ਐਗਜ਼ਿਟ ਪੋਲ ਦੌਰਾਨ ਪੰਜਾਬ ਵਿੱਚ ‘ਆਪ’ ਤੇ ਯੂਪੀ ਵਿਚ ਮੁੜ ਭਾਜਪਾ

ਐਗਜ਼ਿਟ ਪੋਲ ਦੌਰਾਨ ਪੰਜਾਬ ਵਿੱਚ ‘ਆਪ’ ਤੇ ਯੂਪੀ ਵਿਚ ਮੁੜ ਭਾਜਪਾ

*ਪੰਜਾਬ ਬਾਰੇ ਪ੍ਰਮੁੱਖ ਚੋਣ ਸਰਵੇਖਣਾਂ ਵਿੱਚ ਆਪਸਭ ਨਾਲੋਂ ਅੱਗੇ

*ਨਿਊਜ਼ ਟੂਡੇ ਚਾਣਕਿਆ ਵੱਲੋਂ ਆਮ ਆਦਮੀ ਪਾਰਟੀ ਨੂੰ 100 ਸੀਟਾਂ ਮਿਲਣ ਦੀ ਪੇਸ਼ੀਨਗੋਈ

*ਪੰਜਾਬ  ਵਿੱਚ ਐਤਕੀਂ ਪੰਜ-ਕੋਣੀ ਮੁਕਾਬਲੇ ਕਾਰਣ  ਅਸਲ ਚੋਣ ਨਤੀਜੇ ਚੋਣ ਸਰਵੇਖਣਾਂ ਤੋਂ ਉਲਟ ਵੀ ਜਾ ਸਕਦੇ  ਨੇ

*ਉੱਤਰਾਖੰਡ ਵਿੱਚ ਬਰਾਬਰ ਦੀ ਟੱਕਰ, ਮਨੀਪੁਰ ਵਿੱਚ ਭਾਜਪਾ ਦਾ ਹੱਥ ਉੱਚਾ ਰਹਿਣ ਦੇ ਆਸਾਰ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ: ਗਜ਼ਿਟ ਪੋਲਾਂ ਦੀ ਮੰਨੀਏ ਤਾਂ ਪੰਜਾਬ ਵਿੱਚ ਅਗਲੀ ਸਰਕਾਰ ਆਪ ਪਾਰਟੀ ਦੀ ਬਣੇਗੀ। ਪੰਜ ਸਾਲ ਪਹਿਲਾਂ ਵੱਖ ਵੱਖ ਸਿਆਸੀ ਪਾਰਟੀਆਂ ਦੀ ਝੋਲੀ ਪਈਆਂ ਸੀਟਾਂ ਵਿੱਚ ਵੱਡਾ ਫ਼ਰਕ ਸੀ, ਪਰ ਐਤਕੀਂ ਸਾਰੇ ਪ੍ਰਮੁੱਖ ਚੋਣ ਸਰਵੇਖਣਾਂ ਵਿੱਚ ਆਪਸਾਰੀਆਂ ਰਵਾਇਤੀ ਪਾਰਟੀਆਂ ਤੋਂ ਕਿਤੇ ਅੱਗੇ ਹੈ ਤੇ ਪਾਰਟੀ ਨੂੰ 117 ਮੈਂਬਰੀ ਅਸੈਂਬਲੀ ਵਿੱਚ ਸਪਸ਼ਟ ਬਹੁਮੱਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਦੱਸ ਦੇਈਏ ਕਿ ਸਾਲ 2017 ਦੇ ਚੋਣ ਸਰਵੇਖਣਾਂ ਵਿੱਚ ਵੀ ਕੁਝ ਨੇ ਆਪਨੂੰ ਸਪਸ਼ਟ ਬਹੁਮਤ ਮਿਲਦਾ ਵਿਖਾਇਆ ਸੀ, ਪਰ ਜਦੋਂ ਨਤੀਜੇ ਐਲਾਨੇ ਗਏ ਤਾਂ ਪਾਰਟੀ ਦੇ ਹਿੱਸੇ ਸਿਰਫ਼ 20 ਸੀਟਾਂ ਹੀ ਆਈਆਂ। ਪੰਜਾਬ ਚੋਣਾਂ ਵਿੱਚ ਐਤਕੀਂ ਪੰਜ-ਕੋਣੀ ਮੁਕਾਬਲੇ ਨੂੰ ਵੇਖਦਿਆਂ ਅਸਲ ਚੋਣ ਨਤੀਜੇ ਚੋਣ ਸਰਵੇਖਣਾਂ ਤੋਂ ਉਲਟ ਵੀ ਹੋ ਸਕਦੇ ਹਨ।

ਨਿਊਜ਼ 24 ਟੂਡੇ ਚਾਣਕਿਆ ਨੇ ਆਪਨੂੰ 100 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਨਿਊਜ਼ ਐਕਸ ਨੇ 56-61 ਜਦੋਂਕਿ ਦਿ ਟਾਈਮਜ਼ ਨਾਓ ਵੀਟੋ ਤੇ ਰਿਪਬਲਿਕ ਦੇ ਸਰਵੇਖਣਾਂ ਵਿੱਚ ਆਪਨੂੰ 70 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ। ਸੀ-ਵੋਟਰ ਸਰਵੇਖਣ ਵਿੱਚ ਆਪ ਨੂੰ 59-67 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਏਬੀਪੀ ਲੋਕਨੀਤੀ ਸੀਐੱਸਡੀਐੱਸ ਨੇ ਆਪਣੇ ਸਰਵੇਖਣ ਵਿੱਚ ਆਪ ਤੇ ਕਾਂਗਰਸ ਚ ਬਰਾਬਰ ਦੀ ਟੱਕਰ ਦਾ ਦਾਅਵਾ ਕੀਤਾ ਹੈ। ਸਰਵੇਖਣ ਵਿੱਚ ਆਪ ਨੂੰ 36-46 ਸੀਟਾਂ ਤੇ ਕਾਂਗਰਸ ਨੂੰ 46 ਤੋਂ 56 ਸੀਟਾਂ ਮਿਲਦੀਆਂ ਵਿਖਾਈਆਂ ਹਨ।ਨਿਊਜ਼ ਐਕਸ ਨੇ ਕਾਂਗਰਸ ਨੂੰ 24-29, ਚਾਣਕਿਆ ਨੇ 10, ਟਾਈਮਜ਼ ਨਾਓ ਵੀਟੋ ਨੇ 22 ਤੇ ਰਿਪਬਲਿਕ ਨੇ 23-31 ਸੀਟਾਂ ਦਿੱਤੀਆਂ ਹਨ। ਸ਼੍ਰੋਮਣੀ ਅਕਾਲੀ ਦਲ ਨੂੰ ਚਾਣਕਿਆ ਨੇ 6, ਸੀ-ਵੋਟਰ ਨੇ 5-13, ਇੰਡੀਆ ਟੂਡੇ ਐਕਸਿਸ ਨੇ 4-7 ਤੇ ਇੰਡੀਆ ਨਿਊਜ਼ ਐੱਮਆਰਸੀ ਨੇ 7, ਟਾਈਮਜ਼ ਨਾਓ ਵੀਟੋ ਨੇ 19, ਰਿਪਬਲਿਕ ਨੇ 23-31, ਏਬੀਪੀ ਲੋਕਨੀਤੀ ਸੀਐੱਸਡੀਐੈੱਸ ਨੇ 19-27 ਤੇ ਨਿਊਜ਼ ਐਕਸ ਨੇ 24-29 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਉਧਰ ਨਿਊਜ਼ ਐਕਸ ਨੇ ਭਾਜਪਾ ਨੂੰ 6 ਜਦੋਂਕਿ ਟੂਡੇਜ਼ ਚਾਣਕਿਆ ਨੇ ਸਿਰਫ਼ ਇਕ ਸੀਟ ਦਿੱਤੀ ਹੈ। ਸਾਰੇ ਚੋਣ ਸਰਵੇਖਣਾਂ ਦੀ ਰਿਪੋਰਟ ਮੁਤਾਬਕ ਭਾਜਪਾ ਲਈ ਦਹਾਈ ਦੇ ਅੰਕੜੇ ਤੱਕ ਪੁੱਜਣਾ ਵੀ ਔਖਾ ਹੋਵੇਗਾ। 

ਸਪਸ਼ਟ ਹੈ ਕਿ ਪੰਜਾਬ ਐਗਜ਼ਿਟ ਪੋਲ ਨੇ  ਰਾਜ ਦੇ ਸਿਆਸੀ ਧੁਨੰਤਰਾਂ ਨੂੰ ਕੰਬਣੀ ਛੇੜ ਦਿੱਤੀ ਹੈ। ਐਗਜ਼ਿਟ ਪੋਲ ਵਿਚ ਆਪ ਪਾਰਟੀ ਨੂੰ ਦਿਖਾਈ ਗਈ ਸਿਆਸੀ ਚੜ੍ਹਤ ਅਤੇ ਪੂਰਨ ਬਹੁਮਤ ਮਿਲਣ ਦੇ ਅਨੁਮਾਨ ਕਾਰਨ ਕਿਤੇ ਖ਼ੁਸ਼ੀ ਤੇ ਕਿਤੇ ਗ਼ਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਪੰਜਾਬ ਚੋਣਾਂ ਦੌਰਾਨ ਬਦਲਾਅ ਦੀ ਗੱਲ ਕਰਨ ਵਾਲੇ ਇਹਨਾਂ  ਐਗਜ਼ਿਟ ਪੋਲ ਤੋਂ ਖ਼ੁਸ਼ ਨਜ਼ਰ ਆਏ ਜਦੋਂ ਕਿ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਦੇ ਖੇਮੇ ਵਿਚ ਖ਼ਾਮੋਸ਼ੀ ਛਾਈ ਹੋਈ ਹੈ। ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜੇ 10 ਮਾਰਚ ਨੂੰ ਆਉਣੇ ਹਨ ਜਿਨ੍ਹਾਂ ਵਿਚ ਅਸਲ ਤਸਵੀਰ ਸਾਹਮਣੇ ਆਵੇਗੀ ਪਰ ਐਗਜ਼ਿਟ ਪੋਲ ਨੇ ਜਿੱਥੇ ਆਪ ਪਾਰਟੀ ਦੀ ਸਰਕਾਰ ਬਣਨ ਦਾ ਸਪੱਸ਼ਟ ਇਸ਼ਾਰਾ ਕਰ ਦਿੱਤਾ ਹੈ, ਉੱਥੇ ਕਾਂਗਰਸ ਦੀ ਸੱਤਾ ਵਿਚੋਂ ਵਿਦਾਇਗੀ ਦਾ ਅਨੁਮਾਨ ਵੀ ਲਾਇਆ ਗਿਆ ਹੈ। ਇਸੇ ਤਰ੍ਹਾਂ ਅਕਾਲੀ ਦਲ ਦੀ ਸਿਆਸੀ ਸਥਿਤੀ ਪੰਜ ਵਰ੍ਹਿਆਂ ਮਗਰੋਂ ਵੀ ਸੁਧਰਨ ਦੀ ਹਾਮੀ ਕੋਈ ਐਗਜ਼ਿਟ ਪੋਲ ਨਹੀਂ ਭਰ ਰਿਹਾ। ਭਾਜਪਾ ਤੇ ਉਸ ਦੇ ਭਾਈਵਾਲਾਂ ਦੀਆਂ ਇੱਛਾਵਾਂ ਨੂੰ ਵੀ ਐਗਜ਼ਿਟ ਪੋਲ ਵਿਚ ਕੋਈ ਸਿਆਸੀ ਬੂਰ ਪੈਂਦਾ ਨਜ਼ਰ ਨਹੀਂ ਆ ਰਿਹਾ। ਮੁੱਖ ਮੰਤਰੀ ਚਰਨਜੀਤ ਚੰਨੀ ਨੇ ਦੋ ਵਿਧਾਨ ਸਭਾ ਹਲਕਿਆਂ ਤੋਂ ਚੋਣ ਲੜੀ ਸੀ ਜਿਨ੍ਹਾਂ ਨੂੰ ਐਗਜ਼ਿਟ ਪੋਲ ਨੇ ਧੁੜਕੂ ਲਾ ਦਿੱਤਾ ਹੈ ਕਿਉਂਕਿ ਆਪਦੇ ਮੁੱਖ ਮੰਤਰੀ ਦੇ ਚਿਹਰੇ ਭਗਵੰਤ ਮਾਨ ਨੇ ਇਹ ਗੱਲ ਜ਼ੋਰਦਾਰ ਤਰੀਕੇ ਨਾਲ ਪ੍ਰਚਾਰੀ ਸੀ ਕਿ ਮੁੱਖ ਮੰਤਰੀ ਚੰਨੀ ਦੋਵੇਂ ਸੀਟਾਂ ਤੋਂ ਹੀ ਹਾਰਨਗੇ। ਕਾਂਗਰਸ ਦੇ ਵਜ਼ੀਰਾਂ ਦੇ ਸਾਹ ਵੀ ਐਗਜ਼ਿਟ ਪੋਲ ਨੇ ਸੂਤ ਦਿੱਤੇ ਹਨ। ਐਗਜ਼ਿਟ ਪੋਲ ਵਿਚ ਕਾਂਗਰਸ ਨੂੰ 22 ਤੋਂ 31 ਤੱਕ ਸੀਟਾਂ ਮਿਲਣ ਦਾ ਅਨੁਮਾਨ ਲਾਇਆ ਜਾ ਰਿਹਾ ਹੈ। ਮੁੱਖ ਮੰਤਰੀ ਚੰਨੀ ਨੂੰ ਬਤੌਰ ਦਲਿਤ ਚਿਹਰਾ ਐਲਾਨਿਆ ਜਾਣਾ ਵੀ ਕਾਂਗਰਸ ਨੂੰ ਰਾਸ ਆਇਆ ਨਹੀਂ ਜਾਪ ਰਿਹਾ ਜੋ ਨਤੀਜਿਆਂ ਤੋਂ ਸਪੱਸ਼ਟ ਹੋਵੇਗਾ। ਅਕਾਲੀ ਦਲ ਦੇ ਸਿਆਸੀ ਧੁਨੰਤਰਾਂ ਦੀ ਸੀਟ ਵੀ ਖ਼ਤਰੇ ਵਿਚ ਪੈ ਸਕਦੀ ਹੈ। ਹਲਕਾ ਲੰਬੀ ਤੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੀ ਫਸਵੇਂ ਮੁਕਾਬਲੇ ਵਿਚ ਹਨ ਅਤੇ ਬਠਿੰਡਾ ਤੋਂ ਖ਼ਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਲਈ ਵੀ ਸਥਿਤੀ ਐਤਕੀਂ ਸੌਖੀ ਨਹੀਂ ਜਾਪਦੀ। ਸੂਤਰ ਆਖਦੇ ਹਨ ਕਿ ਜੇ ਐਗਜ਼ਿਟ ਪੋਲ ਦੇ ਅਨੁਮਾਨ ਚੋਣ ਨਤੀਜਿਆਂ ਵਿਚ ਬਦਲਦੇ ਹਨ ਤਾਂ ਕਾਂਗਰਸ ਅੰਦਰ ਅੰਦਰੂਨੀ ਜੰਗ ਹੋਰ ਤੇਜ਼ ਹੋਵੇਗੀ ਅਤੇ ਅਕਾਲੀ ਦਲ ਵਿਚ ਵੀ ਸਵਾਲ ਉੱਠਣਗੇ।

ਅਸੀਂ ਸਪਸ਼ਟ ਬਹੁਮੱਤ ਨਾਲ ਮੁੜ ਸਰਕਾਰ ਬਣਾਵਾਂਗੇ: ਚੌਧਰੀ

ਕਾਂਗਰਸ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਨੇ ਚੋਣ ਸਰਵੇਖਣਾਂ ਵਿਚਲੇ ਦਾਅਵਿਆਂ ਨੂੰ ਖਾਰਜ ਕਰਦਿਆਂ ਕਿਹਾ, ‘‘ਸਾਡੀ ਪਾਰਟੀ ਸਪਸ਼ਟ ਬਹੁਮੱਤ ਨਾਲ ਸਰਕਾਰ ਬਣਾਏਗੀ। ਚੋਣਾਂ ਤੋਂ ਪਹਿਲਾਂ ਆਖਰੀ ਕੁਝ ਦਿਨਾਂ ਵਿੱਚ ਕੀਤੇ ਵਿਕਾਸ ਕੰਮਾਂ ਨੂੰ ਲੋਕਾਂ ਨੇ ਵੇਖਿਆ ਹੈ। ਉਨ੍ਹਾਂ ਨੇ ਰੌਸ਼ਨ ਭਵਿੱਖ ਵੇਖਿਆ ਹੈ, ਜੋ ਸਿਰਫ਼ ਸਾਡੇ ਸੱਤਾ ਵਿੱਚ ਆਉਣ ਤੇ ਸੰਭਵ ਹੈ।’’ ਉਧਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਚੋਣ ਸਰਵੇਖਣਾਂ ਨੂੰ ਬੇਬੁਨਿਆਦ’ ਕਰਾਰ ਦਿੱਤਾ ਹੈ।

ਸਾਨੂੰ ਚੋਣ ਸਰਵੇਖਣਾਂ ਤੇ ਯਕੀਨ ਨਹੀਂ: ਚੀਮਾ

 ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਚੋਣ ਸਰਵੇਖਣਾਂ ਦੇ ਪ੍ਰਤੀਕਰਮ ਵਿਚ ਕਿਹਾ, ‘‘ਸਾਨੂੰ ਚੋਣਾਂ ਤੋਂ ਪਹਿਲਾਂ ਤੇ ਮਗਰੋਂ ਕੀਤੇ ਚੋਣ ਸਰਵੇਖਣਾਂ ’ਤੇ ਯਕੀਨ ਨਹੀਂ ਹੈ। ਪਿਛਲੀਆਂ ਚੋਣਾਂ ਮੌਕੇ ਵੀ ਇਹ ਪੂਰੀ ਤਰ੍ਹਾਂ ਗ਼ਲਤ ਸਾਬਤ ਹੋਏ ਸੀ ਤੇ ਐਤਕੀਂ ਫਿਰ ਚੋਣ ਪੰਡਿਤ ਗ਼ਲਤ ਸਾਬਤ ਹੋਣਗੇ। ਅਕਾਲੀ ਵੱਡੇ ਬਹੁਮਤ ਨਾਲ ਸੱਤਾ ਵਿੱਚ ਆਉਣਗੇ।’’ਸਿਆਸੀ ਮਾਹਿਰਾਂ ਅਨੁਸਾਰ ਪੰਜਾਬ ਵਿਚ ਕਿਸੇ ਪਾਰਟੀ ਜਾਂ ਗੱਠਜੋੜ ਨੂੰ ਬਹੁਮਤ ਨਹੀਂ ਮਿਲ ਰਿਹਾ। ਹੁਣ ਤੱਕ ਖ਼ਬਰ ਚੈਨਲਾਂ ਵਲੋਂ ਜਿੰਨੇ ਵੀ ਚੋਣ ਸਰਵੇਖਣ ਪ੍ਰਸਾਰਿਤ ਕੀਤੇ ਗਏ ਹਨ, ਕੁਝ ਇਕ ਨੂੰ ਛੱਡ ਕੇ ਸਾਰਿਆਂ ਨੇ ਇੰਨ-ਬਿੰਨ ਉਪਰੋਕਤ ਵਾਲੀ ਸਥਿਤੀ ਪੈਦਾ ਹੋਣ ਦਾ ਅੰਦਾਜ਼ਾ ਹੀ ਲਾਇਆ ਹੈ।

ਬੀਤੇ ਦਿਨੀਂ ਇਕ ਪੰਜਾਬੀ ਖ਼ਬਰ ਚੈਨਲ ਕਹਿ ਰਿਹਾ ਸੀ ਕਿ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਆਪਣੇ ਐਮ.ਐਲ.ਏ. ਸੰਭਾਲਣੇ ਪੈਣਗੇ। ਇਸ ਦੇ ਲਈ ਜੇਤੂ ਉਮੀਦਵਾਰਾਂ ਨੂੰ ਦੂਰ ਦੁਰਾਡੇ ਲਿਜਾ ਕੇ ਹਾਈਕਮਾਨ ਕਾਂਗਰਸ ਆਪਣੀ ਸਖ਼ਤ ਨਿਗਰਾਨੀ ਹੇਠ ਰੱਖੇਗੀ। ਕਈ ਰਾਜਾਂ ਦੀਆਂ ਚੋਣਾਂ ਉਪਰੰਤ ਅਜਿਹੀ ਸਥਿਤੀ ਬਣਦੀ ਰਹੀ ਹੈ। ਵੱਡੀਆਂ ਪਾਰਟੀਆਂ ਦਾ ਅਜਿਹਾ ਲੰਮਾ ਤਜਰਬਾ ਹੈ।ਜਦ ਅੰਤਰ ਵੱਡਾ ਹੋਵੇ ਤਦ ਪਾਰਟੀਆਂ ਚੁੱਪ ਕਰਕੇ ਬੈਠ ਜਾਂਦੀਆਂ ਹਨ ਪਰ ਅੰਤਰ ਥੋੜ੍ਹਾ ਹੋਣ 'ਤੇ ਹਰ ਹੀਲਾ ਵਸੀਲਾ ਸਰਕਾਰ ਬਣਾਉਣ ਲਈ ਵਰਤਿਆ ਜਾਂਦਾ ਹੈ। ਹੋ ਸਕਦਾ ਹੈ ਕਿ ਇਹ ਕਿਆਸ ਅਰਾਈਆਂ ਸਹੀ ਨਿਕਲਣ ਅਤੇ ਇਹ ਵੀ ਹੋ ਸਕਦਾ ਹੈ ਕਿ ਸਹੀ ਨਾ ਮਿਲਣ।, ਭੰਨ-ਤੋੜ ਲਈ ਯਤਨ ਕੀਤੇ ਜਾਣਗੇ।ਕੁਝ ਗੱਠਜੋੜ ਵੋਟਾਂ ਪੈਣ ਤੋਂ ਪਹਿਲਾਂ ਬਣੇ ਸਨ। ਕੁਝ ਨਤੀਜੇ ਆਉਣ ਤੋਂ ਬਾਅਦ ਬਣ ਸਕਦੇ ਹਨ। ਅਕਾਲੀ ਦਲ ਨੇ ਅਜਿਹੇ ਸੰਕੇਤ ਦਿੱਤੇ ਹਨ ਕਿ ਉਹ ਭਾਜਪਾ ਨਾਲ ਜਾ ਸਕਦੇ ਹਨ। ਨਤੀਜੇ ਆਉਣ ਤੋਂ ਕੁਝ ਦਿਨ ਪਹਿਲਾਂ ਹੀ ਸਿਆਸੀ ਪਾਰਟੀਆਂ ਸਮੀਖਿਆ ਮੀਟਿੰਗਾਂ ਕਰਨ ਲੱਗੀਆਂ ਹਨ। ਅਜਿਹੀ ਮੀਟਿੰਗ ਉਪਰੰਤ ਪੰਜਾਬ ਪ੍ਰਦੇਸ਼ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਹੈ ਕਿ ਪੰਜਾਬ ਵਿਚ ਭਾਜਪਾ ਗੱਠਜੋੜ ਸਰਕਾਰ ਬਣੇਗੀ। ਰਾਜ ਦੀਆਂ ਦੂਜੀਆਂ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਤੇ ਅਕਾਲੀ ਦਲ-ਬਸਪਾ ਗੱਠਜੋੜ ਦੇ ਆਗੂ ਵੀ ਅਜਿਹੀ ਆਸ ਲਾਈ ਬੈਠੇ ਹਨ, ਭਾਵੇਂ ਕਿ ਉਹ ਸਾਰੇ 10 ਮਾਰਚ ਦੀ ਉਡੀਕ ਵੀ ਬੜੀ ਤਤਪਰਤਾ ਨਾਲ ਕਰ ਰਹੇ ਹਨ।

ਪੰਜਾਬ ਦੀਆਂ ਪੰਜ ਸੀਟਾਂ ਸਣੇ 13 ਸੀਟਾਂ ਲਈ ਚੋਣ 31 ਨੂੰ

ਪੰਜਾਬ ਦੀਆਂ ਪੰਜ ਸੀਟਾਂ ਲਈ ਦੋ ਹਿੱਸਿਆਂ ਚ ਹੋਵੇਗੀ ਚੋਣ

ਚੋਣ ਕਮਿਸ਼ਨ 14 ਮਾਰਚ ਨੂੰ ਜਾਰੀ ਕਰੇਗਾ ਨੋਟੀਫਿਕੇਸ਼ਨ

ਪੰਜਾਬ ਦੀਆਂ ਪੰਜ ਸੀਟਾਂ ਸਣੇ ਰਾਜ ਸਭਾ ਦੀਆਂ 13 ਸੀਟਾਂ ਲਈ ਚੋਣ 31 ਮਾਰਚ ਨੂੰ ਹੋਵੇਗੀ। ਇਨ੍ਹਾਂ ਵਿੱਚ ਕਾਂਗਰਸੀ ਆਗੂਆਂ ਏ.ਕੇ.ਐਂਟਨੀ ਤੇ ਆਨੰਦ ਸ਼ਰਮਾ ਵੱਲੋਂ ਅਪਰੈਲ ਮਹੀਨੇ ਖਾਲੀ ਕੀਤੀਆਂ ਜਾਣ ਵਾਲੀਆਂ ਸੀਟਾਂ ਵੀ ਸ਼ਾਮਲ ਹਨ। ਚੋਣ ਕਮਿਸ਼ਨ ਨੇ ਕਿਹਾ ਕਿ ਅਸਾਮ, ਹਿਮਾਚਲ ਪ੍ਰਦੇਸ਼, ਕੇਰਲਾ, ਨਾਗਾਲੈਂਡ ਤੇ ਤ੍ਰਿਪੁਰਾ ਨਾਲ ਸਬੰਧਤ ਮੈਂਬਰ 2 ਅਪਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ ਜਦੋਂਕਿ ਪੰਜਾਬ ਤੋਂ ਪੰਜ ਰਾਜ ਸਭਾ ਮੈਂਬਰਾਂ ਦਾ ਕਾਰਜਕਾਲ 9 ਅਪਰੈਲ ਨੂੰ ਖਤਮ ਹੋ ਰਿਹਾ ਹੈ। ਕਮਿਸ਼ਨ ਨੇ ਕਿਹਾ, ‘‘ਪੰਜਾਬ ਦੀਆਂ ਪੰਜ ਸੀਟਾਂ ਵਿੱਚੋਂ ਤਿੰਨ ਲਈ ਇਕ ਚੋਣ ਹੋਵੇਗੀ ਜਦੋਂਕਿ ਬਚਦੀਆਂ ਦੋ ਸੀਟਾਂ ਲਈ ਵੱਖਰੀ ਚੋਣ ਹੋਵੇਗੀ ਕਿਉਂਕਿ ਇਹ ਸੀਟਾਂ ਮੈਂਬਰਾਂ ਦੇ ਦੋ ਵੱਖੋ-ਵੱਖਰੇ ਕਾਰਜਕਾਲਾਂ ਨਾਲ ਸਬੰਧਤ ਹਨ।’’ ਪੋਲਿੰਗ ਲਈ ਨੋਟੀਫਿਕੇਸ਼ਨ 14 ਮਾਰਚ ਨੂੰ ਜਾਰੀ ਹੋਵੇਗਾ ਤੇ ਚੋਣਾਂ 31 ਮਾਰਚ ਨੂੰ ਹੋਣਗੀਆਂ। ਸਥਾਪਤ ਨੇਮਾਂ ਮੁਤਾਬਕ ਵੋਟਾਂ ਦੀ ਗਿਣਤੀ ਉਸੇ ਦਿਨ ਸ਼ਾਮ ਨੂੰ ਪੰਜ ਵਜੇ ਤੋਂ ਹੋਵੇਗੀ। ਸੇਵਾ ਮੁਕਤ ਹੋਣ ਵਾਲੇ ਕੁਝ ਉੱਘੇ ਮੈਂਬਰਾਂ ਵਿੱਚ ਐਂਟਨੀ (ਕੇਰਲਾ), ਆਨੰਦ ਸ਼ਰਮਾ (ਹਿਮਾਚਲ ਪ੍ਰਦੇਸ਼) ਅਤੇ ਪ੍ਰਤਾਪ ਸਿੰਘ ਬਾਜਵਾ ਤੇ ਨਰੇਸ਼ ਗੁਜਰਾਲ (ਪੰਜਾਬ) ਸ਼ਾਮਲ ਹਨ। ਸਾਬਕਾ ਰੱਖਿਆ ਮੰਤਰੀ ਐਂਟਨੀ, ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਉਪ ਆਗੂ ਸ਼ਰਮਾ ਤੇ ਬਾਜਵਾ ਕਾਂਗਰਸ ਨਾਲ ਸਬੰਧਤ ਹਨ ਜਦੋਂਕਿ ਗੁਜਰਾਲ ਸ਼੍ਰੋਮਣੀ ਅਕਾਲੀ ਦਲ ਤੋਂ ਹਨ। ਪੰਜਾਬ ਤੋਂ ਰਾਜ ਸਭਾ ਲਈ ਨਾਮਜ਼ਦਗੀਆਂ ਵੱਖ ਵੱਖ ਪਾਰਟੀਆਂ ਦੀ ਅਸੈਂਬਲੀ ਚੋਣਾਂ ਵਿਚ ਕਾਰਗੁਜ਼ਾਰੀ ’ਤੇ ਮੁਨੱਸਰ ਕਰੇਗੀ। ਪੰਜਾਬ ਵਿੱਚ ਪਿਛਲੇ ਪੰਜ ਸਾਲਾਂ ਵਿਚ ਕਾਂਗਰਸ ਦੀ ਸਰਕਾਰ ਵੇਲੇ ਰਾਜ ਸਭਾ ਦੀ ਕੋਈ ਸੀਟ ਖਾਲੀ ਨਹੀਂ ਹੋਈ। 

             ਬਾਕੀ ਸੂਬਿਆਂ ਦੇ ਸਰਵੇਖਣ     

    

ਚੋਣ ਕਮਿਸ਼ਨ ਵੱਲੋਂ ਪੰਜ ਸੂਬਿਆਂ ਲਈ ਐਲਾਨੇ ਚੋਣ ਪ੍ਰੋਗਰਾਮ ਦਾ ਅਮਲ ਮੁਕੰਮਲ ਹੁੰਦੇ ਸਾਰ ਜਾਰੀ ਚੋਣ ਸਰਵੇਖਣਾਂ ਵਿੱਚ ਯੂਪੀ ਵਿੱਚ ਮੁੜ ਭਾਜਪਾ ਦੀ ਸਰਕਾਰ ਬਣਨ ਦੀ ਪੇਸ਼ੀਨਗੋਈ ਕੀਤੀ ਗਈ ਹੈ ਜਦੋਂਕਿ ਪੰਜਾਬ ਵਿੱਚ ਆਪ  ਕਾਂਗਰਸ ਨੂੰ ਲਾਂਭੇ ਕਰਕੇ ਆਪਣੇ ਦਮ ਤੇ ਸਰਕਾਰ ਬਣਾਉਂਦੀ ਦਿਸ ਰਹੀ ਹੈ।ਪੱਛਮੀ ਬੰਗਾਲ ਸਮੇਤ ਪੰਜ ਰਾਜਾਂ ਦੀਆਂ ਚੋਣਾਂ ਦੇ ਨਤੀਜਿਆਂ ਅਤੇ ਇਕ ਸਾਲ ਤੋਂ ਲੰਮਾ ਸਮਾਂ ਚੱਲੇ ਕਿਸਾਨ ਅੰਦੋਲਨ ਦੇ ਅਸਰ ਕਾਰਨ ਉੱਤਰ ਪ੍ਰਦੇਸ਼ ਦੀਆਂ ਚੋਣਾਂ ਉੱਤੇ ਸਭ ਦੀ ਨਜ਼ਰ ਹੈ। ਐਗਜ਼ਿਟ ਪੋਲਾਂ ਮੁਤਾਬਿਕ ਭਾਜਪਾ ਭਾਵੇਂ ਪਹਿਲਾਂ ਜਿੰਨੀਆਂ ਸੀਟਾਂ ਤਾਂ ਨਹੀਂ ਲਿਜਾ ਰਹੀ ਪਰ ਜੇ ਇਹ ਪੋਲ ਸਰਵੇ ਠੀਕ ਨਿਕਲਦੇ ਹਨ ਤਾਂ ਭਾਜਪਾ ਸਪੱਸ਼ਟ ਬਹੁਮਤ ਨਾਲ ਯੂਪੀ ਵਿਚ ਦੂਸਰੀ ਵਾਰ ਸਰਕਾਰ ਬਣਾ ਰਹੀ ਹੈ। ਸਮਾਜਵਾਦੀ ਪਾਰਟੀ ਦੂਸਰੇ ਨੰਬਰ ਤੇ ਹੈ; ਇੱਥੇ ਵੀ ਆਪਦਾ ਖਾਤਾ ਚੰਗੇ ਤਰੀਕੇ ਨਾਲ ਖੁੱਲ੍ਹਣ ਦਾ ਅਨੁਮਾਨ ਹੈ।  ਉੱਤਰਾਖੰਡ, ਮਨੀਪੁਰ ਤੇ ਗੋਆ ਵਿੱਚ ਭਾਜਪਾ ਦਾ ਹੱਥ ਉੱਤੇ ਦੱਸਿਆ ਗਿਆ ਹੈ, ਪਰ ਕੁਝ ਚੋਣ ਸਰਵੇਖਣਾਂ ਵਿੱਚ ਪਹਾੜੀ ਰਾਜ ਉੱਤਰਾਖੰਡ ਵਿੱਚ ਭਾਜਪਾ ਤੇ ਕਾਂਗਰਸ ਦਰਮਿਆਨ ਬਰਾਬਰ ਦੀ ਟੱਕਰ ਹੈ ਤੇ ਗੋਆ ਵਿੱਚ ਕਿਸੇ ਵੀ ਪਾਰਟੀ ਨੂੰ ਸਪਸ਼ਟ ਬਹੁਮੱਤ ਨਾ ਮਿਲਣ ਦਾ ਦਾਅਵਾ ਵੀ ਕੀਤਾ ਗਿਆ ਹੈ। ਐੱਨਡੀਟੀਵੀ ਵੱਲੋਂ ਕੀਤੇ ਪੋਲ ਆਫ਼ ਪੋਲਜ਼ਸਰਵੇਖਣ ਦੀ ਮੰਨੀਏ ਤਾਂ ਪੰਜ ਰਾਜਾਂ ਵਿੱਚੋਂ ਚਾਰ ਵਿੱਚ ਭਾਜਪਾ ਦੀ ਮੁੜ ਸਰਕਾਰ ਬਣ ਰਹੀ ਹੈ ਜਦੋਂਕਿ ਪੰਜਾਬ ਵਿੱਚ 67 ਸੀਟਾਂ ਨਾਲ ਆਪ ਪਾਰਟੀ ਦੇ ਸਰਕਾਰ ਬਣਾਉਣ ਦੇ ਆਸਾਰ ਹਨ।

ਸੀਐੱਨਐੱਨ ਨਿਊਜ਼ 18, ਟਾਈਮਜ਼ ਨਾਓ, ਰਿਪਬਲਿਕ ਟੀਵੀ ਤੇ ਨਿਊਜ਼ ਐਕਸ ਚੈਨਲਾਂ ਵੱਲੋਂ ਵਿਖਾਏ ਜਾ ਰਹੇ ਐਗਜ਼ਿਟ ਪੋਲਾਂ ਮੁਤਾਬਕ ਯੂਪੀ ਵਿੱਚ ਭਾਜਪਾ ਦੀ ਅਗਵਾਈ ਵਾਲੇ ਕੌਮੀ ਜਮਹੂਰੀ ਗੱਠਜੋੜ ਨੂੰ 211 ਤੋਂ 277 ਸੀਟਾਂ ਮਿਲ ਰਹੀਆਂ ਹਨ ਜਦੋਂਕਿ ਇਸ ਦੀ ਰਵਾਇਤੀ ਵਿਰੋਧੀ ਸਮਾਜਵਾਦੀ ਪਾਰਟੀ ਦੀ ਅਗਵਾਈ ਵਾਲੇ ਗੱਠਜੋੜ ਨੂੰ 119 ਤੋਂ 160 ਦਰਮਿਆਨ ਸੀਟਾਂ ਮਿਲਣ ਦਾ ਦਾਅਵਾ ਕੀਤਾ ਜਾ ਰਿਹੈ। ਸੀਐੱਨਐੱਨ ਨਿਊਜ਼ 18 ਨੇ ਭਾਜਪਾ ਤੇ ਭਾਈਵਾਲਾਂ ਨੂੰ 262-277 ਸੀਟਾਂ ਅਤੇ ਸਪਾ+ਭਾਈਵਾਲਾਂ ਨੂੰ 119-134 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ। ਐੱਨਡੀਟੀਵੀ ਵੱਲੋਂ ਕੀਤੇ ਪੋਲ ਆਫ਼ ਪੋਲਜ਼ਸਰਵੇਖਣ ਵਿੱਚ ਯੂਪੀ ਵਿੱਚ ਭਾਜਪਾ ਤੇ ਭਾਈਵਾਲਾਂ ਨੂੰ 231 ਸੀਟਾਂ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਸਾਰੇ ਹੀ ਚੋਣ ਸਰਵੇਖਣਾਂ ਮੁਤਾਬਕ ਭਾਜਪਾ ਭਾਵੇਂ ਯੂਪੀ ਵਿੱਚ ਮੁੜ ਸਰਕਾਰ ਬਣਾਉਣ ਦੀ ਸਥਿਤੀ ਵਿੱਚ ਹੈ, ਪਰ ਸਾਲ 2017 ਦੇ ਮੁਕਾਬਲੇ ਭਾਜਪਾ ਤੇ ਇਸ ਦੇ ਭਾਈਵਾਲਾਂ ਦਾ ਬਹੁਮੱਤ ਘੱਟ ਜਾਵੇਗਾ। ਯੂਪੀ ਦੀ 403 ਮੈਂਬਰੀ ਅਸੈਂਬਲੀ ਵਿੱਚ ਸਰਕਾਰ ਬਣਾਉਣ ਲਈ ਕਿਸੇ ਪਾਰਟੀ ਜਾਂ ਗੱਠਜੋੜ ਨੂੰ 202 ਸੀਟਾਂ ਦੀ ਲੋੜ ਹੈ।

ਉੱਤਰਾਖੰਡ ਤੇ ਗੋਆਂ ਲਈ ਚੋਣ ਸਰਵੇਖਣਾਂ ਵਿੱਚ ਕਾਂਗਰਸ ਤੇ ਭਾਜਪਾ ਦਰਮਿਆਨ ਬਰਾਬਰ ਦੀ ਟੱਕਰ ਦਰਸਾਈ ਗਈ ਹੈ। ਏਬੀਪੀ ਸੀ-ਵੋਟਰ ਨੇ ਆਪਣੇ ਚੋਣ ਸਰਵੇਖਣ ਵਿੱਚ ਉੱਤਰਾਖੰਡ ਵਿਚ ਕਾਂਗਰਸ ਦੀ ਸਰਕਾਰ ਬਣਨ ਦਾ ਦਾਅਵਾ ਕੀਤਾ ਹੈ। ਐਗਜ਼ਿਟ ਪੋਲ ਮੁਤਾਬਕ ਕਾਂਗਰਸ 70 ਮੈਂਬਰੀ ਉੱਤਰਾਖੰਡ ਅਸੈਂਬਲੀ ਵਿਚ 35 ਸੀਟਾਂ ਜਿੱਤੇਗੀ ਜਦੋਂਕਿ ਭਾਜਪਾ ਦੇ ਹਿੱਸੇ 29 ਸੀਟਾਂ ਪੈਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਆਪ ਪਾਰਟੀ ਦੇ ਇਥੇ ਇਕ ਸੀਟ ਜਿੱਤਣ ਦੇ ਅਨੁਮਾਨ ਹਨ। ਪੋਲ ਆਫ਼ ਪੋਲਜ਼ ਨੇ ਉੱਤਰਾਖੰਡ ਵਿੱਚ ਭਾਜਪਾ ਨੂੰ 35 ਸੀਟਾਂ ਮਿਲਣ ਦਾ ਦਾਅਵਾ ਕੀਤਾ ਹੈ। ਉਂਜ ਆਜ਼ਾਦ ਤੇ ਹੋਰ ਜਿਨ੍ਹਾਂ ਦੇ ਪੰਜ ਸੀਟਾਂ ਜਿੱਤਣ ਦੇ ਆਸਾਰ ਹਨ, ਕਿੰਗ ਮੇਕਰ ਸਾਬਤ ਹੋ ਸਕਦੇ ਹਨ। ਬਸਪਾ ਦੇ ਹਿੱਸੇ ਤਿੰਨ ਸੀਟਾਂ ਆ ਸਕਦੀਆਂ ਹਨ। ਐਗਜ਼ਿਟ ਪੋਲ ਵਿੱਚ ਕਾਂਗਰਸ ਨੂੰ 32 ਤੋਂ 38, ਭਾਜਪਾ ਨੂੰ 26 ਤੋਂ 32 ਤੇ ਹੋਰਨਾਂ ਨੂੰ 3-7 ਸੀਟਾਂ ਮਿਲਣ ਦੇ ਆਸਾਰ ਹਨ।ਮਨੀਪੁਰ ਵਿੱਚ ਕਾਂਗਰਸ ਦੇ ਮੁਕਾਬਲੇ ਭਾਜਪਾ, ਐੱਨਪੀਪੀ, ਐੱਨਪੀਐੱਫ ਤੇ ਜੇਡੀ(ਯੂ) ਗੱਠਜੋੜ ਦਾ ਹੱਥ ਉੱਚਾ ਰਹਿਣ ਦਾ ਦਾਅਵਾ ਕੀਤਾ ਗਿਆ ਹੈ। ਏਬੀਪੀ-ਸੀ-ਵੋਟਰ ਮੁਤਾਬਕ 60 ਮੈਂਬਰੀ ਮਨੀਪੁਰ ਅਸੈਂਬਲੀ ਵਿੱਚ ਭਾਜਪਾ ਨੂੰ 23 ਤੋਂ 27 ਜਦੋਂਕਿ ਕਾਂਗਰਸ ਨੂੰ 12 ਤੋਂ 16 ਸੀਟਾਂ ਮਿਲ ਸਕਦੀਆਂ ਹਨ। ਭਾਜਪਾ ਤੋਂ ਨਾਰਾਜ਼ ਦੋ ਭਾਈਵਾਲਾਂ ਨੈਸ਼ਨਲ ਪੀਪਲਜ਼ ਪਾਰਟੀ (ਐੱਨਪੀਪੀ) ਤੇ ਨਾਗਾ ਪੀਪਲਜ਼ ਫਰੰਟ (ਐੱਨਪੀਐੱਫ) ਨੂੰ ਕ੍ਰਮਵਾਰ 10-14 ਤੇ 3 ਤੋਂ 7 ਸੀਟਾਂ ਮਿਲਣ ਦੀ ਆਸ ਹੈ। ਪੋਲ ਆਫ਼ ਪੋਲਜ਼ ਵਿੱਚ ਭਾਜਪਾ ਨੂੰ ਮਨੀਪੁਰ ਵਿੱਚ 30 ਸੀਟਾਂ ਮਿਲਦੀਆਂ ਵਿਖਾਈਆਂ ਗਈਆਂ ਹਨ।