ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਪਾਠਕ੍ਰਮ ਵਿਚ ਕਟੌਤੀ ਦੀ ਸਿਆਸਤ

ਡਾ. ਪਿਆਰਾ ਲਾਲ ਗਰਗ
ਕੇਂਦਰੀ ਮੰਤਰੀ ਰਾਮੇਸ਼ ਪੋਖਰਿਆਲ ਨਿਸ਼ੰਕ ਨੇ ਕਿਹਾ ਹੈ ਕਿ ਕਰੋਨਾ ਮਾਹਾਮਾਰੀ ਦੌਰਾਨ ਬੱਚਿਆਂ ਦੀ ਪੜ੍ਹਾਈ ਦਾ ਬੋਝ ਹਲਕਾ ਕਰਨ ਵਾਸਤੇ ਉਨ੍ਹਾਂ ਨੇ ਮਾਹਰਾਂ ਦੀ ਰਾਇ ਨਾਲ ਨੌਵੀਂ ਤੋਂ ਬਾਰਵੀਂ ਸ਼੍ਰੇਣੀ ਤੱਕ ਪਾਠਕ੍ਰਮ ਵਿਚ 30% ਕਟੌਤੀ ਕੀਤੀ ਹੈ। ਇਸ ਕੈਂਚੀ ਹੇਠ ਆਏ ਪਾਠਾਂ ਅਤੇ ਵਿਸ਼ਿਆਂ ਉੱਪਰ ਮਾਰੀ ਸਰਸਰੀ ਨਜ਼ਰ ਨਾਲ ਵੀ ਨਿਸ਼ੰਕ ਸ਼ੰਕਾ ਦੇ ਘੇਰੇ ਵਿਚ ਆ ਜਾਂਦਾ ਹੈ। ਕਟੌਤੀਆਂ ਦਾ ਵਿਸ਼ਾਵਾਰ ਵਿਸ਼ਲੇਸ਼ਣ ਸਾਡੇ ਸਾਹਮਣੇ ਬਹੁਤ ਹੀ ਵਿਕਰਾਲ ਅਤੇ ਹਨੇਰੇ ਭਵਿੱਖ ਦੀ ਤਸਵੀਰ ਪੇਸ਼ ਕਰਦਾ ਹੈ। ਇਹ ਵਰਤਾਰਾ ਰਾਜ ਕਰਦੀ ਪਾਰਟੀ ਵੱਲੋਂ ਕਰੋਨਾ ਮਹਾਮਾਰੀ ਦੇ ਪਰਦੇ ਹੇਠਾਂ ਹੋਰ ਖੇਤਰਾਂ ਵਿਚ ਅਪਣਾਏ ਵਰਤਾਰੇ ਵਰਗਾ ਹੀ ਹੈ। ਇਹ ਇਸ ਪਾਰਟੀ ਦੀ ਮੱਧਯੁਗੀ, ਪਿਛਾਂਹ-ਖਿੱਚੂ, ਗੈਰ ਵਿਗਿਆਨਕ, ਏਕਾਅਧਿਕਾਰਵਾਦੀ ਸੋਚ, ਤਾਕਤ ਦੇ ਨਸ਼ੇ ਵਿਚ ਮਸਤ, ਹੰਕਾਰ ਵਾਲੀ ਬਿਰਤੀ ਵਿਚੋਂ ਨਿਕਲਦਾ ਹੈ। ਅਜਿਹਾ ਮਾਮਲਾ ਫਿਰ ਬੇਸ਼ੱਕ ਕੋਈ ਵੀ ਹੋਵੇ।

ਪਾਠਕ੍ਰਮ ਵਿਚ ਵਿਸ਼ੇਸ਼ ਵਿਸ਼ਿਆਂ ਅਤੇ ਪਾਠਾਂ ਦੀ ਕਟੌਤੀ ਵੀ ਕੇਂਦਰ ਦੀ ਰਾਜ ਕਰਦੀ ਪਾਰਟੀ ਨੇ ਆਪਣੀ ਵਿਚਾਰਧਾਰਾ ਅਤੇ ਮੰਦੇ ਮਨਸੂਬਿਆਂ ਨੂੰ ਬੱਚਿਆਂ ਉਪਰ ਥੋਪਣ ਦੇ ਇਰਾਦੇ ਨਾਲ ਕੀਤੀ ਹੈ। ਬੱਚਿਆਂ ਦੀ ਸੋਚ ਬਦਲ ਕੇ ਇਸ ਨੂੰ ਆਪਣੀ ਵਿਚਾਰਧਾਰਾ ਅਨੁਸਾਰ ਬਣਾਉਣ ਵਾਸਤੇ ਉਨ੍ਹਾਂ ਵਿਚੋਂ ਵਿਗਿਆਨਕ ਨਜ਼ਰੀਆ ਖਤਮ ਕਰਨ ਦਾ ਮੁੱਢ ਬੰਨ੍ਹਿਆ ਹੈ। ਹਰ ਵਿਸ਼ੇ ਜਿਵੇਂ ਸਮਾਜ ਵਿਗਿਆਨਾਂ, ਭੌਤਿਕੀ ਵਿਗਿਆਨਾਂ, ਜੈਵ ਵਿਗਿਆਨਾਂ, ਗ੍ਰਹਿ ਵਿਗਿਆਨ, ਗਣਨਾ ਵਿਗਿਆਨ, ਭਾਸ਼ਾਵਾਂ ਆਦਿ ਦੇ ਪਾਠਾਂ ਦੀ ਕਟੌਤੀ ਕੀਤੀ ਗਈ ਹੈ। ਇਹ ਕਟੌਤੀ ਅਜਿਹੇ ਪਾਠਾਂ ਦੀ ਹੈ ਜਿਹੜੇ ਸਾਡੀ ਆਜ਼ਾਦੀ ਦੀ ਲ਼ੜਾਈ, ਆਜ਼ਾਦੀ ਦੇ ਸੰਕਲਪਾਂ, ਨਾਗਰਿਕਤਾ, ਰਾਸ਼ਟਰਵਾਦ, ਧਰਮ ਨਿਰਪੱਖਤਾ, ਫੈਡਰਲਿਜ਼ਮ (ਸੰਘੀ ਢਾਂਚਾ), ਮਨੁੱਖੀ ਹੱਕਾਂ, ਸਥਾਨਕ ਸਰਕਾਰਾਂ, ਲੋਕਾਂ ਦੀਆਂ ਉਮੀਦਾਂ ਤੇ ਉਮੰਗਾਂ, ਖੇਤਰੀ ਖਾਹਸ਼ਾਂ, ਗੁਆਂਢੀਆਂ ਨਾਲ ਸ਼ਾਂਤਮਈ ਸਹਿ-ਹੋਂਦ, ਸੰਸਾਰ ਤੇ ਦੇਸ਼ ਦੀ ਨਿਆਂ ਪ੍ਰਣਾਲੀ, ਵਾਤਾਵਰਨ ਬਚਾਉਣ, ਜਲਵਾਯੂ ਬਦਲਾਓ ਤੇ ਰੋਕ ਲਗਾਉਣ, ਪ੍ਰਦੂਸ਼ਣ ਘਟਾਉਣ, ਖਪਤਵਾਦ ਘਟਾ ਕੇ ਕੁਦਰਤ ਦੇ ਸੰਤੁਲਨ, ਧਰਤੀ ਤੇ ਜੀਵਨ ਦੀ ਉਤਪਤੀ ਤੇ ਵਿਕਾਸ ਦੇ ਵਿਗਿਆਨਕ ਨਿਯਮਾਂ ਤੇ ਸਿਧਾਂਤਾਂ, ਵਿਦੇਸ਼ੀ ਵਪਾਰ ਤੇ ਭੁਗਤਾਨ ਸੰਤੁਲਨ, ਬੈਂਕਾਂ ਵਿਚ ਫਰਾਡ ਤੇ ਝੂਠੀਆਂ ਬੈਲੈਂਸ਼ ਸ਼ੀਟਾਂ ਰੋਕਣ, ਬੱਚਿਆਂ ਦੇ ਮਾਨਸਿਕ ਤੇ ਬੌਧਿਕ ਵਿਕਾਸ, ਉਨ੍ਹਾਂ ਦੀ ਤਰਕ ਦੇਣ ਤੇ ਆਪਣੇ ਵਿਚਾਰ ਪ੍ਰਗਟ ਕਰਨ ਦੀ ਕੁਸ਼ਲਤਾ, ਪ੍ਰਸ਼ਨ ਉਠਾਉਣ, ਰਿਪੋਰਟਾਂ ਲਿਖਣ, ਨੌਕਰੀ ਮੰਗਣ, ਧਰਤੀ, ਖੇਤੀਬਾੜੀ ਤੇ ਪਾਣੀ, ਸਾਡੇ ਸਮਾਜ ਦੀਆਂ ਪਰਤਾਂ, ਪਰਿਵਾਰਕ ਸਬੰਧਾਂ, ਜ਼ਿੰਮੇਵਾਰੀਆਂ ਤੇ ਅਧਿਕਾਰਾਂ, ਆਪਸੀ ਸਹਿਯੋਗ, ਪਿਆਰ, ਮਿਲਵਰਤਨ ਅਤੇ ਭਾਈਚਾਰੇ, ਲਿੰਗ ਸਮਾਨਤਾ ਔਰਤਾਂ ਦੀ ਪੁੱਗਤ, ਵਿਗਿਆਨਕ ਨਜ਼ਰੀਆ ਤੇ ਤਰਕਸ਼ੀਲ ਸੋਚ ਵਿਕਸਿਤ ਕਰਨ ਦੀ ਤਰਜਮਾਨੀ ਕਰਦੇ ਹਨ।

ਕਿਸੇ ਵਿਸ਼ੇ ਦੀ ਕਟੌਤੀ ਅਤੇ ਕਿਸੇ ਵਿਸ਼ੇ ਨੂੰ ਬਰਕਰਾਰ ਰੱਖਣਾ ਪਾਠਕ੍ਰਮ ਨੂੰ ਦੋ ਸਮੂਹਾਂ ਵਿਚ ਵੰਡ ਦਿੰਦੀ ਹੈ ਅਤੇ ਇਨ੍ਹਾਂ ਦਰਮਿਆਨ ਦਰਜਾਬੰਦੀ ਦੀ ਲਕੀਰ ਖਿੱਚ ਦਿੰਦੀ ਹੈ। ਵਿਦਿਆਰਥੀਆਂ, ਮਾਪਿਆਂ ਤੇ ਅਧਿਆਪਕਾਂ ਦੇ ਮਨ ਵਿਚ ਸਮੇਂ ਦੀ ਸਰਕਾਰ ਦੀਆਂ ਤਰਜੀਹਾਂ ਬਾਬਤ ਅਕਸ ਬਣ ਜਾਂਦਾ ਹੈ। ਕੱਟੇ ਗਏ ਵਿਸ਼ੇ ਸਬੰਧਤ ਪੱਧਰ ਵਾਸਤੇ ਮਹੱਤਵਪੂਰਨ ਨਹੀਂ ਜਦਕਿ ਰੱਖੇ ਗਏ ਵਿਸ਼ੇ ਮਹੱਤਵਪੂਰਨ ਸਮਝੇ ਜਾਂਦੇ ਹਨ। ਸਾਡੇ ਮੌਜੂਦਾ ਹਾਕਮਾਂ ਨੇ ਪਹਿਲਾਂ ਹੀ ਸਮਾਜ ਨੂੰ ਦੋ ਹਿਸਿਆਂ ਵਿਚ ਵੰਡ ਦਿੱਤਾ ਹੈ ਪਰ ਹੁਣ ਇਨ੍ਹਾਂ ਨੇ ਪਾਠਕ੍ਰਮ ਨੂੰ ਵੀ ਦੋ ਹਿੱਸਿਆਂ ਵਿਚ ਵੰਡ ਦਿੱਤਾ ਹੈ। ਇੱਕ ਉਹ ਵਿਸ਼ਾ ਵਸਤੂ ਤੇ ਵਿਚਾਰਧਾਰਾ ਜਿਸ ਨੇ ਸਾਨੂੰ ਆਜ਼ਾਦ ਕਰਵਾਇਆ, ਭਾਈਚਾਰਕ ਸਾਂਝ ਬਣਵਾਈ, ਕੁਰਬਾਨੀ ਦੇਣੀ ਸਿਖਾਈ, ਮਿਲ ਬੈਠ ਕੇ ਚਰਚਾ ਕਰ ਕੇ ਮਸਲੇ ਸਮਝਣ ਤੇ ਨਜਿੱਠਣ ਦੀ ਜਾਚ ਸਿਖਾਈ, ਵਿਗਿਆਨਕ ਤੇ ਤਰਕਸ਼ੀਲ ਨਜ਼ਰੀਆ ਪੈਦਾ ਕੀਤਾ, ਸਮਾਜ ਸੇਵਾ ਵਾਸਤੇ ਮਿਹਨਤ ਦਾ ਜਜ਼ਬਾ ਪੈਦਾ ਕੀਤਾ; ਦੂਜੇ ਪਾਸੇ ਉਹ ਜਿਸ ਨੇ ਅੰਗਰੇਜ਼ਾਂ ਦਾ ਸਾਥ ਦਿੱਤਾ, ਆਪਣੇ ਦੇਸ਼ ਵਾਸੀਆਂ ਨਾਲ ਧਰਮ ਤੇ ਜਾਤ ਪਾਤ ਦੇ ਨਾਮ ਤੇ ਘ੍ਰਿਣਾ ਦਾ ਮਾਹੌਲ ਸਿਰਜਿਆ, ਵਹਿਮਾਂ-ਭਰਮਾਂ, ਜਾਦੂ-ਟੂਣਿਆਂ ਨਾਲ ਜੋੜਿਆ, ਦਲਿਤਾਂ ਤੇ ਔਰਤਾਂ ਨੂੰ ਨੀਚਾ ਦਿਖਾਇਆ, ਲੋਕਾਂ ਨੂੰ ਮਿਹਨਤ ਦੀ ਥਾਂ ਕਰਮਕਾਂਡ ਦੇ ਚੱਕਰਾਂ ਵਿਚ ਪਾ ਕੇ ਅਨਪੜ੍ਹ ਰੱਖ ਕੇ ਅਣਮਨੁੱਖੀ ਜੀਵਨ ਬਤੀਤ ਕਰਨ ਵਾਸਤੇ ਮਜਬੂਰ ਕੀਤਾ। ਔਰਤ ਦੇ ਸਤੀ ਹੋਣ ਤੇ ਦਲਿਤਾਂ ਨੂੰ ਪੜ੍ਹਾਈ ਲਿਖਾਈ ਤੋਂ ਵਾਂਝੇ ਰੱਖਣ ਦਾ ਸਾਮਾ ਕੀਤਾ। ਪਾਠਕ੍ਰਮ ਉਪਰ ਮੌਜੂਦਾ ਕਟੌਤੀ ਵਿਦਿਆਰਥੀਆਂ ਉਪਰ ਦੂਜੀ ਸੋਚ ਥੋਪਣ ਵਾਸਤੇ ਕੀਤੀ ਗਈ ਹੈ।

ਸੀਨੀਅਰ ਸੈਕੰਡਰੀ, ਭਾਵ ਗਿਆਰਵੀਂ ਬਾਰਵੀਂ ਜਮਾਤ ਦੇ ਵਿਦਿਆਰਥੀ ਜਿਹੜੇ ਆਮ ਤੌਰ ਤੇ 16 ਤੋਂ 18 ਸਾਲ ਉਮਰ ਵਰਗ ਦੇ ਹੁੰਦੇ ਹਨ, ਵਾਸਤੇ ਅਸੀਂ ਦੇਖ ਸਕਦੇ ਹਾਂ ਕਿ ਕਿਨ੍ਹਾਂ ਵਿਸ਼ਿਆਂ ਨੂੰ ਮਹੱਤਵਹੀਣ ਬਣਾ ਦਿੱਤਾ ਗਿਆ ਹੈ। ਇਨ੍ਹਾਂ ਦੇ ਪਾਠਕ੍ਰਮ ਵਿਚੋਂ ਵਿਸ਼ਾਵਾਰ ਜਿਨ੍ਹਾਂ ਪਾਠਾਂ ਜਾਂ ਵਿਸ਼ਿਆਂ ਉਪਰ ਕੈਂਚੀ ਫੇਰੀ ਗਈ ਹੈ, ਉਹ ਸਮਾਜ ਵਿਗਿਆਨ, ਭੌਤਿਕੀ ਵਿਗਿਆਨ, ਜੈਵ ਵਿਗਿਆਨ, ਗਣਨਾ ਵਿਗਿਆਨ, ਭਾਸ਼ਾ ਤੇ ਕਲਾ ਨਾਲ ਸਬੰਧਤ ਹਨ।

ਸਮਾਜ ਵਿਗਿਆਨ ਵਿਚ ਕਟੌਤੀ: ਪੁਲੀਟੀਕਲ ਸਾਇੰਸ ਵਿਚੋਂ ਫੈਡਰਲਿਜ਼ਮ, ਨਾਗਰਿਕਤਾ, ਰਾਸ਼ਟਰਵਾਦ, ਧਰਮ ਨਿਰਪੱਖਤਾ, ਸਮਾਜਿਕ ਤੇ ਨਵ-ਸਮਾਜਿਕ ਲਹਿਰਾਂ, ਖੇਤਰੀ ਖਾਹਸ਼ਾਂ, ਸਥਾਨਕ ਸਰਕਾਰਾਂ ਦੀ ਲੋੜ ਤੇ ਇਨ੍ਹਾਂ ਦਾ ਵਿਕਾਸ, ਵਾਤਾਵਰਨ ਤੇ ਕੁਦਰਤੀ ਸ੍ਰੋਤ, ਭਾਰਤ ਦੇ ਆਰਥਿਕ ਵਿਕਾਸ ਵਿਚ ਬਦਲਾਓ, ਭਾਰਤ ਦੇ ਪਾਕਿਸਤਾਨ, ਬੰਗਲਾਦੇਸ਼, ਸ੍ਰੀਲੰਕਾ, ਨੇਪਾਲ ਤੇ ਮਿਆਂਮਾਰ (ਬਰਮਾ) ਨਾਲ ਸੰਬੰਧ, ਮੌਜੂਦਾ ਸੰਸਾਰ ਵਿਚ ਸੁਰੱਖਿਆ ਵਰਗੇ ਵਿਸ਼ੇ ਮੁਕੰਮਲ ਕੱਢ ਦਿੱਤੇ। ਅਰਥ ਵਿਗਿਆਨ ਵਿਚੋਂ ਸਿੱਖਿਆ, ਬਦਲਵੀਂ ਖੇਤੀਬਾੜੀ, ਖੁੱਲ੍ਹੀ ਮੰਡੀ ਵਿਚ ਤਬਾਦਲਾ ਦਰ, ਭੁਗਤਾਨ ਸੰਤੁਲਨ, ਬੈਂਕਾਂ ਦਾ ਵਿੱਤੀ ਪ੍ਰਬੰਧ, ਉਤਪਾਦਕਾਂ ਦਾ ਵਤੀਰਾ ਤੇ ਸੰਤੁਲਨ, ਬਾਜ਼ਾਰ ਵਿਚ ਏਕਾਧਿਕਾਰਵਾਦ ਦਾ ਖਾਸਾ ਆਦਿ ਖਤਮ ਕਰ ਦਿੱਤੇ ਗਏ। ਇਤਿਹਾਸ ਵਿਚੋਂ ਮੁਢੱਲੇ ਸਮਾਜ, ਕਬੀਲਿਆਈ ਰਾਜ, ਸਭਿਆਚਾਰਾਂ ਦੇ ਝਗੜੇ, ਯਾਤਰੀਆਂ ਦੇ ਸਫਰਨਾਮੇ, ਕਿਸਾਨ, ਜ਼ਿਮੀਦਾਰ ਤੇ ਰਾਜ ਸੱਤਾ, ਬਸਤੀਵਾਦ ਤੇ ਦਿਹਾਤ, ਦੇਸ਼ ਦੀ ਵੰਡ ਨੂੰ ਸਮਝਣ ਦੇ ਸਾਰੇ ਪਾਠ ਕੱਟ ਦਿੱਤੇ। ਭੂਗੋਲ ਵਿਚੋਂ ਧਰਤੀ ਦੀ ਉਤਪਤੀ, ਸਮੁੰਦਰ, ਪਾਣੀ, ਜਲਵਾਯੂ ਤੇ ਕੁਦਰਤੀ ਆਫਤਾਂ, ਕੌਮਾਂਤਰੀ ਵਪਾਰ, ਭਾਰਤੀ ਲੋਕ ਤੇ ਅਰਥਚਾਰਾ, ਜ਼ਮੀਨੀ ਸ੍ਰੋਤ ਤੇ ਖੇਤੀਬਾੜੀ, ਸੰਚਾਰ, ਉਦਯੋਗ ਤੇ ਉਤਪਾਦਨ ਆਦਿ ਵਿਸ਼ਿਆਂ ਨੂੰ ਤਿਲਾਂਜਲੀ ਦੇ ਦਿੱਤੀ। ਸਮਾਜ ਵਿਗਿਆਨ ਵਿਚ ਖੋਜ, ਸਮਾਜ ਦੀਆਂ ਪਰਤਾਂ, ਸਮਾਜਿਕ ਬਣਤਰ, ਸਮਾਜ ਤੇ ਵਾਤਾਵਰਨ, ਬਾਜ਼ਾਰ ਇੱਕ ਸਮਾਜਿਕ ਸੰਸਥਾ, ਭਾਰਤੀ ਜਮਹੂਰੀਅਤ ਦੀ ਕਹਾਣੀ, ਵਿਸ਼ਵੀਕਰਨ ਅਤੇ ਸਮਾਜਿਕ ਬਦਲਾਓ, ਮੀਡੀਆ ਤੇ ਵਾਰਤਾਲਾਪ ਵਰਗੇ ਅਹਿਮ ਵਿਸ਼ੇ ਬੋਲੋੜੇ ਸਮਝ ਲਏ ਗਏ। ਗ੍ਰਹਿ ਵਿਗਿਆਨ ਵਿਚੋਂ ਗਭਰੇਟਾਂ ਵਿਚ ਵਾਰਤਾਲਾਪ ਦੀ ਮੁਹਾਰਤ, ਬੱਚਿਆਂ ਦਾ ਪਾਲਣ ਪੋਸ਼ਣ, ਬਾਲਗਾਂ ਦੀਆਂ ਜ਼ਿੰਮੇਵਾਰੀਆਂ ਤੇ ਹੱਕ, ਭੋਜਨ ਸੇਵਾਵਾਂ ਦਾ ਪ੍ਰਬੰਧਨ, ਕੱਪੜਾ ਉਦਯੋਗ ਵਿਚ ਗੁਣਵਤਾ ਕੰਟਰੋਲ, ਮਨੁੱਖੀ ਸ੍ਰੋਤ ਪ੍ਰਬੰਧਨ ਆਦਿ ਖਤਮ ਕਰ ਦਿੱਤੇ। ਮਨੋਵਿਗਿਆਨ ਵਿਚੋਂ ਸੰਕਲਪਾਂ ਰਾਹੀਂ ਸਿੱਖਣਾ, ਸੋਚਣ ਪ੍ਰਕਿਰਿਆ, ਪ੍ਰੋਤਸਾਹਨ ਤੇ ਸੰਵੇਦਨਾਵਾਂ, ਸਮਾਜਿਕ ਪਛਾਣ, ਸਹਿਯੋਗ ਤੇ ਮੁਕਾਬਲਾ, ਸਮੂਹ ਪ੍ਰਕਿਰਿਆਵਾਂ, ਸਮੂਹਾਂ ਦੇ ਆਪਸੀ ਝਗੜੇ, ਮਨੋਵਿਗਿਆਨ ਤੇ ਜੀਵਨ ਆਦਿ ਵਿਸ਼ਿਆਂ ਦੀ ਵੀ ਅਹਿਮੀਅਤ ਖਤਮ ਕਰ ਦਿੱਤੀ। ਕਾਨੂੰਨ ਵਿਗਿਆਨ ਵਿਚ ਮਨੁੱਖੀ ਅਧਿਕਾਰ, ਬੱਚਿਆਂ ਦੇ ਅਧਿਕਾਰ, ਗਭਰੇਟਾਂ ਦੇ ਅਧਿਕਾਰ, ਜਾਇਦਾਦ ਉਪਰ ਅਧਿਕਾਰ, ਪਰਿਵਾਰਕ ਨਿਆਂ, ਕਾਨੂੰਨੀ ਸਹਾਇਤਾ ਅਥਾਰਟੀ, ਅੰਗਰੇਜ਼ੀ ਰਾਜ ਵਿਚ ਨਿਆਂ ਪ੍ਰਣਾਲੀ, ਅਮਰੀਕਾ, ਇੰਗਲੈਂਡ, ਫਰਾਂਸ, ਜਰਮਨੀ, ਸਿੰਗਾਪੁਰ ਤੇ ਚੀਨ ਵਰਗੇ ਦੇਸ਼ਾਂ ਵਿਚ ਕਾਨੂੰਨੀ ਪੜ੍ਹਾਈ ਤੇ ਨਿਆਂ ਪ੍ਰਣਾਲੀ ਵੀ ਕਰੋਨਾ ਦੇ ਨਾਮ ਤੇ ਕੱਢ ਦਿੱਤੀ।

ਭੌਤਿਕੀ ਵਿਗਿਆਨ: ਰਸਾਇਣ ਵਿਗਿਆਨ ਵਿਚੋਂ ਤੱਤ, ਅਣੂ, ਪਰਮਾਣੂ, ਡਾਲਟਨ ਦਾ ਪਰਮਾਣੂ ਸਿਧਾਂਤ, ਪਰਮਾਣੂ ਦੀ ਸੰਰਚਨਾ, ਗੈਸਾਂ ਦਾ ਵਤੀਰਾ, ਪੀਰੀਓਡਿਕ ਟੇਬਲ (ਤੱਤ ਸਾਰਨੀ) ਵਾਤਾਵਰਨਕ ਰਸਾਇਣ ਵਿਗਿਆਨ, ਕਲੋਰੋਮੀਥੇਨਜ਼, ਆਇਡੋਫਾਰਮ ਤੇ ਡੀਡੀਟੀ ਦੇ ਵਾਤਾਵਰਨ ਉੱਪਰ ਪ੍ਰਭਾਵ, ਸੋਡੀਅਮ ਤੇ ਕੈਲਸ਼ੀਅਮ ਦੇ ਸਾਲਟ, ਕਾਰਬਨ ਤੇ ਸਿਲੀਕਾਨ ਪਦਾਰਥ, ਸੋਡੀਅਮ ਪੋਟਾਸ਼ੀਅਮ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਜੈਵ ਵਿਗਿਆਨ ਵਿਚ ਮਹੱਤਤਾ, ਕਾਰਬਨੀ ਪਦਾਰਥਾਂ ਦੀ ਸ਼ੁਧਤਾ ਅਤੇ ਉਨ੍ਹਾਂ ਦਾ ਗੁਣਾਤਮਕ ਤੇ ਗਿਣਾਤਮਕ ਵਿਸ਼ਲੇਸ਼ਣ, ਰੋਜ਼ਾਨਾ ਜੀਵਨ ਵਿਚ ਰਸਾਇਣ ਵਿਗਿਆਨ ਦੀ ਮਹੱਤਤਾ ਆਦਿ ਅਹਿਮ ਪਾਠ ਕੱਢ ਦਿੱਤੇ ਜਾਂ ਨਚੋੜ ਦਿੱਤੇ। ਭੌਤਿਕ ਵਿਗਿਆਨ ਵਿਚੋਂ ਇਲੈਕਟਰੀਸਿਟੀ, ਮੈਗਨੇਟਿਜ਼ਮ, ਇਲੈਕਟਰੋ ਮੈਗਨੇਟਿਜ਼ਮ, ਰੇਡੀਓ ਐਕਟਿਵਿਟੀ ਵਰਗੇ ਵਿਸ਼ੇ ਕੱਢ ਕੇ ਭੌਤਿਕ ਵਿਗਿਆਨ ਜਿਹੜੀ ਡਾਕਟਰੀ, ਇੰਜਨੀਅਰਿੰਗ, ਉਚ ਵਿਗਿਆਨ ਪੜ੍ਹਾਈ ਅਤੇ ਖੋਜਾਂ ਲਈ ਅਹਿਮ ਹੈ, ਦਾ ਭੋਗ ਪਾ ਦਿੱਤਾ ਗਿਆ ਹੈ।

ਜੈਵ ਵਿਗਿਆਨ ਵਿਚ ਜੀਵਾਂ ਦੇ ਵਿਗਿਆਨਕ ਨਾਮਕਰਨ ਦੀ ਵਿਧੀ, ਪੌਦਿਆਂ ਵਿਚ ਖਣਿਜਾਂ, ਪਾਣੀ ਅਤੇ ਆਹਾਰ ਦੀ ਪਹੁੰਚ ਤੇ ਸੰਚਾਰ ਦੀਆਂ ਵਿਧੀਆਂ, ਪੌਦਿਆਂ ਦੀ ਕੋਸ਼ਿਕਾ ਦਾ ਵਿਕਾਸ, ਮਨੁੱਖੀ ਸਰੀਰ ਵਿਚ ਪ੍ਰੋਟੀਨ ਊਰਜਾ ਕੁਪੋਸ਼ਣ, ਜਰਕਾਨ (ਪੀਲੀਆ) ਤੇ ਟੱਟੀਆਂ ਉਲਟੀਆਂ ਵਰਗੀਆਂ ਲਾਗ ਦੀਆਂ ਬਿਮਾਰੀਆਂ, ਗਿਲ੍ਹੜ ਤੇ ਜੋੜਾਂ ਦੀ ਸੋਜਸ਼, ਪੰਜ ਗਿਆਨ ਇੰਦਰੇ, ਪੱਠਿਆਂ ਤੇ ਹੱਡੀਆਂ ਦੇ ਸਹਾਰੇ ਪੰਜ ਕਰਮ ਇੰਦਰੇ, ਪ੍ਰਜਣਨ ਪ੍ਰਕਿਰਿਆ, ਜੀਵਨ ਦੀ ਉਤਪਤੀ, ਡਾਰਵਿਨ ਦਾ ਸਿਧਾਂਤ, ਐਵੋਲਿਊਸ਼ਨ, ਮਨੁੱਖੀ ਕ੍ਰਮਕ ਵਿਕਾਸ, ਮੈਂਡਲ ਦਾ ਵੰਸਾਵਲੀ ਦਾ ਸਿਧਾਂਤ, ਵਾਤਾਵਰਨੀ ਪ੍ਰਣਾਲੀਆਂ, ਜਲ ਪ੍ਰਦੂਸ਼ਣ ਅਤੇ ਜਲਵਾਯੂ ਬਦਲਾਓ ਵਰਗੇ ਅਹਿਮ ਤੇ ਮੂਲ ਵਿਸ਼ਿਆਂ ਉਪਰ ਵੀ ਕੈਂਚੀ ਫੇਰ ਦਿੱਤੀ ਹੈ।

ਗਣਨਾ ਵਿਗਿਆਨ: ਗਣਿਤ ਵਿਚ ਗਣਿਤਕ ਤਰਕਵਾਦ ਖਤਮ, ਅੰਕੜਿਆਂ ਦੀਆਂ ਵੱਖ ਵੱਖ ਕਿਸਮਾਂ, ਉਨ੍ਹਾਂ ਦੇ ਅਰਥ ਕੱਢਣ ਤੇ ਸਮਝਣ, ਬਾਈਨੋਮੀਅਲ ਸਿਧਾਂਤ, ਤਿੰਨ ਪਸਾਰੀ ਜੁਮੈਟਰੀ, ਹਿਸਾਬ ਕਿਤਾਬ ਨੂੰ ਸਮਝਣ, ਝੂਠੇ ਲੇਖਿਆਂ ਦੀ ਪਛਾਣ ਕਰਨ ਆਦਿ ਅਹਿਮ ਵਿਸ਼ਿਆਂ ਉਪਰ ਕਟੌਤੀ, ਤਰਕਸ਼ੀਲ ਸੋਚ ਦੇ ਧਾਰਨੀ ਬਣਨ ਤੋਂ ਮੂੰਹ ਮੁੜਵਾਉਣ ਦਾ ਕੋਝਾ ਯਤਨ ਹੈ।

ਭਾਸ਼ਾ ਵਿਗਿਆਨ: ਅੰਗਰੇਜ਼ੀ ’ਚ ਰਿਪੋਰਟਾਂ ਲਿਖਣੀਆਂ, ਸੰਪਾਦਕ ਨੂੰ ਸੁਝਾਅ ਤੇ ਸੋਧ ਵਾਸਤੇ ਪੱਤਰ ਲਿਖਣੇ, ਰਿਫਿਊਜੀਆਂ ਦੇ ਕਸ਼ਟ, ਨੌਕਰੀ ਵਾਸਤੇ ਚਿੱਠੀ ਪੱਤਰ, ਆਪਣਾ ਬਿਉਰਾ ਦੇਣ, ਨਵੀਆਂ ਮੁਹਿੰਮਾਂ ਤੇ ਜਾ ਕੇ ਕੋਈ ਨਵਾਂ ਕਰ ਗੁਜ਼ਰਨ ਦਾ ਪਾਠ ਤੇ ਹੋਰ ਬਹੁਤ ਕੁਝ ਨੂੰ ਕੱਢ ਦਿੱਤਾ ਗਿਆ ਹੈ। ਹਿੰਦੀ ਵਿਚ ਗਾਂਧੀ, ਨਹਿਰੂ, ਯਾਸਰ ਅਰਾਫਾਤ ਬਾਬਤ ਭੀਸ਼ਮ ਸਾਹਨੀ ਦਾ ਲੇਖ, ਨਵਾਂ ਸੰਸਾਰ ਕਵਿਤਾ ਦੀ ਸੋਚ ਅਨੁਸਾਰ ਸੁਹਣਾ ਸਮਾਜ ਸਿਰਜਣ ਦਾ ਵਿਚਾਰ ਦੇਣ ਵਾਲਾ ਲੇਖ, ਪੁਰਾਤਨ ਸ਼ਿਲਾਲੇਖ ਮੂਰਤੀਆਂ ਆਦਿ ਰਾਹੀਂ ਸੱਚ ਬੁਲਵਾਉਣ ਦੀ ਖੋਜ ਅਤੇ ਸੀਨੀਅਰ ਅਫਸਰਾਂ ਦੀਆਂ ਬੇਤੁਕੀਆਂ ਗੈਰ ਕਾਨੂੰਨੀ ਊਜਾਂ ਦਾ ਡਟ ਕੇ ਜਵਾਬ ਦੇਣਾ, ਬਨਾਰਸ ਦੀ ਹਕੀਕਤ ਬਿਆਨ ਕਰਦੀ ਕਵਿਤਾ ਸਮੇਂ ਦੀ ਸਰਕਾਰ ਦੇ ਗਲੇ ਵਿਚੋਂ ਦੀ ਭਲਾ ਕਿਵੇਂ ਉਤਰੇ?

ਇਸ ਵਰਤਾਰੇ ਨੂੰ ਤਾਕਤ ਦੀ ਦੁਰਵਰਤੋਂ, ਜਨ ਸਮੂਹਾਂ ਅਤੇ ਭਵਿੱਖ ਨਾਲ ਜੇ ਅੱਖੀਂ ਘਟਾ ਪਾਉਣਾ ਵੀ ਕਹਿ ਦਿੱਤਾ ਜਾਵੇ ਤਾਂ ਵਾਜਬ ਹੋਵੇਗਾ। ਸੱਚਮੁੱਚ ਵਿਸ਼ਾਵਾਰ ਪਾਠਕ੍ਰਮ ਵਿਚੋਂ ਮਨਫੀ ਕੀਤੇ ਵਿਸ਼ਿਆਂ ਦੇ ਤੱਥ ਤਾਂ ਇਹੀ ਦਰਸਾਉਂਦੇ ਹਨ ਕਿ ਕਰੋਨਾ ਤਾਂ ਮਿਲ ਗਿਆ ਹੈ ਇੱਕ ਬਹਾਨਾ, ਦਰਅਸਲ ਸਾਡੀਆਂ ਜੜ੍ਹਾਂ ਤੇ ਹੈ ਇਹ ਨਿਸ਼ਾਨਾ! ਇਨ੍ਹਾਂ ਵਿਸ਼ਿਆਂ ਦੀ ਥਾਂ ਅਗਲੇ ਸਾਲਾਂ ਵਿਚ ਆਰਐੱਸਐੱਸ ਦੀ ਸੋਚ ਦੇ ਵਿਸ਼ੇ, ਗੈਰ ਵਿਗਿਆਨਕ ਸਮੱਗਰੀ, ਜੋਤਿਸ਼, ਜਾਦੂ-ਟੂਣੇ, ਬ੍ਰਹਿਮੰਡ ਅਤੇ ਸੰਸਾਰ ਦੀ ਉਤਪਤੀ ਬਾਬਤ ਵਿਗਿਆਨ ਦੀ ਥਾਂ ਧਾਰਮਿਕ ਧਾਰਨਾਵਾਂ ਨੇ ਮੱਲ ਲੈਣੀ ਹੈ। ਧਰਮ ਨੇ ਜੋ ਜ਼ੁਲਮ ਆਰੀਆ ਭੱਟ, ਬੋਧੀਆਂ, ਕਾਪਰਨੀਕਸ, ਗਲੈਲੀਓ, ਬਰੂਨੋ, ਸੁਕਰਾਤ ਨਾਲ ਕੀਤੇ, ਇਹ ਵੀ ਉਨ੍ਹਾਂ ਹੀ ਜ਼ੁਲਮਾਂ ਦੀ ਨਵੀਂ ਕਹਾਣੀ ਦੀ ਸ਼ੁਰੂਆਤ ਹੈ। ਜੇ ਨਿਸ਼ੰਕ ਸ਼ੰਕਾ ਦੇ ਘੇਰੇ ਵਿਚ ਨਹੀਂ ਆਉਣਾ ਚਾਹੁੰਦੇ ਅਤੇ ਬੱਚਿਆਂ ਨਾਲ ਸੰਵਿਧਾਨ ਨਾਲ ਸੱਚਮੁੱਚ ਧੱਕਾ ਨਹੀਂ ਕਰਨਾ ਚਾਹੁੰਦੇ ਤਾਂ ਪੂਰੇ ਦੇ ਪੂਰੇ ਪਾਠ ਕੱਟਣ ਦੀ ਥਾਂ ਉਨ੍ਹਾਂ ਵਿਚ ਦਿੱਤੇ ਵਿਸਤਾਰ ਕੱਟ ਦੇਣ ਅਤੇ ਹਰ ਪਾਠ ਦੀ ਮੂਲ ਭਾਵਨਾ ਬਰਕਰਾਰ ਰੱਖੀ ਜਾਵੇ।

ਸੰਪਰਕ: 99145-05009