ਆਨਲਾਈਨ ਗੁਰਬਾਣੀ ਸੰਥਿਆ

ਆਨਲਾਈਨ ਗੁਰਬਾਣੀ ਸੰਥਿਆ

 ਸਿੱਖ ਰਿਪੋਰਟ

ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ

ਅੰਮ੍ਰਿਤਸਰ ਟਾਈਮਜ਼ ਬਿਉਰੋ

ਸਿੱਖ ਧਰਮ ਦੇ ਵਿਰਾਸਤੀ ਫਖ਼ਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣ ਹਿੱਤ ਦੇਸ਼ ਵਿਦੇਸ਼ ਵਿੱਚ ਵੱਸਦੇ ਪੰਜਾਬੀਆਂ (ਗੁਰਸਿੱਖਾਂ) ਵੱਲੋਂ 'ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ' ਦੇ ਮਹਾਂਵਾਕ ਅਨੁਸਾਰ ਕੌਮ ਦੀ ਨੌਜਵਾਨ ਪੀੜ੍ਹੀ ਅਤੇ ਛੋਟੇ ਬੱਚਿਆਂ ਨੂੰ ਆਪਣੇ ਵਿਰਸੇ ਨਾਲ ਜੋੜਨ ਦੇ ਅਨੇਕਾਂ ਯਤਨ ਕੀਤੇ ਜਾ ਰਹੇ ਹਨ।

ਇਸੇ ਕੜੀ ਤਹਿਤ ਹਾਂਗਕਾਂਗ ਵਿਖੇ ਵੀ ਭਾਈ ਬਲਜੀਤ ਸਿੰਘ, ਭਾਈ ਜਰਨੈਲ ਸਿੰਘ, ਭਾਈ ਗੁਰਮੇਲ ਸਿੰਘ, ਭਾਈ ਗੁਰਵਿੰਦਰ ਸਿੰਘ  ਦੀ ਟੀਮ ਲਗਾਤਾਰ ਯਤਨਸ਼ੀਲ ਹੈ। ਇਸ ਟੀਮ ਵੱਲੋਂ ਬੱਚਿਆਂ ਨੂੰ ਆਪਣੇ ਅਮੀਰ ਵਿਰਸੇ ਨਾਲ ਜੋੜਨ ਲਈ ਇਕ ਨਹੀਂ ਬਲਕਿ ਅਨੇਕਾਂ ਕਾਰਜ ਜਿਵੇਂ ਆਨਲਾਈਨ ਪੰਜਾਬੀ ਕਲਾਸਾਂ, ਆਨਲਾਈਨ ਗੁਰਬਾਣੀ ਸੰਥਿਆ ਕਲਾਸਾਂ, ਚਾਰ ਸਾਹਿਬਜ਼ਾਦੇ ਫ਼ਿਲਮ ਤੇ ਆਧਾਰਿਤ ਸਵਾਲ ਜਵਾਬ ਮੁਕਾਬਲੇ, ਦਸਤਾਰ ਮੁਕਾਬਲੇ, ਗੁਰਬਾਣੀ ਕੰਠ ਮੁਕਾਬਲੇ ਆਦਿ।  ਇੱਥੇ ਜ਼ਿਕਰਯੋਗ ਹੈ ਕਿ ਆਨਲਾਈਨ ਪੰਜਾਬੀ ਕਲਾਸਾਂ ਭਾਈ ਗੁਰਮੇਲ ਸਿੰਘ ਅਤੇ ਬੀਬੀ ਸੰਦੀਪ ਕੌਰ ਵੱਲੋਂ ਲਾਈਆਂ ਜਾ ਰਹੀਆਂ ਹਨ ਜੋ ਕਿ ਬੜੀ ਮਿਹਨਤ, ਲਗਨ ਅਤੇ ਪਿਆਰ ਨਾਲ ਹਾਂਗਕਾਂਗ ਦੇ ਜੰਮ ਪਲ ਬੱਚਿਆਂ ਨੂੰ ਪੰਜਾਬੀ ਬੋਲੀ ਮਾਂ ਬੋਲੀ ਨਾਲ ਜੋੜ ਰਹੇ ਹਨ।  ਸਾਡੇ ਲਈ ਖੁਸ਼ੀ ਦੀ ਗੱਲ ਇਹ ਹੈ ਕਿ ਇਸ ਸਮੇਂ ਲਗਪਗ 70 ਬੱਚੇ ਆਨਲਾਈਨ ਮੋਡ ਰਾਹੀਂ ਪੰਜਾਬੀ ਦੀਆਂ ਕਲਾਸਾਂ ਲਾ ਰਹੇ ਹਨ ਪੰਜਾਬੀ ਸਿੱਖਣ ਉਪਰੰਤ ਬੱਚਿਆਂ ਦੀਆਂ ਆਨਲਾਈਨ ਗੁਰਬਾਣੀ ਕਲਾਸਾਂ ਵੀ ਲਾਈਆਂ ਜਾਂਦੀਆਂ ਹਨ।

ਆਨਲਾਈਨ ਗੁਰਬਾਣੀ ਸੰਥਿਆ ਦੀਆਂ ਕਲਾਸਾਂ ਸਿੱਖ ਚਿੰਤਕ ਡਾ ਗੁਰਪ੍ਰੀਤ ਸਿੰਘ ਗਿਆਨੀ ਵੱਲੋਂ ਲਾਈਆਂ ਜਾ ਰਹੀਆਂ ਹਨ।  ਪਿਛਲੇ ਸਮੇਂ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ  ਗੁਰਦੁਅਾਰਾ ਖ਼ਾਲਸਾ ਦੀਵਾਨ ਹਾਂਗਕਾਂਗ ਵਿਖੇ ਗੁਰਬਾਣੀ ਕੰਠ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਤਕਰੀਬਨ 60 ਬੱਚਿਆਂ ਨੇ ਭਾਗ ਲਿਆ। ਭਾਗ ਲੈਣ ਵਾਲੇ ਹਰ ਬੱਚੇ ਨੂੰ ਸਰਟੀਫਿਕੇਟ ਅਤੇ ਨਕਦ ਇਨਾਮ ਵੀ ਦਿੱਤੇ ਗਏ। ਵਿਦੇਸ਼ਾਂ ਵਿੱਚ ਵੱਸਦੇ ਵੀਰ ਸਾਡੀ ਮਾਂ ਬੋਲੀ ਪੰਜਾਬੀ ਅਤੇ ਗੁਰਬਾਣੀ ਸੰਥਿਆ ਪ੍ਰਤੀ ਕਿਤਨੇ ਚੇਤੰਨ ਹਨ ਉਸ ਅੰਦਾਜ਼ਾ ਹਾਂਗਕਾਂਗ ਦੀ ਇਸ ਨੌਜਵਾਨ ਟੀਮ ਦੇ ਕੀਤੇ ਕਾਰਜਾਂ ਤੋਂ  ਲਗਾਇਆ ਜਾ ਸਕਦਾ ਹੈ।