*ਸਮਰਾਲਾ ਵਿੱਚ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰੀਆਂ
ਅੰਮ੍ਰਿਤਸਰ ਟਾਈਮਜ਼ ਬਿਊਰੋ
ਸਮਰਾਲਾ- ਲੋਕ ਸਭਾ ਚੋਣਾਂ ਦੌਰਾਨ ਬੇਅਦਬੀ ਦੀਆਂ ਦੋ ਘਟਨਾਵਾਂ ਵਾਪਰ ਚੁਕੀਆਂ ਹਨ,ਜਿਸ ਦੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨਿਖੇਧੀ ਵੀ ਕੀਤੀ ਹੈ।ਸਿਖ ਸੰਗਤ ਵਿਚ ਇਨ੍ਹਾਂ ਘਟਨਾਵਾਂ ਬਾਰੇ ਸਖਤ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਯਾਦ ਰਹੇ ਕਿ ਪੰਜਾਬ ਵਿੱਚ 'ਗੁਰੂ ਗ੍ਰੰਥ ਸਾਹਿਬ' ਦੀ ਬੇਅਦਬੀ ਦੀਆਂ ਮੰਦਭਾਗੀਆਂ ਘਟਨਾਵਾਂ 2015 ਤੋਂ ਵਾਪਰ ਰਹੀਆਂ ਹਨ। ਜਦੋਂ 2015 ਵਿੱਚ ਬੁਰਜ ਜਵਾਹਰ ਸਿੰਘ ਵਿੱਚ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਪਾੜ੍ਹ ਕੇ ਗਲ਼ੀਆਂ ਵਿੱਚ ਖਿਲਾਰੇ ਗਏ ਤਾਂ ਉਸ ਤੋਂ ਬਾਅਦ ਦੇਸ਼-ਵਿਦੇਸ਼ ਵਿੱਚ ਸਿੱਖ ਜਗਤ ਅੰਦਰ ਇੱਕ ਵਿਆਪਕ ਰੋਸ ਦੇਖਣ ਨੂੰ ਮਿਲ਼ਿਆ ਸੀ।ਜਿਸ ਤੋਂ ਬਾਅਦ ਕੁਝ ਪੰਥਕ ਜਥੇਬੰਦੀਆਂ ਵਲੋਂ ਇਨਸਾਫ ਲਈ ਮੋਰਚਾ ਵੀ ਲਗਾਇਆ ਗਿਆ, ਜਿਸ ਵਿੱਚ ਪੁਲਿਸ ਗੋਲ਼ੀ ਨਾਲ਼ ਬਰਗਾੜੀ ਵਿੱਚ ਦੋ ਸਿੱਖ ਨੌਜਵਾਨ ਵੀ ਮਾਰੇ ਗਏ ਸਨ।ਇਸ ਤੋਂ ਬਾਅਦ ਉਸ ਵੇਲੇ ਦੀ ਅਕਾਲੀ ਸਰਕਾਰ ਵਲੋਂ ਬੇਅਦਬੀਆਂ ਦੇ ਦੋਸ਼ੀਆਂ ਜਾਂ ਉਸਦੇ ਸਾਜ਼ਿਸ਼ਕਾਰਾਂ ਨੂੰ ਲੱਭਣ ਲਈ ਕਮਿਸ਼ਨ ਬਿਠਾਏ ਗਏ, ਫਿਰ 2017 ਵਿੱਚ ਸਰਕਾਰ ਬਦਲ ਗਈ ਤਾਂ ਨਵੀਂ ਕਾਂਗਰਸ ਸਰਕਾਰ ਵਲੋਂ ਵੀ ਦੋਸ਼ੀਆਂ ਨੂੰ ਸਜ਼ਾਵਾਂ ਦੇਣ ਲਈ ਨਵੇਂ ਕਮਿਸ਼ਨ ਬਿਠਾਏ, ਪਰ ਕੋਈ ਠੋਸ ਨਤੀਜੇ ਸਾਹਮਣੇ ਨਹੀਂ ਆਏ।ਆਪ ਸਰਕਾਰ ਆਈ ਉਹ ਟਾਲਮਟੋਲ ਦੀ ਨੀਤੀ ਉਪਰ ਹੈ।
ਪਿਛਲ਼ੇ 9 ਸਾਲਾਂ ਵਿੱਚ ਇਨ੍ਹਾਂ ਧਿਰਾਂ ਵਲੋਂ ਕਈ ਵਾਰ ਮੋਰਚੇ ਲਾਏ ਗਏ ਤੇ ਕਈ ਵਾਰ ਉਠਾਏ ਗਏ।ਜਿਸ ਨਾਲ਼ ਉਨ੍ਹਾਂ ਪ੍ਰਤੀ ਵੀ ਸਿਖਾਂ ਵਿੱਚ ਬੇਭਰੋਸਗੀ ਵਧੀ ਹੈ।ਪਰ ਇਸ ਵਰਤਾਰੇ ਬਾਰੇ ਸਿੱਖ ਜਥੇਬੰਦੀਆਂ ਜਾਂ ਲੀਡਰਸ਼ਿਪ ਵਲੋਂ ਕਦੇ ਵੀ ਗੰਭੀਰਤਾ ਨਾਲ਼ ਵਿਚਾਰ ਨਹੀਂ ਕੀਤੀ ਗਈ ਕਿ ਆਖਿਰ ਅਜਿਹੀਆਂ ਘਟਨਾਵਾਂ ਸਿੱਖਾਂ ਨਾਲ਼ ਹੀ ਕਿਉਂ ਵਾਪਰ ਰਹੀਆਂ ਹਨ? ਇਨ੍ਹਾਂ ਘਟਨਾਵਾਂ ਪਿਛਲੇ ਕਾਰਨਾਂ ਨੂੰ ਲੱਭਣ ਲਈ ਕੋਈ ਸੁਹਿਰਦ ਯਤਨ ਹੁੰਦਾ ਨਜ਼ਰ ਨਹੀਂ ਆਇਆ? ਇਸੇ ਤਰ੍ਹਾਂ ਸਿੱਖਾਂ ਦੀ ਚੁਣੀ ਹੋਈ ਨੁਮਇੰਦਾ ਸੰਸਥਾ ਸ਼੍ਰੋਮਣੀ ਕਮੇਟੀ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਵੀ ਆਪਣੇ ਤੌਰ ਤੇ ਇਨ੍ਹਾਂ ਘਟਨਾਵਾਂ ਦੀ ਨਿਰਪੱਖ ਜਾਂਚ ਕਰਨ, ਘਟਨਾਵਾਂ ਦੇ ਕਾਰਨਾਂ ਨੂੰ ਲੱਭਣ, ਗੁਰੂ ਗ੍ਰੰਥ ਸਾਹਿਬ ਦੀ ਸੁਰੱਖਿਆ ਲਈ ਗੁਰਦੁਆਰਿਆਂ ਨੂੰ ਹਦਾਇਤਾਂ ਦੇਣ ਆਦਿ ਬਾਰੇ ਕੋਈ ਕਾਰਵਾਈ ਕੀਤੀ ਨਜ਼ਰ ਨਹੀਂ ਆਉਂਦੀ?
ਇਸ ਕਾਰਣ ਬੇਅਦਬੀ ਦੋਸ਼ੀਆਂ ਦੇ ਹੌਂਸਲੇ ਬੁਲੰਦ ਹਨ।ਬੇਅਦਬੀਆਂ ਦੇ ਜੇ ਦੋਸ਼ੀ ਫੜੇ ਜਾਂਦੇ ਹਨ ਪੁਲੀਸ ਵਲੋਂ ਉਨ੍ਹਾਂ ਨੂੰ ਮਾਨਸਿਕ ਰੋਗੀ ਕਰਾਰ ਦੇ ਦਿਤਾ ਜਾਂਦਾ ਹੈ।ਪੁਲਿਸ ਦੇ ਢਿਲੇ ਕੇਸ ਕਾਰਣ ਜਮਾਨਤਾਂ ਹੋ ਜਾਂਦੀਆਂ ਹਨ।ਇਸ ਵਾਰ ਲੋਕ ਸਭਾ ਚੋਣਾਂ ਦੌਰਾਨ ਬੇਅਦਬੀ ਮੁਦਾ ਨਹੀਂ ਬਣੀ ,ਹਾਲਾਕਿ ਇਨ੍ਹਾਂ ਚੋਣਾਂ ਦੌਰਾਨ ਦੋ ਬੇਅਦਬੀਆਂ ਹੋ ਚੁਕੀਆਂ ਹਨ।
ਪਿੰਡ ਢਿਲਵਾਂ ਵਿਚ ਬੇਅਦਬੀ
ਪਿੰਡ ਢਿੱਲਵਾਂ ਦੇ ਗੁਰਦੁਆਰਾ ਸਾਹਿਬ ਵਿੱਚ ਬੀਤੇ ਹਫਤੇ ਇਕ ਮੰਦਬੁੱਧੀ ਔਰਤ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਮਾਮਲੇ ਦੀ ਜਾਂਚ ਲਈ ਪੁੱਜੇ ਗੁੁਰਦੁਆਰਾ ਚਰਨਕੰਵਲ ਸਾਹਿਬ ਮਾਛੀਵਾੜਾ ਦੇ ਕਥਾਵਾਚਕ ਇਕਨਾਮ ਸਿੰਘ ਨੇ ਦੱਸਿਆ ਸੀ ਕਿ ਇਹ ਘਟਨਾ ਉਸ ਵੇਲੇ ਵਾਪਰੀ ਜਦੋਂ ਗੁੁਰਦੁਆਰੇ ਦਾ ਗ੍ਰੰਥੀ ਸਵੇਰੇ ਪੰਜ ਵਜੇ ਨਿਤਨੇਮ ਦੇ ਭੋਗ ਪਾ ਕੇ ਆਪਣੇ ਕਮਰੇ ਵਿੱਚ ਗਿਆ ਹੋਇਆ ਸੀ। ਸੀਸੀਟੀਵੀ ਦੀ ਜਾਂਚ ਮਗਰੋਂ ਪਤਾ ਲੱਗਾ ਕਿ ਗ੍ਰੰਥੀ ਸਿੰਘ ਦੇ ਬਾਹਰ ਜਾਣ ਤੋਂ ਬਾਅਦ ਇਹ ਔਰਤ ਗੁਰਦੁਆਰੇ ਅੰਦਰ ਦਾਖਲ ਹੋਈ। ਮਗਰੋਂ ਇਸ ਨੇ ਬੇਅਦਬੀ ਦੀ ਘਟਨਾ ਨੂੰ ਅੰਜ਼ਾਮ ਦਿੱਤਾ। ਐੱਸਐੱਚਓ ਰਾਓ ਵਰਿੰਦਰ ਸਿੰਘ ਨੇ ਦੱਸਿਆ ਕਿ ਘਟਨਾ ਸਬੰਧੀ ਜਸਵੰਤ ਕੌਰ (40) ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਕਿ ਮੰਦਬੁੱਧੀ.ਹੈ।
ਗੁਟਕਾ ਸਾਹਿਬ ਨੂੰ ਅੱਗ ਲਾਕੇ ਛੱਤ ਉਪਰ ਸੁਟੇ, ਔਰਤ ਸਮੇਤ 3 ਗਿ੍ਫ਼ਤਾਰ
ਖੰਨਾ ਦੇ ਸਮਰਾਲਾ ਵਿਚ ਬੇਅਦਬੀ ਦੀ ਦੂਜੀ ਘਟਨਾ ਵਾਪਰੀ ਹੈ। ਪਿੰਡ ਬਾਂਬਾ ਵਿੱਚ ਇੱਕ ਘਰ ਅੰਦਰ ਗੁਟਕਾ ਸਾਹਿਬ ਨੂੰ ਅੱਗ ਲਾ ਦਿੱਤੀ ਗਈ ਸੀ। ਅੰਗ ਪਾੜ ਕੇ ਛੱਤ ‘ਤੇ ਸੁੱਟ ਦਿੱਤੇ ਗਏ।ਸਤਿਕਾਰ ਕਮੇਟੀ ਦੇ ਮਨਦੀਪ ਸਿੰਘ ਨੇ ਇਸ ਘਟਨਾ ਪਿੱਛੇ ਸਥਾਨਕ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਣਗਹਿਲੀ ਦਾ ਕਾਰਨ ਦੱਸਿਆ ਸੀ। ਜਿਸਨੂੰ ਇਸ ਘਟਨਾ ਬਾਰੇ ਪਤਾ ਸੀ। ਪਰ ਪੁਲਿਸ ਨੂੰ ਨਹੀਂ ਦੱਸਿਆ ਗਿਆ। ਕਮੇਟੀ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ।
ਡੀਐਸਪੀ ਤਰਲੋਚਨ ਸਿੰਘ ਨੇ ਦੱਸਿਆ ਕਿ ਪੁਲੀਸ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਾਂਬਾ ਦੇ ਵਾਸੀ ਟਹਿਲ ਸਿੰਘ, ਸਰਬਜੀਤ ਸਿੰਘ, ਅਮਰਜੀਤ ਕੌਰ ਨੇ ਗੁਟਕਾ ਸਾਹਿਬ ਨੂੰ ਅੱਗ ਲਾ ਕੇ ਨੀਲੋ ਨਹਿਰ ਵਿੱਚ ਪਾਣੀ ਛੱਡਿਆ ਹੈ। ਇਸ ਮਗਰੋਂ ਘਰ ਵਿੱਚ ਪਏ ਗੁਟਕਾ ਸਾਹਿਬ ਦੇ ਅੰਗ ਪਾੜ ਕੇ ਛੱਤ ’ਤੇ ਸੁੱਟ ਦਿੱਤੇ ਗਏ। ਇਹ ਦੇਖ ਕੇ ਆਸ-ਪਾਸ ਦੇ ਲੋਕਾਂ ਨੇ ਵਿਰੋਧ ਕੀਤਾ ਤਾਂ ਮੁਲਜ਼ਮਾਂ ਨੇ ਉਨ੍ਹਾਂ ਨਾਲ ਬਹਿਸ ਵੀ ਕੀਤੀ। ਪੁਲੀਸ ਨੇ ਤਿੰਨੋਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।
ਜਥੇਦਾਰ ਵਲੋਂ ਬੇਅਦਬੀ ਘਟਨਾਵਾਂ ਦਾ ਸਖਤ ਨੋਟਿਸ
ਲੁਧਿਆਣਾ ਜਿਲ੍ਹੇ ਦੇ ਪਿੰਡ ਬੰਬਾਂ ਵਿਖੇ ਗੁਟਕਾ ਸਾਹਿਬ ਦੀ ਬੇਅਦਬੀ ਅਤੇ ਸਮਰਾਲਾ ਨੇੜਲੇ ਪਿੰਡ ਢਿੱਲਵਾਂ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੀ ਬੇਅਦਬੀ ਦੀਆਂ ਵਾਪਰੀਆਂ ਘਟਨਾਵਾਂ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਤੇ ਸਖਤ ਨੋਟਿਸ ਲੈਂਦਿਆਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਨੇ ਪੰਜਾਬ ਸਰਕਾਰ ਨੂੰ ਕਿਹਾ ਹੈ ਕਿ ਦੋਸ਼ੀਆਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ । ਜਥੇਦਾਰ ਨੇ ਆਖਿਆ ਕਿ ਡੂੰਘੀ ਅਤੇ ਸੋਚੀ-ਸਮਝੀ ਸਾਜ਼ਿਸ਼ ਤਹਿਤ ਪਿਛਲੇ ਅਰਸੇ ਤੋਂ ਲਗਾਤਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀਆਂ ਅਸਹਿਣਯੋਗ ਘਟਨਾਵਾਂ ਦਾ ਸਿਲਸਿਲਾ ਰੁਕਣ ਦਾ ਨਾਂਅ ਨਹੀਂ ਲੈ ਰਿਹਾ। ਉਨ੍ਹਾਂ ਕਿਹਾ ਕਿ ਲੁਧਿਆਣਾ ਜ਼ਿਲ੍ਹੇ ਵਿਚ ਬੇਅਦਬੀ ਦੀਆਂ ਦੋਵੇਂ ਘਟਨਾਵਾਂ ਦੇ ਦੋਸ਼ੀ ਫੜੇ ਗਏ ਹਨ ਅਤੇ ਹੁਣ ਪੁਲਿਸ ਤੇ ਕਾਨੂੰਨ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਦੋਸ਼ੀਆਂ ਕੋਲੋਂ ਪੁੱਛਗਿੱਛ ਕਰਕੇ ਸਾਜਿਸ਼ਕਾਰਾਂ ਨੂੰ ਵੀ ਸਾਹਮਣੇ ਲਿਆਵੇ ਤੇ ਸਾਰੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿੱਤੀਆਂ ਜਾਣ।
Comments (0)