ਪਖੰਡੀ ਡੇਰੇਦਾਰਾਂ ਦੀ ਫੈਕਟਰੀ ਬਣੀ ਭ੍ਰਿਸ਼ਟ ਸੱਤਾਧਾਰੀ

ਪਖੰਡੀ ਡੇਰੇਦਾਰਾਂ ਦੀ ਫੈਕਟਰੀ ਬਣੀ ਭ੍ਰਿਸ਼ਟ ਸੱਤਾਧਾਰੀ

*ਹਿੰਦੂ ਵਿਰੋਧੀਆਂ ਨੂੰ ਬੁਲਡੋਜਰ ਨਾਲ਼ ਕੁਚਲਣ ਦੀਆਂ ਧਮਕੀਆਂ ਦੇਣ ਵਾਲਾ ਸਾਧ ਧੀਰੇਂਦਰ ਸ਼ਾਸ਼ਤਰੀ ਭਾਜਪਾ ਦੀ ਉਪਜ

 *ਗੋਦੀ ਮੀਡੀਆ ਪਖੰਡੀ ਡੇਰਿਆਂ  ਤੇ ਡੇਰਾ ਪਾਲਕ ਹਾਕਮ ਜਮਾਤ ਦਾ ਸੰਦ ਬਣਿਆ 

ਭਾਰਤ ਵਿਚ  ਅੰਧ-ਵਿਸ਼ਵਾਸ਼ਾਂ ਤੇ ਡੇਰਾਵਾਦ ਦੀ ਜਕੜ ਬਹੁਤ ਮਜਬੂਤ ਹੈ। ਭਾਵੇਂ ਭਾਰਤੀ ਸੰਵਿਧਾਨ ਧਰਮ ਨਿਰਪੱਖਤਾ ਦਾ ਦਾਅਵਾ ਕਰਦਾ ਹੈ ਪਰ ਅਮਲ ਵਿੱਚ ਸੱਤ੍ਹਾ ਤੇ ਧਰਮ ਦਾ ਗੱਠਜੋੜ ਹਾਲੇ ਵੀ ਬਹੁਤ ਡੂੰਘਾ ਹੈ। ਇਸੇ ਕਰਕੇ ਇੱਥੇ ਫਿਰਕੂ ਸਿਆਸਤ ਦੀ ਜਮੀਨ ਕਾਫੀ ਜਰਖੇਜ ਹੈ। ਇੱਥੇ ਬਾਬਿਆਂ, ਸੰਤਾਂ ਤੇ ਡੇਰਿਆਂ ਦੀ ਭਰਮਾਰ ਹੈ ਜਿਹੜੇ ਪਹਿਲਾਂ ਵਾਂਗ ਲੋਕਾਂ ਨੂੰ ਅੰਧ-ਵਿਸ਼ਵਾਸ਼ਾਂ ਵਿੱਚ ਫਸਾਈ ਰੱਖਦੇ ਹਨ। ਆਧੁਨਿਕ ਯੁੱਗ ਦੀ ਇਹ ਸੰਤਗਿਰੀ ਇੱਕ ਪਾਸੇ ਵੱਡਾ ਕਮਾਈ ਕਰਨ ਵਾਲਾ ਧੰਦਾ ਵੀ ਹੈ ਤੇ ਦੂਜੇ ਪਾਸੇ ਇਹ ਸੱਤ੍ਹਾ ਨਾਲ਼ ਵੀ ਘਿਉ-ਖਿਚੜੀ ਹੋਈ ਦਿਸਦੀ ਹੈ।

ਅਜਿਹਾ ਹੀ ਇੱਕ ਬਾਬਾ ਇਹਨਾਂ ਦਿਨਾਂ ਵਿੱਚ ਮੁੱਖ ਧਾਰਾ ਦੇ ਮੀਡੀਆ, ਖਾਸ ਕਰਕੇ ਟੀਵੀ ਦੇ ਖਬਰੀ ਚੈਨਲਾਂ ਉੱਪਰ ਛਾਇਆ ਰਿਹਾ ਹੈ। ਛਾਇਆ ਨਹੀਂ ਸਗੋਂ ਉਭਾਰਿਆ ਗਿਆ ਹੈ। ਇਹ ਬਾਬਾ 26 ਸਾਲ ਦਾ ਧੀਰੇਂਦਰ ਸ਼ਾਸ਼ਤਰੀ ਹੈ ਜੋ ਮੱਧ ਪ੍ਰਦੇਸ਼ ਦੇ ਛੱਤਰਪੁਰੇ ਜ਼ਿਲ੍ਹਾ ਦੇ ਪਿੰਡ ਗਡਾ ਤੋਂ ਉੱਠ ਕੇ ਆਇਆ ਹੈ। ਇਸਨੂੰ ਬਗੇਸ਼ਵਰ ਧਾਮ ਦੇ ਨਾਮ ਨਾਲ਼ ਵੀ ਜਾਣਿਆ ਜਾਂਦਾ ਹੈ। ਇਸਨੇ ਬਾਬਾਗਿਰੀ ਦਾ ਇਹ ਧੰਦਾ ਪਿਛਲੇ 4-5 ਸਾਲਾਂ ਤੋਂ ਮੱਧਪ੍ਰਦੇਸ਼ ਵਿੱਚ ਸ਼ੁਰੂ ਕੀਤਾ ਹੋਇਆ ਹੈ। ਇਸ ਦੌਰਾਨ ਉਸਨੇ ਕਈ ਸਿਆਸੀ ਲੀਡਰਾਂ, ਖਾਸ ਕਰਕੇ ਭਾਜਪਾ ਨਾਲ਼ ਨੇੜਤਾ ਵਧਾਈ ਹੈ। ਬਹੁਤ ਸਾਰੇ ਭਾਜਪਾ ਆਗੂ ਅਕਸਰ ਉਸਦੇ ਡੇਰੇ ਉੱਪਰ ਜਾਂਦੇ ਦੇਖੇ ਜਾ ਸਕਦੇ ਹਨ। ਇਹ ਇਸਦੀ ਚੌਂਕੀ ਭਰਨ ਆਏ ਲੋਕਾਂ ਵਿੱਚੋਂ ਕਿਸੇ ਨੂੰ ਕੋਲ਼ ਸੱਦ ਕੇ ਉਸਦੇ ਨਾਮ, ਪਰਿਵਾਰਕ ਪਿਛੋਕੜ, ਬਿਮਾਰੀ ਤੇ ਹੋਰ ਸਮੱਸਿਆਵਾਂ ਬਾਰੇ ਦੱਸਣ ਦੀ ਜਾਦੂਗਿਰੀ ਕਰਦਾ ਹੈ। ਇਸ ਜਾਦੂਗਿਰੀ ਨੂੰ ਉਹ ਹਨੂੰਮਾਨ ਦੀ ਕਿਰਪਾ ਨਾਲ਼ ਹੋਇਆ ਚਮਤਕਾਰ ਦੱਸਦਾ ਹੈ। ਭਾਜਪਾ ਦੀ ਮੀਡੀਆ ਦੇ ਥਾਪੜੇ ਸਦਕਾ ਉਸਦਾ ਧੰਦਾ ਚੰਗਾ ਚਮਕਿਆ ਹੋਇਆ ਹੈ। ਪਿਛਲੇ ਸਾਲ ਵੀ ਇਹ ਥੋੜ੍ਹਾ ਚਰਚਾ ਵਿੱਚ ਆਇਆ ਸੀ ਜਦੋਂ ਇਸਨੇ ਪੈਰੀਂ ਹੱਥ ਲਾ ਰਹੇ ਇੱਕ ਵਿਅਕਤੀ ਨੂੰ ਕਿਹਾ ਸੀ ਕਿ “ਮੈਨੂੰ ਨਾ ਛੂਹ, ਤੂੰ ਅਛੂਤ ਹੈਂ।”

ਪਿਛਲੇ ਕੁੱਝ ਸਮੇਂ ਤੋਂ ਆਪਣੀਆਂ ਧਾਰਮਿਕ ਸਭਾ ਵਿੱਚ ਇਹ ਸਿਆਸੀ ਟੀਕਾ-ਟਿੱਪਣੀਆਂ ਕਰਨ ਲੱਗਿਆ ਹੋਇਆ ਹੈ ਜਿਸ ਕਰਕੇ ਮੀਡੀਆ ਇਸਨੂੰ ਚਰਚਾ ਦਾ ਕੇਂਦਰ ਬਣਾ ਰਿਹਾ ਹੈ। ਇਸ ਵੇਲੇ ਇਹ ਛੱਤੀਸਗੜ੍ਹ ਵਿੱਚ ਕਾਫੀ ਸਰਗਰਮ ਹੈ। ਛੱਤੀਸਗੜ ਵਿੱਚ ਇਸ ਵੇਲੇ ਕਾਂਗਰਸ ਦੀ ਸਰਕਾਰ ਹੈ ਤੇ ਕੁੱਝ ਮਹੀਨਿਆਂ ਵਿੱਚ ਇੱਥੇ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਇਸ ਮੌਕੇ ਚੋਣਾਂ ਲਈ ਭਾਜਪਾ ਦੇ ਹੱਕ ਵਿੱਚ ਫਿਰਕੂ ਅਧਾਰ ’ਤੇ ਕਤਾਰਬੰਦੀ ਕਰਨ ਵਿੱਚ ਧੀਰੇਂਦਰ ਸ਼ਾਸ਼ਤਰੀ ਅਹਿਮ ਭੂਮਿਕਾ ਨਿਭਾ ਰਿਹਾ ਹੈ। ਉਹ ਆਖਦਾ ਹੈ ਕਿ ਇਸਾਈ ਇੱਥੇ “ਜਬਰੀ” ਧਰਮ ਪਰਿਵਰਤਨ ਕਰ ਰਹੇ ਹਨ ਤੇ ਇਹਦੇ ਲਈ ਉਹ ਕਾਂਗਰਸ ਸਰਕਾਰ ਨੂੰ ਦੋਸ਼ੀ ਦੱਸਦਾ ਹੈ ਤੇ ਆਪਣੇ ਬਾਰੇ ਉਹ ਕਹਿੰਦਾ ਹੈ ਕਿ ਮੈਂ ਉਹਨਾਂ ਦੀ “ਘਰ ਵਾਪਸੀ” ਲਈ ਕੰਮ ਕਰ ਰਿਹਾ ਹੈ। ਸਤਾਨਤੀ ਹਿੰਦੂਆਂ ਨੂੰ ਚਾਹੀਦਾ ਹੈ ਕਿ ਉਹ ਇਸਾਈਆਂ ਨੂੰ ਸਬਕ ਸਿਖਾਉਣ। ਮੁਸਲਮਾਨਾਂ ਖਿਲਾਫ ਉਹ ਆਖਦਾ ਹੈ, “ਹਿੰਦੂਆਂ ’ਤੇ ਪੱਥਰ ਚਲਾਉਣ ਵਾਲ਼ਿਆਂ ਨੂੰ ਬੁਲਡੋਜਰ ਨਾਲ਼ ਕੁਚਲਣਾ ਪਵੇਗਾ”, ਅਤੇ “ਸਰਕਾਰ ਕਦੋਂ ਤੱਕ ਬੁਲਡੋਜਰ ਨਾਲ਼ ਢਾਹੁੰਦੀ ਰਹੇਗੀ, ਹਿੰਦੂਆਂ ਨੂੰ ਢਾਹੁਣਾ ਪਵੇਗਾ।” ਉਹ ਇਹ ਵੀ ਸੱਦਾ ਦਿੰਦਾ ਹੈ ਕਿ “ਤੁਸੀਂ ਮੇਰਾ ਸਾਥ ਦਿਉ, ਆਪਾਂ ਹਿੰਦੂ ਰਾਸ਼ਟਰ ਬਣਾਵਾਂਗੇ।” ਮਤਲਬ ਅੱਜ ਕੱਲ੍ਹ ਉਹ ਪੂਰੀ ਤਰ੍ਹਾਂ ਇਸਾਈ, ਮੁਸਲਮਾਨ ਵਿਰੋਧੀ ਤੇ ਹਿੰਦੂ ਰਾਸ਼ਟਰ ਬਾਉਣ ਦੀ ਸੰਘ-ਭਾਜਪਾ ਦੀ ਸਿਖਾਈ ਬੋਲੀ ਬੋਲ ਰਿਹਾ ਹੈ। ਉਹਨਾਂ ਦੇ ਇਸ਼ਾਰੇ ਉੱਪਰ ਹੀ ਮੀਡੀਆ ਇਸਨੂੰ ਚਰਚਾ ਦਾ ਵਿਸ਼ਾ ਬਣਾ ਰਿਹਾ ਹੈ। ਹੈਰਾਨੀ ਦੀ ਗੱਲ ਨਹੀਂ ਕਿ ਮੀਡੀਆ ਦੇ ਜਿਹੜੇ ਚੈਨਲ ਖਾਸ ਤੌਰ ’ਤੇ ਭਾਜਪਾ ਦੇ ਧੁਤੂ ਬਣੇ ਹੋਏ ਹਨ ਉਹੀ ਇਸੇ ਬਾਬੇ ਬਾਰੇ ਜੋਰ-ਸ਼ੋਰ ਨਾਲ਼ ਚਰਚਾ ਕਰ ਰਹੇ ਹਨ।

ਪਿਛਲੇ ਦਿਨੀਂ ਇਸਨੇ ਮਹਾਂਰਾਸ਼ਟਰ ਵਿੱਚ ਆਪਣਾ ਕੁੱਝ ਦਿਨ ਲਗਾਤਾਰ ਚੱਲਣ ਵਾਲ਼ਾ ਬਾਬਾਗਿਰੀ ਦਾ ਪ੍ਰੋਗਰਾਮ ਰੱਖਿਆ ਹੋਇਆ ਸੀ। ਇਸ ਵੱਲੋਂ “ਚਮਤਕਾਰ” ਦੇ ਦਾਅਵਿਆਂ ਦੇ ਜਦ ਗੋਦੀ ਮੀਡੀਆ ਨੇ ਕਸੀਦੇ ਪੜ੍ਹਨੇ ਸ਼ੁਰੂ ਕਰ ਦਿੱਤੇ ਤਾਂ ਅਖਿਲ ਭਾਰਤੀ ਅੰਧ-ਵਿਸ਼ਵਾਸ਼ ਨਿਰਮੂਲਨ ਸਮਿਤੀ ਦੇ ਆਗੂ ਪ੍ਰੋ. ਸ਼ਿਆਮ ਮਾਨਵ ਨੇ ਚੁਣੌਤੀ ਦਿੱਤੀ ਹੈ ਕਿ ਉਹਨਾਂ ਦੀਆਂ ਸ਼ਰਤਾਂ ਤਹਿਤ ਚਮਤਕਾਰ ਕਰਕੇ ਦਿਖਾਵੇ। ਇਸ ਚੁਣੌਤੀ ਤੋਂ ਬੌਖਲਾਏ ਸ਼ਾਸ਼ਤਰੀ ਨੇ ਮੀਡੀਆ ਵਿੱਚ ਕਈ ਬੜਕਾਂ ਮਾਰੀਆਂ ਪਰ ਪ੍ਰੋ. ਸ਼ਿਆਮ ਮਾਨਵ ਦੀਆਂ ਚੁਣੌਤੀਆਂ ਕਬੂਲ ਕਰਨ ਦਾ ਜੇਰਾ ਨਾ ਕਰ ਸਕਿਆ। ਸਗੋਂ ਡਰੇ ਹੋਏ ਨੇ ਆਪਣਾ ਨਾਗਪੁਰ ਦਾ ਪ੍ਰੋਗਰਾਮ ਮਿੱਥੇ ਵਕਤ ਤੋਂ ਕੁੱਝ ਦਿਨ ਪਹਿਲਾਂ ਹੀ ਖਤਮ ਕਰਕੇ ਮੁੜ ਛਤੀਸਗੜ੍ਹ ਜਾ ਬੈਠਾ।

ਇਸ ਬਾਬੇ ਦੇ ਸ਼ਰਧਾਲੂਆਂ ਜਾਂ ਇਸਦੇ ਹਮਾਇਤੀ ਕੁੱਝ ਸਿਆਸੀ ਲੀਡਰਾਂ ਵੱਲ ਝਾਤ ਮਾਰਨ ਦੀ ਲੋੜ ਹੈ। ਇਹਨਾਂ ਵਿੱਚ ਭਾਜਪਾ ਦਾ ਕੇਂਦਰ ਮੰਤਰੀ ਨਿਤਨ ਗਡਕਰੀ, ਮਹਾਂਰਾਸ਼ਟਰ ਦਾ ਉੱਪ ਮੁੱਖ ਮੰਤਰੀ ਦਵਿੰਦਰ ਫੜਨਵੀਸ, ਛਤੀਸਗੜ੍ਹ ਤੋਂ ਭਾਜਪਾ ਦਾ ਸਾਬਕਾ ਮੁੱਖ ਮੰਤਰੀ ਰਮਨ ਸਿੰਘ ਸਮੇਤ ਕਈ ਸੂਬਾਈ ਤੇ ਕੇਂਦਰੀ ਆਗੂ ਸ਼ਾਮਲ ਹਨ। ਇਸ ਤੋਂ ਬਿਨਾਂ ਰਾਸ਼ਟਰੀ ਸਵੈਸੇਵਕ ਸੰਘ ਦਾ ਵਿੰਗ ਵਿਸ਼ਵ ਹਿੰਦੂ ਪ੍ਰੀਸ਼ਦ ਤੇ ਸੰਘ ਦਾ ਹੱਥਠੋਕਾ ਬਾਬਾ ਰਾਮਦੇਵ ਵੀ ਇਸਦੇ ਹੱਕ ਵਿੱਚ ਹੈ। ਇਉਂ ਇਹ ਬਾਬਾ ਇਸ ਗੱਲ ਦਾ ਸਬੂਤ ਹੈ ਕਿ ਸਭ ਸਿਆਸੀ ਪਾਰਟੀਆਂ ਤੇ ਖਾਸ ਤੌਰ ’ਤੇ ਭਾਜਪਾ ਦਾ ਕਿਵੇਂ ਅਧਿਆਤਮਕ ਠੱਗਾਂ, ਮਦਾਰੀਆਂ, ਬਾਬਿਆਂ ਨਾਲ਼ ਕਿੰਨਾ ਡੂੰਘਾ ਰਿਸ਼ਤਾ ਹੈ।

ਭਾਜਪਾ ਨਾਲ਼ ਸਬੰਧ ਰੱਖਣ ਵਾਲ਼ੇ ਅਜਿਹੇ ਬਾਬਿਆਂ ਦੀ ਸੂਚੀ ਕਾਫੀ ਲੰਬੀ ਹੈ। ਇਹਨਾਂ ਵਿੱਚ 2013 ਤੋਂ ਇੱਕ ਨਾਬਾਲਿਗ ਨਾਲ਼ ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਕੈਦ ਆਸਾਰਮ ਬਾਪੂ, ਜੇਲ੍ਹ ਚ ਬੈਠਾ ਸਤਲੋਅ ਆਸ਼ਰਮ ਦਾ ਸੰਤ ਰਾਮਪਾਲ, ਮੱਧਵਰਗੀ ਬਾਬਾ ਸ਼੍ਰੀ ਸ਼੍ਰੀ ਰਵੀ ਸ਼ੰਕਰ, ਬਾਬਾ ਰਾਮਦੇਵ, ਸਾਧਵੀ ਪ੍ਰੱਗਿਆ ਠਾਕੁਰ, ਨਿਤਿਆਨੰਦ ਤੇ ਰਾਮਭੱਦਰਾਚਾਰੀਆ ਜਿਹੇ ਸੈਂਕੜੇ ਛੋਟੇ-ਵੱਡੇ ਬਾਬੇ, ਸਾਧ ਸ਼ਾਮਲ ਹਨ। ਯੋਗੀ ਅਦਿਤਿਆਨਾਥ ਤਾਂ ਭਾਜਪਾ ਵੱਲੋਂ ਉੱਤਰ ਪ੍ਰਦੇਸ਼ ਦਾ ਮੁੱਖ ਮੰਤਰੀ ਬਣਿਆ ਬੈਠਾ ਹੈ। 2015 ਵਿੱਚ ਹਰਿਆਣਾ ਸਰਕਾਰ ਨੇ ਬਾਬਾ ਰਾਮਦੇਵ ਨੂੰ ਮੰਤਰੀ ਬਣਨ ਦੀ ਪੇਸ਼ਕਸ਼ ਕੀਤੀ ਸੀ ਤਾਂ ਉਸਨੇ ਇਹ ਆਖ ਕੇ ਠੁਕਰਾ ਦਿੱਤੀ ਕਿ “ਹੁਣ ਤਾਂ ਪ੍ਰਧਾਨ ਮੰਤਰੀ ਵੀ ਆਪਣਾ, ਸਾਰੀ ਕੈਬਨਿਟ ਆਪਣੀ, ਹਰਿਆਣੇ ਦਾ ਮੁੱਖ ਮੰਤਰੀ ਵੀ ਆਪਣਾ, ਮੈਨੂੰ ਬਾਬਾਗਿਰੀ ਕਰ ਲੈਣ ਦਿਉ।” ਹਰਿਆਣੇ ਦਾ ਡੇਰਾ ਸਰਸਾ ਮੁਖੀ ਨੂੰ ਭਾਜਪਾ ਸਰਕਾਰ ਨੇ ਪਹਿਲਾਂ ਪੰਜਾਬ ਚੋਣਾਂ ਵੇਲੇ ਪੈਰੋਲ ਦਿੱਤੀ ਸੀ ਹੁਣ ਪਿਛਲੇ ਇੱਕ ਸਾਲ ਵਿੱਚ ਉਸਨੂੰ ਚਾਰ ਵਾਰ ਪੈਰੋਲ ਦਿੱਤੀ ਜਾ ਚੁੱਕੀ ਹੈ। ਮਤਲਬ ਅਗਲੀਆਂ ਚੋਣਾਂ ਵਿੱਚ ਉਸਨੂੰ ਵੋਟਾਂ ਝਟਕਾਉਣ ਲਈ ਸ਼ਿੰਗਾਰਿਆ ਜਾ ਰਿਹਾ ਹੈ।

ਇਉਂ ਜਿਆਦਾਤਰ ਸਾਰੇ ਧਾਰਮਿਕ ਡੇਰੇ, ਸਾਧ, ਸੰਤ ਸਰਮਾਏਦਾਰਾ ਸਿਆਸਤ ਨਾਲ਼ ਗੱਠਜੋੜ ਅਤੇ ਵੋਟ ਪਾਰਟੀਆਂ ਦੀ ਸਿਆਸੀ ਸ਼ਹਿ ’ਤੇ ਹੀ ਪਲ਼ਦੇ-ਫੁੱਲਦੇ ਹਨ। ਸਰਮਾਏਦਾਰਾ ਸਿਆਸੀ ਪਾਰਟੀਆਂ ਲਈ ਡੇਰੇ, ਸਾਧ, ਸੰਤ ਤੇ ਧਰਮ ਗੁਰੂ ਆਦਿ ਚੋਣਾਂ ਜਿੱਤਣ ਬਹੁਤ ਮਜਬੂਤ ਵੋਟ ਬੈਂਕ ਹਨ, ਦੂਜਾ ਲੋਕਾਂ ਵਿੱਚ ਪਛਾਣ ਬਣਾਉਣ ਤੇ ਆਪਣੀ ਸਾਖ ਸੁਧਾਰਨ ਦਾ ਵੀ ਸਾਧਨ ਹਨ। ਇਸ ਤੋਂ ਬਿਨਾਂ ਇਹ ਲੋਕਾਂ ਨੂੰ ਵੰਡੀ ਰੱਖਣ, ਨਿਸੱਤੇ ਕਰਨ ਦਾ ਸਾਧਨ ਹਨ। ਇਹਨਾਂ ਧਾਰਮਿਕ ਗੁਰੂਆਂ, ਡੇਰਿਆਂ ਤੇ ਸਾਧਾਂ, ਸੰਤਾਂ ਨੂੰ ਸਿਆਸੀ ਸਾਂਝ-ਭਿਆਲੀ ਦਾ ਇਹ ਫਾਇਦਾ ਹੁੰਦਾ ਹੈ ਕਿ ਉਹਨਾਂ ਨੂੰ ਕਨੂੰਨੀ ਤੌਰ ’ਤੇ ਤੰਗ ਨਹੀਂ ਕੀਤਾ ਜਾਂਦਾ ਸਗੋਂ ਸਰਕਾਰੀ ਤੇ ਹੋਰ ਵਿਰੋਧੀ ਧਿਰਾਂ ਤੋਂ ਸਿਆਸੀ ਤਾਕਤ ਇਹਨਾਂ ਦੀ ਰਾਖੀ ਕਰਦੀ ਹੈ, ਦੂਜਾ ਇਸ ਨਾਲ਼ ਉਹਨਾਂ ਦੇ ਸ਼ਰਧਾਲੂਆਂ ਅਤੇ ਆਮਦਨ ਦਾ ਘੇਰਾ ਵੀ ਵਧਦਾ ਹੈ। ਉਂਝ ਤਾਂ ਸਾਰੀਆਂ ਹੀ ਸਰਮਾਏਦਾਰਾ ਸਿਆਸੀ ਪਾਰਟੀਆਂ ਦੀ ਵੱਖੋ-ਵੱਖਰੇ ਡੇਰਿਆਂ, ਧਾਰਮਿਕ ਗੁਰੂਆਂ ਤੇ ਸਾਧਾਂ, ਸੰਤਾਂ ਨਾਲ਼ ਸਾਂਝ-ਭਿਆਲੀ ਹੈ ਪਰ ਭਾਜਪਾ ਬਿਨਾਂ ਸ਼ੱਕ ਇਸ ਮਾਮਲੇ ਵਿੱਚ ਸਭ ਤੋਂ ਅੱਗੇ ਹੈ।ਹਾਕਮ ਜਮਾਤ ਦੇ ਮੀਡੀਆ ਵਿੱਚ ਸਰਮਾਏਦਾਰਾਂ ਦੇ ਵਿਚਾਰਧਾਰਕ ਦਾਬੇ ਤੇ ਉਹਨਾਂ ਦੀ ਸਿਆਸਤ ਅੱਗੇ ਵਧਾਉਣ ਦਾ ਸੰਦ ਹੁੰਦਾ ਹੈ। ਇਸ ਕਰਕੇ ਇਹ ਮੀਡੀਆ ਤਰਕਸ਼ੀਲ, ਜਮਹੂਰੀ ਕਦਰਾਂ ਦਾ ਪਸਾਰ ਨਹੀਂ ਕਰਦਾ ਸਗੋਂ ਅੰਧ-ਵਿਸ਼ਵਾਸ਼, ਪਛੜੇਵੇਂ, ਫਿਰਕੂ ਜਨੂੰਨ ਤੇ ਇਹਨਾਂ ਬਾਬਿਆਂ ਦੇ ਹੱਕ ਵਿੱਚ ਲੋਕ ਰਾਇ ਬਣਾਉਣ ਦਾ ਹੀ ਕੰਮ ਕਰਦਾ ਹੈ। ਰਵੀ ਸ਼ੰਕਰ, ਰਾਮਦੇਵ, ਨਿਰਮਲ ਬਾਬਾ ਤੇ ਹੁਣ ਧੀਰੇਂਦਰ ਸ਼ਾਸ਼ਤਰੀ ਵਰਗੇ ਅਜੋਕੇ ਯੁੱਗ ਦੇ ਇਹਨਾਂ ਬਾਬਿਆਂ ਦਾ ਧੰਦਾ ਫੈਲਾਉਣ ’ਚ ਇਸ ਮੀਡੀਆ ਨੇ ਤਨਦੇਹੀ ਨਾਲ਼ ਭੂਮਿਕਾ ਨਿਭਾਈ ਹੈ ਤੇ ਨਿਭਾਉਂਦਾ ਰਿਹਾ ਹੈ।ਜਿਹੜੇ ਸਮਾਜ ਦੀ ਬੁਨਿਆਦੀ ਹੀ ਗੈਰ-ਬਰਾਬਰੀ, ਲੁੱਟ ਤੇ ਜਬਰ ਉੱਪਰ ਟਿਕੀ ਹੋਵੇ ਉੱਥੇ ਲੋਕਾਂ ਨੂੰ ਪਛੜੇਵੇਂ, ਅਗਿਆਨਤਾ, ਅੰਧ-ਵਿਸ਼ਵਾਸ਼ ਤੇ ਧਰਮ ਦੀ ਜਕੜ ਵਿੱਚ ਕੈਦ ਰੱਖਣਾ ਹਾਕਮ ਜਮਾਤ ਦੀ ਜਰੂਰਤ ਹੁੰਦੀ ਹੈ ਤਾਂ ਜੋ ਉਹਨਾਂ ਉੱਪਰ ਆਪਣੀ ਲੋਟੂ ਹਕੂਮਤ ਕਾਇਮ ਰੱਖੀ ਜਾਵੇ। 

 

ਗੁਰਪ੍ਰੀਤ