ਰਾਹੁਲ ਗਾਂਧੀ ਸੰਸਦ ਵਿਚ ਨਿਭਾ ਸਕਦੇ ਨੇ 'ਵਿਰੋਧੀ ਧਿਰ ਦੇ ਨੇਤਾ' ਦੀ ਜ਼ਿੰਮੇਵਾਰੀ
ਕਾਂਗਰਸ ਵਰਕਿੰਗ ਕਮੇਟੀ ਨੇ ਸਰਬਸੰਮਤੀ ਨਾਲ ਰਾਹੁਲ ਦੇ ਹੱਕ ਵਿਚ ਮਤਾ ਪਾਸ ਕਰਕੇ ਕੀਤੀ ਅਪੀਲ
18ਵੀਂ ਲੋਕ ਸਭਾ 'ਚ 'ਇੰਡੀਆ' ਗੱਠਜੋੜ ਪਾਰਟੀਆਂ ਦੀ ਗਿਣਤੀ 'ਚ ਵਾਧੇ ਨਾਲ, ਹੇਠਲੇ ਸਦਨ ਨੂੰ 10 ਸਾਲਾਂ ਦੇ ਲੰਬੇ ਵਕਫ਼ੇ ਬਾਅਦ ਅਧਿਕਾਰਤ ਤੌਰ 'ਤੇ ਵਿਰੋਧੀ ਧਿਰ ਦਾ ਨੇਤਾ (ਐਲ.ਓ.ਪੀ.) ਮਿਲਣ ਦੀ ਉਮੀਦ ਹੈ। ਵਿਰੋਧੀ ਆਗੂਆਂ ਦੀ ਇਹ ਵੀ ਇੱਛਾ ਹੈ ਕਿ ਜਲਦ ਹੀ ਉਪ ਸਪੀਕਰ ਦੀ ਚੋਣ ਹੋਵੇ, ਇਹ ਅਹੁਦਾ ਪਿਛਲੇ 5 ਸਾਲਾਂ ਤੋਂ ਖ਼ਾਲੀ ਹੈ। 5 ਜੂਨ ਨੂੰ ਭੰਗ ਹੋਈ 17ਵੀਂ ਲੋਕ ਸਭਾ ਨੂੰ ਆਪਣੇ ਪੂਰੇ ਕਾਰਜਕਾਲ ਦੌਰਾਨ ਉਪ ਸਪੀਕਰ ਨਹੀਂ ਮਿਲਿਆ ਸੀ ਅਤੇ ਇਹ ਹੇਠਲੇ ਸਦਨ ਦਾ ਲਗਾਤਾਰ ਦੂਜਾ ਕਾਰਜਕਾਲ ਸੀ, ਜਿਸ ਵਿਚ ਵਿਰੋਧੀ ਧਿਰ ਦਾ ਨੇਤਾ ਨਹੀਂ ਸੀ। ਇਸ ਦੌਰਾਨ ਕਾਂਗਰਸ ਦੇ ਰਾਹੁਲ ਗਾਂਧੀ, ਜਿਨ੍ਹਾਂ ਤੋਂ 18ਵੀਂ ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਦੀ ਜ਼ਿੰਮੇਦਾਰੀ ਸੰਭਾਲਣ ਦੀ ਉਮੀਦ ਕੀਤੀ ਜਾ ਰਹੀ ਸੀ, ਅਜੇ ਵੀ ਇਸ ਅਹੁਦੇ ਨੂੰ ਲੈਣ ਲਈ ਤਿਆਰ ਦਿਖਾਈ ਨਹੀਂ ਦੇ ਰਹੇ। ਹਾਲਾਂਕਿ ਕਾਂਗਰਸ ਵਰਕਿੰਗ ਕਮੇਟੀ (ਸੀ.ਡਬਲਿਊ.ਸੀ.) ਨੇ ਸਰਬਸੰਮਤੀ ਨਾਲ ਇਕ ਮਤਾ ਪਾਸ ਕੀਤਾ ਹੈ, ਜਿਸ ਵਿਚ ਰਾਹੁਲ ਗਾਂਧੀ ਨੂੰ ਲੋਕ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਬਣਨ ਦੀ ਅਪੀਲ ਕੀਤੀ ਗਈ ਹੈ।
ਮੋਦੀ ਖ਼ਿਲਾਫ਼ ਰਾਹੁਲ ਦੀ ਜ਼ੋਰਦਾਰ ਮੁਹਿੰਮ ਤੋਂ ਬਾਅਦ ਕਾਂਗਰਸ ਨੇ ਚੋਣਾਂ 'ਚ 99 ਸੀਟਾਂ ਜਿੱਤੀਆਂ ਹਨ ਅਤੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਰੂਪ ਵਿਚ ਉਭਰੀ। ਰਾਹੁਲ ਹੁਣ ਨਿਰਵਿਵਾਦ ਤੌਰ 'ਤੇ ਸਭ ਤੋਂ ਵੱਡੇ ਵਿਰੋਧੀ ਨੇਤਾ ਵਜੋਂ ਉੱਭਰੇ ਹਨ। ਜੇਕਰ ਉਨ੍ਹਾਂ ਨੂੰ ਵਿਰੋਧੀ ਧਿਰ ਦਾ ਨੇਤਾ ਚੁਣਿਆ ਜਾਂਦਾ ਹੈ ਤਾਂ ਬਿਨਾਂ ਸ਼ੱਕ ਉਨ੍ਹਾਂ ਦੇ ਕੱਦ 'ਤੇ ਅਧਿਕਾਰਤ ਮੋਹਰ ਲੱਗ ਜਾਵੇਗੀ। ਉਮੀਦ ਹੈ ਕਿ ਰਾਹੁਲ ਗਾਂਧੀ ਸੰਸਦ 'ਚ ਜ਼ਿਆਦਾ ਜ਼ਿੰਮੇਵਾਰੀ ਸੰਭਾਲਣਗੇ। ਲੋਕ ਸਭਾ 'ਚ ਵਿਰੋਧੀ ਧਿਰ ਦਾ ਨੇਤਾ ਬਣਨ ਲਈ ਰਾਹੁਲ ਗਾਂਧੀ 'ਤੇ ਕਈ ਆਗੂਆਂ ਵਲੋਂ ਕਾਫ਼ੀ ਦਬਾਅ ਪਾਇਆ ਜਾ ਰਿਹਾ ਹੈ। ਇਸ ਅਹੁਦੇ ਕਾਰਨ ਉਨ੍ਹਾਂ ਨੂੰ ਕੈਬਨਿਟ ਰੈਂਕ ਮਿਲੇਗਾ, 'ਇੰਡੀਆ' ਗੱਠਜੋੜ ਵਿਚ ਭਾਈਵਾਲ ਪਾਰਟੀਆਂ ਨਾਲ ਬਿਹਤਰ ਤਾਲਮੇਲ ਵਿਚ ਮਦਦ ਮਿਲੇਗੀ ਉਨ੍ਹਾਂ ਦੁਆਰਾ ਲੋਕ ਸਭਾ 'ਚ ਮੋਦੀ ਦੀ ਅਗਵਾਈ ਵਾਲੀ ਭਾਜਪਾ 'ਤੇ ਵਿਰੋਧੀ ਧਿਰ ਵਲੋਂ ਹਮਲਿਆਂ ਦੀ ਅਗਵਾਈ ਕਰਨ ਕਰਕੇ ਕਾਂਗਰਸ ਨੂੰ ਆਪਣਾ ਇਕ ਮਜ਼ਬੂਤ ਚਿਹਰਾ ਪੇਸ਼ ਕਰਨ 'ਚ ਵੀ ਮਦਦ ਮਿਲੇਗੀ।
Comments (0)