾਇਆ ਹੈ। ਉਨ੍ਹਾਂ ਦਾ ਜਿੱਤਣਾ ਲਗਭਗ ਤੈਅ ਹੈ। ਭਾਜਪਾ ਦੇ ਇਸ ਇਕ ਫ਼ੈਸਲੇ ਨਾਲ ਉਸ ਨੇ ਆਦਿਵਾਸੀ ਵਿਰੋਧੀ ਹੋਣ ਦੇ ਆਪਣੇ ਅਕਸ ਨੂੰ ਬਦਲਿਆ ਹੈ। ਝਾਰਖੰਡ ਦੇ ਆਦਿਵਾਸੀ ਵਿਧਾਇਕਾਂ ਨੂੰ ਵੀ ਹੁਣ ਭਾਜਪਾ ਦੇ ਨਾਲ ਜਾਣ ਵਿਚ ਕੋਈ ਪ੍ਰੇਸ਼ਾਨੀ ਨਹੀਂ ਹੋਵੇਗੀ। ਪਿਛਲੀਆਂ ਚੋਣਾਂ 'ਚ ਭਾਜਪਾ ਨੂੰ 25 ਸੀਟਾਂ ਮਿਲੀਆਂ ਸਨ, ਜਿਨ੍ਹਾਂ 'ਚ ਸਿਰਫ਼ ਦੋ ਆਦਿਵਾਸੀ ਜਿੱਤੇ ਸਨ। ਪਹਿਲਾ ਗ਼ੈਰ ਆਦਿਵਾਸੀ ਮੁੱਖ ਮੰਤਰੀ ਬਣਾਉਣ ਨਾਲ ਭਾਜਪਾ ਦਾ ਅਕਸ ਆਦਿਵਾਸੀ ਵਿਰੋਧੀ ਦਾ ਬਣ ਗਿਆ ਸੀ, ਜੋ ਹੁਣ ਬਦਲ ਜਾਵੇਗਾ। ਇਸ ਲਈ ਝਾਰਖੰਡ ਵਿਚ ਹੁਣ ਤੋਂ ਹੀ ਕਿਆਸ ਅਰਾਈਆਂ ਦਾ ਦੌਰ ਸ਼ੁਰੂ ਹੋ ਗਿਆ ਹੈ। ਫਿਲਹਾਲ 'ਆਪ੍ਰੇਸ਼ਨ ਲੋਟਸ' ਸਫ਼ਲ ਨਾ ਹੋਣ ਦੀ ਇਕ ਸਥਿਤੀ ਇਹ ਬਣ ਰਹੀ ਹੈ ਕਿ ਰਾਜ ਵਿਚ ਇਕ ਸੀਟ 'ਤੇ ਵਿਧਾਨ ਸਭਾ ਦੀ ਉਪ ਚੋਣ ਹੋ ਰਹੀ ਹੈ, ਜਿਸ 'ਤੇ ਕਾਂਗਰਸ ਦੇ ਜਿੱਤਣ ਦੀ ਮਜ਼ਬੂਤ ਸੰਭਾਵਨਾ ਹੈ। ਜੇਕਰ ਕਾਂਗਰਸ ਜਿੱਤਦੀ ਹੈ ਤਾਂ ਉਸ ਦੇ ਵਿਧਾਇਕਾਂ ਦੀ ਗਿਣਤੀ ਵਧੇਗੀ ਅਤੇ ਉਦੋਂ ਉਸ ਦੇ ਦੋ-ਤਿਹਾਈ ਵਿਧਾਇਕਾਂ ਨੂੰ ਤੋੜਨਾ ਥੋੜ੍ਹਾ ਹੋਰ ਮੁਸ਼ਕਲ ਹੋ ਜਾਵੇਗਾ।ਮਹਾਰਾਸ਼ਟਰ ਦੇ ਘਟਨਾਕ੍ਰਮ ਤੋਂ ਬਾਅਦ ਇਸ ਤਰ੍ਹਾਂ ਦੀਆਂ ਕਈ ਖ਼ਬਰਾਂ ਆਈਆਂ ਹਨ ਕਿ ਮੁੱਖ ਮੰਤਰੀ ਊਧਵ ਠਾਕਰੇ ਨੂੰ ਕਈ ਮਹੀਨਿਆਂ ਤੋਂ ਪਤਾ ਸੀ ਕਿ ਉਨ੍ਹਾਂ ਦੀ ਪਾਰਟੀ 'ਵਿਚ ਬਗਾਵਤ ਦੀ ਤਿਆਰੀ ਹੋ ਰਹੀ ਹੈ। ਐਨ.ਸੀ.ਪੀ. ਸੁਪਰੀਮੋ ਸ਼ਰਦ ਪਵਾਰ ਸਮੇਤ ਕਈਆਂ ਆਗੂਆਂ ਰਾਹੀਂ ਉਨ੍ਹਾਂ ਨੂੰ ਜਾਣਕਾਰੀ ਮਿਲ ਗਈ ਸੀ ਕਿ ਸ਼ਿਵ ਸੈਨਾ ਦੇ ਅੰਦਰ ਸਭ ਠੀਕ ਨਹੀਂ ਹੈ ਅਤੇ ਉਨ੍ਹਾਂ ਨੂੰ ਆਪਣਾ ਘਰ ਠੀਕ ਕਰਨਾ ਚਾਹੀਦਾ ਹੈ। ਸਵਾਲ ਹੈ ਕਿ ਜਦੋਂ ਊਧਵ ਠਾਕਰੇ ਜਾਣਦੇ ਸਨ ਤਾਂ ਉਨ੍ਹਾਂ ਨੇ ਸਮਾਂ ਰਹਿੰਦਿਆਂ ਸੰਕਟ-ਪ੍ਰਬੰਧ ਕਿਉਂ ਨਹੀਂ ਕੀਤਾ? ਇਸ ਦਾ ਇਕ ਕਾਰਨ ਤਾਂ ਊਧਵ ਠਾਕਰੇ ਦੀ ਸਿਹਤ ਖ਼ਰਾਬ ਸੀ, ਜਿਸ ਨਾਲ ਉਹ ਆਪਣੀ ਪਾਰਟੀ ਦੇ ਨੇਤਾਵਾਂ ਤੋਂ ਦੂਰ ਰਹੇ ਸਨ। ਇਸ ਤੋਂ ਇਲਾਵਾ ਇਕ ਵੱਡਾ ਕਾਰਨ ਇਹ ਹੈ ਕਿ ਸ਼ਿਵ ਸੈਨਾ ਦੇ ਕੋਲ ਕੋਈ ਪ੍ਰਬੰਧਕ ਨਹੀਂ ਹੈ। ਇਸ ਤੋਂ ਪਹਿਲਾਂ ਮਹਾ ਵਿਕਾਸ ਅਘਾੜੀ ਬਣੀ ਅਤੇ ਊਧਵ ਠਾਕਰੇ ਮੁੱਖ ਮੰਤਰੀ ਬਣੇ ਤਾਂ ਉਸ ਦੇ ਪਿੱਛੇ ਸ਼ਰਦ ਪਵਾਰ ਦਾ ਪ੍ਰਬੰਧ ਸੀ। ਬਾਅਦ 'ਚ ਵੀ ਗੱਠਜੋੜ ਸਰਕਾਰ ਚਲਾਈ ਰੱਖਣ 'ਚ ਪਵਾਰ ਦਾ ਪ੍ਰਬੰਧ ਹੀ ਕੰਮ ਕਰਦਾ ਰਿਹਾ। ਪਹਿਲੀ ਵਾਰ ਸ਼ਿਵ ਸੈਨਾ 'ਚ ਸੰਕਟ ਪੈਦਾ ਹੋਇਆ ਅਤੇ ਉਹ ਬੇਕਾਬੂ ਹੋ ਗਿਆ, ਕਿਉਂਕਿ ਪਿਛਲੇ ਦੋ ਦਹਾਕਿਆਂ 'ਚ ਸ਼ਿਵ ਸੈਨਾ ਨੇ ਕੋਈ ਪ੍ਰਬੰਧਕ ਨਹੀਂ ਬਣਾਇਆ। ਉਸ ਦੇ ਚੋਟੀ ਦੇ ਨੇਤਾ ਭਾਵ ਠਾਕਰੇ ਪਰਿਵਾਰ ਮੰਨਦਾ ਰਿਹਾ ਕਿ ਕੋਈ ਵੀ ਸ਼ਿਵ ਸੈਨਿਕ ਬਾਗ਼ੀ ਹੋਣ ਬਾਰੇ ਸੋਚ ਹੀ ਨਹੀਂ ਸਕਦਾ। ਬਾਲ ਠਾਕਰੇ ਦੇ ਜ਼ਮਾਨੇ 'ਚ ਸ਼ਿਵ ਸੈਨਾ ਦੇ ਕੋਲ ਮਨੋਹਰ ਜੋਸ਼ੀ, ਛਗਨ ਭੁਜਬਲ, ਨਾਰਾਇਣ ਰਾਣੇ ਵਰਗੇ ਨੇਤਾ ਸਨ, ਜੋ ਹਰਮਨ ਪਿਆਰੇ ਵੀ ਸਨ ਅਤੇ ਪ੍ਰਬੰਧਾਂ 'ਚ ਵੀ ਮਾਹਿਰ ਸਨ। ਹੁਣ ਲੈ ਦੇ ਕੇ ਇਕ ਸੰਜੈ ਰਾਊਤ ਬਚੇ ਹਨ, ਪਰ ਉਹ ਵੀ ਬਿਆਨ ਦੇਣ ਵਾਲੇ ਨੇਤਾ ਅਤੇ ਬੁਲਾਰੇ ਹਨ, ਪ੍ਰਬੰਧਕ ਨਹੀਂ।