ਰਾਕੇਸ਼ ਟਿਕੈਤ ਦੀ ਬੜ੍ਹਕ ਨੇ ਮੁੜ ਮਘਾਇਆ ਕਿਸਾਨ ਸੰਘਰਸ਼

ਰਾਕੇਸ਼ ਟਿਕੈਤ ਦੀ ਬੜ੍ਹਕ ਨੇ ਮੁੜ ਮਘਾਇਆ ਕਿਸਾਨ ਸੰਘਰਸ਼

ਅੰਮ੍ਰਿਤਸਰ ਟਾਈਮਜ਼ ਬਿਊਰੋ
26 ਜਨਵਰੀ ਨੂੰ ਲਾਲ ਕਿਲ੍ਹੇ 'ਤੇ ਕਿਸਾਨੀ ਰੋਹ ਦੇ ਪ੍ਰਗਟਾਵੇ ਮਗਰੋਂ ਸਿੰਘੂ ਬਾਰਡਰ ਸਟੇਜ ਤੋਂ ਕਿਸਾਨ ਆਗੂਆਂ ਵੱਲੋਂ ਦਿੱਤੇ ਗਏ ਬਿਆਨਾਂ ਨਾਲ ਸੰਘਰਸ਼ ਵਿਚ ਫੈਲੇ ਨਕਾਰਾਤਮਕਤਾ ਵਾਲੇ ਮਾਹੌਲ ਨੂੰ ਗਾਜ਼ੀਪੁਰ ਬਾਰਡਰ 'ਤੇ ਬੈਠੇ ਕਿਸਾਨ ਆਗੂ ਰਾਕੇਸ਼ ਟਿਕੈਤ ਦੀ ਬੜ੍ਹਕ ਨੇ ਮੁੜ ਬਦਲ ਕੇ ਰੱਖ ਦਿੱਤਾ ਹੈ। ਬੀਤੀ ਰਾਤ ਦਿੱਲੀ ਪੁਲਸ ਅਤੇ ਭਾਰਤੀ ਸੁਰੱਖਿਆ ਬਲਾਂ ਦੀ ਵੱਡੀ ਧਾੜ ਨੇ ਗਾਜ਼ੀਪੁਰ ਬਾਰਡਰ ਨੂੰ ਘੇਰਾ ਪਾ ਲਿਆ ਸੀ ਅਤੇ 11 ਵਜੇ ਤਕ ਬਾਰਡਰ ਤੋਂ ਧਰਨਾ ਚੁੱਕਣ ਦੇ ਹੁਕਮ ਜਾਰੀ ਕਰ ਦਿੱਤੇ ਗਏ ਸਨ। ਇਸ ਦੌਰਾਨ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਗ੍ਰਿਫਤਾਰ ਕਰਨ ਲਈ ਆਈ ਪੁਲਸ ਨੂੰ ਟਕੈਤ ਨੇ ਵੰਗਾਰਦਿਆਂ ਕਿਹਾ ਕਿ ਇਹ ਧਰਨਾ ਪੁਲਸ ਉਹਨਾਂ ਦੀ ਲਾਸ਼ ਦੇ ਉੱਤੋਂ ਲੰਘ ਕੇ ਹੀ ਚੁਕਵਾ ਸਕਦੀ ਹੈ। ਰਾਕੇਸ਼ ਟਕੈਤ ਵੱਲੋਂ ਮੀਡੀਆ ਸਾਹਮਣੇ ਦਿੱਤੇ ਇੰਟਰਵਿਊ ਵਿਚ ਸਰਕਾਰ ਦੀਆਂ ਧਰਨਾ ਚੁਕਵਾਉਣ ਲਈ ਚੱਲੀਆਂ ਜਾ ਰਹੀਆਂ ਚਾਲ੍ਹਾਂ ਦਾ ਭਾਂਡਾ ਫੋੜ੍ਹ ਦਿੱਤਾ ਗਿਆ। ਰਾਕੇਸ਼ ਟਿਕੈਤ ਨੇ ਹੰਝੂ ਵਹਾਉਂਦਿਆਂ ਦੱਸਿਆ ਕਿ ਭਾਜਪਾ ਅਤੇ ਆਰਐਸਐਸ ਦੇ ਗੁੰਡੇ ਕਿਸਾਨਾਂ 'ਤੇ ਹਮਲੇ ਕਰ ਰਹੇ ਹਨ। ਇਹ ਵੀਡੀਓ ਮਿੰਟਾਂ ਵਿਚ ਵਾਇਰਲ ਹੋ ਗਈ ਅਤੇ ਯੂਪੀ-ਹਰਿਆਣਾ ਤੋਂ ਹਜ਼ਾਰਾਂ ਦੀ ਗਿਣਤੀ 'ਚ ਲੋਕ ਰਾਤ ਨੂੰ ਹੀ ਦਿੱਲੀ ਬਾਰਡਰਾਂ ਵੱਲ ਨੂੰ ਰਵਾਨਾ ਹੋ ਗਏ। 

ਮਾਹੌਲ ਬਦਲਦਾ ਦੇਖ ਕੇ ਸਰਕਾਰ ਨੇ ਆਪਣੀ ਫੌਜ ਨੂੰ ਪਿੱਛੇ ਹਟਾ ਲਿਆ ਅਤੇ ਰਾਤ 1.30 ਵਜੇ ਤਕ ਪੁਲਸ ਦੇ ਉੱਚ ਅਫਸਰ ਮੌਕੇ ਤੋਂ ਖਿਸਕ ਗਏ ਸਨ। 

ਇਸ ਤੋਂ ਬਾਅਦ ਧਰਨੇ ਵਿਚ ਬਿਜਲੀ ਦੀ ਸਪਲਾਈ ਵੀ ਮੁੜ ਚਾਲੂ ਹੋ ਗਈ ਜੋ ਪਹਿਲਾਂ ਬੰਦ ਕਰ ਦਿੱਤੀ ਗਈ ਸੀ। ਧਰਨੇ ਵਿਚ ਪਿਛਲੇ ਇਕ ਦਿਨ ਤੋਂ ਪਾਣੀ ਦੀ ਸਪਲਾਈ ਵੀ ਸਰਕਾਰ ਨੇ ਬੰਦ ਕੀਤੀ ਹੋਈ ਸੀ ਅਤੇ ਰਾਕੇਸ਼ ਟਿਕੈਤ ਨੇ ਐਲਾਨ ਕਰ ਦਿੱਤਾ ਸੀ ਕਿ ਉਹ ਉਸ ਸਮੇਂ ਤਕ ਪਾਣੀ ਨਹੀਂ ਪੀਣਗੇ ਜਦੋਂ ਤਕ ਕਿਸਾਨ ਉਹਨਾਂ ਨੂੰ ਪਿੰਡ ਤੋਂ ਲਿਆ ਕੇ ਪਾਣੀ ਨਹੀਂ ਪਿਲਾਉਣਗੇ।