ਪ੍ਰਧਾਨ ਮੰਤਰੀ ਮੋਦੀ ਰਾਸ਼ਟਰੀ -ਅੰਤਰਰਾਸ਼ਟਰੀ ਚੁਣੌਤੀਆਂ ਵਿਚ ਘਿਰੇ
*ਪਾਕਿਸਤਾਨ ਅਤੇ ਚੀਨ ਦੇ ਉਕਸਾਉਣ 'ਤੇ ਮੋਦੀ ਦੀਆਂ ਚੁਣੌਤੀਆਂ ਵਧੀਆਂ
ਨਰਿੰਦਰ ਮੋਦੀ ਨੂੰ ਆਪਣੇ ਤੀਜੇ ਕਾਰਜਕਾਲ ਵਿਚ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਹਿਲੀ ਚੁਣੌਤੀ ਉਸ ਲਈ ਮਜ਼ਬੂਤ ਵਿਰੋਧੀ ਧਿਰ ਇੰਡੀਆ ਗੱਠਜੋੜ ਕਾਂਗਰਸ, ਸਮਾਜਵਾਦੀ ਪਾਰਟੀ ਅਤੇ ਤ੍ਰਿਣਮੂਲ ਕਾਂਗਰਸ ਆਦਿ ਹੈ ,ਜਿਸ ਦੀ ਵਧੀ ਹੋਈ ਤਾਕਤ ਹਰ ਛੋਟੇ-ਵੱਡੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਮੁੱਦੇ 'ਤੇ ਮੋਦੀ ਸਰਕਾਰ ਨੂੰ ਕਟਹਿਰੇ ਵਿਚ ਖੜ੍ਹਾ ਕਰੇਗੀ।
ਮਹਾਰਾਸ਼ਟਰ, ਹਰਿਆਣਾ ਅਤੇ ਝਾਰਖੰਡ ਤਿੰਨ ਅਜਿਹੇ ਰਾਜ ਹਨ ਜਿੱਥੇ ਭਾਜਪਾ ਦੀ ਤਾਕਤ ਘਟੀ ਹੈ। ਇਨ੍ਹਾਂ ਤਿੰਨਾਂ ਰਾਜਾਂ ਵਿੱਚ ਇਸ ਸਾਲ ਅਕਤੂਬਰ-ਨਵੰਬਰ ਵਿੱਚ ਵਿਧਾਨ ਸਭਾ ਚੋਣਾਂ ਹਨ। ਇਨ੍ਹਾਂ ਵਿੱਚੋਂ ਦੋ ਰਾਜਾਂ ਵਿੱਚ ਭਾਜਪਾ ਸੱਤਾ ਵਿੱਚ ਹੈ। ਜੇਕਰ ਭਾਜਪਾ ਮਹਾਰਾਸ਼ਟਰ ਅਤੇ ਹਰਿਆਣਾ ਨੂੰ ਵਾਪਸ ਨਹੀਂ ਜਿੱਤਦੀ ਹੈ, ਤਾਂ ਮੋਦੀ ਸਰਕਾਰ ਨੂੰ ਅਗਲੇ ਚਾਰ ਸਾਲਾਂ ਲਈ ਹਮਲਾਵਰ ਵਿਰੋਧੀ ਧਿਰ ਦਾ ਸਾਹਮਣਾ ਕਰਨਾ ਪਵੇਗਾ, ਅਤੇ ਆਪਣੇ ਸਹਿਯੋਗੀਆਂ ਨੂੰ ਇਕੱਠੇ ਰੱਖਣ ਲਈ ਸਖ਼ਤ ਸੰਘਰਸ਼ ਕਰਨਾ ਪੈ ਸਕਦਾ ਹੈ।
ਦੂਜੀ ਚੁਣੌਤੀ ਪਾਕਿਸਤਾਨ ਅਤੇ ਚੀਨ ਵੱਲੋਂ ਖੜ੍ਹੀ ਕੀਤੀ ਜਾਵੇਗੀ। ਆਪਣੇ ਦੂਜੇ ਕਾਰਜਕਾਲ ਵਿਚ ਵੀ ਮੋਦੀ ਨੂੰ ਇਨ੍ਹਾਂ ਦੋਹਾਂ ਗੁਆਂਢੀ ਦੇਸ਼ਾਂ ਤੋਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ। ਜਿਵੇਂ ਲੱਦਾਖ ਵਿਚ ਭਾਰਤੀ ਜ਼ਮੀਨ 'ਤੇ ਚੀਨ ਦਾ ਕਥਿਤ ਕਬਜ਼ਾ ਹੈ। ਮੋਦੀ ਸਰਕਾਰ ਇਸ ਮੁੱਦੇ 'ਤੇ ਦੇਸ਼ ਦੀ ਜਨਤਾ ਨੂੰ ਸੰਤੁਸ਼ਟ ਨਹੀਂ ਕਰ ਸਕੀ ਕਿ ਕਾਂਗਰਸ ਜੋ ਵੀ ਕਹਿ ਰਹੀ ਹੈ ਉਹ ਗਲਤ ਹੈ। ਤੀਜੀ ਚੁਣੌਤੀ ਦੇਸ਼ ਅੰਦਰ ਵਧ ਰਹੇ ਵੱਖਵਾਦ ਦੀ ਹੋਵੇਗੀ।ਕੇਂਦਰ ਸਰਕਾਰ ਦੀਆਂ ਗਲਤ ਤੇ ਸ਼ੋਸ਼ਣਕਾਰੀ ਅਨਿਆਂ ਭਰਪੂਰ ਨੀਤੀਆਂ , ਘੱਟ ਗਿਣਤੀਆਂ ਪ੍ਰਤੀ ਨਫਰਤੀ ਪ੍ਰਚਾਰ ਕਾਰਣ ਕਸ਼ਮੀਰ ਤੇ ਪੰਜਾਬ ਬੇਚੈਨ ਹਨ।ਹਾਲੇ ਤੱਕ ਇਨ੍ਹਾਂ ਰਾਜਾਂ ਦੇ ਮਸਲਿਆਂ ਦਾ ਹੱਲ ਸਟੇਟ ਦੇ ਡੰਡੇ ਨਾਲ ਭਾਲਿਆ ਜਾ ਰਿਹਾ ਹੈ।ਪਰ ਇਨ੍ਹਾਂ ਰਾਜਾਂ ਵਿਚ ਲੋਕਾਂ ਦਾ ਕੇਂਦਰ ਸਰਕਾਰ ਦੀਆਂ ਨੀਤੀਆਂ ਪ੍ਰਤੀ ਭਾਰੀ ਰੋਸ ਹੈ।
ਜੰਮੂ-ਕਸ਼ਮੀਰ ਤੋਂ ਬਾਅਦ ਪੰਜਾਬ ਸਭ ਤੋਂ ਸੰਵੇਦਨਸ਼ੀਲ ਸੂਬਾ ਬਣ ਗਿਆ ਹੈ। ਜਿੱਥੇ ਜੰਮੂ-ਕਸ਼ਮੀਰ ਵਿੱਚ ਪਾਕਿਸਤਾਨ ਪੱਖੀ ਵੱਖਵਾਦੀ ਦੀ ਜਿੱਤ ਹੋਈ ਹੈ। ਜਦੋਂ ਕਿ ਪੰਜਾਬ ਵਿੱਚ ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ ਤੇ ਭਾਈ ਅੰਮ੍ਰਿਤਪਾਲ ਸਿੰਘ ਨੇ ਚੋਣ ਜਿੱਤਕੇ ਸਾਬਤ ਕੀਤਾ ਹੈ ਕਿ ਪੰਜਾਬ ਕੇਂਦਰ ਦੀਆਂ ਅਨਿਆਂ ਭਰਪੂਰ, ਸਿਖ ਵਿਰੋਧੀ ਨੀਤੀਆਂ ਨਾਲ ਸਹਿਮਤ ਨਹੀਂ ਹੈ।
ਪਰ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਨੇ ਪੰਜਾਬ ਦੇ ਮਸਲਿਆਂ ਨੂੰ ਹੱਲ ਕਰਨ ਬਾਰੇ ਕੀ ਸੋਚਣਾ ਉਹ ਪੰਜਾਬ ਦੀਆਂ ਸਮਸਿਆਵਾਂ ਨੂੰ ਗੁੰਝਲਦਾਰ ਬਣਾ ਰਹੀ ਹੈ ਤੇ ਐਨਐਸਏ ਦੇ ਕਾਲੇ ਕਨੂੰਨ ਤਹਿਤ ਨਜ੍ਜ਼ਰਬੰਦ ਅੰਮ੍ਰਿਤਪਾਲ ਸਿੰਘ ਦੀ ਰਿਹਾਈ ਕਰਨ ਨੂੰ ਤਿਆਰ ਨਹੀਂ। ਸ੍ਰੋਮਣੀ ਅਕਾਲੀ ਦਲ ,ਸ੍ਰੋਮਣੀ ਕਮੇਟੀ ,ਪੰਥਕ ਜਥੇਬੰਦੀਆਂ ਵਲੋਂ ਸਰਕਾਰ ਦੇ ਗੈਰ ਜਮਹੂਰੀ ਰਵਈਏ ਬਾਰੇ ਤਿਖਾ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਅੱਤਵਾਦੀਆਂ ਨੂੰ ਫੰਡਿੰਗ ਕਰਨ ਦੇ ਦੋਸ਼ ਕਾਰਣ 2019 ਤੋਂ ਦਿੱਲੀ ਦੀ ਤਿਹਾੜ ਜੇਲ ਵਿਚ ਬੰਦ ਇੰਜੀਨੀਅਰ ਰਸ਼ੀਦ ਦੇ ਨਾਂ ਨਾਲ ਮਸ਼ਹੂਰ ਅਬਦੁਲ ਰਾਸ਼ਿਦ ਸ਼ੇਖ ਜੰਮੂ-ਕਸ਼ਮੀਰ ਦੀ ਬਾਰਾਮੂਲਾ ਸੀਟ ਤੋਂ ਜਿੱਤੀ ਹੈ। ਇੰਜੀਨੀਅਰ ਰਸ਼ੀਦ ਨੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੂੰ ਹਰਾਇਆ ਸੀ। ਇੰਜੀਨੀਅਰ ਰਸ਼ੀਦ ਦੀ ਜਿੱਤ ਤੋਂ ਬਾਅਦ ਉਨ੍ਹਾਂ ਦੇ ਸਮਰਥਨ ਵਿਚ ਕਸ਼ਮੀਰੀਆਂ ਨੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਸੀ। ਇਸ ਤੋਂ ਸਾਫ ਜਾਹਿਰ ਹੈ ਕਿ ਆਉਣ ਵਾਲੇ ਸਮੇਂ ਦੌਰਾਨ ਮੋਦੀ ਸਰਕਾਰ ਲਈ ਹੋਰ ਮੁਸ਼ਕਲਾਂ ਵਧਣਗੀਆਂ।
Comments (0)