ਸਿੱਖਾਂ ’ਤੇ ਨਸਲੀ ਹਮਲੇ  ਕਾਰਣ  ਜਥੇਦਾਰ ਚਿੰਤਤ

ਸਿੱਖਾਂ ’ਤੇ ਨਸਲੀ ਹਮਲੇ  ਕਾਰਣ  ਜਥੇਦਾਰ ਚਿੰਤਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਤਲਵੰਡੀ ਸਾਬੋ: ਦੇਸ਼ ਅਤੇ ਵਿਦੇਸ਼ ਵਿੱਚ ਸਿੱਖਾਂ ਉੱਤੇ ਹੋ ਰਹੇ ਨਸਲੀ ਹਮਲਿਆਂ ਤੇ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਤੇ ਤਖ਼ਤ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਚਿੰਤਾ ਜ਼ਾਹਿਰ ਕੀਤੀ ਹੈ।  ਜਥੇਦਾਰ ਹਰਪ੍ਰੀਤ ਸਿੰਘ ਨੇ ਦਿੱਲੀ ਵਿੱਚ ਇੱਕ ਸਿੱਖ ਨੌਜਵਾਨ ਨੂੰ ਕ੍ਰਿਪਾਨ ਪਹਿਨ ਕੇ ਮੈਟਰੋ ਵਿੱਚ ਸਫ਼ਰ ਕਰਨ ਤੋਂ ਰੋਕਣ ਬਾਰੇ ਕਿਹਾ ਕਿ ਭਾਰਤ ਵਿੱਚ ਸਿੱਖਾਂ ਦੇ ਧਾਰਮਿਕ ਕਕਾਰਾਂ ਨੂੰ ਮੁੱਦਾ ਬਣਾ ਕੇ ਪ੍ਰੇਸ਼ਾਨ ਕਰਨਾ ਇਹ ਦਰਸਾਉਂਦਾ ਹੈ ਕਿ ਇਸ ਪਿੱਛੇ ਜ਼ਰੂਰ ਕੋਈ ਡੂੰਘੀ ਚਾਲ ਹੈ। ਉਨ੍ਹਾਂ ਕਿਹਾ ਕਿ ਵਿਦੇਸ਼ਾਂ ਵਿੱਚ ਸਿੱਖ ਪਛਾਣ ਇੱਕ ਮਸਲਾ ਹੈ, ਜਿਸ ਨੂੰ ਹੱਲ ਕਰਨ ਦੀ ਲੋੜ ਹੈ।

ਬੀਤੇ ਦਿਨੀਂ ਨਿਊਯਾਰਕ ਵਿੱਚ ਇੱਕ ਸਿੱਖ ਬਜ਼ੁਰਗ ਤੇ ਹੋਏ ਨਸਲੀ ਹਮਲੇ ਦੀ ਨਿਖੇਧੀ ਕਰਦਿਆਂ ਜਥੇਦਾਰ ਨੇ ਕਿਹਾ ਕਿ ਵਿਦੇਸ਼ਾਂ ਦੀਆਂ ਗੁਰਦੁਆਰਾ ਕਮੇਟੀਆਂ ਅਤੇ ਸਿੱਖ ਜਥੇਬੰਦੀਆਂ ਨੂੰ ਇਸ ਘਟਨਾ ਖ਼ਿਲਾਫ਼ ਆਵਾਜ਼ ਉਠਾਉਣ ਦੇ ਨਾਲ-ਨਾਲ ਸਿੱਖ ਪਛਾਣ ਉਭਾਰਨ ਲਈ ਵਿਸ਼ੇਸ਼ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਮੋਹਣ ਸਿੰਘ ਬੰਗੀ, ਭਾਈ ਈਸ਼ਰ ਸਿੰਘ ਹੈਦਰਾਬਾਦ ਵਾਲੇ, ਭਾਈ ਗਿਆਨ ਸਿੰਘ ਬੁੰਗਾ ਮਸਤੂਆਣਾ ਹਾਜ਼ਰ ਸਨ।

ਪੀਲੀ ਭੀਤ ਜ਼ਿਲ੍ਹੇ ਵਿੱਚ ਅਗਨ ਭੇਟ ਹੋਏ ਪਾਵਨ ਸਰੂਪ ਸਬੰਧੀ ਚਿੰਤਾ ਪ੍ਰਗਟਾਈ

 ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ  ਕਿਹਾ ਕਿ ਗੁਰਦੁਆਰਿਆਂ ਵਿਚ ਬਿਜਲੀ ਉਪਕਰਨਾਂ ਦੀ ਸਹੀ ਵਰਤੋਂ ਨਾ ਹੋਣ ਕਾਰਨ ਪਾਵਨ ਸਰੂਪ ਅਗਨ ਭੇਟ ਹੋਣ ਦੀਆਂ ਦੁਖਦਾਈ ਘਟਨਾਵਾਂ ਵਾਪਰ ਰਹੀਆਂ ਹਨ। ਉਨ੍ਹਾਂ ਨੇ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਦੇ ਆਗੂਆਂ ਨੂੰ ਆਪਣੀ ਜ਼ਿੰਮੇਵਾਰੀ ਸੁਹਿਰਦਤਾ ਨਾਲ ਨਿਭਾਉਣ ਲਈ ਕਿਹਾ ਹੈ। ਉਨ੍ਹਾਂ ਯੂਪੀ ਦੇ ਪੀਲੀਭੀਤ ਜ਼ਿਲ੍ਹੇ ਦੇ ਮਜੌਲਾ ਸਥਿਤ ਗੁਰਦੁਆਰਾ ਸ੍ਰੀ ਸਿੰਘ ਸਭਾ ਵਿਖੇ ਬਿਜਲੀ ਦੇ ਸ਼ਾਰਟ ਸਰਕਟ ਕਾਰਨ ਪਾਵਨ ਸਰੂਪ ਅਗਨ ਭੇਟ ਹੋਣ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ। ਇਸ ਘਟਨਾ ਨਾਲ ਸਿੱਖ ਹਿਰਦਿਆਂ ਨੂੰ ਠੇਸ ਪੁੱਜੀ ਹੈ। ਉਨ੍ਹਾਂ ਕਿਹਾ ਕਿ ਨਿੱਤ ਦਿਨ ਅਜਿਹਾ ਹਾਦਸੇ ਵਾਪਰ ਰਹੇ ਹਨ, ਜੋ ਚਿੰਤਾ ਦਾ ਵਿਸ਼ਾ ਹੈ।