ਪੰਥਕ ਰਾਜਨੀਤੀ ਦਾ ਕੇਂਦਰ ਫਿਰ ਬਣਿਆ ਅਕਾਲ ਤਖਤ ਸਾਹਿਬ

ਪੰਥਕ ਰਾਜਨੀਤੀ ਦਾ ਕੇਂਦਰ ਫਿਰ ਬਣਿਆ ਅਕਾਲ ਤਖਤ ਸਾਹਿਬ

 *ਸਰਕਾਰੀ ਹਮਲਿਆਂ ਵਿਰੁਧ ਪੰਥ ਨੂੰ ਇਕਮੁੱਠ ਕਰਨ ਵਿਚ ਕਾਮਯਾਬ ਹੋਏ ਜਥੇਦਾਰ ਅਕਾਲ ਤਖਤ

*ਜਥੇਦਾਰ ਦੇ ਦਬਾਅ ਕਾਰਣ 350 ਦੇ ਕਰੀਬ ਸਿਖ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਮਜਬੂਰ ਹੋਈ ਪੰਜਾਬ ਸਰਕਾਰ

*ਕਿਸਾਨੀ ਅੰਦੋਲਨ ਦੌਰਾਨ ਜੋ ਸਿਖਾਂ ਨੇ ਦੁਨੀਆ ਵਿੱਚ ਆਪਣੀ ਇਮੇਜ ਕਾਇਮ ਕੀਤੀ ਸੀ ਉਸ ਨੂੰ ਨੁਕਸਾਨ ਪਹੁੰਚਾਉਣ ਲਈ ਸਰਕਾਰਾਂ ਨੇ ਇਹ ਹਮਲਾ ਵਿਢਿਆ -ਜਥੇਦਾਰ ਅਕਾਲ ਤਖਤ

* ਕਿਹਾ ਕਿ  ਜੇਕਰ ਮੇਰਾ ਟਵੀਟ ਡਿਲੀਟ ਹੋ ਗਿਆ ਤਾਂ ਕੋਈ ਗੱਲ ਨਹੀਂ , ਮੇਰੀ ਆਵਾਜ਼ ਵਿਸ਼ਵ ਵਿਚ ਸਮੂਹ ਖਾਲਸਾ ਪੰਥ ਹੈ 

ਮੀਰੀ-ਪੀਰੀ ਦੀ ਨੁਮਾਇੰਦਗੀ ਕਰਨ ਵਾਲ਼ਾ ਕੇਂਦਰ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਨੂੰ ਦਿਸ਼ਾ-ਨਿਰਦੇਸ਼ ਦੇਣ ਵਾਲ਼ਾ ਸਰਬਉੱਚ ਅਸਥਾਨ ਹੈ। ਸ੍ਰੀ ਅਕਾਲ ਤਖਤ ਸਾਹਿਬ ਨੇ ਸਿੱਖ ਪੰਥ ਨੂੰ ਬਹੁਤ ਬਿਖੜੇ ਹਾਲਾਤ ਵਿੱਚ ਅਗਵਾਈ ਦਿੱਤੀ ਹੈ ਜਿਸ ਸਦਕਾ ਸਮੇਂ-ਸਮੇਂ ‘ਤੇ ਪੈਦਾ ਹੁੰਦੇ ਕੁਝ ਅੰਦਰੂਨੀ ਮੱਤਭੇਦਾਂ ਦੇ ਬਾਵਜੂਦ ਪੰਥ ਇੱਕ ਨਿਸ਼ਾਨ ਹੇਠ ਇਕੱਠਾ ਹੋ ਕੇ ਵੱਡੇ ਇਤਿਹਾਸਕ ਸੰਕਟਾਂ ਵਿੱਚੋਂ ਜੇਤੂ ਹੋ ਕੇ ਇਤਿਹਾਸ ਸਿਰਜਦਾ ਰਿਹਾ ਹੈ। ਸ੍ਰੀ ਅਕਾਲ ਤਖਤ ਸਾਹਿਬ ਦੀ ਇਹ ਸਮਰੱਥਾ ਜਿੱਥੇ ਪੰਥ ਲਈ ਸਦਾ ਸਹਾਇਕ ਰਹੀ ਹੈ ਉੱਥੇ ਪੰਥ ਨੂੰ ਮੇਟ ਦੇਣ ਜਾਂ ਆਪਣੇ-ਆਪ ਵਿੱਚ ਜਜ਼ਬ ਕਰ ਲੈਣ ਦੇ ਮਨਸੂਬੇ ਘੜਨ ਵਾਲ਼ੀਆਂ ਤਾਕਤਾਂ ਲਈ ਇਹ ਵੱਡੀ ਚੁਣੌਤੀ ਰਹੀ ਹੈ। ਇਸੇ ਕਰਕੇ ਪੰਥ ਵਿਰੋਧੀ ਤਾਕਤਾਂ ਸਦਾ ਹੀ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਾਹ ਲਾਉਣ ਦੀਆਂ ਸਾਜ਼ਿਸ਼ਾਂ ਘੜਦੀਆਂ ਰਹਿੰਦੀਆਂ ਹਨ ਜੋ ਹੁਣ ਬਹੁਤ ਸੂਖਮ ਰੂਪ ਧਾਰਨ ਕਰ ਗਈਆਂ ਹਨ; ਅੱਜ ਬਾਹਰੀ ਤਾਕਤਾਂ ਦੀਆਂ ਸਾਜ਼ਿਸ਼ਾਂ ਅੰਦਰੂਨੀ ਚੁਣੌਤੀਆਂ ਦੇ ਰੂਪ ਵਿੱਚ ਸਾਹਮਣੇ ਆ ਰਹੀਆਂ ਹਨ।

ਇਹ ਉਦੋਂ ਹੀ ਸੰਭਵ ਹੁੰਦਾ ਰਿਹਾ ਹੈ ,ਜਦੋਂ ਅਕਾਲ ਤਖਤ ਸਾਹਿਬ ਦਾ ਜਥੇਦਾਰ ਕਿਸੇ ਨਿਜੀ ਰਾਜਨੀਤੀ ਦੇ ਪ੍ਰਭਾਵ ਤੋਂ ਮੁਕਤ ਹੋਕੇ ਪੰਥਕ ਫੈਸਲੇ ਕਰਦਾ ਰਿਹਾ ਹੈ।ਸਮੇਂ ਦਾ ਸੱਚ ਇਹ ਵੀ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਜਿਹੇ ਹੀ ਤਰੀਕੇ ਨਾਲ਼ ਹੋਰ ਕਈ ਜਥੇਦਾਰ ਨਿਯੁਕਤ ਕੀਤੇ ਜਿਹਨਾਂ ਦੇ ਫੈਸਲਿਆਂ ਬਾਰੇ ਸਿੱਖਾਂ ਵਿੱਚ ਵਿਵਾਦ ਖੜ੍ਹੇ ਹੁੰਦੇ ਰਹੇ ਹਨ। ਸਿੱਟੇ ਵਜੋਂ ਸਿੱਖਾਂ ਅੰਦਰ ‘ਸਰਬੱਤ ਖਾਲਸਾ’ ਦੀ ਰਵਾਇਤ ਤੇ ਅਕਾਲ ਤਖਤ ਸਾਹਿਬ ਦੀ ਖੁਦਮੁਖਤਿਆਰੀ ਨੂੰ ਸੁਰਜੀਤ ਕਰਨ ਦਾ ਖਿਆਲ ਮੁੜ-ਮੁੜ ਜ਼ੋਰ ਫੜਦਾ ਰਿਹਾ ਹੈ।

ਦਰਬਾਰ ਸਾਹਿਬ ਉਪਰ ਫੌਜੀ ਹਮਲੇ ,ਸਿਖ ਨਸਲਕੁਸ਼ੀ ਅਤੇ ਸਿੱਖ ਕਤਲੇਆਮ ਤੋਂ ਪਹਿਲਾਂ ਅਤੇ ਬਾਅਦ ਦੌਰਾਨ ਵੀ ਪੰਜਾਬ ਅਤੇ ਸਿੱਖਾਂ ਦੇ ਪਿੰਡੇ 'ਤੇ ਲੱਗੇ ਫੱਟ ਕੋਈ ਕੁਦਰਤੀ ਵਰਤਾਰਾ ਨਹੀਂ ਸੀ, ਸਗੋਂ ਫਿਰਕੂ ਰਾਜਨੀਤੀ ਦੀਆਂ ਸਾਜ਼ਿਸ਼ਾਂ ਦਾ ਨਤੀਜਾ ਹਨ ਜੋ ਸਿਖ ਪੰਥ ਨਾਲ ਨਿਆਂ ਨਹੀਂ ਕਰਨਾ ਚਾਹੁੰਦੀਆਂ ਹਨ।ਹੁਣ ਵੀ ਇਸ ਤਰ੍ਹਾਂ ਹੀ ਲਗਦਾ ਹੈ ਕਿ ਜਿਵੇਂ ਪੰਜਾਬ ਤੇ ਸਿੱਖਾਂ ਦੀ ਕੀਮਤ 'ਤੇ ਕਈ ਰਾਜਨੀਤਕ ਨਿਸ਼ਾਨੇ ਫੁੰਡਣ ਦੀਆਂ ਗੋਂਦਾਂ ਗੁੰਦੀਆਂ ਜਾ ਰਹੀਆਂ ਹਨ।  ਅੰਮ੍ਰਿਤਪਾਲ ਸਿੰਘ ਨੂੰ ਗਿ੍ਫਤਾਰ ਕਰਨ ਬਹਾਨੇ ਸੈਂਕੜੇ ਨੌਜਵਾਨਾਂ ਨੂੰ ਗਿ੍ਫਤਾਰ ਕੀਤਾ ਗਿਆ ,ਝੂਠੇ ਕੇਸ ਪਾਏ ਗਏ ,ਉਹ ਪੰਥਕ ਹਲਕਿਆਂ ਵਲੋਂ ਸਰਕਾਰੀ ਅਪਰੇਸ਼ਨ ਬਲਿਊ ਸਟਾਰ ਦਾ ਹਿਸਾ ਸਮਝਿਆ ਜਾ ਰਿਹਾ ਹੈ। ਇਸੇ ਕਰਕੇ ਦੇਸਾ ਵਿਦੇਸ਼ਾਂ ਵਿਚ ਸਿਖਾਂ ਵਲੋਂ ਇਹਨਾਂ ਸਰਕਾਰੀ ਸਾਜਿਸ਼ਾਂ ਦਾ ਵਿਰੋਧ ਕੀਤਾ ਜਾ ਰਿਹਾ ਹੈ।ਪੰਜਾਬ ਸਿਰ ਪਹਿਲਾ ਕਰਜ਼ਾ ਕੇਂਦਰੀ ਬਲਾਂ ਦੀ ਪੰਜਾਬ ਵਿਚ ਮੌਜੂਦਗੀ ਦੇ ਖਰਚੇ ਵਜੋਂ ਹੀ ਚੜ੍ਹਿਆ ਸੀ ਤੇ ਫਿਰ ਇਹ ਪੰਡ ਭਾਰੀ ਹੀ ਹੁੰਦੀ ਗਈ। ਭਗਵੰਤ ਮਾਨ ਵਾਲੀ ਪੰਜਾਬ ਸਰਕਾਰ ਨੇ ਇਸ ਅਪਰੇਸ਼ਨ ਲਈ ਕੇਂਦਰੀ ਬਲ ਮੰਗਵਾ ਕੇ  ਪੰਜਾਬ ਸਿਰ ਹੋਰ ਕਰਜ਼ਾ ਚਾੜ੍ਹ ਦਿਤਾ ਹੈ । 

ਪਰ ਜਿਸ ਸੂਝ ਬੂਝ ,ਕੂਟਨੀਤੀ ,ਠਰ੍ਹੰਮੇ ਨਾਲ ਜਥੇਦਾਰ ਅਕਾਲ ਤਖਤ  ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਰਕਾਰੀ ਹਮਲੇ ਦਾ ਜਵਾਬ ਦਿਤਾ ਹੈ ਕੌਮ ਦੇ ਮਨਾਂ ਵਿਚ ਪਈ ਦਹਿਸ਼ਤ ਵੀ ਟੁੱਟੀ ਹੈ ਤੇ ਸਰਕਾਰ ਨੂੰ ਅਲਟੀਮੇਟਮ ਦੇਕੇ 350 ਦੇ ਕਰੀਬ ਸਿਖ ਨੌਜਵਾਨਾਂ ਨੂੰ ਰਿਹਾਅ ਕਰਨ ਲਈ ਮਜਬੂਰ ਕੀਤਾ  ,ਉਸ ਨਾਲ ਅਕਾਲ ਤਖਤ ਸਾਹਿਬ ਦਾ ਵਜੂਦ ਇਕ ਵਾਰ ਫਿਰ ਇਤਿਹਾਸ ਦੇ ਪੰਨਿਆਂ ਵਿਚ ਚਮਕਿਆ ਹੈ।  ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸਮੁਚੇ ਸਿਖ ਨੌਜਵਾਨ ਰਿਹਾਅ ਕਰਵਾਉਣ ਲਈ ਰਣਨੀਤੀ ਘੜਨ ਦੀ ਲੋੜ ਹੈ।ਪੰਜਾਬ ਸਰਕਾਰ ਵਲੋਂ ਪਿਛਲੇ ਦਿਨੀਂ ਅੰਮਿ੍ਤਪਾਲ ਸਿੰਘ ਮਾਮਲੇ ਵਿਚ ਪੰਜਾਬ ਵਿਚ ਵੱਖ-ਵੱਖ ਥਾਵਾਂ ਤੋਂ ਪੰਜਾਬ ਸਰਕਾਰ ਵਲੋਂ ਗਿ੍ਫ਼ਤਾਰ ਕੀਤੇ ਗਏ ਸਿੱਖ ਨੌਜਵਾਨਾਂ ਅਤੇ ਉਨ੍ਹਾਂ ਦੀ ਰਿਹਾਈ ਦੇ ਸਰਕਾਰ ਵਲੋਂ ਕੀਤੇ ਜਾ ਰਹੇ ਦਾਅਵਿਆਂ ਸੰਬੰਧੀ ਅਜੇ ਵੀ ਭੰਬਲਭੂਸੇ ਵਾਲੀ ਸਥਿਤੀ ਬਣੀ ਹੋਈ ਹੈ | ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ 27 ਮਾਰਚ ਦੀ ਵਿਸ਼ੇਸ਼ ਪੰਥਕ ਇਕੱਤਰਤਾ ਦੌਰਾਨ ਪਾਸ ਮਤੇ ਦੀ ਰੌਸ਼ਨੀ ਵਿਚ ਸਰਕਾਰ ਨੂੰ 24 ਘੰਟੇ ਅੰਦਰ ਬੇਕਸੂਰ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਦਿੱਤੇ ਅਲਟੀਮੇਟਮ ਤੋਂ ਬਾਅਦ ਭਾਵੇਂ ਅਗਲੇ ਦਿਨ ਪੰਜਾਬ ਸਰਕਾਰ ਵਲੋਂ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਦਿੱਤੀ ਗਈ ਮੌਖਿਕ ਜਾਣਕਾਰੀ ਵਿਚ ਧਾਰਾ 107/51 ਤਹਿਤ ਫੜੇ ਗਏ 360 'ਚੋਂ 348 ਨੌਜਵਾਨਾਂ ਨੂੰ ਰਿਹਾਅ ਕਰ ਦੇਣ ਦਾ ਦਾਅਵਾ ਕੀਤਾ ਗਿਆ ਸੀ ਪਰ ਅਜੇ ਤੱਕ ਸਰਕਾਰ ਵਲੋਂ ਨਾ ਤਾਂ ਸ੍ਰੀ ਅਕਾਲ ਤਖ਼ਤ ਸਾਹਿਬ ਅਤੇ ਨਾ ਹੀ ਮੀਡੀਆ ਰਾਹੀਂ ਛੱਡੇ ਗਏ ਨੌਜਵਾਨਾਂ ਸੰਬੰਧੀ ਕੋਈ ਅਧਿਕਾਰਤ ਸੂਚੀ ਜਾਰੀ ਕੀਤੀ ਗਈ ਹੈ ।ਦੂਜੇ ਪਾਸੇ ਜਥੇਦਾਰ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਅਨੁਸਾਰ ਸ਼ੋ੍ਮਣੀ ਕਮੇਟੀ ਵਲੋਂ ਸ਼ੋ੍ਰਮਣੀ ਕਮੇਟੀ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਦੀ ਅਗਵਾਈ ਵਿਚ ਬੇਕਸੂਰ ਗਿ੍ਫ਼ਤਾਰ ਸਿੱਖ ਨੌਜਵਾਨਾਂ ਦੀ ਰਿਹਾਈ ਲਈ ਸਿੱਖ ਵਕੀਲਾਂ ਦਾ ਇਕ ਪੈਨਲ ਬਣਾਇਆ ਗਿਆ ਹੈ, ਜਿਸ ਵਲੋਂ ਪੀੜ੍ਹਤ ਨੌਜਵਾਨਾਂ ਦੇ ਪਰਿਵਾਰਾਂ ਨਾਲ ਸੰਪਰਕ ਕਰਕੇ ਵੱਖ-ਵੱੱਖ ਧਾਰਾਵਾਂ ਵਿਚ ਗਿ੍ਫ਼ਤਾਰ ਸਿੱਖ ਨੌਜਵਾਨਾਂ ਲਈ ਕਾਨੂੰਨੀ ਚਾਰਾਜੋਈ ਕੀਤੀ ਜਾ ਰਹੀ ਹੈ ।ਇਸੇ ਦੌਰਾਨ ਜਥੇਦਾਰ ਸਾਹਿਬ ਨੇ ਐਨਐਸਏ ਖਿਲਾਫ ਜ਼ੋਰਦਾਰ ਆਵਾਜ਼ ਦਿੱਤੀ ਹੈ, ਉਸ ਆਵਾਜ਼ ਨੂੰ ਚੁੱਕੀ ਰੱਖਣਾ ਅਤੇ ਪੁਲਿਸ ਦੀਆਂ ਹੋਰ ਧੱਕੇਸ਼ਾਹੀਆਂ ਨੂੰ ਰੋਕਣ ਲਈ ਦਬਾਅ ਬਣਾਈ  ਰੱਖਣ ਦੀ ਲੋੜ ਹੈ। ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਢੱਡੇ ਅਨੁਸਾਰ  ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੰਜਾਬ ਸਰਕਾਰ ਵਲੋਂ ਦਿੱਤੀ ਗਈ ਜਾਣਕਾਰੀ ਵਿਚ ਦਾਅਵਾ ਕੀਤਾ ਗਿਆ ਹੈ ਕਿ ਸਰਕਾਰ ਨੇ ਪਿਛਲੇ ਦਿਨੀਂ ਧਾਰਾ 107/51 ਤਹਿਤ ਕੁੱਲ 360 ਨੌਜਵਾਨ ਗਿ੍ਫ਼ਤਾਰ ਕੀਤੇ ਸਨ, ਜਿਨ੍ਹਾਂ 'ਵਿਚੋਂ 348 ਨੌਜਵਾਨਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਇਸ ਧਾਰਾ ਤਹਿਤ ਗਿ੍ਫ਼ਤਾਰ ਅਜੇ 12 ਨੌਜਵਾਨ ਰਿਹਾਅ ਹੋਣੇ ਬਾਕੀ ਹਨ।ਉਨ੍ਹਾਂ ਅਨੁਸਾਰ ਇਸ ਤੋਂ ਇਲਾਵਾ ਅਸਲਾ ਐਕਟ, ਅਜਨਾਲਾ ਹਿੰਸਾ ਮਾਮਲੇ ਅਤੇ ਐਨ. ਐਸ. ਏ. ਤਹਿਤ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਬਾਰੇ ਅਜੇ ਤੱਕ ਸਰਕਾਰ ਵਲੋਂ ਕੋਈ ਜਾਣਕਾਰੀ ਨਹੀਂ ਦਿੱਤੀ ਗਈ ।ਹੁਣ ਜਥੇਦਾਰ ਅਕਾਲ ਤਖਤ ਨੇ ਗਿਆਨੀ ਹਰਪ੍ਰੀਤ ਸਿੰਘ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ 'ਧਰਮ ਪ੍ਰਚਾਰ ਅਤੇ ਕੌਮੀ ਹੱਕਾਂ ਦੀ ਪਹਿਰੇਦਾਰੀ ਹਿੱਤ ਸਿੱਖ ਮੀਡੀਆ ਦਾ ਯੋਗਦਾਨ, ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ, ਸਿੱਖ ਮੀਡੀਆ ਨੂੰ ਚੁਣੌਤੀਆਂ ਅਤੇ ਭਵਿੱਖ ਦੀ ਰਣਨੀਤੀ' ਦੇ ਵਿਸ਼ੇ 'ਤੇ ਇਕ ਵਿਸ਼ੇਸ਼ ਇਕੱਤਰਤਾ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ  7 ਅਪ੍ਰੈਲ ਨੂੰ ਬੁਲਾਈ ਗਈ ਹੈ । ਇਸ ਵਿਸ਼ੇਸ਼ ਇਕੱਤਰਤਾ ਵਿਚ ਪੰਥ, ਪੰਜਾਬ ਅਤੇ ਪੰਜਾਬੀਅਤ ਨੂੰ ਸਮਰਪਿਤ ਸੀਨੀਅਰ ਪੱਤਰਕਾਰ ਆਪਣੇ ਵਿਚਾਰ ਰੱਖਣਗੇ ।ਇਸ ਤੋਂ ਸਪਸ਼ਟ ਹੈ ਕਿ ਜਥੇਦਾਰ ਅਕਾਲ ਤਖਤ ਸਿਖ ਕੌਮ ਵਿਰੋਧੀ ਸਰਕਾਰੀ ਪ੍ਰਚਾਰ ਤੇ ਨੈਰੇਟਿਵ ਨੂੰ ਤੋੜਨ ਲਈ  ਸਰਗਰਮ ਹਨ।

ਕੀ ਕਹਿੰਦੇ ਨੇ ਜਥੇਦਾਰ ਅਕਾਲ ਤਖਤ ਸਾਹਿਬ

 ਗਿਆਨੀ ਹਰਪ੍ਰੀਤ ਸਿੰਘ ਨੇ ਜਥੇਦਾਰ ਸ੍ਰੀ ਅਕਾਲ ਤਖਤ ਪੰਜਾਬ ਦੇ ਮੌਜੂਦਾ ਹਾਲਾਤਾਂ ਨੂੰ ਲੈਕੇ  ਕਿਹਾ ਹੈ ਕਿ ਪਹਿਲਾਂ ਪੰਜਾਬ ਸਰਕਾਰ ਨੇ ਆਪ ਮਾਹੌਲ ਵਿਗੜਨ ਦਿੱਤਾ ਗਿਆ ਫਿਰ ਕੰਟਰੋਲ ਦੇ ਨਾਂ ‘ਤੇ ਸਿੱਖ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕੀਤੀਆਂ,ਛੋਟੇ ਮਸਲੇ ਨੂੰ ਲੈ ਕੇ ਇੱਕ ਟ੍ਰੈਪ ਲਾਇਆ ਗਿਆ ਸੀ ਤੇ ਸਿੱਖ ਉਸ ਵਿੱਚ ਫਸੇ । ਉਨ੍ਹਾਂ ਕਿਹਾ ਟਾਰਗੇਟ ਕਰਨ ਵਾਲਾ ਸ਼ਾਤਰ ਹੈ । ਇਹ ਜੰਗ ਜਿੱਤਣੀ ਹੈ ਤਾਂ ਸਾਨੂੰ ਆਪਣੇ ਜਜ਼ਬਾਤਾਂ ‘ਤੇ ਕੰਟਰੋਲ ਕਰਨਾ ਹੋਵੇਗਾ,ਸਹਿਜ ਵਿਚ ਰਹਿਣਾ ਹੋਵੇਗਾ । ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਦਾਅਵਾ ਕੀਤਾ ਕਿ ਕਿਸਾਨੀ ਅੰਦੋਲਨ ਦੌਰਾਨ ਜਿਸ ਤਰ੍ਹਾਂ ਨਾਲ ਸਿੱਖਾਂ ਨੇ ਸ਼ਾਂਤੀ ਨਾਲ ਅਤੇ ਹੌਸਲੇ ਦੇ ਜ਼ਰੀਏ ਪੂਰੀ ਦੁਨੀਆ ਵਿੱਚ ਆਪਣੀ ਇਮੇਜ ਕਾਇਮ ਕੀਤੀ ਸੀ ਉਸ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰਨ ਦੇ ਲਈ ਸਰਕਾਰਾਂ ਵੱਲੋਂ ਗਲਤ ਨੈਰੇਟਿਵ ਸਿਰਜਿਆ ਗਿਆ ਹੈ । ਨੈਸ਼ਨਲ ਮੀਡੀਆ ਨੇ ਇੱਕ ਪ੍ਰੋਪੇਗੈਂਡਾ ਚਲਾਇਆ ,ਇਸ ਦੇ ਪਿਛੇ ਸਿੱਖ ਵਿਰੋਧੀ ਤਾਕਤਾਂ ਦੀ ਬਹੁਤ ਵੱਡੀ ਸਜਿਸ਼ ਹੈ।

ਬੇਅਦਬੀ ਦੇ ਭਗੌੜਿਆਂ ਖਿਲਾਫ ਸਰਕਾਰ ਚੁਪ ਕਿਉਂ ?

ਜਥੇਦਾਰ ਸ਼੍ਰੀ ਅਕਾਲ ਤਖਤ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਕਿਹਾ ਕਿ ਜਦੋਂ ਪੰਥ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ, ਉਦੋਂ ਉਹ ਹੋਰ ਉੱਭਰ ਕੇ ਸਾਹਮਣੇ ਆਉਂਦੀ ਹੈ। ਇਕ ਸਲੋਗਨ ਬੋਲਦਿਆਂ ਉਨ੍ਹਾਂ ਕਿਹਾ ਕਿ ਇਹ ਤਾਂ ਸਾਡਾ ਸਦੀਆਂ ਤੋਂ ਮੁਹਾਵਰਾ ਰਿਹਾ ਹੈ ਕਿ ‘ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ’। ਨਾ ਕਿਸੇ ਦਾ ਹੱਕ ਮਾਰੋ ਤੇ ਨਾ ਆਪਣਾ ਮਰਨ ਦਿਓ, ਜਦੋਂ ਕੋਈ ਸਾਨੂੰ ਚੋਭ ਮਾਰਦਾ ਹੈ ਤਾਂ ਫਿਰ ਇਹ ਕਿਵੇਂ ਹੋ ਸਕਦਾ ਹੈ ਕਿ ਉਸ ਨੂੰ ਪੀੜ ਵੀ ਨਾ ਹੋਵੇ।ਮੇਰਾ ਟਵੀਟ ਡਿਲੀਟ ਹੋਣ ਨਾਲ ਮੈਨੂੰ ਕੋਈ ਫਰਕ ਨਹੀਂ ਪੈਂਦਾ। ਜੇਕਰ ਕੌਮ ਦੇ ਹਜ਼ਾਰਾਂ ਸਿੱਖ ਨੌਜਵਾਨਾਂ ਦੀ ਆਵਾਜ਼ ਉਨ੍ਹਾਂ ਦੇ ਟਵੀਟ ਬੰਦ ਕਰਕੇ, ਉਨ੍ਹਾਂ ਦੇ ਪੇਜ ਬੰਦ ਕਰਕੇ ਦਬਾ ਦਿੱਤੀ ਗਈ ਹੈ ਤਾਂ ਮੇਰਾ ਟਵੀਟ ਡਿਲੀਟ ਹੋ ਗਿਆ ਤਾਂ ਕੋਈ ਗੱਲ ਨਹੀਂ। ਮੇਰੀ ਆਵਾਜ਼ ਕੌਮ ਦੇ ਹਜ਼ਾਰਾਂ ਸਿੱਖ ਨੌਜਵਾਨ ਤੇ ਖਾਲਸਾ ਪੰਥ ਹੈ ਜੋ ਵਿਸ਼ਵ ਭਰ ਵਿਚ ਫੈਲਿਆ ਹੋਇਆ  ਹੈ।ਉਸਦਾ ਨੈਟਵਰਕ ਸ਼ੋਸ਼ਲ ਮੀਡੀਆ ਤੋਂ ਵੀ ਵਿਸ਼ਾਲ ਹੈ। ਦੱਸ ਦੇਈਏ ਕਿ ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਿੰਘ ਸਾਹਿਬ ਦਾ ਉਹ ਟਵੀਟ ਜੋ ਉਨ੍ਹਾਂ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੱਤਰਕਾਰਾਂ, ਬੁੱਧੀਜੀਵੀਆਂ, ਨਿਹੰਗ ਸਿੰਘ ਦਲਾਂ ਤੇ ਪੰਥਕ ਜਥੇਬੰਦੀਆਂ ਦੀ ਮੀਟਿੰਗ ਦੌਰਾਨ ਐਲਾਨ ਕੀਤਾ ਸੀ ਕਿ ਜੇਕਰ 24 ਘੰਟਿਆਂ ਅੰਦਰ ਸਰਕਾਰ ਨੇ ਅੰਮ੍ਰਿਤਪਾਲ ਆਪ੍ਰੇਸ਼ਨ ਦੌਰਾਨ ਫੜੇ ਗਏ ਨੌਜਵਾਨ ਜਿਨ੍ਹਾਂ ’ਤੇ ਐੱਨ. ਐੱਸ. ਏ. ਲਗਾਈ ਹੈ, ਨੂੰ ਨਾ ਛੱਡਿਆ ਤਾਂ ਉਹ ਨਵੀਂ ਵਿਉਂਤਬੰਦੀ ਕਰਨਗੇ, ਡਿਲੀਟ ਕਰ ਦਿੱਤਾ ਗਿਆ ਸੀ।

ਕੀ ਸਰਕਾਰ ਚਲਾ ਰਹੀ ਹੈ ਮੀਡੀਆ ਨੂੰ

 ਜਥੇਦਾਰ ਦਾ ਕਹਿਣਾ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਲੈਕੇ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ ਕਿ ਉਹ ਸ਼੍ਰੀ ਅਕਾਲ ਤਖਤ ਜਾਂ ਫਿਰ ਦਮਦਮਾ ਸਾਹਿਬ ਪਹੁੰਚ ਕੇ ਸਰੰਡਰ ਕਰੇਗਾ ਇਹ ਕੌਣ ਫੈਲਾ ਰਿਹਾ ਹੈ ? ਕੀ ਹੈ ਸਰਕਾਰ ਜਾਂ ਪੁਲਿਸ ਕੋਲ ਇਸ ਦਾ ਕੋਈ ਜਵਾਬ, ਮੀਡੀਆ ਨੂੰ ਕਿਵੇਂ ਪਤਾ ਲੱਗ ਜਾਂਦਾ ਹੈ ਸਭ ਕੁਝ ਪਹਿਲਾਂ। ਕੀ ਉਹਨਾਂ ਨੂੰ ਸਰਕਾਰ ਹਦਾਇਤਾਂ ਦਿੰਦੀ ਹੈ। ਜਥੇਦਾਰ ਸਾਹਿਬ ਨੇ ਸਰਕਾਰ ਕੋਲੋ ਸਵਾਲ ਪੁੱਛਿਆ ਕਿ ਉਹ ਦੱਸਣ ਕਿ ਜਿਸ ਤਰ੍ਹਾਂ ਨਾਲ ਅੰਮ੍ਰਿਤਪਾਲ ਸਿੰਘ ਨੂੰ ਫੜਨ ਦੇ ਲਈ ਆਪਰੇਸ਼ਨ ਚਲਾਇਆ ਗਿਆ ਹੈ ਕਿ ਬੁਰਜ ਜਵਾਹਰ ਸਿੰਘ ਵਾਲਾ ਅਤੇ ਬਰਗਾੜੀ ਕਾਂਡ ਦੇ ਤਿੰਨ ਭਗੌੜੇ ਮੁਲਜ਼ਮਾਂ ਨੂੰ ਫੜਨ ਦੇ ਲਈ ਪੁਲਿਸ ਨੇ ਅਜਿਹਾ ਆਪਰੇਸ਼ਨ ਚਲਾਇਆ ਸੀ। ਮੌੜ ਬੰਬ ਧਮਾਕੇ ਦੇ ਮੁਲਜ਼ਮ ਭਗੌੜੇ ਹਾਲੇ ਤੱਕ ਨਹੀਂ ਫੜੇ ਗਏ । ਇਹਨਾਂ ਨੂੰ ਫੜਨ ਦੇ ਲਈ ਮਾਹੌਲ ਉਵੇਂ ਦਾ ਕਿਉਂ ਨਹੀਂ ਬਣਾਇਆ ਗਿਆ ਜੋ ਅੱਜ ਬਣਾਇਆ ਹੈ । ਗਿਆਨੀ ਹਰਪ੍ਰੀਤ ਸਿੰਘ ਨੇ ਪੰਜਾਬ ਦੇ ਐਡਵੋਕੇਟ ਜਨਰਲ ‘ਤੇ ਵੀ ਸਵਾਲ ਚੁੱਕੇ ਉਨ੍ਹਾਂ ਨੇ ਕਿਹਾ ਸੌਦਾ ਸਾਧ ਰਾਮ ਰਹੀਮ ਦਾ ਕੇਸ ਲੜਨ ਵਾਲੇ ਨੂੰ ਸਰਕਾਰ ਐਡਵੋਕੇਟ ਜਨਰਲ ਬਣਾ ਦਿੰਦੀ ਹੈ । ਜਥੇਦਾਰ ਨੇ ਕਿਹਾ ਇਹ ਚੰਗੀ ਗੱਲ ਇਹ ਹੈ ਕਿ ਸਿੱਖਾਂ ਨੂੰ ਜੇਲ੍ਹ ਤੋਂ ਰਿਹਾਅ ਕੀਤਾ ਗਿਆ ਹੈ ਪਰ ਐਨਐਸਏ ਵਰਗਾ ਕਾਨੂੰਨ ਪੰਜਾਬ ਦੇ ਨੌਜਵਾਨਾਂ ‘ਤੇ ਨਹੀਂ ਲਗਾਇਆ ਜਾ ਸਕਦਾ ਹੈ । ਇਹ  ਸਰਕਾਰ ਨੂੰ ਵਾਪਸ ਲੈਣਾ ਚਾਹੀਦਾ ਹੈ।

ਸਿਖ ਨਹੀਂ ,ਸਰਕਾਰ ਮਾਹੌਲ ਵਿਗਾੜਦੀ ਏ

ਇੰਟਰਵਿਊ ਦੌਰਾਨ ਜਥੇਦਾਰ ਸਾਹਿਬ ਨੇ ਕਿਹਾ ਮੁੱਖ ਮੰਤਰੀ ਨੂੰ ਮੈਂ ਕਹਿੰਦਾ ਹਾਂ ਕਿ ਸਾਡੇ ਗੁਰੂਆਂ ਨੇ ਆਪਣਾ ਖੂਨ ਪੰਜਾਬ ਤੇ ਮਨੁੱਖਤਾ ਲਈ ਡੋਲਿਆ ਹੈ, ਇਸ ਲਈ ਸਿੱਖ ਪੰਜਾਬ ਨੂੰ ਬਰਬਾਦ ਹੁੰਦਾ ਨਹੀਂ ਦੇਖ ਸਕਦੇ, ਮਨ ਵਿਚ ਜਿਹੜੀ ਧਾਰਨਾ ਬਣੀ ਹੈ ਕਿ ਸਿੱਖ ਮਾਹੌਲ ਖਰਾਬ ਕਰਦੇ ਇਸ ਨੂੰ ਕੱਢ ਦਿਓ, ਜਦੋਂ ਸਿੱਖਾਂ ‘ਤੇ ਕੋਈ ਹਮਲਾ ਕਰਦਾ ਤਾਂ ਹੀ ਜਵਾਬ ਦਿੰਦੇ ਹਾਂ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਅਕਾਲ ਤਖ਼ਤ ਬਨਾਮ ਸੂਬਾ ਜਾਂ ਅਕਾਲ ਤਖ਼ਤ ਬਨਾਮ ਭਾਰਤ ਇਹ ਮਸਲਾ ਬਣਾਇਆ ਨਹੀਂ ਜਾ ਸਕਦਾ, ਭਾਰਤ ਵਿਚ ਕਿੰਨੀਆਂ ਸਟੇਟ ਨੇ ਪਰ ਅਕਾਲ ਤਖ਼ਤ ਇੱਕ ਹੀ ਹੈ। ਸੂਬਾ ਜਾਂ ਦੇਸ਼ ਦੀ ਸਰਕਾਰ ਨਾਲ ਅਕਾਲ ਤਖ਼ਤ ਸਾਹਿਬ ਦੀ ਤੁਲਨਾ ਨਹੀ ਹੋ ਸਕਦੀ । ਗਿਆਨੀ ਹਰਪ੍ਰੀਤ ਸਿੰਘ ਨੇ ਇਸ਼ਾਰਿਆਂ ਹੀ ਇਸ਼ਾਰਿਆਂ ਵਿੱਚ ਕੇਂਦਰ ਸਰਕਾਰ ਨੂੰ ਵੀ ਨਸੀਹਤ ਦਿੰਦੇ ਹੋਏ ਕਿਹਾ ਜੇਕਰ ਭਾਰਤ ਨੂੰ ਅਖੰਡ ਰੱਖਣਾ ਹੈ ਤਾਂ ਇਹ ਜ਼ਰੂਰੀ ਨਹੀਂ ਵੱਖ ਵੱਖ ਕਲਚਰ ਨੂੰ ਖਤਮ ਕਰਕੇ ਇੱਕ ਕਲਚਰ ਬਣਾਇਆ ਜਾਵੇ। ਉਨ੍ਹਾਂ ਕਿਹਾ ਦੇਸ਼ ਵਿੱਚ ਇੱਕ ਨੈਰੇਟਿਵ ਸਿਰਜਿਆ ਜਾਂਦਾ ਕਿ ਜਿਹੜਾ ਵੀ ਪੱਖਪਾਤ ਹੋਇਆ ਉਹ ਸਿੱਖਾਂ ਨਾਲ ਵਾਪਰਿਆ, ਮਸਲਨ ਪਾਣੀਆਂ ਦਾ ਮੁੱਦਾ, ਭਾਸ਼ਾ ਦਾ ਮਸਲਾ ਇਸ ਨੂੰ ਸਿੱਖਾਂ ਨਾਲ ਜੋੜ ਕੇ ਪੇਸ਼ ਕੀਤਾ ਗਿਆ, ਗੁਰਮੁਖੀ ਸਾਡੀ ਭਾਸ਼ਾ ਇਸ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ ਤੇ ਹੋ ਰਹੀ, ਇਸੇ ਕਰਕੇ ਸਿੱਖਾਂ ਅੰਦਰ ਬੇਗਾਨਗੀ ਦਾ ਮਾਹੌਲ ਬਣਿਆ ।

ਸੂਬੇ ਨੂੰ ਖੇਤਰੀ ਪਾਰਟੀ ਦੀ ਜ਼ਰੂਰਤ

ਜਥੇਦਾਰ ਨੇ ਮੌਜੂਦਾ ਸਿਆਸੀ ਹਾਲਾਤਾਂ ‘ਤੇ ਬੋਲਦੇ ਹੋਏ ਕਿਹਾ ਅਸੀਂ ਦੂਸਰੇ ‘ਤੇ ਭਰੋਸਾ ਜਲਦ ਕਰ ਲੈਂਦੇ ਹਨ ਜੋ ਕਿ ਸਾਡੀ ਕਮਜੋਰੀ ਦਾ ਕਾਰਣ ਹੈ। ਉਹ ਸਾਡਾ ਭਰੋਸਾ ਤੋੜ ਦਿੰਦੇ ਹਨ, ਫਿਰ ਸਾਨੂੰ ਨਿਰਾਸ਼ਾ ਹੁੰਦੀ ਹੈ। ਉਦੋਂ ਫਿਰ ਖਲਾਅ ਪੈਦਾ ਹੁੰਦਾ, ਸਾਡੀ ਕੌਮ ਆਪਣੇ ਆਪ ਨੂੰ ਲੀਡਰ ਲੈਸ ਸਮਝ ਲੱਗ ਪੈਂਦੀ ਹੈ।  ਸਿੱਖ ਵਿਰੋਧੀ ਤਾਕਤਾਂ ਨੇ  ਸਮਝਿਆ ਸੀ ਕਿ ਇਹੀ ਸਹੀ ਸਮਾਂ ਇਹਨਾਂ ‘ਤੇ ਅਟੈਕ ਕਰਨ ਦਾ ,ਕਿਉਂ ਕਿ ਇਹ ਲੀਡਰ ਲੈਸ ਨੇ। ਮੌਜੂਦਾ ਸਮੇਂ ਵੀ ਇਹ ਹੀ ਹੋਇਆ ਪਹਿਲਾਂ ਆਪ ਮਾਹੌਲ ਵਿਗੜਨ ਦਿੱਤਾ, ਫਿਰ ਕੰਟਰੋਲ ਦੇ ਨਾਮ ‘ਤੇ ਸਿੱਖ ਨੌਵਜਾਨ ਦੀਆਂ ਗ੍ਰਿਫ਼ਤਾਰੀਆਂ ਸ਼ੁਰੂ ਕੀਤੀਆਂ। ਜਥੇਦਾਰ ਨੇ ਕਿਹਾ ਖੇਤਰੀ ਪਾਰਟੀਆਂ ਹੀ ਸੂਬੇ ਦਾ ਭਲਾ ਕਰ ਸਕਦੀਆਂ ਹਨ। ਨੈਸ਼ਨਲ ਪਾਰਟੀਆਂ ਨੇ ਦੇਸ਼ ਵਿਚ ਰਾਜ ਕੀਤਾ ਹੈ ਜਾਂ ਕਰ ਰਹੇ ਉਹਨਾਂ ਦੀ ਇਹੀ ਕੋਸ਼ਿਸ਼ ਰਹੀ ਕਿ ਖੇਤਰੀ ਪਾਰਟੀਆਂ ਨੂੰ ਤਬਾਹ ਕਰ ਦਿੱਤਾ ਜਾਵੇ ਤੇ ਫਿਰ ਖੇਤਰੀ ਪਾਰਟੀਆਂ ਅੰਦਰ ਹੀ ਕੁਝ ਅਜਿਹੇ ਲੀਡਰ ਸ਼ਾਮਲ ਕੀਤੇ ਗਏ ਜਿਹਨਾਂ ਨੇ ਸਟੇਟ ਪਾਰਟੀ ਦਾ ਹੀ ਨੁਕਸਾਨ ਕਰਨਾ ਸ਼ੁਰੂ ਕੀਤਾ। ਸੂਬੇ ਦਾ ਭਲਾ ਉਦੋਂ ਹੀ ਹੋਵੇਗਾ ਜਦੋਂ ਸਟੇਟ ਦੀ ਪਾਰਟੀ ਉੱਪਰ ਉੱਠੇਗੀ, ਉਹ ਫਿਰ ਚਾਹੇ ਪੰਜਾਬ ਹੋਵੇਗਾ, ਬੰਗਾਲ, ਮਹਾਰਾਸ਼ਟਰ ਜਾਂ ਸਾਊਥ ਦੀਆਂ ਸਟੇਟ ਹੋਣ।

ਮੇਰੇ ‘ਤੇ ਕੋਈ ਦਬਾਅ ਨਹੀਂ

ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ 27 ਮਾਰਚ ਦੇ ਫੈਸਲਿਆਂ ਦੌਰਾਨ ਸਰਕਾਰ ਨੂੰ ਲੱਗਿਆ ਕਿ ਹੱਲ ਕੱਢਣ ਦੀ ਬਜਾਏ ਸਰਕਾਰ ਨੇ ਇਹ ਸੋਚਿਆ ਹੋਣਾ ਕਿ ਅਕਾਲ ਤਖਤ ਸਾਹਿਬ ਦਾ ਅਕਸ ਖਰਾਬ ਕੀਤਾ ਜਾਵੇ।ਇਸ ਲਈ ਮੇਰੇ ਅਕਸ ਨੂੰ ਸਿਆਸੀ ਪਾਰਟੀ ਨਾਲ ਜੋੜ ਕੇ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਅਸੀਂ ਵੀ ਪੰਜਾਬ ਦਾ ਭਲਾ ਮੰਗਦੇ ਹਾਂ ਸਰਕਾਰ ਸਾਡੇ ਨਾਲ ਬੈਠ ਕੇ ਗੱਲ ਕਰਦੀ ਅਸੀ ਸਹਿਯੋਗ ਕਰਦੇ। ਮਿਲ ਬੈਠ ਕੇ ਕੋਈ ਹੱਲ ਕਰਦੇ ਪਰ ਇਸ ਦੇ ਬਜਾਏ ਸਰਕਾਰ ਨੇ ਸਾਡੀ ਛਵੀ ਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਜਥੇਦਾਰ ਸਾਹਿਬ ਨੇ ਕਿਹਾ ਅਸੀਂ ਜਾਣ ਅਣਜਾਣੇ ਵਿਚ ਆਪਣੀਆਂ ਬਣਾਈਆਂ ਸੰਸਥਾਵਾਂ ਨੂੰ ਢਾਹ ਤਾਂ ਲਈ ਹੈ ਪਰ ਉਹਨਾਂ ਨੇ ਸਾਡੀਆਂ ਸੰਸਥਾਵਾਂ ਨੂੰ ਵੀ ਟਾਰਗੇਟ ਕਰ ਲਿਆ ਜੋ ਗੁਰੂ ਸਾਹਿਬਾਨਾਂ ਨੇ ਸਾਨੂੰ ਦਿੱਤੀਆਂ ਸਨ। ਸਾਡੀ ਬਦਕਿਸਮਤੀ ਅਸੀਂ ਸਮਝ ਨਹੀਂ ਸਕੇ ਕਿ ਸੰਗਤ, ਗੁਰਦੁਆਰਾ, ਲੰਗਰ ਤੇ ਅਕਾਲ ਤਖ਼ਤ ਸਾਹਿਬ ਕੀ ਹੈ ਇਹਨਾਂ ਕਰਕੇ ਹੀ ਧਰਮ ਪ੍ਰਫੁਲਤ ਹੁੰਦਾ ਹੈ , ਸ਼੍ਹੋਮਣੀ ਕਮੇਟੀ ਵਿਚ ਕਮੀ ਨਹੀਂ ਹੈ, ਪ੍ਰਬੰਧਕਾਂ ਵਿਚ ਕਮੀਆਂ ਆ ਸਕਦੀਆਂ ਨੇ, ਪਰ ਅਸੀਂ ਟਾਰਗੇਟ ਕਰਨ ਵੇਲੇ ਨਹੀਂ ਸੋਚਿਆ ਕਿ ਬੰਦੇ ਡੈਮੇਜ਼ ਹੋਣ ,ਸੰਸਥਾਵਾਂ ਨਹੀਂ। ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਮੇਰੇ ‘ਤੇ ਕਿਸੇ ਦਾ ਕੋਈ ਦਬਾਅ ਨਹੀਂ, ਜਦੋਂ ਮੇਰੇ ‘ਤੇ ਪ੍ਰੈਸ਼ਰ ਪਿਆ ਪੈ ਆਪਣੇ ਅਹੁਦੇ ਤੋਂ ਹੱਟ ਜਾਵਾਂਗਾ।ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਗੱਲਬਾਤ ਕਰਦਿਆਂ  ਕਿਹਾ ਕਿ ਪਿਛਲੇ ਦਿਨਾਂ ਵਿਚ ਗਿ੍ਫ਼ਤਾਰ ਕੀਤੇ ਸਿੱਖ ਨੌਜਵਾਨਾਂ ਦੇ ਮਾਪਿਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਗਿ੍ਫ਼ਤਾਰ ਨੌਜਵਾਨਾਂ ਬਾਰੇ ਪੂਰੀ ਜਾਣਕਾਰੀ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਤੁਰੰਤ ਭੇਜਣ ਤਾਂ ਜੋ ਉਨ੍ਹਾਂ ਦੀ ਰਿਹਾਈ ਸੰਬੰਧੀ ਯਤਨ ਕੀਤੇ ਜਾ ਸਕਣ।ਉਨ੍ਹਾਂ ਨੇ ਪਿਛਲੇ ਦਿਨੀਂ ਪੁਲਿਸ ਵਲੋਂ ਜਿਨ੍ਹਾਂ ਦੇ ਵਾਹਨਾਂ ਦੀ ਤੋੜ ਫੋੜ ਕੀਤੀ ਗਈ, ਨੂੰ ਵੀ ਅਪੀਲ ਕੀਤੀ ਕਿ ਉਹ ਆਪਣੇ ਵਾਹਨਾਂ ਦੇ ਕਾਗਜ਼ਾਤ ਤੇੇ ਹੋਰ ਵੇਰਵੇ ਲੈ ਕੇ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੰਪਰਕ ਕਰਨ ਤਾਂ ਕਿ ਯੂ. ਕੇ. ਦੀ ਇਕ ਸਿੱਖ ਸੰਸਥਾ, ਜੋ ਨੁਕਸਾਨੇ ਵਾਹਨਾਂ ਨੂੰ ਠੀਕ ਕਰਾਉਣ ਸੰਬੰਧੀ ਆਰਥਿਕ ਸਹਾਇਤਾ ਦੇਣਾ ਚਾਹੁੰਦੀ ਹੈ, ਨੂੰ ਵੇਰਵੇ ਭੇਜੇ ਜਾ ਸਕਣ । 

 

ਪ੍ਰੋਫੈਸਰ ਬਲਵਿੰਦਰ ਪਾਲ ਸਿੰਘ