ਭਾਰਤ ਪੱਤਰਕਾਰਾਂ ਦੇ ਟਵੀਟ ਹਟਵਾਉਣ ਵਾਲੇ ਮੁਲਕਾਂ ਵਿਚ  ਮੋਹਰੀ

ਭਾਰਤ ਪੱਤਰਕਾਰਾਂ ਦੇ ਟਵੀਟ ਹਟਵਾਉਣ ਵਾਲੇ ਮੁਲਕਾਂ ਵਿਚ  ਮੋਹਰੀ

ਸੂਚੀ ’ਵਿਚ ਅਮਰੀਕਾ ਪਹਿਲੇ ਅਤੇ ਭਾਰਤ ਦੂਜੇ ਨੰਬਰ ’ਤੇ ਰਿਹਾ

ਅੰਮ੍ਰਿਤਸਰ ਟਾਈਮਜ਼          

ਨਵੀਂ ਦਿੱਲੀ:ਭਾਰਤ ਨੇ ਟਵਿੱਟਰ ’ਤੇ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਵੱਲੋਂ ਜੁਲਾਈ ਤੋਂ ਦਸੰਬਰ 2021 ਦੌਰਾਨ ਪੋਸਟ ਕੀਤੀ ਗਈ ਸਮੱਗਰੀ ਹਟਾਉਣ ਦੀ ਕਾਨੂੰਨੀ ਤੌਰ ’ਤੇ ਮੰਗ ਸਭ ਤੋਂ ਜ਼ਿਆਦਾ ਕੀਤੀ। ਮਾਈਕਰੋਬਲੌਗਿੰਗ ਸਾਈਟ ਨੇ ਆਪਣੀ ਪਾਰਦਰਸ਼ਤਾ ਰਿਪੋਰਟ ਵਿਚ ਕਿਹਾ ਕਿ ਟਵਿੱਟਰ ਖ਼ਾਤਿਆਂ ਨਾਲ ਜੁੜੀ ਜਾਣਕਾਰੀ ਮੰਗਣ ’ਵਿਚ ਭਾਰਤ ਸਿਰਫ਼ ਅਮਰੀਕਾ ਤੋਂ ਪਿੱਛੇ ਰਿਹਾ।

ਆਲਮੀ ਪੱਧਰ ’ਤੇ ਮੰਗੀ ਗਈ ਜਾਣਕਾਰੀ ’ਵਿਚ ਉਸ ਦੀ ਹਿੱਸੇਦਾਰੀ 19 ਫ਼ੀਸਦੀ ਸੀ। ਰਿਪੋਰਟ ਮੁਤਾਬਕ ਭਾਰਤ ਜੁਲਾਈ ਤੋਂ ਦਸੰਬਰ 2021 ਦੌਰਾਨ ਹਰ ਤਰ੍ਹਾਂ ਦੇ ਯੂਜ਼ਰਸ ਦੇ ਮਾਮਲੇ ਵਿਚ ਸਮੱਗਰੀ ’ਤੇ ਪਾਬੰਦੀ ਲਗਾਉਣ ਦੇ ਹੁਕਮ ਦੇਣ ਵਾਲੇ ਸਿਖਰਲੇ ਪੰਜ ਮੁਲਕਾਂ ਵਿਚ ਸ਼ਾਮਲ ਸੀ। ਟਵਿੱਟਰ ਨੇ ਦੱਸਿਆ ਕਿ ਜੁਲਾਈ ਤੋਂ ਦਸੰਬਰ 2021 ਦੌਰਾਨ ਦੁਨੀਆ ਭਰ ਵਿਚ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਨਾਲ ਜੁੜੇ 349 ਖ਼ਾਤਿਆਂ ’ਤੇ ਮੌਜੂਦ ਸਮੱਗਰੀ ਨੂੰ ਹਟਾਉਣ ਦੀ ਮੰਗ ਕੀਤੀ ਗਈ।

ਕੰਪਨੀ ਮੁਤਾਬਕ ਜਿਨ੍ਹਾਂ ਖ਼ਾਤਿਆਂ ਦੀ ਸਮੱਗਰੀ ’ਤੇ ਇਤਰਾਜ਼ ਦਰਜ ਕੀਤਾ ਗਿਆ, ਉਨ੍ਹਾਂ ਦੀ ਗਿਣਤੀ ਜਨਵਰੀ ਤੋਂ ਜੂਨ 2021 ਨਾਲੋਂ 103 ਫ਼ੀਸਦੀ ਜ਼ਿਆਦਾ ਹੈ। ਇਸ ਦੌਰਾਨ ਭਾਰਤ ਨੇ 114, ਤੁਰਕੀ ਨੇ 78, ਰੂਸ ਨੇ 55 ਅਤੇ ਪਾਕਿਸਤਾਨ ਨੇ 48 ਕਾਨੂੰਨੀ ਇਤਰਾਜ਼ ਜਤਾਏ। ਭਾਰਤ ਜਨਵਰੀ ਤੋਂ ਜੂਨ 2021 ਦੌਰਾਨ ਵੀ ਇਸ ਸੂਚੀ ’ਵਿਚ ਮੋਹਰੀ ਰਿਹਾ ਸੀ। ਉਸ ਸਮੇਂ ਟਵਿੱਟਰ ਨੂੰ ਆਲਮੀ ਪੱਧਰ ’ਤੇ ਮਿਲੇ ਇਤਰਾਜ਼ਾਂ ਵਿਚੋਂ 89 ਭਾਰਤ ਨਾਲ ਜੁੜੇ ਹੋਏ ਸਨ। ਵੇਰਵੇ ਦਿੱਤੇ ਬਿਨਾਂ ਟਵਿਟੱਰ ਨੇ ਦੱਸਿਆ ਕਿ 2021 ਦੀ ਦੂਜੀ ਛਮਾਹੀ ਵਿਚ ਆਲਮੀ ਪੱਧਰ ’ਤੇ ਪ੍ਰਮਾਣਿਤ ਪੱਤਰਕਾਰਾਂ ਅਤੇ ਮੀਡੀਆ ਅਦਾਰਿਆਂ ਦੇ 17 ਟਵੀਟ ਰੋਕੇ ਗਏ ਜਦਕਿ ਸਾਲ ਦੀ ਪਹਿਲੀ ਛਮਾਹੀ ਵਿਚ ਅਜਿਹੇ ਟਵੀਟਾਂ ਦੀ ਗਿਣਤੀ 11 ਸੀ।

ਟਵਿੱਟਰ ਨੇ ਦੱਸਿਆ ਕਿ ਭਾਰਤ ਦੇ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਨੇ ਇਕ ਨਾਬਾਲਗ ਦੇ ਨਿੱਜਤਾ ਸਬੰਧੀ ਮੁੱਦਿਆਂ ਨੂੰ ਲੈ ਕੇ ਉਸ ਨਾਲ ਜੁੜੀ ਸਮੱਗਰੀ ਹਟਾਉਣ ਦੀ ਮੰਗ ਕੀਤੀ ਸੀ। ਉਂਜ ਕੰਪਨੀ ਨੇ ਕਿਸੇ ਦਾ ਨਾਮ ਨਹੀਂ ਲਿਆ ਪਰ ਮੰਨਿਆ ਜਾ ਰਿਹਾ ਹੈ ਕਿ ਇਹ ਟਵੀਟ ਕਾਂਗਰਸ ਆਗੂ ਰਾਹੁਲ ਗਾਂਧੀ ਦਾ ਸੀ ਜਿਨ੍ਹਾਂ ਪਿਛਲੇ ਸਾਲ ਅਗਸਤ ਵਿਚ ਕਥਿਤ ਤੌਰ ’ਤੇ ਸਮੂਹਿਕ ਜਬਰ-ਜਨਾਹ ਦੀ ਪੀੜਤ ਇਕ ਨਾਬਾਲਗ ਦਲਿਤ ਲੜਕੀ ਦੇ ਮਾਪਿਆਂ ਨਾਲ ਆਪਣੀ ਮੁਲਾਕਾਤ ਦੀ ਤਸਵੀਰ ਸਾਂਝੀ ਕੀਤੀ ਸੀ।