ਅੰਗਰੇਜ਼ ਰਾਜ ਦੌਰਾਨ ਸੰਘਾਈ ਵਿਖੇ ਪੁਲਿਸ ਪ੍ਰਸ਼ਾਸਨ ਵਿਚ ਸਿੱਖਾਂ ਦਾ ਬੋਲਬਾਲਾ ਰਿਹਾ     

ਅੰਗਰੇਜ਼ ਰਾਜ ਦੌਰਾਨ ਸੰਘਾਈ ਵਿਖੇ ਪੁਲਿਸ ਪ੍ਰਸ਼ਾਸਨ ਵਿਚ ਸਿੱਖਾਂ ਦਾ ਬੋਲਬਾਲਾ ਰਿਹਾ     

*ਸੰਘਾਈ ਦੇ ਇਤਿਹਾਸਕਾਰ ਚਾਓ ਯਿਨ ਨੇ ਪੁਸਤਕ ਵਿਚ ਸਿੱਖਾਂ ਦੇ ਵਸੇਬੇ ਅਤੇ ਉਜਾੜੇ ਦੀ ਦਾਸਤਾਨ  ਦੇ ਵੇਰਵੇ ਦਿਤੇ

*ਸੰਘਾਈ ਗਦਰੀ ਸਿੱਖਾਂ ਦਾ ਅੱਡਾ ਵੀ ਬਣਿਆ ਤੇ ਸ਼ੁਭਾਸ਼ ਚੰਦਰ ਬੋਸ ਨੇ ਸਿੱਖਾਂ ਤੋਂ ਮੰਗੀ ਸੀ ਮਦਦ 

ਸਿੱਖ ਕਿਰਤ ਅਤੇ ਬਿਹਤਰ ਮੌਕਿਆਂ ਦੀ ਭਾਲ ਵਿਚ ਦੁਨੀਆ ਦੇ ਹਰ ਕੋਨੇ ਵਿਚ ਗਏ ਹਨ ਤੇ ਖੂਬ ਵਿਕਾਸ ਕਰਕੇ ਆਪਣੀ ਕੌਮ ਦਾ ਨਾਮ ਰੋਸ਼ਨ ਕੀਤਾ ਹੈ। ਸਿੱਖ 1884 ਵਿਚ ਸ਼ੰਘਾਈ ਵੀ ਪਹੁੰਚੇ ਸਨ।ਸ਼ੰਘਾਈ ਸਥਿਤ ਚਾਓ ਯਿਨ ਬੀਜਿੰਗ ਦੀ ਸਿੰਹੁਆ ਯੂਨੀਵਰਸਿਟੀ ਵਿੱਚ ਆਧੁਨਿਕ ਭਾਰਤੀ ਇਤਿਹਾਸ ਅਤੇ ਭਾਰਤ-ਚੀਨ ਸਬੰਧਾਂ ਨੂੰ ਪੜ੍ਹਾਉਂਦੇ ਹਨ। ਪਿਛਲੇ ਸਾਲ ਉਸਨੇ ਸ਼ੰਘਾਈ ਦੇ ਸਿੱਖਾਂ ਦੇ ਉਦਮ ਤੇ ਗਤੀਵਿਧੀਆਂ ਬਾਰੇ ਇੱਕ ਕਿਤਾਬ From Policemen to Revolutionaries: A Sikh Diaspora in Global Shanghai, 1885-1945 ਲਿਖੀ ਸੀ ।ਲੇਖਕ ਅਨੁਸਾਰ ਸਿੱਖ 1884 ਵਿੱਚ ਪੰਜਾਬ ਤੋਂ ਸ਼ੰਘਾਈ ਪਹੁੰਚੇ ਸਨ ਤੇ ਸ਼ੰਘਾਈ ਪੁਲਿਸ ਫੋਰਸ ਵਿੱਚ ਨੌਕਰੀ ਪ੍ਰਾਪਤ ਕੀਤੀ ਸੀ।  ਦੂਜੇ ਵਿਸ਼ਵ ਯੁੱਧ ਤੋਂ ਬਾਅਦ ਮਜਬੂਰੀ  ਤੇ ਚੀਨ ਸਰਕਾਰ ਦੇ ਦਬਾਅ ਕਾਰਣ ਉਨ੍ਹਾਂ ਨੂੰ ਸ਼ੰਘਾਈ ਛੱਡਣਾ ਪਿਆ ਸੀ।ਚਾਓ ਯਿਨ ਅਨੁਸਾਰ ਕੋਈ ਸਮਾਂ ਸੀ ਜਦੋਂ ਸ਼ੰਘਾਈ ਵਿੱਚ ਢਾਈ ਹਜ਼ਾਰ ਦੇ ਕਰੀਬ ਸਿੱਖ ਰਹਿੰਦੇ ਸਨ ਪਰ ਅੱਜ ਸ਼ੰਘਾਈ ਵਿੱਚ ਸਿੱਖ ਨਜ਼ਰ ਨਹੀਂ ਆਉਂਦੇ। ਇਸ ਦਾ ਕਾਰਣ ਸਿੱਖਾਂ ਦਾ ਸੰਘਰਸ਼ਸ਼ੀਲ ਇਤਿਹਾਸ ਹੈ।

ਇਤਿਹਾਸਕਾਰ ਚਾਓ ਯਿਨ ਨੇ ਸਿੰਗਾਪੁਰ ਵਿਚ ਸਿੱਖਾਂ ਦੀ ਵੱਡੀ ਆਬਾਦੀ ਨੂੰ ਦੇਖ ਕੇ ਸ਼ੰਘਾਈ, ਸਿੰਗਾਪੁਰ ਅਤੇ ਹਾਂਗਕਾਂਗ ਵਿਚ ਰਹਿੰਦੇ ਸਿੱਖ ਭਾਈਚਾਰੇ ਬਾਰੇ ਇਕ ਕਿਤਾਬ ਲਿਖਣ ਬਾਰੇ ਸੋਚਿਆ। ਚਾਓ ਯਿਨ ਅਨੁਸਾਰ ਸਾਲ 1884 ਵਿੱਚ ਸਭ ਤੋਂ ਪਹਿਲਾਂ ਸਿੱਖ ਹਾਂਗਕਾਂਗ ਤੋਂ ਸ਼ੰਘਾਈ ਪਹੁੰਚੇ ਸਨ। ਇਨ੍ਹਾਂ ਦੀ ਗਿਣਤੀ 30 ਦੇ ਕਰੀਬ ਸੀ। ਇਹ ਸਿੱਖ ਹਾਂਗਕਾਂਗ ਵਿਖੇ ਪੁਲਿਸ ਵਿਭਾਗ ਵਿੱਚ ਨੌਕਰੀ ਕਰਦੇ ਸਨ।ਬਰਤਾਨਵੀ ਅਧਿਕਾਰੀਆਂ ਨੇ ਇਹਨਾਂ ਸਿੱਖਾਂ ਨੂੰ ਸ਼ੰਘਾਈ ਵਿੱਚ ਨੌਕਰੀ ਦਿੱਤੀ ਸੀ ਅਤੇ ਸਿੱਖਾਂ ਨੇ ਪੁਲਿਸ ਅਤੇ ਚੌਕੀਦਾਰ ਵਜੋਂ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀ।ਇਹ ਸਿੱਖ ਪੁਲਿਸ ਵਾਲੇ ਜਲਦੀ ਹੀ 1854 ਵਿੱਚ ਬਣੀ ਸ਼ੰਘਾਈ ਮਿਉਂਸਪਲ ਪੁਲਿਸ ਦਾ ਇੱਕ ਅਹਿਮ ਹਿੱਸਾ ਬਣ ਗਏ ਸਨ।

ਚਾਓ ਯਿਨ ਦਾ ਕਹਿਣਾ ਹੈ, "ਸ਼ੰਘਾਈ ਵਿੱਚ ਇਨ੍ਹਾਂ ਸਿੱਖਾਂ ਨੂੰ ਆਪਣੀਆਂ ਪੁਰਾਣੀਆਂ ਨੌਕਰੀਆਂ ਨਾਲੋਂ ਕਿਤੇ ਵੱਧ ਤਨਖ਼ਾਹ ਮਿਲਦੀ ਸੀ। ਇਸ ਕਾਰਨ ਵੱਡੀ ਗਿਣਤੀ ਵਿੱਚ ਸਿੱਖ ਇੱਥੇ ਆਉਣ ਲੱਗ ਪਏ।"

ਸ਼ੰਘਾਈ ਦੇ ਸਥਾਨਕ ਲੋਕਾਂ ਨੇ ਜਦੋਂ ਪੁਲਿਸ ਦੀ ਵਰਦੀ ਵਿੱਚ ਸਿੱਖਾਂ ਨੂੰ ਆਪਣੇ ਸ਼ਹਿਰ ਵਿੱਚ ਦੇਖਿਆ ਤਾਂ ਉਹਨਾਂ ਦੀ ਮਿਲੀ-ਜੁਲੀ ਪ੍ਰਤੀਕਿਰਿਆ ਸੀ।ਚਾਓ ਯਿਨ ਦੱਸਦੇ ਹਨ, "ਬਰਤਾਨਵੀ ਅਧਿਕਾਰੀਆਂ ਨੇ ਮਹਿਸੂਸ ਕੀਤਾ ਕਿ ਸਥਾਨਕ ਲੋਕ ਸਿੱਖ ਪੁਲਿਸ ਵਾਲਿਆਂ ਦੀਆਂ ਵਡੀਆਂ ਦਸਤਾਰਾਂ ,ਰੋਅਬਦਾਬ ਚਿਹਰਿਆਂ, ਲੰਬੀਆਂ ਦਾੜ੍ਹੀਆਂ ਤੋਂ ਡਰਦੇ ਸਨ। ਦੂਜੇ ਪਾਸੇ ਚੀਨ ਵਿੱਚ ਬਹੁਤ ਸਾਰੇ ਲੋਕਾਂ ਨੇ ਸਿੱਖ ਪੁਲਿਸ ਵਾਲਿਆਂ ਦਾ ਸਵਾਗਤ ਕੀਤਾ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਇਹ  ਸਿੱਖ ਪੁਲਿਸ ਵਾਲੇ ਚੀਨੀ ਪੁਲੀਸ ਵਾਲਿਆਂ ਨਾਲੋਂ ਬਿਹਤਰ ਤੇ ਇਮਾਨਦਾਰ  ਹਨ।ਕਿਸੇ ਨਾਲ ਧਕਾ ਨਹੀਂ ਕਰਦੇ।ਕਿਤਾਬ ਦੇ ਅਨੁਸਾਰ,  ਅਪਰਾਧੀ ਚੀਨੀ ਪੁਲਿਸ ਵਾਲਿਆਂ ਤੋਂ ਨਹੀਂ ਡਰਦੇ ਸਨ।ਉਨ੍ਹਾਂ ਦੀ ਨਿਤਾਣਾ ਤੇ ਕਮਜ਼ੋਰ ਸਮਝ ਕੇ ਪਰਵਾਹ ਨਹੀਂ ਸੀ ਕੀਤੀ ਜਾਂਦੀ ।1880 ਦੇ ਆਸ-ਪਾਸ ਸ਼ੰਘਾਈ ਵਿੱਚ ਬ੍ਰਿਟੇਨ ਅਤੇ ਫਰਾਂਸ ਵਰਗੇ ਦੇਸ਼ ਇੱਕ ਦੂਜੇ ਦਾ ਸਹਿਯੋਗ ਕਰ ਰਹੇ ਸਨ।

ਇਹ ਦੌਰ ਪਹਿਲੇ ਅਫੀਮ ਯੁੱਧ ਤੋਂ ਬਾਅਦ ਦਾ ਸਮਾਂ ਸੀ ਜਦੋਂ ਚੀਨ ਨੂੰ ਮੁੱਖ ਤੌਰ 'ਤੇ ਬ੍ਰਿਟਿਸ਼, ਫਰਾਂਸੀਸੀ ਅਤੇ ਅਮਰੀਕਾ ਨਾਲ ਲੜਾਈਆਂ ਵਿੱਚ ਹਾਰ ਤੋਂ ਬਾਅਦ ਜੇਤੂ ਫੌਜਾਂ ਵਲੋਂ ਆਰਥਿਕ ਰਿਆਇਤਾਂ ਦੇਣੀਆਂ ਪਈਆਂ ਸਨ। ਚਾਓ ਯਿਨ ਦੱਸਦੇ ਹਨ, "ਜਦੋਂ ਚੀਨ ਦੇ ਲੋਕਾਂ ਨੇ ਫਰਾਂਸ ਦੇ ਖਿਲਾਫ ਮੋਰਚਾ ਖੋਲ੍ਹਿਆ ਤਾਂ ਬ੍ਰਿਟਿਸ਼ ਅਧਿਕਾਰੀਆਂ ਨੂੰ ਚਿੰਤਾ ਹੋ ਗਈ ਸੀ। ਉਨ੍ਹਾਂ ਨੇ ਸ਼ੰਘਾਈ ਦੀ ਸੁਰੱਖਿਆ ਨੂੰ ਮਜ਼ਬੂਤ ​​ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਨੂੰ ਪਤਾ ਲੱਗਾ ਕਿ ਅੰਗਰੇਜ਼ਾਂ ਨੂੰ ਸ਼ੰਘਾਈ ਵਿੱਚ ਪੁਲਿਸ ਵਿਭਾਗ ਵਿੱਚ ਨੌਕਰੀਆਂ ਦੇਣੀਆਂ ਬਹੁਤ ਮਹਿੰਗੀਆ ਪੈਂਦੀਆਂ ਸਨ।ਬ੍ਰਿਟਿਸ਼ ਅਧਿਕਾਰੀਆਂ ਨੂੰ ਸਥਾਨਕ ਚੀਨੀ ਪੁਲਿਸ ਵਾਲਿਆਂ 'ਤੇ ਵੀ ਭਰੋਸਾ ਨਹੀਂ ਸੀ।ਉਹਨਾਂ ਨੂੰ ਜਾਪਦਾ ਸੀ ਕਿ ਕਿਤੇ ਉਹ ਲੜਾਈ ਦੌਰਾਨ ਬਿ੍ਟਿਸ਼ ਸਰਕਾਰ ਨੂੰ ਧੋਖਾ ਦੇ ਸਕਦੇ ਹਨ। ਇਸ ਕਰਕੇ ਉਹਨਾਂ ਨੇ ਹਾਂਗਕਾਂਗ ਦੇ ਸਿੱਖਾਂ ਨੂੰ ਪੁਲਿਸ ਵਿਭਾਗ ਵਿਚ ਭਰਤੀ ਕਰਨਾ ਸ਼ੁਰੂ ਕਰ ਦਿੱਤਾ, ਕਿਉਂਕਿ ਹਾਂਗਕਾਂਗ ਸ਼ੰਘਾਈ ਦੇ ਨੇੜੇ ਸੀ।ਹਾਂਗਕਾਂਗ ਦੇ ਸਿੱਖ ਪੁਲਿਸ ਵਾਲਿਆਂ ਨੂੰ ਵੀ ਚੀਨੀ ਲੋਕਾਂ ਨਾਲ ਨਜਿੱਠਣ ਦਾ ਤਜਰਬਾ ਸੀ।

ਸ਼ੁਰੂ ਵਿਚ 30 ਦੇ ਕਰੀਬ ਸਿੱਖ ਸ਼ੰਘਾਈ ਆਏ ਪਰ ਹੌਲੀ-ਹੌਲੀ ਇਨ੍ਹਾਂ ਦੀ ਗਿਣਤੀ ਵਧਣ ਲੱਗੀ। ਇਸ ਦਾ ਕਾਰਨ ਇਹ ਸੀ ਕਿ ਪੰਜਾਬ ਅਤੇ ਪੰਜਾਬ ਤੋਂ ਬਾਹਰ ਇਹ ਸੰਦੇਸ਼ ਗਿਆ ਕਿ ਸ਼ੰਘਾਈ ਵਿੱਚ ਸਰਕਾਰ ਹੋਰਨਾਂ ਥਾਵਾਂ ਦੇ ਮੁਕਾਬਲੇ ਬਹੁਤ ਜ਼ਿਆਦਾ ਪੈਸਾ ਦੇ ਰਹੀ ਹੈ, ਇਸ ਲਈ ਬਹੁਤ ਸਾਰੇ ਸਿੱਖ ਆਪ ਹੀ ਸ਼ੰਘਾਈ ਪਹੁੰਚਣ ਲੱਗ ਪਏ।ਕਿਤਾਬ ਦੇ ਅਨੁਸਾਰ, ਸਾਲ 1906 ਵਿੱਚ, ਸ਼ੰਘਾਈ ਮਿਉਂਸਪਲ ਕਾਰਪੋਰੇਸ਼ਨ  ਨੇ ਪਹਿਲਾ ਗੁਰਦੁਆਰਾ ਉਸਾਰਨ ਦੀ ਆਗਿਆ ਦਿੱਤੀ ਸੀ। ਗੁਰਦੁਆਰੇ ਨੂੰ ਉਸਾਰਨ ਬਾਰੇ ਜਾਣਕਾਰੀ ਲੈਣ ਲਈ ਕੁਝ ਅਫਸਰਾਂ ਨੂੰ ਹਾਂਗਕਾਂਗ ਭੇਜਿਆ ਗਿਆ ਅਤੇ ਅੰਤ ਜੂਨ 1908 ਵਿੱਚ ਉੱਤਰੀ ਸਿਚੁਆਨ ਵਿੱਚ ਇੱਕ ਗੁਰਦੁਆਰਾ ਬਣਾਇਆ ਗਿਆ।ਕਿਤਾਬ ਦੇ ਅਨੁਸਾਰ, " ਸ਼ੰਘਾਈ ਮਿਉਂਸਪਲ ਕਾਰਪੋਰੇਸ਼ਨ ਨੂੰ ਉਮੀਦ ਸੀ ਕਿ ਇਹ ਗੁਰਦੁਆਰਾ ਸ਼ੰਘਾਈ ਦੇ ਸਾਰੇ ਸਿੱਖਾਂ ਜਿਵੇਂ ਕਿ ਪੁਲਿਸ ਕਰਮਚਾਰੀਆਂ, ਚੌਕੀਦਾਰਾਂ  'ਤੇ ਕੰਟਰੋਲ ਕਰਨ ਵਿੱਚ ਮਦਦ ਕਰੇਗਾ। ਇਸ ਗੁਰਦੁਆਰੇ ਵਿੱਚ ਲੋੜਵੰਦ ਅਤੇ ਬੇਘਰ ਸਿੱਖਾਂ ਨੂੰ ਜਗਾਂ ਦਿਤੀ ਜਾਂਦੀ ਸੀ। ਸਿੱਖਾਂ ਦੇ ਵਿਚ ਵਿਵਾਦਾਂ ਨੂੰ ਅਦਾਲਤ ਦੀ ਬਜਾਏ ਗੁਰਦੁਆਰੇ ਵਿੱਚ ਸਲਝਾਇਆ ਜਾਂਦਾ ਸੀ।" 

ਚਾਓ ਯਿਨ ਅਨੁਸਾਰ ਸ਼ੁਰੂ ਵਿਚ ਸ਼ੰਘਾਈ ਵਿਚ ਆਉਣ ਵਾਲੇ ਸਿੱਖ ਬ੍ਰਿਟਿਸ਼ ਸਰਕਾਰ ਦੇ ਵਫ਼ਾਦਾਰ ਸਨ ਪਰ ਪਹਿਲੇ ਵਿਸ਼ਵ ਯੁੱਧ ਤੋਂ ਬਾਅਦ ਸਥਿਤੀ ਬਦਲ ਗਈ ਸੀ। ਖਾਸ ਕਰਕੇ ਕਾਮਾਗਾਟਾਮਾਰੂ ਕਾਂਡ ਤੋਂ ਬਾਅਦ।1914 ਵਿੱਚ, ਹਾਂਗਕਾਂਗ ਤੋਂ ਕੈਨੇਡਾ ਜਾਪਾਨੀ ਸਮੁੰਦਰੀ ਜਹਾਜ਼ ਕਾਮਾਗਾਟਾ ਮਾਰੂ, ਨੂੰ ਵੈਨਕੂਵਰ ਵਿੱਚ ਦਾਖਲ ਹੋਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਅਤੇ ਉਸਨੂੰ ਭਾਰਤ ਵਾਪਸ ਭੇਜ ਦਿਤਾ ਗਿਆ। ਇਸ ਜਹਾਜ਼ ਵਿਚ ਬਹੁਤ ਸਾਰੇ ਸਿੱਖ ਵੀ ਸਨ। ਕਈ ਸਿਖ ਬਿ੍ਟਿਸ਼ ਸਰਕਾਰ ਵਲੋਂ ਗੋਲੀਆਂ ਨਾਲ ਮਾਰ ਦਿਤੇ ਗਏ। ਇਸ ਕਾਂਡ ਕਾਰਣ ਸਿੱਖ ਬਹੁਤ  ਨਰਾਜ਼ ਹੋਏ ਸਨ।ਚਾਓ ਯਿਨ ਕਹਿੰਦੇ ਹਨ, "ਸਿੱਖਾਂ ਨੇ ਮਹਿਸੂਸ ਕੀਤਾ ਕਿ ਉਨ੍ਹਾਂ ਨਾਲ ਗੋਰੇ ਲੋਕਾਂ ਵਲੋਂ ਵਿਤਕਰਾ ਤੇ ਜ਼ੁਲਮ ਕੀਤਾ ਜਾ ਰਿਹਾ ਹੈ, ਜਦ ਕਿ ਉਨ੍ਹਾਂ ਨੇ ਬ੍ਰਿਟਿਸ਼ ਸਾਮਰਾਜ ਲਈ ਬਹੁਤ ਕੁਝ ਕੀਤਾ ਤੇ ਉਸਦੀ ਅਜ਼ਾਦੀ ਦੇ ਲਈ ਜਾਨਾਂ ਵੀ ਵਾਰੀਆਂ ਸਨ। ਇਸ ਕਾਰਣ ਬਹੁਤ ਸਾਰੇ ਸਿੱਖ ਸੈਨ-ਫ੍ਰਾਂਸਿਸਕੋ ਵਿੱਚ ਗਦਰ ਲਹਿਰ ਵਿੱਚ ਸ਼ਾਮਲ ਹੋ ਗਏ ਸਨ।"

ਸਾਨ ਫਰਾਂਸਿਸਕੋ ਅਤੇ ਪੰਜਾਬ ਵਿਚਕਾਰ ਸਿੱਧੇ ਸ਼ਿਪਿੰਗ ਲਿੰਕਾਂ ਦੀ ਘਾਟ ਕਾਰਣ ਸ਼ੰਘਾਈ  ਸਿੱਖ ਅੰਦੋਲਨਕਾਰੀਆਂ ਲਈ ਇੱਕ ਮਹੱਤਵਪੂਰਨ ਟਿਕਾਣਾ ਬਣ ਗਿਆ ਸੀ।ਗਦਰ ਲਹਿਰ ਦਾ ਉਦੇਸ਼ ਭਾਰਤ ਵਿੱਚੋਂ ਬਰਤਾਨਵੀ ਹਕੂਮਤ ਨੂੰ ਉਖਾੜ ਸੁੱਟਣਾ ਸੀ।ਕਿਤਾਬ ਵਿੱਚ ਇੱਕ ਬੁੱਧ ਸਿੰਘ ਦਾ ਜ਼ਿਕਰ ਹੈ ਜਿਸਨੂੰ ਇਤਿਹਾਸਕਾਰ ਯਿਨ ਨੇ  ਸ਼ੰਘਾਈ ਪੁਲਿਸ ਫੋਰਸ ਵਿੱਚ ਸਭ ਤੋਂ ਪ੍ਰਭਾਵਸ਼ਾਲੀ ਸਿੱਖ ਦੱਸਿਆ ਹੈ, ਪਰ ਕਿਤਾਬ ਵਿੱਚ ਉਸਦੀ ਕੋਈ ਤਸਵੀਰ ਨਹੀਂ ਹੈ। 6 ਅਪ੍ਰੈਲ 1927 ਦੀ ਸਵੇਰ ਨੂੰ ਇੱਕ  ਸੇਵਾਮੁਕਤ ਸਿੱਖ ਪੁਲਿਸ ਮੁਲਾਜ਼ਮ ਅਤੇ ਗਦਰੀ ਨੇ ਬੁੱਧ ਸਿੰਘ ਨੂੰ ਮਾਰ ਦਿੱਤਾ।ਚਾਓ ਯਿਨ ਦੱਸਦੇ ਹਨ, "ਬੁੱਧ ਸਿੰਘ ਬ੍ਰਿਟਿਸ਼ ਸਰਕਾਰ ਦਾ ਬਹੁਤ ਵਫ਼ਾਦਾਰ ਸੀ। ਉਸ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਅਤੇ ਸ਼ੰਘਾਈ ਵਿੱਚ ਲੁਕੇ ਹੋਏ ਸਿੱਖ ਕ੍ਰਾਂਤੀਕਾਰੀਆਂ ਦੇ ਨੈਟਵਰਕ ਨੂੰ ਟਰੇਸ ਕਰਨ ਲਈ ਸਿੱਖ ਗੁਰਦੁਆਰੇ ਵਿੱਚ ਏਜੰਟ ਭੇਜੇ ਤੇ ਬਿ੍ਟਿਸ਼ ਸਰਕਾਰ ਦੀ ਮਦਦ ਕੀਤੀ। ਉਸ ਕਾਰਣ ਸਿੱਖਾਂ ਨੂੰ ਟਰੇਸ ਕਰਨਾ ਆਸਾਨ ਹੋ ਗਿਆ ਸੀ। ਬੁੱਧ ਸਿੰਘ ਕਾਰਣ ਸ਼ੰਘਾਈ ਵਿੱਚ ਗਦਰ ਲਹਿਰ  ਫੇਲ੍ਹ ਹੋ ਗਈ ਸੀ। 1916 ਤੋਂ 1949 ਦਰਮਿਆਨ ਦੋ ਅਹਿਮ ਘਟਨਾਵਾਂ ਹੋਈਆਂ। ਰੂਸ ਵਿਚ ਹੋਈ ਕ੍ਰਾਂਤੀ ਕਾਰਨ ਬਹੁਤ ਸਾਰੇ ਸਿੱਖਾਂ ਨੇ ਪ੍ਰੇਰਨਾ ਲਈ ਤੇ ਰੂਸ ਵਲ ਰੁਖ ਕੀਤਾ। ਦੂਜੇ ਪਾਸੇ ਚੀਨੀ ਰਾਸ਼ਟਰਵਾਦੀਆਂ ਨੇ ਬਰਤਾਨਵੀ ਹਾਕਮਾਂ ਨੂੰ ਬਾਹਰ ਕੱਢਣ ਲਈ ਸਿੱਖਾਂ ਦਾ ਪੱਖ ਲਿਆ।ਸਾਲ 1927 ਦੇ ਆਸ-ਪਾਸ,  ਸ਼ੰਘਾਈ ਮਿਉਂਸਪਲ ਕਾਰਪੋਰੇਸ਼ਨ ਅਤੇ ਗਦਰ ਪਾਰਟੀ, ਚੀਨੀ ਰਾਸ਼ਟਰਵਾਦੀ ਆਦਿ ਵਰਗੇ ਵੱਖ-ਵੱਖ ਬ੍ਰਿਟਿਸ਼ ਵਿਰੋਧੀ ਸਮੂਹਾਂ ਵਿਚਕਾਰ ਸੰਘਰਸ਼ ਛਿੜ ਪਿਆ ਸੀ।ਸਾਲ 1941 ਵਿਚ ਜਾਪਾਨ ਨੇ ਚੀਨ 'ਤੇ ਹਮਲਾ ਕਰਕੇ ਸ਼ੰਘਾਈ 'ਤੇ ਕਬਜ਼ਾ ਕਰ ਲਿਆ, ਜਿਸ ਨਾਲ ਸ਼ੰਘਾਈ 'ਤੇ ਬ੍ਰਿਟਿਸ਼ ਪ੍ਰਭਾਵ ਖਤਮ ਹੋ ਗਿਆ ਸੀ।

ਦੁਸ਼ਮਣ ਦਾ ਦੁਸ਼ਮਣ ਮਿੱਤਰ ਹੁੰਦਾ ਹੈ, ਇਸ ਲਈ ਜਾਪਾਨੀ ਅਧਿਕਾਰੀਆਂ ਨੇ ਸਿੱਖਾਂ ਦਾ ਸਾਥ ਦਿੱਤਾ।ਚਾਓ ਯਿਨ ਕਹਿੰਦੇ ਹਨ, "ਜਦੋਂ ਨੇਤਾ  ਸੁਭਾਸ਼ ਚੰਦਰ ਬੋਸ 1943 ਵਿੱਚ ਯੂਰਪ ਤੋਂ ਏਸ਼ੀਆ ਪਹੁੰਚੇ ਅਤੇ ਇੰਡੀਅਨ ਨੈਸ਼ਨਲ ਆਰਮੀ (ਆਈ.ਐਨ.ਏ.) ਦੀ ਸਥਾਪਨਾ ਕੀਤੀ, ਤਾਂ ਇਸ ਦਾ ਪਹਿਲਾ ਹੈੱਡਕੁਆਰਟਰ ਸਿੰਗਾਪੁਰ ਸੀ, ਜੋ ਬਾਅਦ ਵਿੱਚ ਯਾਂਗੋਨ ਵਿੱਚ ਤਬਦੀਲ ਹੋ ਗਿਆ। ਇਸ ਕਾਰਨ ਸ਼ੰਘਾਈ ਆਈਐਨਏ ਦੀ ਇੱਕ ਸ਼ਾਖਾ ਵਾਂਗ ਬਣ ਗਿਆ। ਸੁਭਾਸ਼ ਚੰਦਰ ਬੋਸ ਖੁਦ ਸ਼ੰਘਾਈ ਆਏ ਅਤੇ ਇੱਥੋਂ ਦੇ ਸਿੱਖ ਭਾਈਚਾਰੇ ਨਾਲ ਗੱਲਬਾਤ ਕਰਕੇ ਭਾਰਤੀ ਅਜ਼ਾਦੀ ਲਈ ਸਹਿਯੋਗ ਮੰਗਿਆ ਅਤੇ ਬਰਤਾਨੀਆ ਵਿਰੁੱਧ ਜੰਗ ਦੀ ਗੱਲ ਕੀਤੀ। ਉਨ੍ਹਾਂ ਨੇ ਸਿੱਖਾਂ ਨਾਲ ਵਾਅਦਾ ਕੀਤਾ ਕਿ ਉਹ ਉਨ੍ਹਾਂ ਨੂੰ ਭਾਰਤ ਵਾਪਸ ਲੈ ਕੇ ਜਾਣਗੇ ਤੇ ਉਹ ਉਥੇ ਅਜ਼ਾਦੀ ਦਾ ਨਿੱਘ ਮਾਣਨਗੇ।ਸਾਲ 1949 ਵਿੱਚ, ਇੱਕ ਵਾਰ ਫਿਰ ਸ਼ੰਘਾਈ ਵਿੱਚ ਸਥਿਤੀ ਬਦਲ ਗਈ ਅਤੇ ਸ਼ਹਿਰ ਉੱਤੇ ਚੀਨੀ ਰਾਸ਼ਟਰਵਾਦੀਆਂ ਦਾ ਕਬਜ਼ਾ ਹੋ ਗਿਆ।

ਯਿਨ ਦੱਸਦੇ ਹਨ, "ਚੀਨੀ ਰਾਸ਼ਟਰਵਾਦੀ ਨੇ  ਸਿੱਖਾਂ ਨੂੰ ਪੁਲਿਸ ਵਾਲਿਆਂ ਵਜੋਂ ਕੰਮ ਕਰਨ ਦੀ ਇਜਾਜ਼ਤ ਨਹੀਂ ਦਿਤੀ ਤੇ ਵਿਰੋਧ ਕੀਤਾ ਸੀ। ਇਸ ਲਈ ਸਿੱਖਾਂ ਕੋਲ ਇੱਥੇ ਕੋਈ ਨੌਕਰੀ ਨਹੀਂ ਸੀ ਅਤੇ ਉਨ੍ਹਾਂ ਨੂੰ ਸ਼ੰਘਾਈ ਛੱਡ ਕੇ ਆਸਟ੍ਰੇਲੀਆ, ਅਮਰੀਕਾ ਅਤੇ ਕੈਨੇਡਾ ਵਰਗੇ ਦੇਸ਼ਾਂ ਵਿੱਚ ਜਾਣਾ ਪਿਆ ਸੀ। ਇਹ ਸਿੱਖਾਂ ਦੀ ਸ਼ੰਘਾਈ ਦੀ ਇਤਿਹਾਸਕ ਸੰਘਰਸ਼ਸ਼ੀਲ ਤੇ ਦੁਖਾਂਤਕ ਦਾਸਤਾਨ  ਹੈ।"