ਭਾਰਤ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਛੁਪਾਏ

ਭਾਰਤ ਵਿਚ ਕੋਰੋਨਾ ਕਾਰਨ ਹੋਈਆਂ ਮੌਤਾਂ ਦੇ ਅੰਕੜੇ ਛੁਪਾਏ

ਕੋਰੋਨਾ 'ਚ ਹੋਈਆਂ ਮੌਤਾਂ ਦੀ ਜੋ ਵਿਆਪਕ ਰਿਪੋਰਟ ਡਬਲਿਊ.ਐਚ.ਓ. ਨੇ ਬਣਾਈ ਹੈ

ਵਿਸ਼ਵ ਸਿਹਤ ਸੰਗਠਨ (ਡਬਲਿਊ.ਐਚ.ਓ.) ਪਹਿਲਾਂ ਵੀ ਕਹਿੰਦਾ ਰਿਹਾ ਹੈ ਕਿ ਕੋਰੋਨਾ ਮਹਾਂਮਾਰੀ ਨਾਲ ਅਸਲ 'ਚ ਜਿੰਨੀਆਂ ਮੌਤਾਂ ਹੋਈਆਂ ਹਨ, ਉਨ੍ਹਾਂ ਬਾਰੇ ਸਹੀ-ਸਹੀ ਨਹੀਂ ਦੱਸਿਆ ਗਿਆ। ਇਸ ਦੇ ਮੁਤਾਬਿਕ ਮੰਨੀਆਂ ਜਾ ਰਹੀਆਂ ਮੌਤਾਂ ਤੋਂ ਘੱਟ ਤੋਂ ਘੱਟ 300 ਫ਼ੀਸਦੀ ਜ਼ਿਆਦਾ ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਮੁਤਾਬਿਕ ਪਿਛਲੇ ਦੋ ਸਾਲਾਂ 'ਚ ਡੇਢ ਕਰੋੜ ਤੋਂ ਵੱਧ ਲੋਕ ਪੂਰੀ ਦੁਨੀਆ 'ਚ ਕੋਰੋਨਾ ਦੇ ਚਲਦਿਆਂ ਮੌਤ ਦੇ ਮੂੰਹ ਵਿਚ ਸਮਾ ਗਏ ਹਨ। ਇਸ ਦੇ ਮੁਤਾਬਿਕ ਭਾਰਤ ਦਾ ਅੰਕੜਾ ਸਭ ਤੋਂ ਵੱਧ ਤਰਸਯੋਗ ਹੈ। ਡਬਲਿਊ.ਐਚ.ਓ. ਮੁਤਾਬਿਕ ਭਾਰਤ '47 ਲੱਖ ਤੋਂ ਵੱਧ ਲੋਕਾਂ ਦੀ ਕੋਰੋਨਾ ਦੇ ਚਲਦਿਆਂ ਮੌਤ ਹੋਈ ਹੈ, ਜਦੋਂ ਕਿ ਭਾਰਤ ਦੇ ਅਧਿਕਾਰਤ ਅੰਕੜੇ 4 ਲੱਖ 80 ਹਜ਼ਾਰ ਲੋਕਾਂ ਦੀ ਹੀ ਮੌਤ ਦੇ ਹਨ। ਸਵਾਲ ਹਨ ਕਿ, ਕੀ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਅੰਬਾਰ ਨੂੰ ਪੂਰੀ ਦੁਨੀਆ 'ਚ ਕਾਲੀਨ ਦੇ ਹੇਠਾਂ ਛੁਪਾਇਆ ਗਿਆ ਹੈ? ਅਤੇ ਜੇਕਰ ਅਜਿਹਾ ਹੋਇਆ ਹੈ ਤਾਂ ਇਸ ਦੇ ਪਿੱਛੇ ਕੀ ਕਾਰਨ ਹਨ? ਦੁਨੀਆ ਦੇ ਜੇਕਰ ਅਧਿਕਾਰਤ ਅੰਕੜਿਆਂ ਦੀ ਮੰਨੀਏ ਤਾਂ ਜਨਵਰੀ 2020 ਤੋਂ ਦਸੰਬਰ 2021 ਤੱਕ ਕੋਰੋਨਾ ਨਾਲ 54 ਲੱਖ ਲੋਕਾਂ ਦੀਆਂ ਮੌਤਾਂ ਹੋਈਆਂ ਹਨ।

ਪਰ ਵਿਸ਼ਵ ਸਿਹਤ ਸੰਗਠਨ ਦਾ ਮੰਨਣਾ ਹੈ ਕਿ ਇਹ ਝੂਠੇ ਦਾਅਵੇ ਹਨ। ਇਸ ਦੇ ਮੁਤਾਬਿਕ ਭਾਰਤ 'ਚ ਇਸ ਨਾਲੋਂ ਕਰੀਬ 9 ਗੁਣਾ ਵੱਧ, ਮਿਸਰ 'ਚ ਕਰੀਬ 12 ਗੁਣਾ ਵੱਧ, ਪਾਕਿਸਤਾਨ 'ਚ ਕਰੀਬ 8 ਗੁਣਾ ਵੱਧ, ਇੰਡੋਨੇਸ਼ੀਆ '7 ਗੁਣਾ, ਬੰਗਲਾਦੇਸ਼ '5 ਗੁਣਾ, ਬੋਲੀਵੀਆ ਅਤੇ ਸਰਬੀਆ ਵਿਚ 4.5 ਗੁਣਾ, ਕਜ਼ਾਕਿਸਤਾਨ ਵਿਚ 4.2 ਗੁਣਾ, ਫਿਲੀਪੀਨਸ ਵਿਚ 3.6 ਗੁਣਾ, ਰੂਸ ਵਿਚ 3.5 ਗੁਣਾ ਵੱਧ ਮੌਤਾਂ ਹੋਈਆਂ ਹਨ। ਵਿਸ਼ਵ ਸਿਹਤ ਸੰਗਠਨ ਨੇ ਆਪਣੀ ਰਿਪੋਰਟ ਦੀ ਸੰਪੂਰਨਤਾ ਵਿਚ ਇਹ ਕਿਹਾ ਹੈ ਕਿ ਪੂਰੀ ਦੁਨੀਆ ਵਿਚ ਕੋਰੋਨਾ ਨਾਲ ਹੋਈਆਂ ਅਸਲ ਮੌਤਾਂ ਦੇ ਅੰਕੜਿਆਂ ਨੂੰ ਛੁਪਾਇਆ ਗਿਆ ਹੈ, ਪਰ ਜਦੋਂ ਉਹ ਰਿਪੋਰਟ ਨੂੰ ਵਿਸਥਾਰਤ ਰੂਪ ਵਿਚ ਪੇਸ਼ ਕਰਦਾ ਹੈ ਤਾਂ ਉਸ 'ਚ ਅਮਰੀਕਾ ਅਤੇ ਵਿਕਸਿਤ ਯੂਰਪੀ ਦੇਸ਼ਾਂ ਦਾ ਵੱਖਰੇ ਤੌਰ 'ਤੇ ਜ਼ਿਕਰ ਨਹੀਂ ਕਰਦਾ। ਸਵਾਲ ਇਹ ਹੈ ਕਿ, ਕੀ ਵਿਸ਼ਵ ਸਿਹਤ ਸੰਗਠਨ ਇਹ ਕਹਿਣਾ ਚਾਹੁੰਦਾ ਹੈ ਕਿ ਮੌਤਾਂ ਦੇ ਅਸਲ ਅੰਕੜਿਆਂ ਨੂੰ ਸਿਰਫ਼ ਏਸ਼ੀਆ, ਅਫ਼ਰੀਕਾ ਅਤੇ ਲਾਤੀਨੀ ਅਮਰੀਕਾ ਦੇ ਕੁਝ ਗ਼ਰੀਬ ਦੇਸ਼ਾਂ ਵਲੋਂ ਹੀ ਛੁਪਾਇਆ ਗਿਆ ਹੈ?

ਇਕ ਹੋਰ ਸਵਾਲ ਹੈ ਕਿ ਆਖਿਰ ਡਬਲਿਊ.ਐਚ.ਓ. ਦੇ ਕੋਲ ਇਸ ਦੇ ਕੀ ਠੋਸ ਸਬੂਤ ਹਨ, ਜਿਨ੍ਹਾਂ 'ਤੇ ਦੁਨੀਆ ਭਰੋਸਾ ਕਰੇ? ਜੇਕਰ ਡਬਲਿਊ.ਐਚ.ਓ. ਦੀ ਮੰਨੀਏ ਤਾਂ 95 ਲੱਖ ਲੋਕਾਂ ਦੀਆਂ ਮੌਤਾਂ ਨੂੰ ਛੁਪਾਇਆ ਗਿਆ ਹੈ ਭਾਵ ਕੋਰੋਨਾ ਨਾਲ ਮਰੇ ਹਰ 10 ਵਿਚੋਂ 6 ਲੋਕਾਂ ਦੀਆਂ ਮੌਤਾਂ ਨੂੰ ਦਰਜ ਨਹੀਂ ਕੀਤਾ ਗਿਆ। ਹੋ ਸਕਦਾ ਹੈ ਡਬਲਿਊ.ਐਚ.ਓ. ਦਾ ਇਹ ਅੰਕੜਾ ਵਿਆਪਕ ਅੰਦਰੂਨੀ ਸੂਚਨਾਵਾਂ ਅਤੇ ਪੜਤਾਲ ਨਾਲ ਹਾਸਲ ਹੋਇਆ ਹੋਵੇ ਅਤੇ ਇਹ ਸਹੀ ਵੀ ਹੋਵੇ, ਪਰ ਅਜਿਹਾ ਨਹੀਂ ਹੋ ਸਕਦਾ ਕਿ ਕੋਰੋਨਾ ਦੀ ਹਾਹਾਕਾਰ ਦਾ ਜੋ ਤਾਂਡਵ ਅਮਰੀਕਾ, ਜਰਮਨੀ, ਬਰਤਾਨੀਆ, ਫ਼ਰਾਂਸ, ਇਟਲੀ, ਸਪੇਨ ਆਦਿ ਦੇਸ਼ਾਂ ਵਿਚ ਨਜ਼ਰ ਆਇਆ ਹੈ, ਉੱਥੇ ਹਰ ਮੌਤ ਨੂੰ ਬਹੁਤ ਸੰਪੂਰਨਤਾ ਅਤੇ ਇਮਾਨਦਾਰੀ ਦੇ ਨਾਲ ਦਰਜ ਕੀਤਾ ਗਿਆ ਹੋਵੇ, ਜਦੋਂ ਕਿ ਦੂਜੇ ਗ਼ਰੀਬ ਦੇਸ਼ਾਂ 'ਚ ਅੱਧਿਓਂ ਵੱਧ ਲੋਕਾਂ ਦੇ ਮੌਤ ਦੇ ਅੰਕੜੇ ਦਰਜ ਕਰਨ ਵਿਚ ਬੇਈਮਾਨੀ ਹੀ ਹੁੰਦੀ ਰਹੀ ਹੋਵੇ। ਦਰਅਸਲ ਇਹ ਇਕ ਕਿਸਮ ਦੀ ਲਿਪਾ ਪੋਚੀ ਹੈ ਜਾਂ ਦੂਜੇ ਸ਼ਬਦਾਂ 'ਚ ਕਹੀਏ ਤਾਂ ਕੋਰੋਨਾ ਨੇ ਜਿਸ ਤਰ੍ਹਾਂ ਨਾਲ ਅਮਰੀਕਾ, ਜਰਮਨੀ, ਇਟਲੀ ਅਤੇ ਫ਼ਰਾਂਸ ਦੇ ਸਿਹਤ ਢਾਂਚੇ ਨੂੰ ਬੇਨਕਾਬ ਕਰ ਦਿੱਤਾ ਸੀ, ਇਹ ਉਸ ਬੇਨਕਾਬੀ ਨੂੰ ਢਕਣ ਦੀ ਇਕ ਅਪ੍ਰਤੱਖ ਕੋਸ਼ਿਸ਼ ਹੈ। ਡਬਲਿਊ.ਐਚ.ਓ. ਇਹ ਦਿਖਾਉਣਾ ਅਤੇ ਦੱਸਣਾ ਚਾਹੁੰਦਾ ਹੈ ਕਿ ਸਿਰਫ਼ ਪੱਛਮ ਦਾ ਸਿਹਤ ਢਾਂਚਾ ਹੀ ਇਮਾਨਦਾਰ ਹੈ, ਖ਼ਾਸਕਰ ਵਿਕਸਿਤ ਅਤੇ ਸੰਪੰਨ ਯੂਰਪੀ ਦੇਸ਼ਾਂ ਅਤੇ ਅਮਰੀਕਾ ਦਾ। ਇਸ ਤੋਂ ਇਲਾਵਾ ਬਾਕੀ ਹਰ ਦੇਸ਼ ਦਾ ਸਿਹਤ ਤੰਤਰ ਬੇਈਮਾਨ ਹੈ।

ਇਹ ਇਕ ਗ਼ੈਰ-ਜ਼ਰੂਰੀ ਨੁਕਸਾਨ ਪੂਰਤੀ ਹੈ, ਕਿਉਂਕਿ ਇਨ੍ਹਾਂ ਸਾਰੇ ਦੇਸ਼ਾਂ ਵਿਚ ਜਿਨ੍ਹਾਂ ਦਾ ਡਬਲਿਊ.ਐਚ.ਓ. ਦੀ ਖੋਜਬੀਨ ਵਾਲੀ ਰਿਪੋਰਟ ਵਿਚ ਮੌਤਾਂ ਨੂੰ ਛੁਪਾਉਣ ਦਾ ਅਲੱਗ ਤੋਂ ਜ਼ਿਕਰ ਨਹੀਂ ਹੈ, ਉਨ੍ਹਾਂ ਸਾਰੇ ਦੇਸ਼ਾਂ 'ਚ ਪੂਰੀ ਦੁਨੀਆ ਨੇ ਦੇਖਿਆ ਹੈ ਕਿ ਕਿਸ ਤਰ੍ਹਾਂ ਮਹਾਂਮਾਰੀ ਦੌਰਾਨ ਅਫ਼ਰਾ-ਤਫ਼ਰੀ ਸੀ। ਕਿਵੇਂ ਅਮਰੀਕਾ ਦੇ ਤਤਕਾਲੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਧਮਕਾਉਂਦਿਆਂ ਹਾਈਡ੍ਰਾਕਸੀਕਲੋਰੋਕਵੀਨ ਟੇਬਲੇਟ ਮੰਗੀ ਸੀ ਅਤੇ ਭਾਰਤ ਤੋਂ 5 ਕਰੋੜ ਟੇਬਲੇਟ ਅਮਰੀਕਾ ਲਈ ਭੇਜੀ ਗਈ ਸੀ, ਜਿਸ ਨੂੰ ਮੰਨਿਆ ਜਾ ਰਿਹਾ ਸੀ ਕਿ ਇਹ ਕੋਰੋਨਾ ਲਾਗ ਤੋਂ ਨਿਜਾਤ ਦਿਵਾਉਣ 'ਚ ਕਾਰਗਰ ਹੈ। ਹਾਲਾਂਕਿ ਜਲਦ ਹੀ ਸਾਫ਼ ਹੋ ਗਿਆ ਸੀ ਕਿ ਅਜਿਹਾ ਕੁਝ ਨਹੀਂ ਹੈ। ਜਿਨ੍ਹਾਂ ਦੇਸ਼ਾਂ 'ਚ ਸਮੂਹਿਕ ਕਬਰਾਂ 'ਚ ਜੇ.ਸੀ.ਬੀ. ਨਾਲ ਲਾਸ਼ਾਂ ਨੂੰ ਸੁੱਟ ਕੇ ਦਫ਼ਨਾਇਆ ਗਿਆ ਹੋਵੇ, ਉਨ੍ਹਾਂ ਦੇਸ਼ਾਂ 'ਚ ਕੀ ਮੌਤਾਂ ਦੇ ਛੁਪਾਉਣ ਦੀ ਕੋਈ ਹਰਕਤ ਨਹੀਂ ਹੋਈ? ਜਦੋਂ ਕੋਰੋਨਾ ਲਾਗ ਦਾ ਤੂਫ਼ਾਨ ਆਇਆ ਸੀ ਤਾਂ ਅੰਕੜੇ ਦੱਸ ਰਹੇ ਸਨ ਕਿ ਅਮੀਰ ਦੇਸ਼ਾਂ 'ਚ ਹਾਲਤ ਬਹੁਤ ਬੁਰੀ ਸੀ, ਪਰ ਮੌਤਾਂ ਦੇ ਜੋ ਅੰਕੜੇ ਆਏ ਹਨ, ਉਨ੍ਹਾਂ ਮੁਤਾਬਿਕ ਅਮੀਰ ਦੇਸ਼ਾਂ 'ਚ ਤਾਂ ਜ਼ਿਆਦਾ ਮੌਤਾਂ ਹੋਈਆਂ ਹੀ ਨਹੀਂ। ਇਸ ਦੇ ਮੁਤਾਬਿਕ ਅਮੀਰ ਦੇਸ਼ਾਂ 'ਚ ਸਿਰਫ਼ 15 ਫ਼ੀਸਦੀ ਮੌਤਾਂ ਹੋਈਆਂ ਹਨ, ਜਦੋਂ ਕਿ ਹੇਠਲੀ, ਮੱਧ ਆਮਦਨ ਵਾਲੇ ਦੇਸ਼ਾਂ '53 ਫ਼ੀਸਦੀ ਤੋਂ ਵੱਧ ਮੌਤਾਂ ਹੋਈਆਂ ਹਨ। ਮੌਤਾਂ ਦੇ ਵਿਸਥਾਰਤ ਵੇਰਵਿਆਂ ਮੁਤਾਬਿਕ ਕੋਰੋਨਾ '57 ਫ਼ੀਸਦੀ ਪੁਰਸ਼ ਅਤੇ 43 ਫ਼ੀਸਦੀ ਔਰਤਾਂ ਦੀਆਂ ਮੌਤਾਂ ਹੋਈਆਂ ਹਨ।

ਕੋਰੋਨਾ 'ਚ ਹੋਈਆਂ ਮੌਤਾਂ ਦੀ ਜੋ ਵਿਆਪਕ ਰਿਪੋਰਟ ਡਬਲਿਊ.ਐਚ.ਓ. ਨੇ ਬਣਾਈ ਹੈ, ਉਸ 'ਚ ਸਭ ਤੋਂ ਵੱਡਾ ਖ਼ਲਨਾਇਕ ਭਾਰਤ ਨੂੰ ਦੱਸਿਆ ਗਿਆ ਹੈ। ਇਸ ਮੁਤਾਬਿਕ ਭਾਰਤ 'ਚ ਮੌਤਾਂ ਬਹੁਤ ਜ਼ਿਆਦਾ ਹੋਈਆਂ ਹਨ। ਡਬਲਿਊ.ਐਚ.ਓ. ਦੇ ਅੰਕੜੇ ਦੱਸਦੇ ਹਨ ਕਿ ਭਾਰਤ 'ਚ ਉਸ ਦੀ ਰਿਪੋਰਟ ਦੀ ਮਿਆਦ '47 ਲੱਖ ਲੋਕਾਂ ਦੀ ਮੌਤ ਕੋਰੋਨਾ ਨਾਲ ਹੋਈ ਹੈ ਅਤੇ ਇਨ੍ਹਾਂ 'ਚੋਂ ਜ਼ਿਆਦਾਤਰ ਮੌਤਾਂ ਮਈ, ਜੂਨ 2021 'ਚ ਆਈ ਕੋਰੋਨਾ ਦੀ ਭਿਆਨਕ ਲਹਿਰ ਦੇ ਦੌਰਾਨ ਹੋਈਆਂ ਹਨ। ਪਰ ਭਾਰਤ ਸਰਕਾਰ ਮੁਤਾਬਿਕ ਸਿਰਫ਼ 4 ਲੱਖ 80 ਹਜ਼ਾਰ ਮੌਤਾਂ ਹੋਈਆਂ ਹਨ। ਆਖਿਰ ਸਰਕਾਰ ਦੇ ਅੰਕੜਿਆਂ ਅਤੇ ਡਬਲਿਊ.ਐਚ.ਓ. ਦੇ ਅੰਕੜਿਆਂ 'ਚ ਏਨਾ ਫ਼ਰਕ ਕਿਉਂ ਹੈ? ਯਕੀਨਨ ਇਸ 'ਚ ਫ਼ਰਕ ਮੌਤਾਂ ਦੇ ਗਿਣਨ ਦੇ ਢੰਗ ਦਾ ਹੈ। ਇੱਥੇ ਡਬਲਿਊ.ਐਚ.ਓ. ਦਾ ਕਹਿਣਾ ਹੈ ਕਿ ਭਾਰਤ 'ਚ ਸਿਵਲ ਰਜਿਸਟ੍ਰੇਸ਼ਨ ਸਿਸਟਮ 2020 ਦੇ ਨਾਂਅ ਨਾਲ ਜੋ ਰਿਪੋਰਟ ਜਾਰੀ ਕੀਤੀ ਗਈ ਹੈ, ਉਸ ਦਾ ਅਜੇ ਤੱਕ ਮੁਲਾਂਕਣ ਨਹੀਂ ਕੀਤਾ ਗਿਆ ਭਾਵ ਜੇਕਰ ਕੁਝ ਗੜਬੜ ਹੋ ਸਕਦੀ ਹੈ ਤਾਂ ਇੱਥੇ ਹੋ ਸਕਦੀ ਹੈ।

ਇਹ ਪੱਕੀ ਗੱਲ ਹੈ ਕਿ ਕੋਰੋਨਾ ਵਾਲੇ ਸਾਲ 'ਚ ਦੂਜੀਆਂ ਬਿਮਾਰੀਆਂ ਨਾਲ ਹੋਣ ਵਾਲੀਆਂ ਮੌਤਾਂ ਬਾਰੇ ਜ਼ਿਆਦਾ ਚੇਤਨਤਾ ਨਾਲ ਅੰਕੜੇ ਨਹੀਂ ਜੁਟਾਏ ਗਏ, ਕਿਉਂਕਿ ਦੇਸ਼ ਦੇ ਜ਼ਿਆਦਾਤਰ ਹਸਪਤਾਲਾਂ '80 ਤੋਂ 100 ਫ਼ੀਸਦੀ ਤੱਕ ਬੈੱਡ ਕੋਰੋਨਾ ਦੇ ਮਰੀਜ਼ਾਂ ਲਈ ਰਾਖਵੇਂ ਸਨ। ਇਸ ਦੌਰਾਨ ਜੋ ਨਾਨ-ਕੋਵਿਡ ਬਿਮਾਰੀਆਂ ਨਾਲ ਲੋਕ ਗ੍ਰਸਤ ਸਨ, ਉਨ੍ਹਾਂ ਦਾ ਕੀ ਹੋਇਆ? ਲਗਦਾ ਹੈ ਕਿ ਡਬਲਿਊ.ਐਚ.ਓ. ਤੋਂ ਬੁਨਿਆਦੀ ਗ਼ਲਤੀ ਇਹ ਹੋਈ ਹੈ ਕਿ ਹਰ ਸਾਲ ਜੋ ਆਮ ਬਿਮਾਰੀਆਂ ਨਾਲ ਲੋਕਾਂ ਦੀਆਂ ਮੌਤਾਂ ਹੁੰਦੀਆਂ ਹਨ, ਉਨ੍ਹਾਂ ਨੂੰ ਵੀ ਉਸ ਨੇ ਕੋਰੋਨਾ ਨਾਲ ਹੋਈਆਂ ਮੌਤਾਂ ਦੇ ਰੂਪ 'ਚ ਗਿਣ ਲਿਆ ਹੈ। ਭਾਰਤ ਦੇ ਸਿਵਲ ਰਜਿਸਟ੍ਰੇਸ਼ਨ ਸਿਸਟਮ ਮੁਤਾਬਿਕ ਸਾਲ 2020 'ਚ ਕੁੱਲ 81.16 ਲੱਖ ਲੋਕਾਂ ਦੀ ਮੌਤ ਹੋਈ। ਇਨ੍ਹਾਂ 'ਚੋਂ 45 ਫ਼ੀਸਦੀ ਲੋਕਾਂ ਨੂੰ ਕਿਸੇ ਤਰ੍ਹਾਂ ਦਾ ਮੈਡੀਕਲ ਇਲਾਜ ਨਹੀਂ ਸੀ ਮਿਲਿਆ। ਇਸ ਲਈ ਕੋਈ ਨਹੀਂ ਕਹਿ ਸਕਦਾ ਕਿ ਉਨ੍ਹਾਂ ਦੀ ਮੌਤ ਕਿਸ ਕਾਰਨ ਨਾਲ ਹੋਈ। ਅਸੀਂ ਸਾਰਿਆਂ ਨੇ ਇਹ ਦੇਖਿਆ ਹੈ ਕਿ ਕੋਰੋਨਾ ਦੇ ਚਲਦਿਆਂ ਜਦੋਂ ਪੂਰੇ ਦੇਸ਼ 'ਚ ਤਾਲਾਬੰਦੀ ਸੀ, ਤਾਂ ਦੇਸ਼ 'ਚ ਲਗਾਤਾਰ ਹੋਣ ਵਾਲੀਆਂ ਮੌਤਾਂ 'ਚ ਵੱਡੇ ਪੱਧਰ 'ਤੇ ਕਮੀ ਆਈ ਸੀ ਅਤੇ ਉਦੋਂ ਇਹ ਮੰਨਿਆ ਗਿਆ ਸੀ ਕਿ ਇਸ ਕਮੀ ਦਾ ਕਾਰਨ ਵਾਤਾਵਰਨ 'ਚ ਪ੍ਰਦੂਸ਼ਣ ਦਾ ਘੱਟ ਹੋਣਾ ਅਤੇ ਲੋਕਾਂ ਦਾ ਘਰ ਦਾ ਭੋਜਨ ਖਾਣਾ ਸੀ।

ਪਰ ਇਕ ਸੰਭਾਵਨਾ ਇਹ ਵੀ ਹੈ ਕਿ ਉਸ ਦੌਰਾਨ ਬਹੁਤ ਸਾਰੀਆਂ ਮੌਤਾਂ ਨੂੰ ਗੌਲਿਆ ਹੀ ਨਹੀਂ ਗਿਆ। ਪਰ ਇਹ ਗੱਲ ਪੂਰੀ ਤਰ੍ਹਾਂ ਨਾਲ ਹਜ਼ਮ ਨਹੀਂ ਹੁੰਦੀ,ਕਿਉਂਕਿ ਅੱਜ ਦੀ ਤਰੀਕ 'ਚ ਜੀਵਨ ਦੀਆਂ ਅਨੇਕਾਂ ਲੋੜਾਂ ਲਈ ਮੌਤ ਦੇ ਸਰਟੀਫਿਕੇਟ ਦੀ ਜ਼ਰੂਰਤ ਪੈਂਦੀ ਹੈ। ਇਸ ਨਾਲ ਆਮ ਤੌਰ 'ਤੇ 80 ਫ਼ੀਸਦੀ ਤੋਂ ਜ਼ਿਆਦਾ ਮੌਤਾਂ ਰਜਿਸਟਰਡ ਹੋ ਹੀ ਜਾਂਦੀਆਂ ਹਨ। ਸਵਾਲ ਹੈ ਕਿ ਆਖਿਰ 2020 'ਚ ਅਜਿਹਾ ਕਿਉਂ ਨਹੀਂ ਹੋਇਆ ਹੋਵੇਗਾ? ਫਿਰ ਵੀ ਯਕੀਨੀ ਤੌਰ 'ਤੇ ਮੌਤਾਂ ਦੇ ਅੰਕੜਿਆਂ 'ਚ ਇਸ ਭਾਰੀ ਹੇਰ-ਫੇਰ ਦਾ ਸੱਚ ਇਕਪਾਸੜ ਨਹੀਂ ਹੋਵੇਗਾ, ਪਰ ਇਹ ਵੀ ਗੱਲ ਮੰਨਣਯੋਗ ਨਹੀਂ ਲੱਗ ਰਹੀ ਕਿ ਭਾਰਤ ਜੋ ਦੁਨੀਆ ਨੂੰ ਬਹੁਤ ਵੱਡੇ ਪੱਧਰ 'ਤੇ ਦਵਾਈਆਂ ਉਪਲਬਧ ਕਰਵਾਉਂਦਾ ਹੈ, ਉੱਥੇ ਤਾਂ ਬਹੁਤ ਵੱਡੀ ਗਿਣਤੀ 'ਚ ਲੋਕਾਂ ਦੀ ਮੌਤ ਹੋਈ ਹੋਵੇ ਅਤੇ ਜੋ ਦੇਸ਼ ਹਿੰਦੁਸਤਾਨ ਤੋਂ ਦਵਾਈਆਂ ਖ਼ਰੀਦਦੇ ਹਨ, ਉੱਥੇ ਮੌਤਾਂ ਦਾ ਨਾਮੋ-ਨਿਸ਼ਾਨ ਨਾ ਹੋਵੇ।

 

ਵੀਨਾ ਰਾਏ

(ਲੇਖਿਕਾ ਵਿਸ਼ੇਸ਼ ਮੀਡੀਆ ਤੇ ਖੋਜ ਸੰਸਥਾ, ਇਮੇਜ  )