ਝਾਰਖੰਡ ,ਮਹਾਰਾਸ਼ਟਰ ,ਯੂਪੀ ਦੀਆਂ 10 ਵਿਧਾਨ ਸਭਾ ਦੀਆਂ ਚੋਣਾਂ ਹੋਣਗੀਆਂ ਮੋਦੀ ਲਈ ਇਮਤਿਹਾਨ ਦੀ ਘੜੀ
*ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜੇ 8 ਅਕਤੂਬਰ ਨੂੰ ਆਉਣਗੇ
*ਮਹਾਰਾਸ਼ਟਰ ਵਿਚ ਕੋਣ ਭਾਰੂ ਪਵੇਗਾ?
ਇਸ ਸਾਲ ਦੇ ਅਖੀਰ ਵਿਚ ਝਾਰਖੰਡ ਦੇ ਨਾਲ ਮਹਾਰਾਸ਼ਟਰ ਵਿਧਾਨ ਸਭਾ ਦੀਆਂ ਚੋਣਾਂ ਹੋਣੀਆਂ ਹਨ। ਇਨ੍ਹਾਂ ਦੇ ਨਾਲ ਹੀ ਯੂਪੀ ਦੀਆਂ 10 ਵਿਧਾਨ ਸਭਾ ਸੀਟਾਂ ਲਈ ਹੋਣ ਵਾਲੀਆਂ ਉਪ ਚੋਣਾਂ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਵੀ ਪਰਖ ਕਰਨਗੀਆਂ। ਹਾਲਾਂਕਿ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ, ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ 4 ਜੂਨ ਤੋਂ ਬਾਅਦ ਆਪਣੇ ਖੋਲ (ਸ਼ੈਲ) 'ਚੋਂ ਬਾਹਰ ਨਿਕਲ ਕੇ ਚੋਣ ਪ੍ਰਚਾਰ ਕਰਨਗੇ। ਜਾਂ ਨਹੀਂ? ਹਰਿਆਣਾ ਤੇ ਜੰਮੂ-ਕਸ਼ਮੀਰ ਦੇ ਚੋਣ ਨਤੀਜੇ 8 ਅਕਤੂਬਰ ਨੂੰ ਆਉਣਗੇ। ਪ੍ਰਧਾਨ ਮੰਤਰੀ ਮੋਦੀ 2024 ਦੀਆਂ ਲੋਕ ਸਭਾ ਚੋਣਾਂ ਦੇ ਝਟਕਿਆਂ ਤੋਂ ਅਜੇ ਉੱਭਰ ਨਹੀਂ ਸਕੇ। ਮੋਦੀ ਲਈ ਇਹ ਚੋਣਾਂ 'ਉਸ ਦੀ ਸਿਆਸਤ ਲਈ ਚੈਲਿੰਜ ਹਨ ਹਾਲਾਂਕਿ ਇਸ ਖੇਡ ਵਿਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਸਭ ਤੋਂ ਅੱਗੇ ਹਨ।
ਭਾਵੇਂ ਵਿਧਾਨ ਸਭਾ ਚੋਣਾਂ ਵਿਚ ਹਰਿਆਣਾ ਤੇ ਝਾਰਖੰਡ ਦਾ ਆਪਣਾ ਮਹਤੱਵ ਹੈ। ਪਰ ਮਹਾਰਾਸ਼ਟਰ ਨੂੰ ਜਿੱਤਣ ਵਾਲੀ ਪਾਰਟੀ ਹੀ ਜੇਤੂ ਸਮਝੀ ਜਾਏਗੀ, ਕਿਉਂਕਿ ਹਰ ਕੋਈ ਜਾਣਦਾ ਹੈ ਕਿ ਮੁੰਬਈ ਇਸ ਦਾ ਦਿਲ ਹੈ ਅਤੇ ਭਾਰਤ ਦੇ ਇਸ ਵਪਾਰਕ ਤੇ ਵਿੱਤੀ ਕੇਂਦਰ ਵਿਚ ਹਰ ਕੋਈ ਸੱਤਾਧਾਰੀ ਹੋਣਾ ਚਾਹੁੰਦਾ ਹੈ। ਕਿਹੜੀ ਪਾਰਟੀ/ਗਠਜੋੜ ਮੁੰਬਈ ਨੂੰ ਆਪਣੀ ਝੋਲੀ ਵਿਚ ਪਾਵੇਗਾ? ਪਤਾ ਨਹੀਂ, ਫਿਲਹਾਲ ਇਥੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਦੀ ਸ਼ਿਵਸੈਨਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਸੱਤਾ ਵਿਚ ਹੈ। ਮਹਾਯੁਤੀ ਤੇ ਮਹਾ ਵਿਕਾਸ ਅਗਾੜੀ ਦੋਹਾਂ ਗਠਜੋੜਾਂ 'ਵਿਚ ਕਿਹੜਾ ਵਿਧਾਨ ਸਭਾ ਚੋਣਾਂ ਜਿੱਤਣ ਲਈ ਬਿਹਤਰ ਸਥਿਤੀ ਵਿਚ ਹੈ? ਇਹ ਮਹੱਤਵਪੂਰਨ ਹੋਵੇਗਾ ਕਿ ਮੋਦੀ ਵਿਧਾਨ ਸਭਾ ਚੋਣਾਂ ਵਿਚ ਲੋਕ ਸਭਾ ਚੋਣਾਂ ਵਾਂਗ ਹੀ ਪ੍ਰਚਾਰ ਕਰਨਗੇ ਜਾਂ ਨਹੀਂ?ਕੀ ਨਰਿੰਦਰ ਮੋਦੀ 'ਚ ਮਹਾਰਾਸ਼ਟਰ ਦੀ ਧਰਤੀ 'ਤੇ ਇਕ ਹੋਰ ਚੋਣ ਮੁਹਿੰਮ ਚਲਾਉਣ ਲਈ ਪੂਰਾ ਹੌਸਲਾ ਹੈ? ਜੇਕਰ ਮੋਦੀ ਅਜਿਹਾ ਨਹੀਂ ਕਰਦੇ ਤਾਂ ਦੇਵੇਂਦਰ ਫੜਨਵੀਸ ਤੇ ਏਕਨਾਥ ਸ਼ਿੰਦੇ ਨੂੰ ਸਮਾਂ ਆਉਣ 'ਤੇ ਊਧਵ ਠਾਕਰੇ ਤੇ ਸ਼ਰਦ ਪਵਾਰ ਸਮੇਤ ਰਾਹੁਲ ਗਾਂਧੀ ਨਾਲ ਟੱਕਰ ਲੈਣੀ ਪਵੇਗੀ।
ਊਧਵ ਠਾਕਰੇ ਨੇ ਹੁਣ ਏਕਨਾਥ ਸ਼ਿੰਦੇ ਦੇ ਵਿਸ਼ਵਾਸਘਾਤ 'ਤੇ ਕਾਬੂ ਪਾ ਲਿਆ ਹੈ ਅਤੇ ਉਹ ਲਗਾਤਾਰ ਆਤਮ-ਵਿਸ਼ਵਾਸ ਨਾਲ ਭਰੇ ਹੋਏ ਵਿਖਾਈ ਦੇ ਰਹੇ ਹਨ। ਮਹਾਂ ਵਿਕਾਸ ਅਗਾੜੀ (ਐਮ.ਵੀ.ਏ.) ਦੁਆਰਾ ਚੋਣਾਂ ਤੋਂ ਪਹਿਲਾਂ ਕਰਵਾਏ ਗਏ ਇਕ ਸਰਵੇਖਣ 'ਚ ਕਿਹਾ ਗਿਆ ਹੈ ਕਿ ਐਮ.ਵੀ.ਏ. ਗਠਜੋੜ 165 ਤੋਂ ਜ਼ਿਆਦਾ ਸੀਟਾਂ ਜਿੱਤ ਸਕਦਾ ਹੈ। ਲੋਕ ਸਭਾ ਚੋਣਾਂ 'ਚ ਐਮ.ਵੀ.ਏ. ਵਲੋਂ ਸੂਬੇ ਦੀਆਂ 31 ਲੋਕ ਸਭਾ ਸੀਟਾਂ ਦੀ ਜਿੱਤ ਨੇ ਇਸ ਸਰਵੇਖਣ ਦੇ ਦਾਅਵੇ ਨੂੰ ਮਜ਼ਬੂਤ ਕੀਤਾ ਹੈ, ਜਿਸ 'ਚ ਕਿਹਾ ਗਿਆ ਹੈ ਕਿ ਐਮ.ਵੀ.ਏ. ਨਾਗਪੁਰ, ਅਮਰਾਵਤੀ, ਮਰਾਠਵਾੜਾ ਤੇ ਪੱਛਮੀ ਮਹਾਰਾਸ਼ਟਰ ਖੇਤਰ 'ਚ ਚੰਗਾ ਪ੍ਰਦਰਸ਼ਨ ਕਰੇਗਾ। ਕਾਂਗਰਸ ਦੇ ਇਕ ਸੀਨੀਅਰ ਆਗੂ ਨੇ ਦਾਅਵਾ ਕੀਤਾ ਹੈ ਕਿ ਸਾਡੇ ਗਠਜੋੜ ਨੇ ਮਹਾਰਾਸ਼ਟਰ ਦੀਆਂ 48 ਲੋਕ ਸਭਾ ਸੀਟਾਂ 'ਚੋਂ 31 'ਤੇ ਜਿੱਤ ਪ੍ਰਾਪਤ ਕੀਤੀ ਹੈ, ਜੋ ਕੁੱਲ ਸੀਟਾਂ ਦਾ ਲਗਭਗ 65 ਫ਼ੀਸਦੀ ਹੈ। ਅਸੀਂ ਇਸ ਔਸਤ ਫ਼ੀਸਦੀ ਨੂੰ ਬਰਕਰਾਰ ਰੱਖਣਾ ਚਾਹਾਂਗੇ, ਜਿਸ ਨਾਲ ਸਾਨੂੰ 188 ਸੀਟਾਂ ਮਿਲ ਸਕਦੀਆਂ ਹਨ ਤੇ ਮੁੱਢਲੇ ਮੁੱਲਾਂਕਣ 'ਚ ਅਸੀਂ 165 ਸੀਟਾਂ ਜਿੱਤ ਰਹੇ ਹਾਂ। ਸੂਬੇ ਵਿਚ ਸਰਕਾਰ ਬਣਾਉਣ ਲਈ ' 144 ਸੀਟਾਂ ਦੀ ਲੋੜ ਹੈ। ਐਮ.ਵੀ.ਏ. ਗਠਜੋੜ ਵਿਚ ਕਾਂਗਰਸ, ਸ਼ਿਵ ਸੈਨਾ (ਯੂ.ਬੀ.ਟੀ.) ਅਤੇ ਐਨ.ਸੀ.ਪੀ. (ਸ਼ਰਦ ਚੰਦਰ ਪਵਾਰ) ਸ਼ਾਮਿਲ ਹਨ ਅਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 'ਚ ਵੀ ਲੋਕ ਸਭਾ ਵਾਲਾ ਪ੍ਰਦਰਸ਼ਨ ਦੁਹਰਾਉਣ ਦੀ ਉਮੀਦ ਹੈ।
ਐਮ.ਵੀ.ਏ. ਗਠਜੋੜ ਨੇ ਜਿੱਤ ਦੀ ਰਣਨੀਤੀ ਬਣਾਉਣ ਲਈ ਮਹਾਰਾਸ਼ਟਰ ਨੂੰ 7 ਖੇਤਰਾਂ 'ਚ ਵੰਡਿਆ ਹੈ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਨਾਗਪੁਰ, ਅਮਰਾਵਤੀ, ਮਰਾਠਵਾੜਾ ਤੇ ਪੱਛਮੀ ਮਹਾਰਾਸ਼ਟਰ ਖੇਤਰਾਂ 'ਚ ਉਨ੍ਹਾਂ ਦਾ ਪਲੜਾ ਭਾਰੀ ਹੈ। ਕਾਂਗਰਸ ਨਾਗਪੁਰ ਤੇ ਅਮਰਾਵਤੀ ਅਤੇ ਸ਼ਿਵ ਸੈਨਾ (ਯੂ.ਬੀ.ਟੀ.) ਮਰਾਠਵਾੜਾ, ਜਦਕਿ ਐਨ.ਸੀ.ਪੀ. (ਸ਼ਰਦ ਚੰਦਰ ਪਵਾਰ) ਨੂੰ ਪੱਛਮੀ ਮਹਾਰਾਸ਼ਟਰ 'ਚ ਚੰਗੇ ਪ੍ਰਦਰਸ਼ਨ ਦੀ ਉਮੀਦ ਹੈ। ਪਰ ਐਮ.ਵੀ.ਏ. ਲਈ ਮੁੰਬਈ, ਕੋਂਕਣ ਤੇ ਉੱਤਰੀ ਮਹਾਰਾਸ਼ਟਰ ਸਮੱਸਿਆ ਵਾਲੇ ਖੇਤਰ ਹਨ, ਜਿਥੇ ਮਹਾਯੁਤੀ ਗਠਜੋੜ ਕਾਫੀ ਮਜ਼ਬੂਤ ਹੈ। ਮਹਾਯੁਤੀ ਗਠਜੋੜ 'ਚ ਭਾਜਪਾ, ਸ਼ਿਵ ਸੈਨਾ (ਸ਼ਿੰਦੇ) ਅਤੇ ਐਨ.ਸੀ.ਪੀ. (ਅਜੀਤ ਪਵਾਰ) ਸ਼ਾਮਿਲ ਹਨ।
ਐਮ.ਵੀ.ਏ. ਦਾ ਕੋਂਕਣ ਖੇਤਰ 'ਚ ਮਾੜਾ ਪ੍ਰਦਰਸ਼ਨ ਗਠਜੋੜ ਲਈ ਚਿੰਤਾ ਦਾ ਵਿਸ਼ਾ ਹੈ, ਜਦਕਿ ਮੁੰਬਈ ਖੇਤਰ 'ਚ ਉਸ ਨੂੰ ਭਾਜਪਾ ਤੇ ਸ਼ਿਵ ਸੈਨਾ (ਸ਼ਿੰਦੇ) ਤੋਂ ਵੱਡੀ ਚੁਣੌਤੀ ਮਿਲੇਗੀ। ਉੱਤਰੀ ਮਹਾਰਾਸ਼ਟਰ ਖੇਤਰ 'ਚ ਵੀ ਐਮ.ਵੀ.ਏ. ਦੀ ਸਥਿਤੀ ਕਮਜ਼ੋਰ ਹੈ ਅਤੇ ਗਠਜੋੜ ਕੋਲ ਇਸ ਸਮੱਸਿਆ ਨੂੰ ਸੁਲਝਾਉਣ ਲਈ ਬਹੁਤ ਘੱਟ ਸਮਾਂ ਬਚਿਆ ਹੈ। ਮਹਾਰਾਸ਼ਟਰ ਵਿਧਾਨ ਸਭਾ 'ਚ 288 ਸੀਟਾਂ ਹਨ ਤੇ ਇਥੇ ਅਕਤੂਬਰ 'ਚ ਚੋਣਾਂ ਹੋਣੀਆਂ ਹਨ। ਸ਼ਰਦ ਪਵਾਰ ਨੇ ਦਾਅਵਾ ਕੀਤਾ ਹੈ ਕਿ ਐਮ.ਵੀ.ਏ. ਗਠਜੋੜ 225 ਤੋਂ ਵੱਧ ਸੀਟਾਂ ਜਿੱਤੇਗਾ ਤੇ ਉਹ ਮਹਾਰਾਸ਼ਟਰ 'ਚ ਸੱਤਾ ਤਬਦੀਲੀ ਹੁੰਦੀ ਵੇਖ ਰਹੇ ਹਨ, ਇਥੋਂ ਦੇ ਲੋਕ ਸ਼ਰਦ ਪਵਾਰ ਨੂੰ ਬਹੁਤ ਗੰਭੀਰਤਾ ਨਾਲ ਲੈਂਦੇ ਹਨ। ਉਨ੍ਹਾਂ ਦਾ ਭਤੀਜਾ ਅਜੀਤ ਪਵਾਰ ਆਪਣੇ ਐਨ.ਸੀ.ਪੀ. ਧੜੇ ਨਾਲ ਸੱਤਾਧਾਰੀ ਮਹਾਯੁਤੀ ਗਠਜੋੜ ਦਾ ਹਿੱਸਾ ਹੈ। ਅਜੀਤ ਪਵਾਰ ਨੂੰ ਰਾਜਨੀਤੀ 'ਚ ਲਿਆਉਣ ਤੇ ਪ੍ਰਪੱਕ ਕਰਨ ਵਾਲੇ ਸ਼ਰਦ ਪਵਾਰ ਆਪਣੀ ਬੇਟੀ ਸੁਪ੍ਰਿਆ ਸੁਲੇ ਨੂੰ ਆਪਣਾ ਰਾਜਨੀਤਕ ਵਾਰਸ ਤੇ ਉਤਰਾਧਿਕਾਰੀ ਬਣਾਉਣ ਦੀ ਕੋਸ਼ਿਸ਼ ਕਰ ਰਹੇ ਸਨ, ਜੋ ਅਜੀਤ ਪਵਾਰ ਨੂੰ ਪਸੰਦ ਨਹੀਂ ਆਇਆ।
ਸ਼ਰਦ ਪਵਾਰ ਦਾ ਕਹਿਣਾ ਹੈ ਕਿ ਮਹਾਰਾਸ਼ਟਰ ਇਸ ਸਮੇਂ ਗ਼ਲਤ ਲੋਕਾਂ ਦੇ ਹੱਥਾਂ ਵਿਚ ਹੈ। ਹਾਲੀਆ ਸਿਆਸੀ ਘਟਨਾਕ੍ਰਮ ਵਿਚ ਅਜੀਤ ਪਵਾਰ ਦੀ ਅਗਵਾਈ ਵਾਲੀ ਐਨ.ਸੀ.ਪੀ. ਦੇ ਕਈ ਵਿਧਾਇਕ ਵਾਪਸੀ ਕਰਦਿਆਂ ਸ਼ਰਦ ਪਵਾਰ ਦੇ ਧੜੇ 'ਚ ਸ਼ਾਮਿਲ ਹੋ ਗਏ ਹਨ। ਸ਼ਰਦ ਪਵਾਰ ਦੀ ਪਾਰਟੀ ਨੇ ਲੋਕ ਸਭਾ ਦੀਆਂ 10 ਸੀਟਾਂ 'ਤੇ ਚੋਣ ਲੜੀ ਸੀ ਤੇ ਉਨ੍ਹਾਂ ਵਿਚੋਂ 8 'ਤੇ ਜਿੱਤ ਪ੍ਰਾਪਤ ਕੀਤੀ ਸੀ। ਐਮ.ਵੀ.ਏ. ਨੂੰ ਮਹਾਯੁਤੀ ਨਾਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ, ਕਿਉਂਕਿ ਲੋਕ ਸਭਾ ਚੋਣਾਂ ਦੇ ਨਤੀਜੇ ਉਨ੍ਹਾਂ ਦੇ ਹੱਕ ਵਿਚ ਗਏ ਸਨ। ਭਾਜਪਾ ਦੀ ਅਗਵਾਈ ਵਾਲਾ ਮਹਾਯੁਤੀ ਗਠਜੋੜ ਹਿੰਦੂਤਵ ਨੂੰ ਆਧਾਰ ਬਣਾ ਕੇ ਪ੍ਰਚਾਰ ਕਰ ਰਿਹਾ ਹੈ ਤੇ ਉਨ੍ਹਾਂ ਨੂੰ ਵਿਧਾਨ ਸਭਾ ਚੋਣਾਂ 'ਚ ਲੋਕ ਸਭਾ ਚੋਣਾਂ ਨਾਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਹੈ।
ਮੁੱਖ ਮੰਤਰੀ ਏਕਨਾਥ ਸ਼ਿੰਦੇ ਦਾ ਕਹਿਣਾ ਹੈ ਕਿ ਦੀਵਾਲੀ ਸਿਰਫ਼ ਇਕ ਗਠਜੋੜ ਮਨਾਏਗਾ ਤੇ ਇਹ ਮਹਾਯੁਤੀ ਹੋਵੇਗਾ, ਜਿਸ ਨੇ ਹਾਲ ਹੀ 'ਚ ਐਮ.ਐਲ.ਸੀ. ਚੋਣਾਂ ਵਿਚ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ।
ਦੋਵੇਂ ਗਠਜੋੜ ਵਿਧਾਨ ਸਭਾ ਚੋਣਾਂ ਵੱਖ-ਵੱਖ ਰਾਜਸੀ ਸੰਗਠਨਾਂ ਵਜੋਂ ਲੜਨਗੇ। ਮਹਾਰਾਸ਼ਟਰ ਵਿਧਾਨ ਸਭਾ 'ਚ ਸਭ ਤੋਂ ਵੱਡੀ ਪਾਰਟੀ ਭਾਜਪਾ ਦਾ ਕਹਿਣਾ ਹੈ ਕਿ ਉਹ 180 ਸੀਟਾਂ 'ਤੇ ਚੋਣ ਲੜੇਗੀ, ਜਦਕਿ ਅਜੀਤ ਪਵਾਰ ਦੀ ਐਨ.ਸੀ.ਪੀ. ਅਤੇ ਮੁੱਖ ਮੰਤਰੀ ਸ਼ਿੰਦੇ ਦੀ ਸ਼ਿਵਸੈਨਾ ਨੇ ਕ੍ਰਮਵਾਰ 80 ਤੇ 100 ਸੀਟਾਂ 'ਤੇ ਚੋਣ ਲੜਨ ਦਾ ਐਲਾਨ ਕੀਤਾ ਹੈ।
ਮੁੱਖ ਮੰਤਰੀ ਸ਼ਿੰਦੇ ਨੇ ਮਹਾਯੁਤੀ ਦੀ ਸਰਕਾਰ ਬਣਨ ਦਾ ਦਾਅਵਾ ਕਰਦਿਆਂ ਕਿਹਾ ਹੈ ਕਿ ਗਠਜੋੜ ਨੇ ਅਜੇ ਸੀਟ ਵੰਡ ਬਾਰੇ ਕੋਈ ਫ਼ੈਸਲਾ ਨਹੀਂ ਕੀਤਾ। ਪਰ ਮੁੱਖ ਸਵਾਲ ਇਹ ਹੈ ਕਿ, ਕੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮਹਾਯੁਤੀ ਗਠਜੋੜ ਦੇ ਸਟਾਰ-ਪ੍ਰਚਾਰਕਾਂ ਵਿਚੋਂ ਇਕ ਹੋਣਗੇ?
Comments (0)