ਵਿਸ਼ਵ ਕੱਪ ਮੈਚ ਦੌਰਾਨ "ਰੈਫਰੈਂਡਮ 2020" ਦਾ ਪ੍ਰਚਾਰ ਕਰਦੇ ਸਿੱਖਾਂ ਨੂੰ ਗ੍ਰਿਫਤਾਰ ਕੀਤਾ

ਵਿਸ਼ਵ ਕੱਪ ਮੈਚ ਦੌਰਾਨ

ਮੈਨਚੈਸਟਰ: ਬੀਤੇ ਕੱਲ੍ਹ ਕ੍ਰਿਕਟ ਵਿਸ਼ਵ ਕੱਪ ਵਿੱਚ ਭਾਰਤ ਅਤੇ ਨਿਊਜ਼ੀਲੈਂਡ ਦਰਮਿਆਨ ਸੈਮੀਫਾਈਨਲ ਮੁਕਾਬਲੇ ਵਿੱਚ ਬਰਤਾਨੀਆ ਦੀ ਪੁਲਿਸ ਨੇ ਸ਼ਰੇਆਮ ਮਨੁੱਖੀ ਹੱਕਾਂ ਦਾ ਘਾਣ ਕਰਦਿਆਂ ਸਿੱਖਾਂ ਨੂੰ ਮੈਦਾਨ ਵਿੱਚੋਂ ਬਾਹਰ ਕੱਢ ਦਿੱਤਾ। ਇਹ ਸਿੱਖ ਵਿਚਾਰਾਂ ਦੀ ਅਜ਼ਾਦੀ ਦੇ ਹੱਕ ਨੂੰ ਵਰਤਦਿਆਂ "ਰੈਫਰੈਂਡਮ 2020" ਦੇ ਛਾਪੇ ਵਾਲੀਆਂ ਕਮੀਜ਼ਾਂ ਪਾ ਕੇ ਮੈਦਾਨ ਵਿੱਚ ਗਏ ਸਨ। 

ਪ੍ਰਾਪਤ ਜਾਣਕਾਰੀ ਮੁਤਾਬਿਕ ਮੈਚ ਦੌਰਾਨ ਬਤੌਰ ਦਰਸ਼ਕ ਇਹਨਾਂ ਕੋਲ ਰੈਫਰੈਂਡਮ 2020 ਦੇ ਪੋਸਟਰ ਸਨ ਤੇ ਇਹ ਭਾਰਤ ਵੱਲੋਂ ਸਿੱਖਾਂ ਉੱਤੇ ਕੀਤੇ ਜਾਂਦੇ ਜ਼ੁਲਮਾਂ ਖਿਲਾਫ ਰਾਜਨੀਤਕ ਵਿਰੋਧ ਦਰਜ ਕਰਾਉਂਦਿਆਂ ਪੰਜਾਬ ਖਿੱਤੇ ਵਿੱਚ ਅਜ਼ਾਦ ਦੇਸ਼ ਬਣਾਉਣ ਲਈ ਰੈਫਰੈਂਡਮ ਕਰਾਉਣ ਦੀ ਮੰਗ ਦਾ ਸੁਨੇਹਾ ਦੇ ਰਹੇ ਸਨ। 

ਇਸ ਤੋਂ ਉੱਥੇ ਮੋਜੂਦ ਭਾਰਤੀਆਂ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਤੇ ਰੌਲਾ ਪਾਉਣ ਲੱਗੇ। ਇਸ ਸਬੰਧੀ ਭਾਰਤੀਆਂ ਵੱਲੋਂ ਗਰਾਊਂਡ ਸਿਕਉਰਟੀ ਨੂੰ ਸ਼ਿਕਾਇਤ ਕੀਤੀ ਗਈ ਤਾਂ ਗਰਾਂਊਡ ਸਿਕਉਰਟੀ ਵੱਲੋਂ ਇਹਨਾਂ ਸਿੱਖਾਂ ਨੂੰ ਮੈਦਾਨ ਤੋਂ ਬਾਹਰ ਲਿਜਾ ਕੇ ਪੁਲਿਸ ਹਵਾਲੇ ਕਰ ਦਿੱਤਾ ਗਿਆ।

ਇਸ ਸਾਰੀ ਘਟਨਾ ਨੂੰ ਸਿੱਖਾਂ ਵੱਲੋਂ ਸਿੱਧਾ ਕੈਮਰੇ ਵਿੱਚ ਵੀ ਕੈਦ ਕਰ ਲਿਆ ਗਿਆ ਤੇ ਪੁਲਿਸ ਵੱਲੋਂ ਭਾਰਤੀ ਸਮਰਥਕਾਂ ਦੇ ਕਹਿਣ 'ਤੇ ਕੀਤੇ ਗਏ ਮਨੁੱਖੀ ਹੱਕਾਂ ਦੇ ਘਾਣ ਨੂੰ ਸਭ ਨੇ ਦੇਖਿਆ।

ਪੁਲਿਸ ਨੇ ਇਸ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਇਸ ਘਟਨਾ ਵਿੱਚ ਦੋ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜਿਹਨਾਂ ਨੂੰ ਬਾਅਦ ਵਿੱਚ ਰਿਹਾਅ ਕਰ ਦਿੱਤਾ ਗਿਆ। 

ਵਿਸ਼ਵ ਕੱਪ ਦੌਰਾਨ ਭਾਰਤ ਖਿਲਾਫ ਲਗਾਤਾਰ ਹੋ ਰਹੇ ਹਨ ਪ੍ਰਦਰਸ਼ਨ
ਇਸ ਵਿਸ਼ਵ ਕੱਪ ਦੌਰਾਨ ਇਸ ਤੋਂ ਇਲਾਵਾ ਵੀ ਕਈ ਰਾਜਨੀਤਕ ਪ੍ਰਦਰਸ਼ਨ ਦੇਖਣ ਨੂੰ ਮਿਲੇ ਹਨ। ਇਹ ਰਾਜਨੀਤਕ ਪ੍ਰਦਰਸ਼ਨ ਖਾਸ ਕਰਕੇ ਭਾਰਤ ਖਿਲਾਫ ਭਾਰਤ ਵਿੱਚ ਜ਼ੁਲਮ ਦਾ ਸ਼ਿਕਾਰ ਹੋ ਰਹੀਆਂ ਘੱਟਗਿਣਤੀ ਕੌਮਾਂ ਵੱਲੋਂ ਕੀਤੇ ਗਏ ਹਨ। 

ਬੀਤੇ ਸ਼ਨੀਵਾਰ ਨੂੰ ਭਾਰਤ ਅਤੇ ਸ਼੍ਰੀਲੰਕਾ ਮੈਚ ਦੌਰਾਨ ਮੈਦਾਨ ਦੇ ਉੱਪਰ ਇੱਕ ਜਹਾਜ਼ ਨੇ ਇੱਕ ਸੁਨੇਹੇ ਨਾਲ ਉਡਾਰੀ ਭਰੀ ਜਿਸ 'ਤੇ ਲਿਖਿਆ ਸੀ, "#ਜਸਟਿਸ ਫਾਰ ਕਸ਼ਮੀਰ" ਅਤੇ "ਇੰਡੀਆ ਸਟੋਪ ਜੈਨੋਸਾਈਡ ਐਂਡ ਫਰੀ ਕਸ਼ਮੀਰ"। 

ਇਸ ਤੋਂ ਪਹਿਲਾਂ ਪਾਕਿਸਤਾਨ ਅਤੇ ਅਫਗਾਨਿਸਤਾਨ ਦੇ ਮੈਚ ਦੌਰਾਨ ਇਸੇ ਤਰ੍ਹਾਂ ਦੇ ਇੱਕ ਜਹਾਜ਼ ਨੇ ਇੱਕ ਸੁਨੇਹੇ ਨਾਲ ਮੈਦਾਨ ਦੇ ਉਪਰੋਂ ਉਡਾਰੀ ਭਰੀ ਸੀ ਜਿਸ 'ਤੇ ਲਿਖਿਆ ਸੀ, "ਜਸਟਿਸ ਫਾਰ ਬਲੋਚਿਸਤਾਨ"। 

ਇੱਕ ਮੈਚ ਦੌਰਾਨ ਇੱਕ ਸਿੱਖ ਵੱਲੋਂ ਮੈਦਾਨ ਵਿੱਚ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਵੀ ਲਗਾਏ ਗਏ ਸਨ। ਇਸ ਤੋਂ ਪਹਿਲਾਂ ਵੀ ਭਾਰਤ ਦੇ ਮੈਚਾਂ ਦੌਰਾਨ ਸਿੱਖਾਂ ਵੱਲੋਂ ਅਜਿਹੇ "ਰੈਫਰੈਂਡਮ 2020" ਦੇ ਸੁਨੇਹੇ ਵਾਲੇ ਬੈਨਰ ਮੈਦਾਨ ਵਿੱਚ ਝੁਲਾਏ ਗਏ ਸਨ ਪਰ ਬੀਤੇ ਕੱਲ੍ਹ ਪੁਲਿਸ ਨੇ ਕਾਰਵਾਈ ਕਰਦਿਆਂ ਸਿੱਖਾਂ ਨੂੰ ਆਪਣੇ ਰਾਜਨੀਤਕ ਵਿਚਾਰਾਂ ਨੂੰ ਪ੍ਰਗਟ ਕਰਨ ਤੋਂ ਰੋਕ ਦਿੱਤਾ। 

ਆਪਣੇ ਵਟਸਐਪ ਨੰਬਰ 'ਤੇ ਖ਼ਬਰਾਂ ਹਾਸਿਲ ਕਰਨ ਲਈ ਅੰਮ੍ਰਿਤਸਰ ਟਾਈਮਜ਼ ਦੇ ਵਟਸਐਪ ਨੰਬਰ +91-90413-95718 'ਤੇ ਆਪਣਾ ਨਾਂ ਲਿਖ ਕੇ ਸੁਨੇਹਾ ਭੇਜੋ