ਸਿੱਧੂ ਮੂਸੇਵਾਲਾ ਦੇ ਪਿਤਾ ਨੇ ਕਿਹਾ- ਸਿੱਧੂ ਦੀ ਬਰਸੀ ਤੋਂ ਪਹਿਲਾਂ ਲਾਰੈਂਸ ਦਾ ਇੰਟਰਵਿਊ ਸਾਨੂੰ ਧਮਕਾਉਣ ਦੀ ਕਾਰਵਾਈ
ਕਿਹਾ- 11 ਮਹੀਨੇ ਬਾਅਦ ਵੀ ਇਨਸਾਫ਼ ਨਾ ਦੇ ਸਕੀ ਸਰਕਾਰ
ਅੰਮ੍ਰਿਤਸਰ ਟਾਈਮਜ਼ ਬਿਊਰੋ
ਲੁਧਿਆਣਾ: ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਜੇਲ੍ਹ ਤੋਂ ਇੰਟਰਵਿਊ ਵਾਇਰਲ ਹੋਣ ਤੋਂ ਬਾਅਦ ਸਿੱਧੂ ਮੂਸੇਵਾਲਾ ਦੀ ਮਾਨਸਾ ਵਿਖੇ ਮਨਾਈ ਗਈ ਬਰਸੀ ਦੌਰਾਨ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਮੌਤ ਦੇ 11 ਮਹੀਨੇ ਬਾਅਦ ਵੀ ਇਨਸਾਫ਼ ਨਹੀਂ ਮਿਲਿਆ। ਉਨ੍ਹਾਂ ਦੀ ਸਿਰਫ ਇਹੀ ਮੰਗ ਹੈ ਕਿ ਉਨ੍ਹਾਂ ਦੇ ਪੁੱਤਰ ਦਾ ਕਤਲ ਕਰਨ ਵਾਲਿਆਂ ਨੂੰ ਸਖਤ ਸਜ਼ਾ ਦਿੱਤੀ ਜਾਵੇ। ਉੁਨ੍ਹਾਂ ਕਿਹਾ ਕਿ ਉਨ੍ਹਾਂ ਦੇ ਪੁੱਤਰ ਨੂੰ ਮਾਰਨ ਲਈ ਬਾਹਰੋਂ ਅਸਲਾ ਆਇਆ, ਜਦਕਿ ਮਾਰਨ ਵਾਲੇ ਕਈ ਲੋਕ ਤਾਂ ਜਾਣਦੇ ਵੀ ਨਹੀਂ ਸਨ ਕਿ ਸਿੱਧੂ ਮੂਸੇਵਾਲਾ ਕੌਣ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਪੁੱਤਰ ਸਿਆਸਤ ਵਿਚ ਆ ਕੇ ਮਾਨਸਾ ਦਾ ਵਿਕਾਸ ਕਰਨਾ ਚਾਹੁੰਦਾ ਸੀ, ਪਰ ਸਾਡੇ ਹਲਕੇ ਦੀ ਬਦਕਿਸਮਤੀ ਸੀ, ਜੋ ਅਜਿਹਾ ਨਾ ਹੋ ਸਕਿਆ।ਉਹਨਾਂ ਕਿਹਾ ਕਿ ਸ਼ਰਾਰਤੀ ਮੀਡੀਆ ਅਨਸਰਾਂ ਵੱਲੋਂ ਗੈਂਗਸਟਰਾ ਦੀ ਇੰਟਰਵਿਊ ਕਰਕੇ ਉਨ੍ਹਾਂ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ, ਜਿਸ ਦੇ ਨਤੀਜੇ ਆਉਣ ਵਾਲੇ ਸਮੇਂ ਵਿੱਚ ਬਹੁਤ ਮਾੜੇ ਹੋਣਗੇ। ਪਰ ਸਰਕਾਰ ਅਜਿਹੇ ਮੀਡੀਆ ਤੇ ਗੈਂਗਸਟਰ ਬਾਰੇ ਨਰਮ ਦਿਖਾਈ ਦੇ ਰਹੀ ਹੈ। ਲਾਰੈਂਸ ਬਿਸ਼ਨੋਈ ਵਰਗੇ ਸ਼ਰਾਰਤੀ ਅਨਸਰਾਂ ਨੂੰ ਇਸ ਤਰ੍ਹਾਂ ਦਿਖਾਉਣਾ ਅਤੇ ਉਨ੍ਹਾਂ ਦੀ ਜੇਲ੍ਹ ਤੋਂ ਇੰਟਰਵਿਊ ਲੈਣਾ ਪੰਜਾਬ ਦੀ ਅਮਨ-ਕਾਨੂੰਨ ਦੀ ਸਥਿਤੀ ਹੋਰ ਵਿਗੜਨ ਦਾ ਸੰਕੇਤ ਹੈ। ਬਲਕੌਰ ਸਿੰਘ ਦਾ ਕਹਿਣਾ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਪਿੱਛੇ ਉਸ ਦੇ ਵਿਰੋਧੀ ਹੀ ਮਾਸਟਰ ਮਾਈਂਡ ਸਨ।ਬਲਕੌਰ ਸਿੰਘ ਦਾ ਕਹਿਣਾ ਹੈ ਕਿ ਇਹ ਵੀਡੀਓ ਐਚਡੀ ਕੁਆਲਿਟੀ ਵਿਚ ਬਣਾਈ ਗਈ ਹੈ ਅਤੇ ਇਸ ਨੂੰ ਕਈ ਵਾਰ ਕੱਟਿਆ ਗਿਆ ਹੈ, ਜਿਸ ਤੋਂ ਸਪੱਸ਼ਟ ਹੈ ਕਿ ਇਹ ਵੀਡੀਓ ਵਧੀਆ ਕੈਮਰੇ 'ਤੇ ਬਣਾਈ ਗਈ ਹੈ ਅਤੇ ਇਸ ਦੇ ਪੂਰੇ ਪ੍ਰਬੰਧ ਕੀਤੇ ਗਏ ਹਨ ।
ਗਾਇਕ ਸਿੱਧੂ ਮੂਸੇਵਾਲਾ ਦੇ ਬਰਸੀ ਸਮਾਗਮਾਂ ਵਿਚ ਸ਼ਾਮਿਲ ਹੋਣ ਆਏ ਵੱਖ-ਵੱਖ ਰਾਜਸੀ ਪਾਰਟੀਆਂ ਦੇ ਆਗੂਆਂ ਨੇ ਪੰਜਾਬ ਸਰਕਾਰ ਦੀ ਤਿੱਖੀ ਆਲੋਚਨਾ ਕੀਤੀ । ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸ਼੍ਰੋਮਣੀ ਅਕਾਲੀ ਦਲ (ਅ) ਦੇ ਸਿਮਰਨਜੀਤ ਸਿੰਘ ਮਾਨ, ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਤੇ ਸਮਾਜਿਕ ਕਾਰਕੁਨ ਲੱਖਾ ਸਿਧਾਣਾ ਨੇ ਸਿੱਧੂ ਪਰਿਵਾਰ ਨਾਲ ਡਟ ਕੇ ਖੜਨ ਦੀ ਗੱਲ ਕਰਦਿਆਂ ਮੰਗ ਕੀਤੀ ਕਿ ਹੱਤਿਆ ਮਾਮਲੇ ਵਿਚ ਪੂਰਨ ਇਨਸਾਫ਼ ਦਿੱਤਾ ਜਾਵੇ ਅਤੇ ਸਾਜ਼ਿਸ਼ ਘਾੜਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾਵੇ । ਇਸੇ ਦੌਰਾਨ ਗਾਇਕਾ ਜਸਵਿੰਦਰ ਬਰਾੜ ਤੇ ਇਆਨ ਖ਼ਾਨ ਨੇ ਵੀ ਮੂਸੇਵਾਲਾ ਹੱਤਿਆ ਮਾਮਲੇ ਵਿਚ ਇਨਸਾਫ਼ ਦੀ ਮੰਗ ਕੀਤੀ । ਇਆਨ ਨੇ ਕਿਹਾ ਕਿ ਉਹ ਜਲਦ ਹੀ ਦੇਸ਼ ਦੇ ਗ੍ਰਹਿ ਮੰਤਰੀ ਅਮਿੱਤ ਸ਼ਾਹ ਨੂੰ ਮਿਲ ਕੇ ਇਨਸਾਫ਼ ਦੀ ਮੰਗ ਕਰਨਗੇ ।
Comments (0)