ਗਾਇਕਾ ਜੈਨੀ ਜੌਹਲ ਦਾ ਗੀਤ ‘ਲੈਟਰ ਟੂ ਸੀਐੱਮ’ ਤੋਂ ਪੰਜਾਬ ਸਰਕਾਰ ਡਰੀ   

ਗਾਇਕਾ ਜੈਨੀ ਜੌਹਲ ਦਾ ਗੀਤ ‘ਲੈਟਰ ਟੂ ਸੀਐੱਮ’ ਤੋਂ ਪੰਜਾਬ ਸਰਕਾਰ ਡਰੀ   

*ਯੂਟਿਊਬ ਤੋਂ ਹਟਾਇਆ ਗੀਤ,ਜੈਨੀ  ਦੇ ਗੀਤ 'ਦੇ ਤਿੱਖੇ ਬੋਲਾਂ ਨਾਲ ਭੱਖੀ ਸਿਆਸਤ, ਗਾਇਕਾ ਨੂੰ ਮਿਲੀ ਐਫ ਆਈ ਆਰ ਦੀ ਧਮਕੀ

ਮੂਸੇਵਾਲਾ ਦੇ ਮਾਪਿਆਂ ਨੇ ਮਾਨ ਸਰਕਾਰ 'ਤੇ ਸਵਾਲ ਚੁੱਕੇ ਕਿ ਇਨਸਾਫ਼ ਮੰਗਣ ਵਾਲਿਆਂ ਨੂੰ ਧਮਕਾਇਆ ਜਾ ਰਿਹੈ 

ਇਸ ਬੈਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਤੇ  ਕੇਜਰੀਵਾਲ ਨੂੰ ਪੰਜਾਬੀਆਂ ਤੇ ਰਾਜਨੀਤਕ  ਆਗੂਆਂ  ਨੇ  ਵੀ ਨਿੰਦਿਆ                                    

  ਵਿਸ਼ੇਸ਼ ਰਿਪੋਰਟ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ’ਵਿਚ ਇਨਸਾਫ਼ ਦੀ ਮੰਗ ਲਈ ਪੰਜਾਬੀ ਗਾਇਕਾ ਜੈਨੀ ਜੌਹਲ ਦਾ ਨਵਾਂ ਗੀਤ ਯੂਟਿਊਬ ਤੋਂ ਹਟਾ ਦਿੱਤਾ ਗਿਆ ਹੈ।ਇਸ ਗੀਤ ਦੇ ਬੋਲ ਹਨ ਕਿ ਮਹੀਨੇ ਚਾਰ ਗੁਜ਼ਰ ਗਏ ਜੀ, ਸੀਐੱਮ ਜੀ ਦੱਸੋ ਜਸਟਿਸ ਕਿੱਥੇ, ਕਰਮਾ ਵਾਲੀ ਉਜੜ ਗਈ, ਸਾਡੀ ਲਾਡੋ ਉਜੜ ਗਈ, ਤੁਸਾਂ ਨੇ ਚੁੰਨੀਆਂ ਲਾਲ ਰੰਗਾਈਆਂ, ਘਰ ਸਾਡੇ ਵੈਨ ਪਏ, ਗੂੰਜਣ ਥੋਡੇ ਘਰ ਸ਼ਹਿਨਾਈਆਂ।"

ਇਹ ਸਤਰਾਂ ਪੰਜਾਬੀ ਗਾਇਕਾ ਜੈਨੀ ਜੌਹਲ ਦੇ ਨਵੇਂ ਗਾਣੇ 'ਲੈਟਰ ਟੂ ਸੀਐੱਮ' ਦੀਆਂ ਹਨ। ਜੈਨੀ ਜੌਹਲ ਨੇ ਇਸ ਗੀਤ ਵਿੱਚ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ 'ਵਿਚ ਇਨਸਾਫ਼ ਲਈ ਕਥਿਤ ਤੌਰ 'ਤੇ ਦੇਰੀ ਹੋਣ ਨੂੰ ਲੈ ਕੇ ਪੰਜਾਬ ਸਰਕਾਰ ਦੀ ਅਲੋਚਨਾ ਕੀਤੀ ਹੈ।ਗੀਤ ਨੂੰ ਬਲਾਕ ਕਰਨ ਦਾ ਕਾਰਨ ਕਾਪੀਰਾਈਟ ਵਿਵਾਦ ਦੱਸਿਆ ਗਿਆ ਹੈ।ਜਦਕਿ ਆਮ ਪੰਜਾਬੀਆਂ ਦਾ ਸ਼ੋਸ਼ਲ ਮੀਡੀਆ ਉਪਰ ਮੰਨਣਾ ਹੈ ਕਿ ਸਰਕਾਰ ਨੇ ਆਪਣੀ ਆਲੋਚਨਾ ਕਾਰਣ ਖੁਣਸ ਖਾ ਕੇ ਇਹ ਗੀਤ ਹਟਾਇਆ ਹੈ। ਫ਼ਿਰ ਵੀ ਗਾਣੇ ਦੇ ਕੁਝ ਕਲਿਪ ਸੋਸ਼ਲ ਮੀਡੀਆ ਉੱਪਰ ਲਗਾਤਾਰ ਸ਼ੇਅਰ ਹੋ ਰਹੇ ਹਨ।8 ਅਕਤੂਬਰ ਨੂੰ ਰਿਲੀਜ਼ ਹੋਏ ਜੈਨੀ ਦੇ ਇਸ ਗੀਤ ਨੇ ਪੰਜਾਬ ਦੀ ਸਿਆਸਤ ’ਵਿਚ ਹਲਚਲ ਮਚਾ ਦਿੱਤੀ ਹੈ। ਇਸ ਗੀਤ ਦਾ ਟਾਈਟਲ ‘ਲੈਟਰ ਟੂ ਮੁੱਖ ਮੰਤਰੀ’ ਹੈ। ਇਸ ਗੀਤ ’ਵਿਚ ਜੈਨੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿੱਧਾ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਚਾਰ ਮਹੀਨੇ ਬੀਤ ਚੁੱਕੇ ਹਨ, ਦੱਸੋ ਇਨਸਾਫ਼ ਕਿੱਥੇ ਹੈ। ਇਸ ਗੀਤ ਨੂੰ ਖ਼ੁਦ ਜੈਨੀ ਨੇ ਲਿਖਿਆ ਹੈ ਅਤੇ ਇਸ ਦਾ ਸੰਗੀਤ ਪ੍ਰਿੰਸ ਸੱਗੂ ਨੇ ਦਿੱਤਾ ਹੈ। ਜੈਨੀ ਦਾ ਇਹ ਗੀਤ 8 ਅਕਤੂਬਰ ਸ਼ਨਿਚਰਵਾਰ ਨੂੰ ਹੀ ਯੂਟਿਊਬ ’ਤੇ ਰਿਲੀਜ਼ ਹੋਇਆ ਸੀ। ਇਸ ਗੀਤ ਨੂੰ ਬਲਾਕ ਹੋਣ ਤੱਕ 2 ਲੱਖ 32 ਹਜ਼ਾਰ 463 ਲੋਕਾਂ ਨੇ ਦੇਖਿਆ ਸੀ। 4.14 ਮਿੰਟ ਦੇ ਇਸ ਗੀਤ ਨੂੰ 47 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। ਗੀਤ ਵਿੱਚ ਮੁੱਖ ਮੰਤਰੀ ਗੁਜਰਾਤ ’ਵਿਚ ਵੋਟਾਂ ਲਈ ਘੁੰਮਣ ਅਤੇ ਸਿੱਧੂ ਮੂਸੇਵਾਲਾ ਦੇ ਮਾਪਿਆਂ ਵੱਲੋਂ ਇਨਸਾਫ਼ ਦੀ ਉਡੀਕ ਦਾ ਜ਼ਿਕਰ ਕੀਤਾ ਗਿਆ ਹੈ। ਇਸ ਵਿੱਚ ਵਿਧਾਨ ਸਭਾ ਚੋਣਾਂ ਵਿੱਚ ‘ਆਪ’ ਦੀ ਰਿਕਾਰਡ ਤੋੜ ਜਿੱਤ ਦਾ ਵੀ ਜ਼ਿਕਰ ਹੈ। ਇਸ ਗੀਤ ਨੂੰ ਸੁਣਨ ਤੋਂ ਬਾਅਦ ਸਿੱਧੂ ਦੇ ਪ੍ਰਸ਼ੰਸਕ ਕੁਮੈਂਟ ਕਰ ਕੇ ਇਨਸਾਫ਼ ਦੀ ਮੰਗ ਕਰ ਰਹੇ ਹਨ। ਗੀਤ ਵਿੱਚ ਗਾਇਕਾ ਨੇ ਸਵਾਲ ਕੀਤਾ ਹੈ ਕਿ ਸਿੱਧੂ ਮੂਸੇਵਾਲ ਦੀ ਸੁਰੱਖਿਆ ’ਵਿਚ ਕਟੌਤੀ ਕਰ ਕੇ ਤਾਰੀਫ਼ ਲੁੱਟਣ ਵਾਲਿਆਂ ਦੀ ਸੂਚੀ ਜਨਤਕ ਕਰਨ ਵਾਲੇ ਅਫ਼ਸਰਾਂ ਦਾ ਅਜੇ ਤੱਕ ਖ਼ੁਲਾਸਾ ਕਿਉਂ ਨਹੀਂ ਕੀਤਾ ਗਿਆ।  ਜੈਨੀ ਜੌਹਲ ਦੇ ਗੀਤ ਨੂੰ ਸੁਣਨ ਤੋਂ ਬਾਅਦ ਨਾ ਸਿਰਫ ਪ੍ਰਸ਼ੰਸ਼ਕ ਬਲਕਿ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਗਾਇਕਾ ਦੇ ਸਮਰਥਨ ਵਿੱਚ ਉੱਤਰੇ ਹਨ। ਮੂਸੇਵਾਲਾ ਦੇ ਮਾਪਿਆਂ ਨੇ ਮਾਨ ਸਰਕਾਰ 'ਤੇ ਕਈ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਇਨਸਾਫ਼ ਮੰਗਣ ਵਾਲਿਆਂ ਨੂੰ ਧਮਕਾਇਆ ਜਾ ਰਿਹਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਗਾਇਕਾ ਜੈਨੀ ਜੌਹਲ ਨੂੰ 'ਲੈਟਰ ਟੂ ਸੀਐੱਮ ਗਾਉਣ 'ਤੇ ਐਫ ਆਈ ਆਰ ਦੀਆਂ ਧਮਕੀਆਂ ਮਿਲ ਰਹੀਆਂ ਹਨ।ਇਸ ਦੌਰਾਨ ਗੱਲ ਕਰਦਿਆਂ ਮੂਸੇਵਾਲਾ ਦੀ ਮਾਂ ਨੇ ਕਿਹਾ ਕਿ ਜੈਨੀ ਜੌਹਲ ਨਾਲ ਅਸੀਂ ਵੀ ਜੇਲ੍ਹ ਜਾਣ ਨੂੰ ਤਿਆਰ ਹਾਂ। ਬਲਕੌਰ ਸਿੰਘ ਨੇ ਕਿਹਾ ਕਿ ਜੈਨੀ ਨੇ ਨਾ ਸਿਰਫ਼ ਸਾਡਾ ਦੁੱਖ, ਦਰਦ ਸੁਣਾਇਆ ਬਲਕਿ ਇਹ ਵੀ ਕਿਹਾ ਕਿ ਅੱਜ ਸਰਕਾਰ ਲਈ ਸਾਡਾ ਦਰਦ ਸੁਣਨਾ ਔਖਾ ਹੋ ਗਿਆ।

ਯਾਦ ਰਹੇ ਕਿ 29 ਮਈ ਨੂੰ ਮਾਨਸਾ ਦੇ ਪਿੰਡ ਜਵਾਹਰਕੇ ਵਾਲਾ ਵਿੱਚ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ।ਪੁਲਿਸ ਵੱਲੋਂ ਇਸ ਮਾਮਲੇ ਵਿੱਚ ਹੁਣ ਤੱਕ 34 ਲੋਕਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਮੂਸੇਵਾਲਾ ਦੇ ਕਤਲ ਦਾ ਮਾਸਟਰਮਾਂਈਂਡ ਗੋਲਡੀ ਬਰਾੜ ਨੂੰ ਮੰਨਿਆ ਜਾ ਰਿਹਾ ਹੈ ਜਿਸ ਨੇ ਲਾਰੈਂਸ ਬਿਸ਼ਨੋਈ ਨਾਲ ਮਿਲ ਕੇ ਇਸ ਕਤਲ ਦੀ ਸਾਜਿਸ਼ ਘੜੀ ਸੀ।

                                         ਵਿਰੋਧੀ ਧਿਰਾਂ ਵਲੋਂ ਆਲੋਚਨਾ

ਵਿਰੋਧੀ ਧਿਰਾਂ ਗੀਤ ਨੂੰ ਹਟਾਏ ਜਾਣ ਕਾਰਨ ਸਰਕਾਰ ਉੱਪਰ ਨਿਸ਼ਾਨੇ ਸਾਧ ਰਹੀਆਂ ਹਨ।ਵਿਰੋਧੀ ਧਿਰਾਂ ਵੱਲੋਂ ਪੰਜਾਬ ਸਰਕਾਰ ਦੀ ਅਲੋਚਨਾਬਠਿੰਡਾ ਤੋਂ ਲੋਕ ਸਭਾ ਮੈਂਬਰ ਹਰਸਿਮਰਤ ਕੌਰ ਬਾਦਲ ਨੇ ਜੈਨੀ ਜੌਹਲ ਦੇ ਗਾਣੇ ਨੂੰ ਯੂਟਿਉੂਬ ਤੋਂ ਹਟਾਏ ਜਾਣ ਦੀ ਨਿੰਦਾ ਕੀਤੀ ਹੈ।ਹਰਸਿਮਰਤ ਕੌਰ ਬਾਦਲ ਨੇ ਲਿਖਿਆ, "ਜੈਨੀ ਜੌਹਲ ਦੇ ਗੀਤ 'ਤੇ ਪਾਬੰਦੀ ਲਗਾਉਣਾ ਨਿੰਦਣਯੋਗ ਹੈ ਕਿਉਂਕਿ ਇਹ ਅਜੋਕੇ ਹਾਕਮਾਂ ਦੀ ਵੱਧ ਰਹੀ ਅਸਹਿਣਸ਼ੀਲਤਾ ਅਤੇ ਤਾਨਾਸ਼ਾਹ ਮਾਨਸਿਕਤਾ ਦਾ ਪ੍ਰਤੀਕ ਹੈ।ਇਸ ਗੀਤ ਤੋਂ ਪਾਬੰਦੀ ਤੁਰੰਤ ਹਟਾਈ ਜਾਵੇ।" ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਹੈ ਕਿ  ਸੱਚ ਬੋਲਣ ਵਾਲੇ ਗੀਤ ਬੈਨ ਕਿਉਂ ਕੀਤੇ ਜਾ ਰਹੇ ਹਨ ?     

 ਕਾਂਗਰਸ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਲਿਖਿਆ ਹੈ, ''ਮੈਂ ਜੈਨੀ ਜੌਹਲ ਦੇ ਗੀਤ ਉੱਪਰ ਪਾਬੰਦੀ ਲਗਾਉਣ ਦੀ ਨਿੰਦਾ ਕਰਦਾ ਹਾਂ। ਜੈਨੀ ਨੇ ਮੁੱਖ ਮੰਤਰੀ ਦੇ ਪਰਿਵਾਰਕ ਸ਼ਾਸਨ ਦਾ ਪਰਦਾਫਾਸ਼ ਕਰਨ ਦੇ ਨਾਲ-ਨਾਲ ਉਨ੍ਹਾਂ ਦੀ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਪਰਦਾਫਾਸ਼ ਕੀਤਾ ਹੈ।ਉਹਨਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਨੇ ਕਲਾਕਾਰਾਂ ਨੂੰ ਵੀ ਨਹੀਂ ਬਖਸ਼ਿਆ।'

ਜੱਸੀ ਜਸਰਾਜ ਨੇ ਫੇਸਬੁੱਕ ’ਤੇ ਜੈਨੀ ਦੇ ਗੀਤ ਦੇ ਪ੍ਰੋਮੋ ਨੂੰ ਸਾਂਝਾ ਕਰਦਿਆਂ ਲਿਖਿਆ, ‘‘ਸੱਚ ਹੀ ਤਾਂ ਗਾਇਆ, ਇੰਨੀ ਤਕਲੀਫ ਸੀ. ਐੱਮ. ਸਾਬ੍ਹ। ਸ਼ਹੀਦ ਭਗਤ ਸਿੰਘ ਜੀ ਨੇ ਬੋਲਣ ਦਾ ਅਧਿਕਾਰ, ਪ੍ਰਗਟਾਵੇ ਦਾ ਅਧਿਕਾਰ ਲਿਆ ਕੇ ਦਿੱਤਾ ਤੇ ਤੁਸੀਂ ਸ਼ਹੀਦਾਂ ਦੇ ਖ਼ਿਲਾਫ਼ ਕਿਉਂ?’’

ਕੌਣ ਹਨ ਜੈਨੀ ਜੌਹਲ ?

ਜੈਨੀ ਜਲੰਧਰ ਦੀ ਜੰਮਪਲ ਹੈ ਅਤੇ ਉਥੇ ਹੀ ਉਨ੍ਹਾਂ ਨੇ ਆਪਣੀ ਪੜਾਈ ਜਲੰਧਰ ਤੋਂ ਪੂਰੀ ਕੀਤੀ।ਸਾਲ 2015 ਵਿੱਚ ਆਪਣੇ ਮਸ਼ਹੂਰ ਗਾਣੇ 'ਯਾਰੀ ਜੱਟੀ ਦੀ' ਨਾਲ ਆਪਣੀ ਪਛਾਣ ਬਣਾਈ ਸੀ।ਜੈਨੀ ਨੂੰ ਗਾਉਣ ਲਈ ਸਿਧੂ ਮੂਸੇਵਾਲ ਦੇ ਪਰਿਵਾਰ ਦਾ ਪੂਰਾ ਸਹਿਯੋਗ ਮਿਲਿਆ ਅਤੇ ਉਨ੍ਹਾਂ ਦੀ ਮਾਂ ਨੇ ਉਨ੍ਹਾਂ ਨੂੰ ਉਸਤਾਦ ਭੁਪਿੰਦਰ ਸਿੰਘ ਕੋਲ ਸੰਗੀਤ ਦੀ ਸਿੱਖਿਆ ਲਈ ਭੇਜਿਆ।ਜੈਨੀ ਨੇ ਵੋਕਲ ਮਿਊਜ਼ਿਕ ਵਿੱਚ ਐੱਮਏ ਕੀਤੀ ਹੋਈ ਹੈ।ਜੈਨੀ ਅਕਸਰ ਜੋਸ਼ ਅਤੇ ਉਤਸ਼ਾਹ ਭਰੀ ਅਵਾਜ਼ ਵਿੱਚ ਗਾਣੇ ਗਾਉਂਦੀ ਹੈ।ਉਸ ਨੇ ਸਾਲ 2015 ਵਿੱਚ ਆਪਣੇ ਮਸ਼ਹੂਰ ਗਾਣੇ 'ਯਾਰੀ ਜੱਟੀ ਦੀ' ਨਾਲ ਆਪਣੀ ਪਛਾਣ ਬਣਾਈ ਸੀ।ਗਾਣੇ ਦੇ ਬੋਲ ਸਨ, "ਸੱਪਾਂ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ, ਬੁਰਾ ਹਾਲ ਹੋਇਆ ਨੀ ਜੱਟਾਂ ਦੇ ਪੁੱਤ ਦਾ"ਇਸ ਤੋਂ ਇਲਾਵਾ ਉਨ੍ਹਾਂ ਨੇ ਬਲਕਾਰ ਸਿੱਧੂ ਨਾਲ 'ਮਾਝੇ ਦੀਏ ਮੋਮਬੱਤੀਏ' ਵੀ ਗਾਇਆ।ਉਨ੍ਹਾਂ ਦੇ ਹੋਰ ਮਸ਼ਹੂਰ ਗੀਤਾਂ ਵਿੱਚ "ਖੜਾਕੇ" "ਜੱਟੀ ਵੇ ਗੋਲਡ ਵਰਗੀ", "ਨਖ਼ਰਾ", "ਮੱਠਾ-ਮੱਠਾ ਲਾਈ ਫ਼ਿਰਦਾ", "ਝਾਂਜਰਾਂ" ਅਤੇ "ਬੇਗੀ ਬਣ ਰਹਿੰਦੀ ਹੈ ਰਕਾਣ ਜੱਟ ਦੀ" ਆਦਿ ਸ਼ਾਮਿਲ ਹਨ।ਜੈਨੀ ਜੌਹਲ ਨੇ ਬੰਟੀ ਬੈਂਸ ਨਾਲ ਕਾਫ਼ੀ ਕੰਮ ਕੀਤਾ ਹੈ। ਉਨ੍ਹਾਂ ਕੁਝ ਸਮਾਂ ਸਿੱਧੂ ਮੂਸੇਵਾਲਾ ਨਾਲ ਵੀ ਕੰਮ ਕੀਤਾ ਸੀ।ਗਾਇਕਾ ਜੈਨੀ ਜੌਹਲ ਕਹਿੰਦੀ ਹੈ ਕਿ ਸਿੱਧੂ ਮੂਸੇਵਾਲਾ ਨੇ ਬੁਰੇ ਸਮੇਂ ਵਿੱਚ ਉਨ੍ਹਾਂ ਦੀ ਸਹਾਇਤਾ ਕੀਤੀ ਅਤੇ ਉਨ੍ਹਾਂ ਦੇ ਨਾਲ ਖੜ੍ਹੇ ਸਨ।ਜੈਨੀ ਜੌਹਲ ਨੇ ਮੂਸੇਵਾਲਾ ਨਾਲ ਇੱਕ ਗਾਣਾ "ਅੱਥਰਾ ਸਟਾਇਲ" ਵੀ ਗਾਇਆ ਸੀ।

ਯੂਟਿਊਬ ਤੋਂ ਹਟਾਏ ਗਏ ਹੋਰ ਪੰਜਾਬੀ ਗੀਤ

ਪੰਜਾਬੀ ਗਾਇਕ ਕੰਵਰ ਗਰੇਵਾਲ ਦੇ ਗਾਣੇ 'ਰਿਹਾਈ' ਨੂੰ ਭਾਰਤ ਵਿੱਚ ਯੂਟਿਊਬ ਵੱਲੋਂ ਸਰਕਾਰ ਦੀ ਸ਼ਿਕਾਇਤ ਤੋਂ ਬਾਅਦ ਹਟਾ ਦਿੱਤਾ ਗਿਆ ਸੀ।ਕੰਵਰ ਗਰੇਵਾਲ ਦਾ ਇਹ ਗਾਣਾ ਸਿੱਖ ਕੈਦੀਆਂ ਦੀ ਰਿਹਾਈ ਦੀ ਮੰਗ ਕਰਦਾ ਸੀ।ਰਿਹਾਈ' ਗਾਣੇ ਦੇ ਬੋਲਾਂ ਵਿੱਚ ਗਰੇਵਾਲ ਕਹਿੰਦੇ ਹਨ, ''ਅਸੀਂ ਕਿਹੜਾ ਥੋਂਥੋ ਬਾਦਸ਼ਾਈ ਮੰਗ ਰਹੇ ਆ, ਅਸੀਂ ਬੰਦੀ ਸਿੰਘਾਂ ਦੀ ਰਿਹਾਈ ਮੰਗ ਰਹੇ ਆ।'''ਰਿਹਾਈ' ਗਾਣਾ 2 ਜੁਲਾਈ ਨੂੰ ਕੰਵਰ ਗਰੇਵਾਲ ਦੇ ਅਧਿਕਾਰਿਤ ਯੂਟਿਊਬ ਚੈਨਲ ਉੱਪਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਗੀਤਕਾਰ ਵਰੀ ਰਾਏ ਨੇ ਲਿਖਿਆ ਸੀ।ਇਸ ਤੋਂ ਪਹਿਲਾਂ ਸਿੱਧੂ ਮੂਸੇਵਾਲਾ ਦੇ ਗੀਤ ਐੱਸਵਾਈਐੱਲ ਨੂੰ ਵੀ ਹਟਾ ਦਿੱਤਾ ਗਿਆ ਸੀ, ਉਨ੍ਹਾਂ ਦੀ ਮੌਤ ਤੋਂ ਬਾਅਦ ਰਿਲੀਜ਼ ਹੋਇਆ ਸੀ।