ਸ. ਰਾਜ ਸਿੰਘ ਬਦੇਸਾ ਨੇ ਅਮਰੀਕਾ ਦੇ ਪਹਿਲੇ ਅੰਮ੍ਰਿਤਧਾਰੀ ਜੱਜ ਬਣ ਸਿਰਜਿਆ ਇਤਿਹਾਸ

ਸ. ਰਾਜ ਸਿੰਘ ਬਦੇਸਾ ਨੇ ਅਮਰੀਕਾ ਦੇ ਪਹਿਲੇ ਅੰਮ੍ਰਿਤਧਾਰੀ ਜੱਜ ਬਣ ਸਿਰਜਿਆ ਇਤਿਹਾਸ
ਫੋਟੋ: ਸਹੁੰ ਚੁੱਕ ਸਮਾਗਮ ਦੇ ਯਾਦਗਾਰੀ ਪਲ।

"ਫਰਿਜ਼ਨੋ ਸਿਟੀ ਹਾਲ ਵਿੱਚ ਚੁੱਕੀ ਸਹੁੰ”

ਅੰਮ੍ਰਿਤਸਰ ਟਾਈਮਜ਼ ਬਿਊਰੋ 

ਫਰਿਜ਼ਨੋ, ਕੈਲੇਫੋਰਨੀਆਂ (ਕੁਲਵੰਤ ਧਾਲੀਆਂ / ਨੀਟਾ ਮਾਛੀਕੇ):  ਅਮਰੀਕਾ ਦੀ ਸਟੇਟ ਕੈਲੇਫੋਰਨੀਆਂ ਦੇ ਸ਼ਹਿਰ ਫਰਿਜ਼ਨੋ ਦੇ ਸਾਬਕਾ ਸਹਾਇਕ ਸਿਟੀ ਅਟਾਰਨੀ ਸ. ਰਾਜ ਸਿੰਘ ਬਦੇਸ਼ਾ ਨੇ ਬੀਤੇ ਦਿਨੀ ਬਤੌਰ ਕਾਉਟੀਂ ਜੱਜ ਸਹੁੰ ਚੁੱਕੀ। ਇੰਨਾਂ ਨੂੰ ਹੁਣ ਕਾਨੂੰਨੀ ਤੋਰ ‘ਤੇ  ਫਰਿਜ਼ਨੋ ਸੁਪੀਰੀਅਰ ਕੋਰਟ ਦਾ ਜੱਜ ਨਿਯੁਕਤ ਕੀਤਾ ਗਿਆਂ ਹੈ।  ਇਸ ਸਮੇਂ ਸਹੁੰ ਚੁੱਕਣ ਦੇ ਰਸ਼ਮੀ ਸਮਾਗਮ ਵਿੱਚ ਸ਼ਹਿਰ ਦੇ ਨਿਆਂ ਅਤੇ ਪ੍ਰਬੰਧਕ ਅਧਿਕਾਰੀਆਂ ਸਮੇਤ ਬਹੁਤ ਸਾਰੀਆਂ ਸਥਾਨਿਕ ਜੱਥੇਬੰਦੀਆਂ ਦੇ ਨੁਮਾਇੰਦੇ ਵੀ ਮੌਜ਼ੂਦ ਸਨ।  

ਸ. ਰਾਜ ਸਿੰਘ ਬਦੇਸਾ ਪਿਛਲੇ ਚਾਰ ਦਹਾਕਿਆਂ ਤੋਂ ਵੱਧ ਸਮੇਂ ਵਿੱਚ ਸਿਟੀ ਹਾਲ ਤੋਂ ਸਿੱਧਾ ਫਰਿਜ਼ਨੋ ਕਾਉਂਟੀ ਬੈਂਚ ਵਿੱਚ ਜਾਣ ਵਾਲਾ  ਪਹਿਲਾ ਵਿਅਕਤੀ ਹੈ। ਜਿਸ ਦੀ ਉੱਚ ਸਿੱਖਿਆ, ਲਗਨ, ਇਮਾਨਦਾਰੀ, ਮਿਹਨਤ ਅਤੇ ਭਾਈਚਾਰਕ ਸਾਂਝ  ਮਾਣ ਬਣੀ। ਇਸ ਸਮਾਗਮ ਦੌਰਾਨ ਪੰਜਾਬੀ ਭਾਈਚਾਰੇ ਦੀ ਵੱਡੀ ਮੌਜ਼ੂਦਗੀ ਰਹੀ। 

ਪੰਜਾਬੀ ਅਤੇ ਖਾਸਕਰ ਸਿੱਖ ਭਾਈਚਾਰੇ ਲਈ ਮਾਣ ਵਾਲੀ ਗੱਲ ਕਿ  ਗੁਰਸਿੱਖ, ਅੰਮ੍ਰਿਤਧਾਰੀ ਅਤੇ ਦਸਤਾਰਧਾਰੀ ਰਾਜ ਸਿੰਘ ਬਦੇਸਾਂ ਨੂੰ ਕੈਲੀਫੋਰਨੀਆਂ ਦੀ ਫਰਿਜ਼ਨੋ ਕਾਉਟੀ ਤੋਂ ਸੁਪੀਰੀਅਰ ਕੋਰਟ ਦੇ ਜੱਜ ਨਿਯੁਕਤ ਕੀਤਾ ਗਿਆ ਹੈ। ਇਸ ਜੱਜ ਦੇ ਅਹੁੱਦੇ ਦੀ ਨਿਯੁਕਤੀ ਦਾ ਹਾਜ਼ਰ ਭਾਈਚਾਰੇ ਨੇ ਬੋਲੋ ਸੋ ਨਿਹਾਲ ਦਾ ਜੈਕਾਰਾ ਬੁਲਾਉਂਦੇ ਹੋਏ ਸਵਾਗਤ ਕੀਤਾ। ਜੋ ਆਪਣੇ ਪੂਰੇ ਸਿੱਖੀ ਸਰੂਪ ਵਿੱਚ ਬਤੌਰ ਜੱਜ ਸੇਵਾਵਾਂ ਕਰਨਗੇ। ਇੱਥੇ ਇਹ ਗੱਲ ਸਿੱਖ ਭਾਈਚਾਰੇ ਲਈ ਬੜੇ ਮਾਣ ਵਾਲੀ ਹੈ ਕਿ ਰਾਜ ਸਿੰਘ ਬਦੇਸਾ ਅਮਰੀਕਾ ਦੇ ਕੈਲੀਫੋਰਨੀਆ ਸੂਬੇ 'ਚ ਪਹਿਲੇ ਸਿੱਖ ਸੁਪੀਰੀਅਰ ਕੋਰਟ ਦੇ ਜੱਜ ਬਣੇ ਹਨ। 

 ਸ. ਰਾਜ ਸਿੰਘ ਬਦੇਸਾ ਪਿਛੋਕੜ ਤੋਂ ਪੰਜਾਬ ਦੇ ਜਿਲ੍ਹਾਂ ਲੁਧਿਆਣਾ ਦੇ ਪਿੰਡ ਚੌਕੀਮਾਨ ਤੋਂ ਸਵ. ਸ. ਸੋਹਣ ਸਿੰਘ ਬਦੇਸਾ ਅਤੇ ਬੀਬੀ ਬਲਵਿੰਦਰ ਕੌਰ ਦੇ ਹੋਣਹਾਰ ਪੁੱਤਰ ਹਨ। ਜਿੱਥੇ ਪੰਜਾਬ ਤੋਂ ਕੈਲੇਫੋਰਨੀਆਂ ਆ ਆਪਣੀ ਸਖਤ ਮਿਹਨਤ ਨਾਲ ਮਾਂ-ਬਾਪ ਨੇ ਬੱਚਿਆਂ ਨੂੰ ਉੱਚ ਸਿੱਖਿਆ ਦਿੱਤੀ, ਉੱਥੇ ਉਨ੍ਹਾਂ ਨੂੰ ਧਾਰਮਿਕ ਮਰਿਯਾਦਾ ਅਤੇ ਗੁਰਸਿੱਖੀ ਨਾਲ ਵੀ ਜੋੜਿਆ।  ਸ.  ਰਾਜ ਸਿੰਘ ਬਦੇਸਾ ਦੀ ਮਾਤਾ ਬਲਵਿੰਦਰ ਕੌਰ ਬਦੇਸਾ ਵੱਲੋਂ ਪਰਮਾਤਮਾ ਦਾ ਸ਼ੁਕਰਾਨਾ ਕਰਦੇ ਹੋਏ ਸਮੂੰਹ ਵਧਾਈਆਂ ਦੇਣ ਵਾਲਿਆਂ ਧੰਨਵਾਦ ਬੜੀ ਭਾਵੁਕਤਾ ਨਾਲ ਕੀਤਾ ਗਿਆ। ਸ. ਰਾਜ ਬਦੇਸਾ ਆਪਣੇ ਸਕੂਲ ਤੋਂ ਹੁਣ ਤੱਕ ਬੱਚਿਆਂ ਨੂੰ ਗੁਰਸਿੱਖੀ ਨਾਲ ਜੋੜਨ ਅਤੇ ਪ੍ਰੇਰਨ ਵਾਲੇ ਸਮਾਗਮਾਂ ਵਿੱਚ ਸੇਵਾਵਾ ਨਿਭਾਉਂਦਾ ਰਿਹਾ ਹੈ। ਜਿਸ ਨੇ ਇੱਥੋਂ ਦੀ ਨੌਜਵਾਨ ਪੀੜੀ ਲਈ ਇਹ ਉਦਾਹਰਨ ਕਾਇਮ ਕਰ ਦਿੱਤੀ ਕਿ ਤੁਸੀਂ ਆਪਣੇ ਸਪੂੰਰਨ ਗੁਰਸਿੱਖੀ ਜੀਵਨ ਵਿੱਚ ਰਹਿੰਦੇ ਹੋਏ ਵਿਦੇਸ਼ਾਂ ਵਿੱਚ ਆਪਣੇ ਕਿਸੇ ਵੀ ਉੱਚੇ ਮੁਕਾਮ ‘ਤੇ ਪਹੁੰਚ ਸਕਦੇ ਹੋ।  

 ਇੱਥੇ ਇਹ ਗੱਲ ਵਰਨਣਯੋਗ ਹੈ ਕਿ ਹੁਣ ਕੈਲੇਫੋਰਨੀਆਂ ਦੀ ਫਰਿਜ਼ਨੋ ਕਾਉਟੀਂ ਵਿੱਚ ਜਿੱਥੇ ਸ. ਰਾਜ ਸਿੰਘ ਬਦੇਸਾ ਦਸਤਾਰ ਪਹਿਨ ਕੇ ਬਤੌਰ ਜੱਜ ਸੇਵਾਵਾ ਨਿਭਾਏਗਾ, ਉੱਥੇ ਪੰਜਾਬੀ ਭਾਈਚਾਰੇ ਦੇ ਦੋ ਹੋਰ ਦਸਤਾਰਧਾਰੀ ਨੌਜਵਾਨ ਇਕਰਾਜ ਸਿੰਘ ਉੱਭੀ ਅਤੇ ਗਗਨਦੀਪ ਸਿੰਘ ਸਿੱਧੂ ਬਤੌਰ ਡਿਪਟੀ ਸ਼ੈਰਫ (ਪੁਲੀਸ਼) ਸੇਵਾਵਾ ਨਿਭਾ ਰਹੇ ਹਨ। ਜੋ ਇੱਥੋਂ ਦੇ ਬੱਚਿਆਂ ਲਈ ਆਪਣੇ ਪਹਿਰਾਵੇ ਵਿੱਚ ਰਹਿ ਕੇ ਹਰ ਖੇਤਰ ਵਿੱਚ ਨੌਕਰੀਆਂ ਕਰਨ ਲਈ ਪ੍ਰੇਰਨਾਂ ਸਰੋਤ ਬਣ ਰਹੇ ਹਨ। ਸਾਡੇ “ਧਾਲੀਆਂ ਅਤੇ ਮਾਛੀਕੇ ਮੀਡੀਆਂ, ਅਮਰੀਕਾ”  ਵੱਲੋਂ ਸਮੂੰਹ ਬਦੇਸਾਂ ਪਰਿਵਾਰ ਅਤੇ ਸਮੂੰਹ ਪੰਜਾਬੀ ਭਾਈਚਾਰੇ ਨੂੰ ਬਹੁਤ-ਬਹੁਤ ਮੁਬਾਰਕਾਂ।