ਚੋਣ ਸਰਵੇਖਣਾਂ ਤੋਂ ਭਾਜਪਾ ਪਰੇਸ਼ਾਨ

ਚੋਣ ਸਰਵੇਖਣਾਂ ਤੋਂ ਭਾਜਪਾ ਪਰੇਸ਼ਾਨ

ਇਸ ਸਾਲ ਹੋ ਰਹੀਆਂ ਵਿਧਾਨ ਸਭਾ ਚੋਣਾਂ ਸਬੰਧੀ ਹੋਏ ਸਰਵੇਖਣਾਂ ਵਿੱਚ ਵੀ ਬੀਜੇਪੀ ਨੂੰ ਚੰਗਾ ਹੁੰਗਾਰਾ ਮਿਲਦਾ ਦਿਖਾਈ ਨਹੀਂ ਦੇ ਰਿਹਾ। ਹਰਿਆਣਾ ਮਗਰੋਂ ਹੁਣ ਮਹਾਰਾਸ਼ਟਰ ਬਾਰੇ ਹੋਏ ਸਰਵੇ ਨੇ ਵੀ ਬੀਜੇਪੀ ਦੀ ਨੀਂਦ ਉਡਾ ਦਿੱਤੀ ਹੈ।

ਦਰਅਸਲ ਮਹਾਰਾਸ਼ਟਰ ਵਿੱਚ ਇਸ ਸਾਲ ਦੇ ਅੰਤ ਵਿੱਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਭਾਜਪਾ ਨੇ ਇਨ੍ਹਾਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਅਗਸਤ ਮਹੀਨੇ 'ਚ ਕੀਤੇ ਗਏ ਇੰਪਰੀਕਲ ਤੇ ਮਾਸ ਸਰਵੇ ਮੁਤਾਬਕ ਇਸ ਵਾਰ ਮਹਾਰਾਸ਼ਟਰ ਵਿਧਾਨ ਸਭਾ ਚੋਣਾਂ 'ਚ ਮਹਾਯੁਤੀ ਨੂੰ 123 ਤੇ ਮਹਾਵਿਕਾਸ ਅਗਾੜੀ ਨੂੰ 152 ਸੀਟਾਂ ਮਿਲ ਸਕਦੀਆਂ ਹਨ।

ਇਸ ਦੌਰਾਨ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ  ਬੀਤੇ ਦਿਨੀਂ ਐਤਵਾਰ (8 ਸਤੰਬਰ) ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਤੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਤੇ ਅਜੀਤ ਪਵਾਰ ਨਾਲ ਦੇਰ ਰਾਤ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਰਕਾਰੀ ਸਕੀਮਾਂ ਸਬੰਧੀ ਲੋਕਾਂ ਦੀ ਪ੍ਰਤੀਕਿਰਿਆ ਜਾਣਨ ਦਾ ਯਤਨ ਕੀਤਾ ਗਿਆ।

ਦੱਸ ਦਈਏ ਕਿ ਮੰਨਿਆ ਜਾ ਰਿਹਾ ਹੈ ਕਿ ਮਹਾਰਾਸ਼ਟਰ ਵਿਚ ਅਕਤੂਬਰ-ਨਵੰਬਰ 'ਚ ਵਿਧਾਨ ਸਭਾ ਚੋਣਾਂ ਹੋ ਸਕਦੀਆਂ ਹਨ। ਇਸ ਮੀਟਿੰਗ ਵਿੱਚ ਮੁੱਖ ਮੰਤਰੀ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ ਵੱਲੋਂ ਹਾਲ ਹੀ ਵਿੱਚ ਦਿੱਤੇ ਗਏ ਵਿਵਾਦਤ ਬਿਆਨਾਂ ਬਾਰੇ ਵੀ ਚਰਚਾ ਕੀਤੀ ਗਈ।

ਇਸ ਬੈਠਕ 'ਚ ਅਮਿਤ ਸ਼ਾਹ ਨੇ ਭਾਜਪਾ ਨੇਤਾਵਾਂ ਨੂੰ ਜਨਤਕ ਵਿਵਾਦਾਂ ਤੋਂ ਬਚਣ ਦੇ ਨਿਰਦੇਸ਼ ਦਿੱਤੇ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਜੇਕਰ ਅਸੀਂ ਮਹਾਗਠਜੋੜ ਵਿੱਚ ਹਾਂ ਤਾਂ ਸਾਨੂੰ ਸੰਜਮ ਵਰਤਣਾ ਚਾਹੀਦਾ ਹੈ ਤੇ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਏਕਤਾ ਦੀ ਤਸਵੀਰ ਜਨਤਾ ਦੇ ਸਾਹਮਣੇ ਪੇਸ਼ ਹੋਵੇ। 

ਉਨ੍ਹਾਂ ਨੇ ਕਿਹਾ ਕਿ ਜਿੱਤਣ ਦੀ ਸੰਭਾਵਨਾ ਵਾਲੇ ਯੋਗ ਉਮੀਦਵਾਰਾਂ ਦੀ ਚੋਣ ਕੀਤੀ ਜਾਣੀ ਚਾਹੀਦੀ ਹੈ। ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਵਿਰੋਧੀਆਂ ਦੇ ਝੂਠੇ ਬਿਆਨਾਂ ਦਾ ਜਵਾਬ ਦਿੰਦੇ ਰਹੋ। ਕੁੱਲ ਮਿਲਾ ਕੇ ਬੀਜੇਪੀ ਦੀ ਸਥਿਤੀ ਔਖੀ ਦਿਖਾਈ ਦੇ ਰਹੀ ਹੈ।