ਪੰਜਾਬ 'ਤੇ ਕਰਜੇ ਦਾ ਬੋਝ

ਪੰਜਾਬ 'ਤੇ ਕਰਜੇ ਦਾ ਬੋਝ

ਪੰਜਾਬ ਪਹਿਲਾਂ ਹੀ 2 ਲੱਖ 82 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਹੈ

ਪੰਜਾਬ ’ਚ ਪਿਛਲੇ ਢਾਈ ਕੁ ਦਹਾਕਿਆਂ ਤੋਂ ਭ੍ਰਿਸ਼ਟਾਚਾਰ, ਮਾਫੀਆ ਤੇ ਪੰਜਾਬ ਸਰਕਾਰ ਦਾ ਕਰਜ਼ਾ ਹੀ ਵਧਿਆ ਹੈੈ। ਸਿਆਸਤਦਾਨ ਅਮੀਰ ਹੋ ਰਹੇ ਹਨ ਤੇ ਪੰਜਾਬ ਦੇ ਵਾਸੀ ਤੇ ਸੂਬਾ ਗਰੀਬ ਹੋ ਰਿਹਾ ਹੈ। ਚੋਣਾਂ ਤੋਂ ਪਹਿਲਾਂ ਕਾਂਗਰਸ, ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਵੱਲੋਂ ਕੀਤੇ ਜਾਂਦੇ ਵਾਅਦਿਆਂ, ਲਾਏ ਜਾਂਦੇ ਲਾਰਿਆਂ ਅਤੇ ਜੁਮਲਿਆਂ ਸਬੰਧੀ ਪੰਜਾਬੀਆਂ ਨੂੰ ਸੁਚੇਤ ਹੋਣਾ ਪਊ ਨਹੀਂ ਤਾਂ ਪੰਜਾਬ ਨੂੰ ਬਰਬਾਰੀ ਦੇ ਰਾਹ ਤੋਂ ਕੋਈ ਨਹੀਂ ਬਚਾ ਸਕਦਾ। ਸਿਆਸਤਦਾਨਾਂ ਦਾ ਕਿਰਦਾਰ ਅਤੇ ਵਾਅਦਿਆਂ ਦੀ ਝੰਡੀ ਦੇਖ ਕੇ ਮੈਨੂੰ ਪੰਜਾਬੀ ਦੀ ਇੱਕ ਕਹਾਵਤ ਯਾਦ ਆ ਗਈ। ਕਹਿੰਦੇ ਇੱਕ ਵਿਅਕਤੀ ਦਾ ਵਹਿੜਕਾ ਗੁਆਚ ਗਿਆ ਤਾਂ ਉਸ ਵਿਅਕਤੀ ਨੇ ਵਹਿਡ਼ਕਾ ਲੱਭਣ ਦੀਆਂ ਕੋਸ਼ਿਸ਼ਾਂ ਕੀਤੀਆਂ ਪਰ ਨਾ ਲੱਭਿਆ ਅਖੀਰ ਪੀਰਾਂ ਫਕੀਰਾਂ ਦੇ ਡੇਰਿਆਂ ’ਤੇ ਜਾ ਕੇ ਸੁੱਖਾਂ ਸੁੱਖਣੀਆਂ ਸ਼ੁਰੂ ਕਰ ਦਿੱਤੀਆਂ। ਇਸ ਬੰਦੇ ਦੇ ਨਾਲ ਵਹਿੜਕਾ ਲੱਭਣ ਲਈ ਭੱਜ ਨੱਠ ਕਰਨ ਵਾਲੇ ਉਸ ਦੇ ਦੋਸਤ ਨੇ ਕਿਹਾ ਯਾਰ ਮੈਨੂੰ ਸਮਝ ਨਹੀਂ ਆਉਂਦੀ ਜਿੰਨੇ ਪੈਸਿਆਂ ਦਾ ਵਹਿੜਕਾ ਹੈ ਉਸ ਤੋਂ ਵੱਧ ਪੈਸੇ ਦੀਆਂ ਤਾਂ ਤੂੰ ਸੁੱਖਣਾ ਸੁੱਖ ਲਈਆਂ। ਇਸ ਲਈ ਸੁੱਖ ਸੁੱਖਣ ਦੀ ਥਾਂ ਨਵਾਂ ਵਹਿੜਕਾ ਹੀ ਕਿਉਂ ਨਾ ਲੈ ਲਵੇਂ ਤਾਂ ਚੰਗੈ। ਤਾਂ ਇਸ ਵਿਅਕਤੀ ਨੇ ਝੱਟ ਜਵਾਬ ਦਿੱਤਾ ਯਾਰ ਤੂੰ ਵੀ ਬੜਾ ਭੋਲ਼ੈਂ ਇੱਕ ਵਾਰੀ ਵਹਿੜਕੇ ਦੀ ਨੱਥ ਤਾਂ ਹੱਥ ਆਉਂਣਦੇ ਫਿਰ ਮੈਂ ਕਿਹੜਾ ਕਿਸੇ ਪੀਰ ਦੀ ਸੁੱਖ ਪੂਰੀ ਕਰਨੀ ਹੈ। ਉਹ ਹਾਲ ਇਨ੍ਹੀ ਦਿਨੀ ਪੰਜਾਬ ਦੇ ਸਿਆਸਤਦਾਨਾਂ ਦਾ ਬਣਿਆ ਹੋਇਆ ਹੈ। ਪੰਜਾਬ ਦੀ ਸੱਤਾ ਹਥਿਆਉਣ ਲਈ ਕੋਈ ਵੀ ਮੌਕਾ ਖੁੰਜਾਉਂਣਾ ਨਹੀਂ ਚਾਹੁੰਦੇ। ਇੱਕ ਵਾਰੀ ਬੱਸ ਕੁਰਸੀ ਹੱਥ ਆ ਜਾਵੇ ਫਿਰ ਭਾਵੇਂ ਫਾਰਮ ਹਾਊਸ ’ਤੇ ਬੈਠ ਕੇ ਹੀ ਸੱਤਾ ਦਾ ਆਨੰਦ ਕਿਉਂ ਨਾ ਮਾਣਿਆ ਜਾਵੇ ਜਨਤਾ ਅਤੇ ਕੀਤੇ ਵਾਅਦਿਆਂ ਦੀ ਕਿਸ ਨੂੰ ਪ੍ਰਵਾਹ ਹੈ।

ਠੀਕ ਪੰਜ ਸਾਲ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਵੀ ਪੰਜਾਬ ਦੀ ਸੱਤਾ ਦੀ ‘ਨੱਥ’ ਨੂੰ ਹੱਥ ਪਾਉਣ ਲਈ ਕਿਸਾਨੀ ਦਾ ਸਾਰਾ ਕਰਜ਼ਾ ਮੁਆਫ਼, ਹਰ ਘਰ ਰੁਜ਼ਗਾਰ, ਨਸ਼ਾ ਚਾਰ ਹਫਤਿਆਂ ਵਿੱਚ ਖ਼ਤਮ, ਕੇਬਲ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ, ਟਰਾਂਸਪੋਰਟ ਮਾਫੀਆ ਖ਼ਤਮ ਕਰਨ ਦੇ ਵਾਅਦਿਆਂ ਦੇ ਨਾਲ ਨਾਲ ਬੇਅਦਬੀ ਦੇ ਦੋਸ਼ੀਆਂ ਨੂੰ ਫਡ਼ਨ, ਬੇਰੁਜ਼ਗਾਰੀ ਭੱਤਾ ਦੇਣ, ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਅਦੇ ਵੀ ਕੀਤੇ ਗਏ ਸਨ। ਕੈਪਟਨ ਅਮਰਿੰਦਰ ਸਿੰਘ ਨੇ ਮੁੱਖ ਮੰਤਰੀ ਬਣਨ ਤੋਂ ਬਾਅਦ ਕਿਹਡ਼ੇ ਵਾਅਦੇ ਪੂਰੇ ਕੀਤੇ ਕਿਹਡ਼ੇ ਨਹੀਂ ਕੀਤੇ ਅਤੇ ਲੋਕਾਂ ਨੂੰ ਕਿਸ ਤਰ੍ਹਾਂ ਨਿਰਾਸ਼ ਕਰਕੇ ਸਰਕਾਰ ਚਲਾਈ ਉਸ ਬਾਰੇ ਵਿਸਥਾਰ ’ਚ ਦੱਸਣ ਦੀ ਜ਼ਰੂਰਤ ਨਹੀਂ ਬੱਚਾ ਬੱਚਾ ਜਾਣਦਾ ਹੈ ਕੈਪਟਨ ਸਰਕਾਰ ਦੀ ਕਾਰਗੁਜ਼ਾਰੀ ਨੂੰ। ਪੰਜਾਬ ਦੇ ਲੋਕਾਂ ਵਿੱਚ ਤੀਜੀ ਧਿਰ ਵਜੋਂ ਥਾਂ ਬਨਾਉਣ ਵਾਲੀ ਆਮ ਆਦਮੀ ਪਾਰਟੀ ਨੇ ਵੱਖਰੇ ਤਰ੍ਹਾਂ ਦੀ ਰਾਜਨੀਤੀ ਕਰਨ ਦਾ ਐਲਾਨ ਕੀਤਾ ਸੀ। ਆਪ ‘ਸੁਪਰੀਮੋ’ ਅਰਵਿੰਦਰ ਕੇਜਰੀਵਾਲ ਵੱਲੋਂ ਜਿਸ ਤਰ੍ਹਾਂ ਗਰੰਟੀਆਂ ਦੀਆਂ ਪੰਡਾਂ ਬੰਨ੍ਹ ਕੇ ਪੰਜਾਬ ਦੇ ਸਿਆਸੀ ਪਿਡ਼ ਵਿੱਚ ਰੱਖੀਆਂ ਜਾ ਰਹੀਆਂ ਹਨ ਉਸ ਨੇ ਸਾਬਤ ਕਰ ਦਿੱਤਾ ਹੈ ਕਿ ਕੇਜਰੀਵਾਲ ਵੀ ਇਸ ਧਰਤੀ ਕੋਈ ਅਨੋਖੀ ਕਿਸਮ ਦਾ ਸਿਆਸਤਦਾਨ ਨਹੀਂ ਹੈ। ਇਹ ਸਿਆਸਤਦਾਨ ਵੀ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਆਦਿ ਪਾਰਟੀਆਂ ਦੇ ਆਗੂਆਂ ਦੇ ਨਕਸ਼ੇਕਦਮਾਂ ’ਤੇ ਚੱਲਣ ਵਾਲਾ ਹੀ ਰਾਜਨੀਤੀਵਾਨ ਹੈ। ਕੇਜਰੀਵਾਲ ਨੇ ਲੰਘੇ ਕੱਲ ਹਰ ਇੱਕ ਬਾਲਗ ਮਹਿਲਾ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਵਿੱਤੀ ਰਾਹਤ ਦੇਣ ਦਾ ਐਲਾਨ ਕੀਤਾ ਹੈ। ਇਸ ਦੇ ਲਈ 12 ਹਜ਼ਾਰ ਕਰੋਡ਼ ਰੁਪਏ ਸਲਾਨਾ ਲੋੜੀਦੇ ਹਨ। ਪੰਜਾਬ ਪਹਿਲਾਂ ਹੀ 2 ਲੱਖ 82 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਦੇ ਭਾਰ ਹੇਠ ਦੱਬਿਆ ਹੋਇਆ ਹੈ। ਅਕਾਲੀ, ਕਾਂਗਰਸੀ ਜਾਂ ਆਪ ਕਿਸੇ ਕੋਲ ਵੀ ਪੰਜਾਬੀਆਂ ਦੇ ਸੁਨਿਹਰੇ ਭਵਿੱਖ ਅਤੇ ਪੰਜਾਬ ਨੂੰ ਗੁਰਬਤ ’ਚੋਂ ਕੱਢਣ ਦਾ ਕੋਈ ਏਜੰਡਾ ਨਹੀਂ ਹੈ। ਪੰਜਾਬ ਦੀਆਂ ਚੋਣਾਂ ਸਿਰ ’ਤੇ ਹਨ। ਇਸ ਲਈ ਸਿਆਸਤਦਾਨ ਵੀ ਚਿਡ਼ੀਆਂ ਦਾ ਦੁੱਧ ਅਤੇ ਅੰਬਰੋਂ ਤਾਰੇ ਤੋੜ ਕੇ ਲਿਆ ਦੇਣ ਦੇ ਵਾਅਦੇ ਕਰਨ ਤੋਂ ਝਿਜਕਣਗੇ ਨਹੀਂ।

 

ਦਵਿੰਦਰਪਾਲ

 ਪੱਤਰਕਾਰ, ਪੰਜਾਬੀ ਟ੍ਰਿਬਿਊਨ