ਸੰਗਤਾਂ ਦੀ ਸ੍ਰੋਮਣੀ ਕਮੇਟੀ ਦੀਆਂ ਚੋਣਾਂ ਵਿਚ ਦਿਲਚਸਪੀ ਨਹੀਂ
ਪੰਜਵੀਂ ਵਾਰ ਵਧੀ ਸ੍ਰੋਮਣੀ ਕਮੇਟੀ ਲਈ ਵੋਟਾਂ ਬਣਾਉਣ ਦੀ ਤਰੀਕ !
ਅੰਮ੍ਰਿਤਸਰ ਟਾਈਮਜ਼ ਬਿਊਰੋ
ਜਲੰਧਰ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਜਨਰਲ ਚੋਣਾਂ ਦੇ ਲਈ ਵੋਟਿੰਗ ਦੀ ਤਰੀਕ ਵਧਾ ਦਿੱਤੀ ਗਈ ਹੈ। ਹੁਣ 31 ਅਕਤੂਬਰ 2024 ਤੱਕ ਵੋਟਾਂ ਬਣਾਈਆਂ ਜਾ ਸਕਣਗੀਆਂ। ਪਹਿਲਾਂ 16 ਸਤੰਬਰ ਨੂੰ ਅਖੀਰਲੀ ਤਰੀਕ ਮਿਥੀ ਗਈ ਸੀ। ਚੀਫ ਕਮਿਸ਼ਨਰ ਗੁਰਦੁਆਰਾ ਚੋਣ ਨੇ ਨੋਟਿਫਿਕੇਸ਼ਨ ਜਾਰੀ ਕਰਕੇ ਜਾਣਕਾਰੀ ਸਾਂਝੀ ਕੀਤੀ ਹੈ।
ਸਿੱਖ ਸੰਗਤਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੂੰ ਲੈਕੇ ਸੁਸਤ ਰਵੱਈਏ ਦੀ ਵਜ੍ਹਾ ਕਰਕੇ ਹੁਣ ਤੱਕ ਕਈ ਵਾਰ ਵੋਟਾਂ ਬਣਾਉਣ ਦੀ ਤਰੀਕ ਨੂੰ ਵਧਾਇਆ ਜਾ ਚੁੱਕਿਆ ਹੈ। ਇਸ ਤੋਂ ਪਹਿਲਾਂ 31 ਜੁਲਾਈ ਨੂੰ ਤਰੀਕ ਵਧਾਕੇ 16 ਸਤੰਬਰ ਕੀਤੀ ਗਈ ਸੀ। 31 ਜੁਲਾਈ ਤੱਕ ਸਿਰਫ਼ ਅੱਧੀਆਂ ਹੀ 25 ਲੱਖ ਤੱਕ ਹੀ ਵੋਟਾਂ ਬਣੀਆਂ ਸਨ ਜਦਕਿ 2011 ਦੀਆਂ ਚੋਣਾਂ ਵਿੱਚ 50 ਲੱਖ ਤੋਂ ਵੱਧ ਸਿੱਖ ਸੰਗਤ ਨੇ ਵੋਟਾਂ ਬਣਾਈਆਂ ਸਨ। ਸ੍ਰੋਮਣੀ ਕਮੇਟੀਆਂ ਦੀਆਂ ਚੋਣਾਂ ਦੇ ਲਈ ਵੋਟਰ ਦੀ ਉਮਰ 21 ਸਾਲ ਉਮਰ ਤੈਅ ਕੀਤੀ ਗਈ ਹੈ। ਘੱਟ ਵੋਟਾਂ ਬਣਾਉਣ ਦੀ ਵਜ੍ਹਾ ਕਰਕੇ ਗੁਰਦੁਆਰਾ ਚੋਣ ਕਮਿਸ਼ਨ ਨੇ ਪਿਛਲੀ ਵਾਰ ਮਹਿਲਾਵਾਂ ਨੂੰ ਫਾਰਮ ‘ਤੇ ਫੋਟੋ ਨਾ ਲਗਾਉਣ ਦੀ ਛੋਟ ਦੇ ਦਿੱਤੀ ਸੀ। 31 ਜੁਲਾਈ ਤੋਂ ਪਹਿਲਾਂ 30 ਅਪ੍ਰੈਲ ਤੱਕ ਨਵੀਆਂ ਵੋਟਾਂ ਲਈ ਫਾਰਮ ਭਰੇ ਜਾਣ ਦੀ ਤਰੀਕ ਮਿੱਥੀ ਗਈ ਸੀ।
ਸਭ ਤੋਂ ਪਹਿਲਾਂ 21 ਅਕਤੂਬਰ ਤੋਂ 15 ਨਵੰਬਰ 2023 ਤੱਕ ਵੋਟ ਬਣਾਉਣ ਦੀ ਤਰੀਕ ਮਿੱਥੀ ਗਈ ਸੀ ਪਰ ਸਿਰਫ਼ 10 ਫੀਸਦੀ ਵੋਟਾਂ ਬਣੀਆਂ ਹੋਣ ਦੀ ਵਜ੍ਹਾ ਕਰਕੇ ਅਖੀਰਲੇ ਦਿਨ ਨੋਟਿਫਿਕੇਸ਼ਨ ਜਾਰੀ ਕਰਕੇ ਇਸ ਨੂੰ ਵਧਾ ਕੇ 29 ਫਰਵਰੀ 2024 ਕਰ ਦਿੱਤਾ ਗਿਆ ਸੀ।
Comments (0)