ਕੀ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਣਾ ਈਸ਼ ਨਿੰਦਾ ਹੈ?   

ਕੀ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਣਾ ਈਸ਼ ਨਿੰਦਾ ਹੈ?   

ਕੀ ਕਿਸੇ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਸਰਕਾਰ ਦੀ ਆਲੋਚਨਾ ਸਮਾਜ ਦੀ ਆਲੋਚਨਾ ਹੈ?

ਕੀ ਭਾਜਪਾ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਹੈ ਕਿ ਉਹੀ ਸਮਾਜ ਹੈ ਅਤੇ ਇਹ ਭਰਮ ਪਾਲਿਆ ਹੈ ਕਿ ਉਹ ਸਾਰੇ ਸਮਾਜ ਦਾ ਭਗਵਾਨ ਹੈ? ਉਸ ਦੀ ਆਲੋਚਨਾ ਕਰਨਾ, ਉਸ ਦਾ ਮਜ਼ਾਕ ਉਡਾਉਣਾ ਈਸ਼ਨਿੰਦਾ ਹੈ? (ਸੁਪਰੀਮ ਕੋਰਟ ਨੇ ਇੱਕ ਵਾਰ ਫਿਰ ਭਾਰਤੀ ਲੋਕਤੰਤਰ ਦੀ ਇਜ਼ਤ ਨੂੰ ਬਚਾਇਆ ਹੈ।

ਉਸਨੇ ਕਾਂਗਰਸ ਪਾਰਟੀ ਦੇ ਆਗੂ ਪਵਨ ਖੇੜਾ ਨੂੰ ਅੰਤ੍ਰਿਮ ਜ਼ਮਾਨਤ ਦੇਣ ਦੇ ਹੁਕਮ ਦਿੱਤੇ ਹਨ। ਅਦਾਲਤ ਨੇ ਪਵਨ ਖੇੜਾ ਵਿਰੁੱਧ ਵੱਖ-ਵੱਖ ਰਾਜਾਂ ਵਿੱਚ  ਦਰਜ ਐਫ.ਆਈ.ਆਰਜ਼ ਨੂੰ ਵੀ ਇਕੱਤਰ ਕਰਨ ਦੇ ਹੁਕਮ ਦਿੱਤੇ ਹਨ। ਇਸ ਨੇ ਇਹ ਵੀ ਕਿਹਾ ਕਿ ਉਹ ਖੇੜਾ ਦੇ ਵਕੀਲ ਨਾਲ ਸਹਿਮਤ ਹੈ ਕਿ ਐਫਆਈਆਰ ਵਿਚ ਦਰਜ ਧਾਰਾਵਾਂ ਉਸ 'ਤੇ ਲਗਾਏ ਗਏ ਦੋਸ਼ਾਂ ਨਾਲ ਮੇਲ ਨਹੀਂ ਖਾਂਦੀਆਂ।ਖੇੜਾ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਮਜ਼ਾਕ ਉਡਾਉਣ ਦਾ ਦੋਸ਼ ਹੈ। ਕੀ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਣ ਨਾਲ ਭਾਈਚਾਰਕ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਹੈ? ਕੀ ਇਸ ਵਿਅੰਗ ਭਰਪੂਰ ਟਿਪਣੀ ਕਾਰਨ ਸਮਾਜ ਵਿੱਚ ਨਫਰਤ ਫੈਲ ਸਕਦੀ ਹੈ?  ਕੀ ਪ੍ਰਧਾਨ ਮੰਤਰੀ ਦਾ ਮਜ਼ਾਕ ਉਡਾਉਣ ਲਈ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਣਾ ਚਾਹੀਦਾ ਹੈ?

ਅਸੀਂ ਇਨ੍ਹਾਂ ਸਵਾਲਾਂ 'ਤੇ ਗੱਲ ਕਰਾਂਗੇ ਪਰ ਇਸ ਤੋਂ ਪਹਿਲਾਂ ਇਹ ਸਮਝਣਾ ਜ਼ਰੂਰੀ ਹੈ ਕਿ ਗ੍ਰਿਫਤਾਰੀ ਤੋਂ ਕਿਤੇ ਜ਼ਿਆਦਾ ਮਹਤਵਪੂਰਨ ਹੈ ਗਿ੍ਫਤਾਰੀ ਦਾ ਤਰੀਕਾ ਖੇੜਾ ਰਾਏਪੁਰ ਵਿੱਚ ਕਾਂਗਰਸ ਦੇ ਇਜਲਾਸ ਵਿੱਚ ਸ਼ਾਮਲ ਹੋਣ ਲਈ ਪਾਰਟੀ ਦੇ ਹੋਰ ਮੈਂਬਰਾਂ ਨਾਲ ਜਹਾਜ਼ ਵਿੱਚ ਸਵਾਰ ਹੋਏ ਸਨ। ਉਨ੍ਹਾਂ ਨੂੰ ਝੂਠ ਬੋਲ ਕੇ ਜਹਾਜ਼ ਤੋਂ ਹੇਠਾਂ ਉਤਾਰਨ ਲਈ ਮਜਬੂਰ ਕੀਤਾ ਗਿਆ। ਹਵਾਈ ਪੱਟੀ 'ਤੇ ਉਸ ਨੂੰ ਦੱਸਿਆ ਗਿਆ ਕਿ ਦਿੱਲੀ ਦੇ ਸੀਨੀਅਰ ਪੁਲਿਸ ਅਧਿਕਾਰੀ ਉਸ ਨੂੰ ਮਿਲਣਾ ਚਾਹੁੰਦੇ ਹਨ। ਲੰਬੇ ਸਮੇਂ ਦੀ ਉਡੀਕ ਕਰਨ ਤੋਂ ਬਾਅਦ, ਉਸਨੂੰ ਦੱਸਿਆ ਗਿਆ ਕਿ ਅਸਾਮ ਪੁਲਿਸ ਨੇ ਦਿੱਲੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ ਕਿ ਉਸ ਦੇ ਖਿਲਾਫ ਦਰਜ ਐਫਆਈਆਰ ਲਈ ਉਸਨੂੰ ਗ੍ਰਿਫਤਾਰ ਕੀਤਾ ਜਾਣਾ ਹੈ। ਅਸਾਮ ਪੁਲਿਸ ਦੀ ਟੀਮ ਰਵਾਨਾ ਹੋ ਚੁਕੀ ਹੈ। ਭਾਰਤ ਵਿੱਚ ਪੁਲਿਸ ਦੇ ਕੰਮ ਬਾਰੇ ਹਰ ਕੋਈ ਜਾਣਦਾ ਹੈ। ਜਿਵੇਂ ਹੀ ਕੋਈ ਐਫਆਈਆਰ ਦਰਜ ਹੁੰਦੀ ਹੈ, ਜੋ ਨਾ ਤਾਂ ਕਤਲ ਦੀ ਹੈ ਅਤੇ ਨਾ ਹੀ ਕਿਸੇ ਗੈਂਗ ਹਿੰਸਾ ਦੀ, ਇੰਨੀ ਚੁਸਤੀ ਤੇ ਹੁਸ਼ਿਆਰੀ ਕਿ ਪੁਲਿਸ ਦੀ ਪੂਰੀ ਟੁਕੜੀ 1000 ਕਿਲੋਮੀਟਰ ਤੋਂ ਵੱਧ ਦਾ ਸਫ਼ਰ ਤੈਅ ਕਰਕੇ ਅਸਾਮ ਤੋਂ ਦਿੱਲੀ ਪਹੁੰਚ ਜਾਵੇ , ਇਹ ਸਾਡੇ ਸਾਰਿਆਂ ਲਈ ਹੈਰਾਨੀ ਵਾਲੀ ਗੱਲ ਹੈ। ਪਰ ਅਸੀਂ ਕੁਝ ਸਮਾਂ ਪਹਿਲਾਂ ਅਜਿਹਾ ਹੀ ਡਰਾਮਾ ਦੇਖਿਆ ਹੈ। ਗੁਜਰਾਤ ਤੋਂ ਕਾਂਗਰਸੀ ਵਿਧਾਇਕ ਜਿਗਨੇਸ਼ ਮੇਵਾਨੀ ਨੂੰ ਪ੍ਰਧਾਨ ਮੰਤਰੀ 'ਤੇ ਵਿਅੰਗ ਕਰਨ ਲਈ ਰਾਤੋ-ਰਾਤ ਗੁਜਰਾਤ ਪਹੁੰਚ ਕੇ ਅਸਾਮ ਪੁਲਿਸ ਨੇ ਨਾ ਸਿਰਫ਼ ਗ੍ਰਿਫ਼ਤਾਰ ਕੀਤਾ, ਸਗੋਂ ਉਨ੍ਹਾਂ ਨੂੰ ਤੁਰੰਤ ਜਹਾਜ਼ ਵਿਚ ਅਸਾਮ ਲੈ ਗਏ। ਉਸ 'ਤੇ ਸਮਾਜ ਵਿੱਚ ਅਸ਼ਾਂਤੀ ਫੈਲਾਉਣ ਦਾ ਵੀ ਦੋਸ਼ ਸੀ।    

ਜਿਗਨੇਸ਼ ਮੇਵਾਨੀ ਨੂੰ ਕੁਝ ਦਿਨ ਅਸਾਮ ਦੀ ਜੇਲ੍ਹ ਵਿੱਚ ਕੱਟਣੇ ਪਏ ਸਨ। ਜਦੋਂ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਉਸਨੂੰ ਜ਼ਮਾਨਤ ਦਿੱਤੀ ਤਾਂ ਅਸਾਮ ਪੁਲਿਸ ਨੇ ਉਸਦੇ ਖਿਲਾਫ ਇੱਕ ਹੋਰ ਮਾਮਲਾ ਦਰਜ ਕੀਤਾ ਕਿ ਉਸਨੇ ਪੁਲਿਸ ਦੀ ਗੱਡੀ ਵਿੱਚ ਇੱਕ  ਪੁਲਿਸ ਕਾਂਸਟੇਬਲ ਬੀਬੀ ਦੀ ਕੁੱਟਮਾਰ ਕੀਤੀ ਸੀ।  ਅਦਾਲਤ ਨੇ ਫਿਰ ਇਸ ਮਾਮਲੇ ਵਿਚ ਜ਼ਮਾਨਤ ਦੇ ਦਿੱਤੀ। ਇੰਨਾ ਹੀ ਨਹੀਂ, ਅਦਾਲਤ ਨੇ ਅਸਾਮ ਪੁਲਿਸ ਨੂੰ ਝੂਠਾ ਕੇਸ ਦਰਜ ਕਰਨ ਲਈ ਤਾੜਨਾ ਕੀਤੀ ਅਤੇ ਸਲਾਹ ਦਿੱਤੀ ਕਿ ਉਹ ਆਪਣੇ ਆਪ ਨੂੰ ਸੁਧਾਰ ਲਵੇ।ਇਸ ਤਾੜਨਾ ਤੋਂ 10 ਮਹੀਨੇ ਬਾਅਦ ਉਹੀ ਐਕਟ ਦੁਹਰਾ ਕੇ ਅਸਾਮ ਪੁਲਿਸ ਨੇ ਸਾਬਤ ਕਰ ਦਿੱਤਾ ਕਿ ਉਸ ਦਾ ਆਪਣੇ ਆਪ ਨੂੰ ਸੁਧਾਰਨ ਦਾ ਕੋਈ ਇਰਾਦਾ ਨਹੀਂ ਸੀ। ਜਦੋਂ ਜਿਗਨੇਸ਼ ਮੇਵਾਨੀ ਨੂੰ ਇੱਕ ਅਜਿਹੇ ਹੀ ਮਾਮਲੇ ਵਿੱਚ ਅਸਾਮ ਦੀ ਅਦਾਲਤ ਵੱਲੋਂ ਤੁਰੰਤ ਜ਼ਮਾਨਤ ਦੇ ਦਿੱਤੀ ਗਈ ਤਾਂ ਆਸਾਮ ਪੁਲਿਸ ਨੂੰ ਪਵਨ ਖੇੜਾ ਨੂੰ ਗ੍ਰਿਫ਼ਤਾਰ ਕਰਨ ਵਿੱਚ ਆਪਣੀ ਤਾਕਤ ਬਰਬਾਦ ਕਰਨ ਦੀ ਲੋੜ ਨਹੀਂ ਸੀ।ਇਹ ਯਕੀਨ ਨਾਲ ਕਿਹਾ ਜਾ ਸਕਦਾ ਹੈ ਕਿ ਇਸ ਦਾ ਫ਼ੈਸਲਾ ਕਿਸੇ ਸਥਾਨਕ ਪੁਲਿਸ ਥਾਣੇ ਨੇ ਨਹੀਂ ਕੀਤਾ ਹੋਵੇਗਾ। ਇਸ ਦਾ ਮਤਲਬ ਇਹ ਵੀ ਹੈ ਕਿ ਭਾਜਪਾ ਸ਼ਾਸਿਤ ਰਾਜਾਂ ਵਿੱਚ ਪੁਲਿਸ ਆਪਣੀ ਪੇਸ਼ੇਵਰ ਬੁੱਧੀ ਦੀ ਵਰਤੋਂ ਨਹੀਂ ਕਰਦੀ ਹੈ।.

ਅਸਾਮ ਪੁਲਿਸ ਦੇ ਨਾਲ-ਨਾਲ ਦਿੱਲੀ ਪੁਲਿਸ ਨੇ ਵੀ ਇਹ ਸਾਬਤ ਕਰ ਦਿੱਤਾ ਕਿ  ਉਹ ਕਨੂੰਨ ਦੀ ਪਾਲਣਾ ਕਰਨ ਦੀ ਥਾਂ ਸੱਤਾਧਾਰੀ ਭਾਜਪਾ ਦੀ ਇੱਕ ਸ਼ਾਖਾ ਵਜੋਂ ਕੰਮ ਕਰਨਾ ਆਪਣਾ ਫਰਜ਼ ਸਮਝਦੀ ਹੈ। ਇਸ ਦੀ ਇਹ ਚੁਸਤੀ, ਦੂਜੇ ਸੂਬਿਆਂ ਨਾਲ ਸਹਿਯੋਗ ਕਰਨ ਦੀ ਪੇਸ਼ਕਾਰੀ ਇਹਨਾਂ ਮਾਮਲਿਆਂ ਵਿਚ ਗਾਇਬ ਹੋ ਜਾਂਦੀ ਹੈ, ਜਿਨ੍ਹਾਂ ਵਿਚ ਭਾਜਪਾ ਨਾਲ ਜੁੜੇ ਲੋਕ ਦੋਸ਼ੀ ਹੁੰਦੇ ਹਨ।ਭਾਜਪਾ ਦੀ ਸਰਕਾਰ ਵਾਲੇ ਦੂਜੇ ਰਾਜਾਂ ਵਿਚ ਵੀ ਇਹ ਦੇਖਿਆ ਗਿਆ ਹੈ ਕਿ ਪੁਲਸ ਨਾ ਸਿਰਫ ਭਾਜਪਾ ਸਮਰਥਕਾਂ ਨੂੰ ਗ੍ਰਿਫਤਾਰ ਕਰਨ ਵਿਚ ਸਹਿਯੋਗ ਨਹੀਂ ਕਰਦੀ, ਸਗੋਂ ਰੁਕਾਵਟ ਵੀ ਪਾਉਂਦੀ ਹੈ ।

ਇਹ ਗੱਲ ਦਿੱਲੀ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੀ ਪੁਲਿਸ ਨੇ ਕਈ ਮਾਮਲਿਆਂ ਵਿੱਚ ਸਾਬਤ ਕਰ ਦਿੱਤੀ ਹੈ।ਪਵਨ ਖੇੜਾ ਨੂੰ ਜਿਸ ਤਰੀਕੇ ਨਾਲ ਘੇਰਿਆ ਗਿਆ, ਜਿਵੇਂ ਕਿ ਪੁਲਿਸ ਵਾਲੇ ਉਸ ਨੂੰ ਬਾਂਹ ਤੋਂ ਫੜ ਕੇ ਘਸੀਟ ਰਹੇ ਸਨ, ਉਹ ਚਿੰਤਾ ਦਾ ਵਿਸ਼ਾ ਹੈ।  ਕੀ ਪੁਲਿਸ ਆਪਣਾ ਕੰਮ ਕਰ ਰਹੀ ਹੈ ਜਾਂ ਸਰਕਾਰ ਦੇ ਵਿਰੋਧੀਆਂ ਨੂੰ ਤੰਗ-ਪ੍ਰੇਸ਼ਾਨ ਕਰਨ ਵਿਚ ਅਨੰਦ ਲੈ ਰਹੀ ਹੈ? ਇਸ ਗਿ੍ਫ਼ਤਾਰੀ ਦਾ ਅੰਦਾਜ਼ ਤੇ ਨਾਟਕੀਕਰਨ ਦਾ ਮਕਸਦ ਆਮ ਲੋਕਾਂ ਅਤੇ ਸਿਆਸੀ ਵਰਗ ਵਿਚ ਵੀ ਦਹਿਸ਼ਤ ਪੈਦਾ ਕਰਨਾ ਹੈ ਕਿ ਤੁਸੀਂ ਸਰਕਾਰ ਦੀ ਆਲੋਚਨਾ ਨਹੀਂ ਕਰ ਸਕਦੇ, ਤੁਸੀਂ ਸਰਕਾਰ ਜਾਂ ਸਰਕਾਰ ਮੁਖੀ  'ਤੇ ਵਿਅੰਗ ਵੀ ਨਹੀਂ ਕਰ ਸਕਦੇ। ਜਦਕਿ ਪ੍ਰਧਾਨ ਮੰਤਰੀ ਖੁਦ ਅਤੇ ਉਨ੍ਹਾਂ ਦੀ ਪਾਰਟੀ ਦੇ ਬਾਕੀ ਸਾਰੇ ਲੋਕ ਨਫਰਤੀ, ਹਿੰਸਕ ਅਤੇ ਘਟੀਆ ਬਿਆਨ ਦੇਣ ਲਈ ਆਜ਼ਾਦ ਹਨ। ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਹੀ ਨਹੀਂ ਸਗੋਂ ਮੁਸਲਮਾਨਾਂ ਅਤੇ ਈਸਾਈਆਂ ਦੇ ਖਿਲਾਫ ਵੀ।ਭਾਜਪਾ ਵਿਚ ਇਸ ਨੂੰ ਇੱਕ ਜਾਇਜ਼ ਸਿਆਸੀ ਭਾਸ਼ਾ ਮੰਨਿਆ ਜਾਂਦਾ ਹੈ।ਸਰਕਾਰੀ ਵਕੀਲ ਨੇ ਪਵਨ ਖੇੜਾ ਦੇ ਉਸ ਦੇ ਮਜ਼ਾਕ ਤੇ ਵਿਵਹਾਰ 'ਤੇ ਨਾਰਾਜ਼ਗੀ ਪ੍ਰਗਟ ਕੀਤੀ ਸੀ ਕਿ ਆਖਿਰ ਕੋਈ ਚੁਣੇ ਹੋਏ ਪ੍ਰਧਾਨ ਮੰਤਰੀ ਦਾ ਮਜ਼ਾਕ ਕਿਵੇਂ ਉਡਾ ਸਕਦਾ ਹੈ? ਇਹ ਮਜ਼ਾਕ ਲੋਕਾਂ ਵਿੱਚ ਅਵਿਸ਼ਵਾਸ ਪੈਦਾ ਕਰ ਸਕਦਾ ਹੈ। ਇਹ ਇੱਕ ਤਰ੍ਹਾਂ ਦੀ ਗਦਾਰੀ ਹੈ।

ਸੁਆਲ ਤਾਂ ਇਹ ਹੈ ਕਿ ਜੇਕਰ ਲੋਕਤੰਤਰ ਵਿਚ ਪ੍ਰਧਾਨ ਮੰਤਰੀ ਦਾ ਮਜ਼ਾਕ ਨਹੀਂ ਕੀਤਾ ਜਾਵੇਗਾ ਤਾਂ ਉਨ੍ਹਾਂ ਦੀ ਥਾਂ ਹੋਰ ਕਿੱਥੇ ਹੋਵੇਗੀ? ਵਿਰੋਧੀ ਧਿਰ ਦਾ ਕੰਮ ਸਰਕਾਰ ਦੀ ਨਿਗਰਾਨੀ ਕਰਨਾ ਹੈ ਅਤੇ ਉਸ ਦੇ ਕੰਮ ਜਾਂ ਫੈਸਲੇ ਦੇ ਵਿਰੁੱਧ ਲੋਕ ਰਾਏ ਤਿਆਰ ਕਰਨਾ ਹੈ ਜਿਸ ਨੂੰ ਉਹ ਗਲਤ ਸਮਝਦੀ ਹੈ। ਨਹੀਂ ਤਾਂ ਲੋਕਤੰਤਰ ਹੋਰ ਕੀ ਹੈ? ਇਹ ਕਹਿਣਾ ਕਿ ਉਹ ਪ੍ਰਧਾਨ ਮੰਤਰੀ ਦੀ ਨਿਖੇਧੀ ਕਰਕੇ ਸਮਾਜ ਵਿੱਚ ਨਫ਼ਰਤ ਫੈਲਾ ਰਿਹਾ ਹੈ, ਗੰਧਲੇਪਣ ਤੋਂ ਵੱਧ ਕੁਝ ਨਹੀਂ ਹੈ।  ਪਵਨ ਖੇੜਾ ਦੀ ਗ੍ਰਿਫ਼ਤਾਰੀ ਲਈ ਦਿੱਲੀ ਏਅਰਪੋਰਟ ਦੀ ਘੇਰਾਬੰਦੀ ਤੋਂ ਪਹਿਲਾਂ ਗਾਇਕ ਨੇਹਾ ਸਿੰਘ ਰਾਠੌਰ ਦੇ ਘਰ ਸੂਬਾ ਪੁਲਿਸ ਪਹੁੰਚੀ ਅਤੇ ਉਸ  ਨੂੰ ਇੱਕ ਪ੍ਰਸ਼ਨ ਪੱਤਰ ਸੌਂਪਿਆ। ਉਸ ਨੇ ਕਈ ਸਵਾਲਾਂ ਦੇ ਜਵਾਬ ਦੇਣੇ ਹਨ। ਉਨ੍ਹਾਂ ਵਿਚੋਂ ਸਭ ਤੋਂ ਮਹੱਤਵਪੂਰਨ ਇਹ ਹੈ ਕਿ ਉਸ ਦਾ ਗੀਤ ਉੱਤਰ ਪ੍ਰਦੇਸ਼ ਵਿਚ ਬੇਚੈਨੀ ਫੈਲਾ ਰਿਹਾ ਹੈ, ਕੀ ਉਸ ਨੂੰ ਇਸ ਬਾਰੇ ਪਤਾ ਹੈ?ਨੇਹਾ ਦਾ ਗੀਤ ਵਿਅੰਗ ਅਤੇ ਗੁੱਸੇ ਵਾਲਾ ਵਿਅੰਗ ਹੈ। ਸਰਕਾਰ ਅਤੇ ਇਸ ਦੀ ਮਸ਼ੀਨਰੀ 'ਤੇ ਵਿਅੰਗ ਹੈ। ਸਰਕਾਰ ਬੇਸ਼ੱਕ ਇਸ ਤੋਂ ਨਾਰਾਜ਼ ਹੋ ਸਕਦੀ ਹੈ, ਪਰ ਇਸ ਗੀਤ ਨਾਲ ਸਮਾਜ ਨੂੰ ਕਿਵੇਂ ਠੇਸ ਪਹੁੰਚ ਸਕਦੀ ਹੈ? ਕੀ ਮੁੱਖ ਮੰਤਰੀ, ਪ੍ਰਧਾਨ ਮੰਤਰੀ ਅਤੇ ਸਰਕਾਰ ਦੀ ਆਲੋਚਨਾ ਸਮਾਜ ਦੀ ਆਲੋਚਨਾ ਹੈ? ਕੀ ਭਾਜਪਾ ਨੂੰ ਇਸ ਗੱਲ ਦਾ ਹੰਕਾਰ ਹੋ ਗਿਆ ਹੈ ਕਿ ਉਹ ਸਮਾਜ ਹੈ ਅਤੇ ਜਿਸ ਦੀ ਆਲੋਚਨਾ  ਭਗਵਾਨ ਦੀ ਨਿੰਦਾ ਹੈ।ਕੀ ਉਹ ਸਾਰੇ ਸਮਾਜ ਦਾ ਭਗਵਾਨ ਹੈ?ਕੀ ਉਸ ਦੀ ਆਲੋਚਨਾ ਕਰਨਾ, ਉਸ ਦਾ ਮਜ਼ਾਕ ਉਡਾਉਣਾ ਈਸ਼ਨਿੰਦਾ ਹੈ? ਭਾਜਪਾ ਨੇ ਬੇਸ਼ੱਕ ਲੋਕਤੰਤਰ ਨੂੰ ਤਿਆਗ ਦਿੱਤਾ ਹੈ, ਪਰ ਭਾਰਤ ਦੇ ਇੱਕ ਵੱਡੇ ਵਰਗ ਨੇ ਉਨ੍ਹਾਂ ਨੂੰ ਲੋਕਤੰਤਰ ਦਾ ਅਧਿਕਾਰ ਨਹੀਂ ਸੌਂਪਿਆ ਹੈ। ਇਸਦੀ ਇੱਕ ਕੀਮਤ ਹੈ ਪਰ ਉਹ ਲੋਕਤੰਤਰ ਲਈ ਇਹ ਕੀਮਤ ਚੁਕਾਉਣ ਲਈ ਤਿਆਰ ਹੈ।

 

ਪ੍ਰੋਫੈਸਰ ਅਪੂਰਵਾਨੰਦ

(ਲੇਖਕ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹਾਉਂਦਾ ਹੈ।)