ਕਰਨਾਟਕ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਕਾਂਗਰਸ ਦੀ ਰਾਜਸਥਾਨ ਸਰਕਾਰ ਡਿਗਣ ਕੰਢੇ

ਕਰਨਾਟਕ ਅਤੇ ਮੱਧ ਪ੍ਰਦੇਸ਼ ਤੋਂ ਬਾਅਦ ਹੁਣ ਕਾਂਗਰਸ ਦੀ ਰਾਜਸਥਾਨ ਸਰਕਾਰ ਡਿਗਣ ਕੰਢੇ
ਮੁੱਖ ਮੰਤਰੀ ਅਸ਼ੋਕ ਗਹਿਲੋਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਅਜ਼ਾਦ ਉਮੀਦਵਾਰਾਂ ਦੇ ਸਮਰਥਨ ਦੀਆਂ ਫੌੜੀਆਂ ਸਹਾਰੇ ਖੜ੍ਹੀ ਰਾਜਸਥਾਨ ਦੀ ਲੰਗੜੀ ਕਾਂਗਰਸ ਸਰਕਾਰ ਵੀ ਡਿਗਣ ਕੰਢੇ ਪਹੁੰਚ ਗਈ ਹੈ। ਬੀਤੇ ਕੱਲ੍ਹ ਕਾਂਗਰਸ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਰਾਜਸਥਾਨ ਸਰਕਾਰ ਨੂੰ ਸੁੱਟਣ ਲਈ ਕਾਂਗਰਸ ਦੇ ਕੁੱਝ ਵਿਧਾਇਕਾਂ ਨੂੰ 25-25 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਹੈ।

ਦੱਸ ਦਈਏ ਕਿ ਬੀਤੇ ਕੱਲ੍ਹ ਘਬਰਾਈ ਕਾਂਗਰਸ ਪਾਰਟੀ ਨੇ ਆਪਣੇ ਵਿਧਾਇਕਾਂ ਨੂੰ ਬੱਸਾਂ 'ਚ ਬਠਾ ਕੇ ਜੈਪੁਰ ਦੇ ਇਕ ਰਿਜ਼ੋਰਟ ਵਿਚ ਪਹੁੰਚਾ ਦਿੱਤਾ ਹੈ। 19 ਜੂਨ ਨੂੰ ਸੂਬੇ ਵਿਚ ਰਾਜ ਸਭਾ ਦੀਆਂ ਤਿੰਨ ਸੀਟਾਂ ਲਈ ਵੋਟਾਂ ਹੋਣ ਜਾ ਰਹੀਆਂ ਹਨ।

ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ ਕਿ ਭਾਜਪਾ ਮੱਧ ਪ੍ਰਦੇਸ਼ ਵਾਂਗ ਰਾਜਸਥਾਨ ਵਿਚ ਵੀ ਕਾਂਗਰਸ ਦੇ ਕੁੱਝ ਵਿਧਾਇਕਾਂ ਨੂੰ ਖਰੀਦ ਕੇ ਸਰਕਾਰ ਸੁੱਟਣਾ ਚਾਹੁੰਦੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਸ ਲਈ ਵਿਧਾਇਕਾਂ ਨੂੰ 25 ਕਰੋੜ ਰੁਪਏ ਦੇਣ ਦੀ ਪੇਸ਼ਕਸ਼ ਕੀਤੀ ਗਈ ਜਿਸ ਵਿਚੋਂ 10 ਕਰੋੜ ਪਹਿਲਾਂ ਦਿੱਤਾ ਜਾਣਾ ਸੀ।

ਗਹਿਲੋਤ ਨੇ ਕਿਹਾ ਕਿ ਇਹ ਸਾਰਾ ਕੁੱਝ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਹੋ ਰਿਹਾ ਹੈ ਅਤੇ ਇਸੇ ਲਈ ਰਾਜਸਥਾਨ ਦੀਆਂ ਰਾਜ ਸਭਾ ਚੋਣਾਂ ਅੱਗੇ ਕਰਵਾਈਆਂ ਗਈਆਂ ਕਿਉਂਕਿ ਭਾਜਪਾ ਵਿਧਾਇਕਾਂ ਨੂੰ ਖਰੀਦ ਨਹੀਂ ਸਕੀ ਸੀ।

ਵਿਧਾਇਕਾਂ ਦੀ ਖਰੀਦੋ ਫਰੋਖਤ ਸਬੰਧੀ ਕਾਂਗਰਸ ਦੇ ਵਿਧਾਨ ਸਭਾ ਵਿਚ ਵਿਧਾਇਕ ਦਲ ਦੇ ਆਗੂ ਮਹੇਸ਼ ਜੋਸ਼ੀ ਨੇ ਐਂਟੀ ਕਰਪਸ਼ਨ ਬਿਊਰੋ ਦੇ ਡੀਜੀ ਕੋਲ ਸ਼ਿਕਾਇਤ ਦਰਜ ਕਰਾਈ ਹੈ।

ਰਾਜਸਥਾਨ ਵਿਧਾਨ ਸਭਾ ਦੀਆਂ 200 ਸੀਟਾਂ ਵਿਚੋਂ 107 ਕਾਂਗਰਸ ਦੇ ਵਿਧਾਇਕ ਹਨ। ਇਹਨਾਂ ਵਿਚੋਂ 6 ਵਿਧਾਇਕ ਉਹ ਹਨ ਜੋ ਬੀਐਸਪੀ ਤੋਂ ਕਾਂਗਰਸ ਵਿਚ ਆਏ ਸਨ। ਇਸ ਤੋਂ ਇਲਾਵਾ ਪਾਰਟੀ ਨੂੰ 13 ਵਿਚੋਂ 12 ਅਜ਼ਾਦ ਉਮੀਦਵਾਰਾਂ ਦਾ ਵੀ ਸਮਰਥਨ ਹਾਸਲ ਹੈ।