ਜਾਪਾਨ, ਇਟਲੀ ਅਤੇ ਜਰਮਨੀ ਵਿਚ ਬਜ਼ੁਰਗਾਂ ਦੀ ਵਧ ਰਹੀ ਅਬਾਦੀ ਸਾਮਾਜ  ਲਈ ਸੰਕਟ ਦਾ ਕਾਰਣ ਸਮਾਜ 

ਜਾਪਾਨ, ਇਟਲੀ ਅਤੇ ਜਰਮਨੀ ਵਿਚ ਬਜ਼ੁਰਗਾਂ ਦੀ ਵਧ ਰਹੀ ਅਬਾਦੀ ਸਾਮਾਜ  ਲਈ ਸੰਕਟ ਦਾ ਕਾਰਣ  ਸਮਾਜ 

                  ਭਾਰਤ ਅਤੇ ਇਜ਼ਰਾਈਲ ਵਰਗੇ ਮੁਲਕਾਂ ਵਿਚ ਅੱਜ ਲਗਭਗ 65-70 ਫ਼ੀਸਦੀ ਆਬਾਦੀ ਨੌਜਵਾਨਾਂ ਦੀ ਹੈ

ਅੱਜ ਦੁਨੀਆ ਦੀ ਕੁੱਲ ਆਬਾਦੀ 8 ਅਰਬ (8 ਬਿਲੀਅਨ) ਹੋ ਚੁੱਕੀ ਹੈ ਅਤੇ ਅਨੁਮਾਨ ਹੈ ਕਿ 2060 ਤੱਕ ਇਹ 10 ਅਰਬ ਹੋ ਜਾਏਗੀ। ਪ੍ਰੰਤੂ ਇਸ ਦੇ ਨਾਲ ਹੀ ਇਹ ਵੀ ਵੇਖਣ ਦੀ ਲੋੜ ਹੈ ਕਿ ਕਿਹੜੇ ਮੁਲਕ ਵਿਚ ਕਿੰਨੇ ਫ਼ੀਸਦੀ ਬੱਚੇ, ਕਿੰਨੇ ਨੌਜਵਾਨ ਅਤੇ ਕਿੰਨੇ ਬਜ਼ੁਰਗ ਹਨ। 15 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 64 ਸਾਲ ਤੋਂ ਉੱਪਰ ਦੇ ਬਜ਼ੁਰਗ ਆਸ਼ਰਿਤ ਨਾਗਰਿਕ ਮੰਨੇ ਜਾਂਦੇ ਹਨ ਜੋ ਕਿ ਆਮ ਕਰਕੇ 15 ਸਾਲ ਤੋਂ 64 ਸਾਲ ਤੱਕ ਦੇ ਕੰਮ ਕਰਨ ਵਾਲੇ ਨਾਗਰਿਕਾਂ ਉੱਤੇ ਹੀ ਨਿਰਭਰ ਹੁੰਦੇ ਹਨ। ਇਸ ਹਿਸਾਬ ਨਾਲ ਜਿਹੜੇ ਮੁਲਕਾਂ ਵਿਚ 15 ਸਾਲ ਤੋਂ 64 ਸਾਲ ਵਾਲੇ ਨਾਗਰਿਕਾਂ ਦੀ ਗਿਣਤੀ ਵੱਧ ਹੋਏਗੀ ਉਨ੍ਹਾਂ ਵਿਚ ਤਰੱਕੀ ਦੀ ਰਫ਼ਤਾਰ ਵੱਧ ਹੋਏਗੀ, ਪਰ ਸ਼ਰਤ ਇਹ ਹੈ ਕਿ ਮੁਲਕ ਵਿਚ ਬੇਰੁਜ਼ਗਾਰੀ ਘੱਟ ਤੋਂ ਘੱਟ ਹੋਵੇ। ਉਦਾਹਰਨ ਵਜੋਂ ਭਾਰਤ ਵਿਚ ਅੱਜ ਦੇ ਸਮੇਂ ਅਨੁਮਾਨਿਤ 26 ਫ਼ੀਸਦੀ ਬੱਚੇ, 7 ਫ਼ੀਸਦੀ ਬਜ਼ੁਰਗ ਅਤੇ 67 ਫ਼ੀਸਦੀ ਕੰਮ ਕਰਨ ਵਾਲੀ ਆਬਾਦੀ ਹੈ ਪਰ ਜਾਪਾਨ ਵਿਚ ਅੱਜ ਦੇ ਸਮੇਂ ਅਨੁਮਾਨਿਤ 12 ਫ਼ੀਸਦੀ ਬੱਚੇ, 29 ਫ਼ੀਸਦੀ ਬਜ਼ੁਰਗ ਅਤੇ 58 ਫ਼ੀਸਦੀ ਕੰਮ ਕਰਨ ਵਾਲੀ ਆਬਾਦੀ ਹੈ। ਇਸੇ ਤਰ੍ਹਾਂ ਇਟਲੀ, ਜਰਮਨੀ, ਯੂਨਾਨ, ਲਾਤਵੀਆ, ਲਿਥੂਆਨੀਆ ਅਤੇ ਪੋਲੈਂਡ ਵਰਗੇ ਮੁਲਕਾਂ ਵਿਚ ਵੀ ਬਜ਼ੁਰਗਾਂ ਦੀ ਪ੍ਰਤੀਸ਼ਤ ਆਬਾਦੀ ਵਧਦੀ ਜਾ ਰਹੀ ਹੈ ਅਤੇ ਨੌਜਵਾਨ ਘਟਦੇ ਜਾ ਰਹੇ ਹਨ।ਜਾਪਾਨ, ਇਟਲੀ ਅਤੇ ਜਰਮਨੀ ਵਰਗੇ ਮੁਲਕਾਂ ਵਿਚ ਤਾਂ ਅੱਜ ਹੀ ਬਜ਼ੁਰਗਾਂ ਨੂੰ ਸੰਭਾਲਣ ਵਾਲੇ ਲੋਕਾਂ ਦੀ ਬਹੁਤ ਹੀ ਘਾਟ ਹੈ। ਇਸ ਦੇ ਲਈ ਉਨ੍ਹਾਂ ਨੂੰ ਏਸ਼ੀਆ, ਅਫ਼ਰੀਕਾ ਅਤੇ ਦੱਖਣੀ ਅਮਰੀਕਾ ਦੇ ਇਲਾਕਿਆਂ ਤੋਂ ਨੈਨੀ ਦੇ ਰੂਪ ਵਿਚ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਪੈ ਰਹੀ ਹੈ। ਇਸੇ ਕਰਕੇ ਪੰਜਾਬ ਤੋਂ ਕੈਨੇਡਾ, ਅਮਰੀਕਾ, ਆਸਟ੍ਰੇਲੀਆ ਅਤੇ ਯੂਰਪ ਨੂੰ ਨੌਜਵਾਨਾਂ ਦੀਆਂ ਵਹੀਰਾਂ ਦੀਆਂ ਵਹੀਰਾਂ ਤੁਰੀਆਂ ਜਾ ਰਹੀਆਂ ਹਨ। ਇਸ ਦਾ ਵੱਡਾ ਕਾਰਨ ਇਹੀ ਹੈ ਕਿ ਉਹ ਮੁਲਕ ਬੁੱਢੇ ਹੁੰਦੇ ਜਾ ਰਹੇ ਹਨ ਅਤੇ ਅਸੀਂ ਉਨ੍ਹਾਂ ਨੂੰ ਜਵਾਨ ਕਰਨ ਲਈ ਜਾ ਰਹੇ ਹਾਂ। ਸਾਡੇ ਨੌਜਵਾਨ ਉੱਥੇ ਜਾ ਕੇ ਨੌਜਵਾਨਾਂ ਦੀ ਕਮੀ ਪੂਰੀ ਕਰ ਰਹੇ ਹਨ। ਪ੍ਰੰਤੂ ਕੀ ਇਸ ਨਾਲ ਸਾਡੇ ਮੁਲਕ ਨੂੰ ਨੌਜਵਾਨਾਂ ਦਾ ਘਾਟਾ ਨਹੀਂ ਸਹਿਣਾ ਪਏਗਾ? ਅੱਜ ਤਾਂ ਹੋ ਸਕਦਾ ਹੈ ਕਿ ਅਸੀਂ ਉਸ ਘਾਟੇ ਨੂੰ ਮਹਿਸੂਸ ਨਾ ਕਰੀਏ ਪ੍ਰੰਤੂ ਅਗਲੇ 20-30 ਸਾਲਾਂ ਵਿਚ ਸਾਨੂੰ ਪੰਜਾਬ ਵਾਲਿਆਂ ਨੂੰ ਤਾਂ ਇਹ ਘਾਟਾ ਸਾਫ਼ ਨਜ਼ਰ ਆਉਣ ਲੱਗ ਪਏਗਾ।

 ਇਹ ਵੀ ਚਿੰਤਾ ਦਾ ਵਿਸ਼ਾ ਹੈ ਕਿ 2050 ਵਿਚ ਦੁਨੀਆ ਦੀ ਕੁੱਲ ਬਜ਼ੁਰਗ ਆਬਾਦੀ ਦਾ 80 ਫ਼ੀਸਦੀ ਹਿੱਸਾ ਗ਼ਰੀਬ ਅਤੇ ਮੱਧਵਰਗੀ ਆਮਦਨ ਵਾਲੇ ਮੁਲਕਾਂ ਵਿਚ ਰਹਿ ਰਿਹਾ ਹੋਵੇਗਾ। ਇਹ ਵੀ ਇਕ ਸਮੱਸਿਆ ਹੋਏਗੀ ਕਿ ਉਦੋਂ ਤੱਕ ਸਾਂਝੇ ਪਰਿਵਾਰਾਂ ਦੀ ਗਿਣਤੀ ਤਕਰੀਬਨ ਨਾ ਦੇ ਬਰਾਬਰ ਹੀ ਰਹਿ ਸਕਦੀ ਹੈ। ਇਸ ਦਾ ਮਤਲਬ ਹੈ ਕਿ ਬਜ਼ੁਰਗ ਜਾਂ ਤਾਂ ਇਕੱਲੇ ਹੋਣਗੇ ਅਤੇ ਜਾਂ ਫਿਰ ਆਪਣੀ ਕੁਆਰੀ ਔਲਾਦ ਨਾਲ ਹੀ ਰਹਿ ਰਹੇ ਹੋਣਗੇ। ਬਹੁਤੇ ਪੱਛਮੀ ਮੁਲਕਾਂ ਵਿਚ ਤਾਂ ਅੱਜ ਵੀ ਇਹੀ ਹਾਲਾਤ ਹਨ।

ਭਾਰਤ ਅਤੇ ਇਜ਼ਰਾਈਲ ਵਰਗੇ ਮੁਲਕਾਂ ਵਿਚ ਅੱਜ ਲਗਭਗ 65-70 ਫ਼ੀਸਦੀ ਆਬਾਦੀ ਨੌਜਵਾਨਾਂ ਦੀ ਹੈ। ਇੱਥੋਂ ਅਸੀਂ ਇਹ ਅੰਦਾਜ਼ਾ ਸਹਿਜੇ ਹੀ ਲਗਾ ਸਕਦੇ ਹਾਂ ਕਿ ਇਨ੍ਹਾਂ ਮੁਲਕਾਂ ਵਿਚ ਅੱਜ ਤੋਂ 30-40 ਸਾਲ ਬਾਅਦ ਕੀ ਹਾਲਾਤ ਹੋਣਗੇ, ਕਿਉਂਕਿ ਅੱਜ ਜਿੰਨੇ ਵੱਧ ਨੌਜਵਾਨ ਹਨ ਓਨੇ ਹੀ ਵੱਧ ਕੱਲ੍ਹ ਨੂੰ ਬਜ਼ੁਰਗ ਹੋਣਗੇ ਅਤੇ ਨੌਜਵਾਨ ਘਟਦੇ ਜਾਣਗੇ ਕਿਉਂਕਿ ਹੁਣ ਸਾਡੀ ਜਨਮ ਦਰ ਪਹਿਲਾਂ ਨਾਲੋਂ ਘਟਦੀ ਜਾ ਰਹੀ ਹੈ। ਭਾਵੇਂ ਕਿ ਭਾਰਤ ਵਿਚ ਅੱਜ 26 ਫ਼ੀਸਦੀ ਬੱਚੇ ਹਨ ਜੋ ਕਿ ਅਗਲੇ ਸਾਲਾਂ ਵਿਚ ਨੌਜਵਾਨ ਆਬਾਦੀ ਬਣ ਕੇ ਦੇਸ਼ ਨੂੰ ਜਵਾਨ ਬਣਾਈ ਰੱਖਣਗੇ ਪ੍ਰੰਤੂ ਫਿਰ ਵੀ ਇਹ ਦੌਰ ਕਿੰਨਾ ਕੁ ਲੰਬਾ ਚੱਲੇਗਾ? ਜਲਦੀ ਹੀ ਉਹ ਸਮਾਂ ਆ ਜਾਏਗਾ ਜਦੋਂ ਬਜ਼ੁਰਗ ਆਬਾਦੀ ਇਕਦਮ ਵਧਣੀ ਸ਼ੁਰੂ ਹੋ ਜਾਏਗੀ। ਜਾਪਾਨ ਅਤੇ ਇਟਲੀ ਵਰਗੇ ਮੁਲਕਾਂ ਵਿਚ ਤਾਂ ਅੱਜ ਹੀ ਬੱਚਿਆਂ ਦੀ ਆਬਾਦੀ 13 ਫ਼ੀਸਦੀ ਤੋਂ ਵੀ ਘੱਟ ਹੈ। ਅਰਥਾਤ ਉਸੇ ਹਿਸਾਬ ਨਾਲ ਉੱਥੇ ਅਗਲੇ ਸਾਲਾਂ ਵਿਚ ਨੌਜਵਾਨ ਆਬਾਦੀ ਦੀ ਕਮੀ ਰਹੇਗੀ ਅਤੇ ਬਜ਼ੁਰਗ ਆਬਾਦੀ ਵਿਚ ਵਾਧਾ ਹੋਰ ਵੱਧ ਨਜ਼ਰ ਆਏਗਾ। ਮੰਨਿਆ ਜਾ ਰਿਹਾ ਹੈ ਕਿ 2030 ਤੱਕ ਜਾਪਾਨ ਵਿਚ ਕਾਮਿਆਂ ਦੀ ਗਿਣਤੀ ਅੱਜ ਨਾਲੋਂ 80 ਲੱਖ ਘਟ ਜਾਏਗੀ। ਚੀਨ ਵਰਗਾ ਮੁਲਕ ਜਿਸਨੇ ਹੁਣ ਤੱਕ ਕੇਵਲ ਇੱਕ ਹੀ ਬੱਚਾ ਪੈਦਾ ਕਰਨ ਦੀ ਨੀਤੀ ਜਾਰੀ ਰੱਖੀ ਹੋਈ ਸੀ, ਹੁਣ ਇਸ ਗੱਲੋਂ ਫ਼ਿਕਰਮੰਦ ਹੈ ਕਿ ਅਗਲੇ ਸਾਲਾਂ ਵਿਚ ਉੱਥੇ ਬਜ਼ੁਰਗ ਆਬਾਦੀ ਵਧਦੀ ਜਾਏਗੀ ਅਤੇ ਨੌਜਵਾਨ ਘਟਦੇ ਜਾਣਗੇ ਕਿਉਂਕਿ ਪਿਛਲੇ ਲੰਬੇ ਸਮੇਂ ਤੋਂ ਉੱਥੇ ਬੱਚੇ ਘੱਟ ਪੈਦਾ ਹੋਏ ਹਨ। ਇਹੀ ਹਾਲਤ ਆਉਣ ਵਾਲੇ 30-40 ਸਾਲਾਂ ਤੱਕ ਭਾਰਤ ਦੀ ਵੀ ਹੋਣ ਵਾਲੀ ਹੈ ਕਿਉਂਕਿ ਚੀਨ ਤੋਂ ਬਾਅਦ ਸਭ ਤੋਂ ਵੱਧ ਆਬਾਦੀ ਵਾਲਾ ਮੁਲਕ ਭਾਰਤ ਹੀ ਹੈ।

ਸਾਡੀ ਦੁਨੀਆ ਦਿਨੋ-ਦਿਨ ਬੁੱਢੀ ਹੁੰਦੀ ਜਾ ਰਹੀ ਹੈ ਅਤੇ ਇਸ ਨਾਲ ਕਈ ਮੁਲਕਾਂ ਵਿਚ ਬਜ਼ੁਰਗਾਂ ਵਾਸਤੇ ਚਲਾਈਆਂ ਜਾ ਰਹੀਆਂ ਕਲਿਆਣਕਾਰੀ ਯੋਜਨਾਵਾਂ ਨੂੰ ਫੰਡਾਂ ਦੀ ਘਾਟ ਹੋ ਰਹੀ ਹੈ। ਇਸ ਲਈ ਜਿਹੜੇ ਮੁਲਕਾਂ ਦੀਆਂ ਸਰਕਾਰਾਂ, ਜਨਤਕ ਸਿਹਤ ਲਈ ਘੱਟ ਬਜਟ ਰੱਖਦੀਆਂ ਹਨ, ਆਉਣ ਵਾਲੇ ਸਮੇਂ ਵਿਚ, ਉਨ੍ਹਾਂ ਮੁਲਕਾਂ ਦੇ ਪਰਿਵਾਰਾਂ ਨੂੰ ਵੱਧ ਬੋਝ ਉਠਾਉਣਾ ਪੈ ਸਕਦਾ ਹੈ। ਉਦਾਹਰਨ ਵਜੋਂ, ਭਾਰਤ ਵਰਗੇ ਮੁਲਕ ਨੇ 2004 ਵਿਚ ਹੀ ਪੁਰਾਣੀ ਪੈਨਸ਼ਨ ਸਕੀਮ ਬੰਦ ਕਰ ਦਿੱਤੀ ਸੀ ਅਤੇ ਉਸ ਦੀ ਥਾਂ ਉੱਤੇ ਨਵੀਂ ਪੈਨਸ਼ਨ ਸਕੀਮ ਲਾਗੂ ਕਰ ਦਿੱਤੀ ਸੀ। ਇਸ ਦਾ ਨੁਕਸਾਨ ਆਉਣ ਵਾਲੇ ਸਮੇਂ ਵਿਚ ਕੇਵਲ ਬਜ਼ੁਰਗਾਂ ਨੂੰ ਹੀ ਨਹੀਂ ਬਲਕਿ ਉਨ੍ਹਾਂ ਨੂੰ ਸੰਭਾਲਣ ਵਾਲੇ ਪਰਿਵਾਰਾਂ ਨੂੰ ਹੋਰ ਵੀ ਵੱਧ ਉਠਾਉਣਾ ਪਏਗਾ, ਕਿਉਂਕਿ ਨਵੀਂ ਪੈਨਸ਼ਨ ਨੀਤੀ ਅਧੀਨ ਸੇਵਾ ਮੁਕਤ ਹੋਣ ਤੋਂ ਬਾਅਦ ਕਿਸੇ ਮੁਲਾਜ਼ਮ ਨੂੰ ਬਹੁਤ ਹੀ ਨਿਗੂਣੀ ਜਿਹੀ ਪੈਨਸ਼ਨ ਹੀ ਮਿਲੇਗੀ। ਪ੍ਰੰਤੂ ਸਵਾਲ ਇਹ ਵੀ ਹੈ ਕਿ ਉਨ੍ਹਾਂ ਬਜ਼ੁਰਗਾਂ ਦਾ ਕੀ ਬਣੇਗਾ ਜੋ ਆਮ ਗ਼ਰੀਬ ਕਿਸਾਨ ਜਾਂ ਮਜ਼ਦੂਰ ਪਰਿਵਾਰਾਂ ਵਿਚ ਹੋਣਗੇ?

 

 ਜੀ਼ ਐਸ ਗੁਰਦਿਤ