ਬਾਦਲ ਤੋਂ ਫਖਰ-ਏ-ਕੌਮ ਦਾ ਐਵਾਰਡ ਵਾਪਸ ਲੈਣ ਦੀ ਮੰਗ, ਅਕਾਲ ਤਖਤ ਦੇ ਜਥੇਦਾਰ ਨੂੰ ਸੌਂਪਿਆ ਮੰਗ ਪੱਤਰ
ਅੰਮ੍ਰਿਤਸਰ ਟਾਈਮਜ਼
ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਸਰਪਰਸਤ ਪ੍ਰਕਾਸ਼ ਸਿੰਘ ਬਾਦਲ ਪਾਸੋਂ ਫ਼ਖ਼ਰ ਏ ਕੌਮ ਐਵਾਰਡ ਵਾਪਸ ਲੈਣ ਲਈ ਮੰਗ ਪੱਤਰ ਦਿੱਤਾ।ਸ਼੍ਰੋਮਣੀ ਕਮੇਟੀ ਦੇ ਪੰਜ ਮੈਂਬਰ ਮਿੱਠੂ ਸਿੰਘ ਕਾਨੇਕੇ, ਅਮਰੀਕ ਸਿੰਘ ਸ਼ਾਹਪੁਰ, ਮਲਕੀਤ ਸਿੰਘ ਚੰਗਾਲ, ਹਰਪ੍ਰੀਤ ਸਿੰਘ ਗਰਚਾ, ਅਮਰੀਕ ਸਿੰਘ ਕਿਲਾ ਹਕੀਮਾ ਤੇ ਕਰਨੈਲ ਸਿੰਘ ਦੇ ਵਫਦ ਨੇ ਜਥੇਦਾਰ ਨੂੰ ਮੰਗ ਪੱਤਰ ਦਿੱਤਾ। ਉਨ੍ਹਾਂ ਮੰਗ ਕੀਤੀ ਕਿ ਲੰਘੀ 10 ਮਾਰਚ 2022 ਨੂੰ ਪੰਜਾਬ ਵਿਧਾਨ ਸਭਾ ਚੋਣਾਂ ਦੇ ਆਏ ਨਤੀਜਿਆਂ ਦੌਰਾਨ ਅਕਾਲੀ ਦਲ ਬਾਦਲ ਨੂੰ ਮਿਲੀ ਬੁਰੀ ਹਾਰ ਤੋਂ ਬਾਅਦ ਆਪ ਜੀ ਦਾ ਇਕ ਬਿਆਨ ਆਇਆ ਸੀ ਕਿ, ਅਕਾਲੀ ਦਲ ਦਾ ਖਤਮ ਹੋਣਾ ਸਿੱਖ ਕੌਮ ਲਈ ਘਾਤਕ ਹੈ ਅਤੇ ਅਕਾਲੀ ਦਲ ਨੂੰ ਬਚਾਉਣ ਲਈ ਸਾਰੇ ਅਕਾਲੀ ਧੜੇ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਇਕੱਤਰ ਹੋਣ। ਜਥੇਦਾਰ ਸਾਹਿਬ ਇਸ ਗੱਲ ਨਾਲ ਤਾਂ ਹਰ ਸਿੱਖ ਪੂਰਾ ਇਤਫਾਕ ਰੱਖਦਾ ਹੈ ਕਿ ਪੰਜਾਬ ਵਿਚ ਸਿੱਖਾਂ ਦੇ ਹਿਤਾਂ ਦੀ ਰਾਖੀ ਲਈ ਸ਼੍ਰੋਮਣੀ ਅਕਾਲੀ ਦਲ ਦੀ ਮਜਬੂਤ ਹੋਂਦ ਬਹੁਤ ਜ਼ਰੂਰੀ ਹੈ ਪਰ ਜਦੋਂ ਗੱਲ ਅਕਾਲੀ ਦਲ ਨੂੰ ਬਚਾਉਣ ਦੀ ਕਰਨੀ ਹੋਵੇ ਤਾਂ ਜਥੇਦਾਰ ਸਾਹਿਬ ਅਕਾਲੀ ਦਲ ਨੂੰ ਖਤਮ ਕਰਨ ਲਈ ਜਿੰਮੇਵਾਰ ਆਗੂਆਂ ਅਤੇ ਉਹਨਾਂ ਦੀਆਂ ਨੀਤੀਆਂ ਨੂੰ ਨਜ਼ਰਅੰਦਾਜ ਕਰਕੇ ਇਹੋ ਜਿਹੇ ਬਿਆਨ ਦੇਣੇ ਕਿ ਜਿਸ ਤੋਂ ਇਹ ਜਾਪਦਾ ਹੋਵੇ ਕਿ ਉਹ ਸਿਰਫ ਇਕ ਪਰਿਵਾਰ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ ਤਾਂ ਇਹ ਨਿੰਦਣਯੋਗ ਹੈ। ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਅਕਾਲੀ ਦਲ ਦੀ ਹਾਰ ਦੀ ਜ਼ਿੰਮੇਵਾਰ ਬਾਦਲ ਐਂਡ ਫੈਮਲੀ ਤੇ ਉਨ੍ਹਾਂ ਦੀ ਜੀ ਹਜ਼ੂਰੀ ਕਰਨ ਵਾਲੀ ਲੀਡਰਸ਼ਿਪ ਨੂੰ ਕਟਹਿਰੇ ਵਿਚ ਖੜ੍ਹਾ ਕਰਨ ਦੀ ਬਜਾਇ ਸਿੱਖਾਂ ਨੂੰ ‘ਬਦਤਮੀਜ਼’ ਕਹਿਣਾ ਵੀ ਉਨ੍ਹਾਂ ਦੀ ਪਦਵੀ ਮੁਤਾਬਕ ਸ਼ੋਭਾ ਨਹੀਂ ਦਿੰਦਾ। ਜਥੇਦਾਰ ਸਾਹਿਬ ਨੂੰ ਚਾਹੀਦਾ ਤਾਂ ਇਹ ਸੀ ਕਿ ਉਹ ਸਿੱਖਾਂ ਦੀ ਨੁਮਾਇੰਦਾ ਪੰਥਕ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ ਸਿਆਸੀ ਪਤਨ ਕਰਨ ਲਈ ਜ਼ਿੰਮੇਵਾਰ ਪ੍ਰਕਾਸ਼ ਸਿੰਘ ਬਾਦਲ ਅਤੇ ਉਸ ਦੇ ਪੁੱਤਰ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦਾ ਖਹਿੜਾ ਛੱਡਣ ਲਈ ਕਹਿੰਦੇ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਦਿੱਤਾ ਗਿਆ ‘ਫਖਰ-ਏ-ਕੌਮ’ ਦਾ ਖਿਤਾਬ ਵਾਪਸ ਲੈਂਦੇ। ਉਨ੍ਹਾਂ ਕਿਹਾ ਕਿ ਚੰਗਾ ਹੁੰਦਾ ਕਿ ਜੇਕਰ ਤੁਸੀਂ ਬਾਦਲ ਪਰਿਵਾਰ ਦੀ ਸਮੁੱਚੀ ਲੀਡਰਸ਼ਿਪ ਨੂੰ ਰੱਦ ਕਰਨ ਵਾਲੇ ਸਿੱਖਾਂ ਨੂੰ ‘ਬਦਤਮੀਜ਼’ ਕਹਿਣ ਦੀ ਬਜਾਇ ਪ੍ਰਕਾਸ਼ ਸਿੰਘ ਬਾਦਲ ਵਲੋਂ ਸ਼੍ਰੋਮਣੀ ਅਕਾਲੀ ਦਲ ਅਤੇ ਪੰਥ ਨਾਲ ਕੀਤੇ ਵਿਸਾਹਘਾਤ ਦੇ ਲੰਬੇ ਇਤਿਹਾਸ ਤੇ ਵੀ ਨਜਰਸਾਨੀ ਕਰਦੇ ਅਤੇ ਪੰਥ ਦੇ ਸਾਹਮਣੇ ਇਸ ਨੂੰ ਨੰਗਿਆਂ ਕਰਦੇ। ਸੰਨ 1978 ਵਿਚ ਅੰਮ੍ਰਿਤਸਰ ਦੀ ਧਰਤੀ ‘ਤੇ ਵਾਪਰੇ ਨਕਲੀ ਨਿਰੰਕਾਰੀ ਕਾਂਡ ਦੌਰਾਨ 13 ਸਿੱਖਾਂ ਦੇ ਕਾਤਲ ਗੁਰਬਚਨ ਸਿਹੁੰ ਨਿਰੰਕਾਰੀ ਮੁਖੀ ਨੂੰ ਸੁਰੱਖਿਅਤ ਪੰਜਾਬ ਤੋਂ ਬਾਹਰ ਕੱਢਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਪੰਥ ਨਾਲ ਧੋਖੇਬਾਜੀ ਦੀ ਕਹਾਣੀ ਬਹੁਤ ਲੰਬੀ ਹੈ ਪਰ ਅਸੀਂ ਫਿਰ ਵੀ ਤੁਹਾਡੇ ਧਿਆਨ ਵਿਚ ਸੰਖੇਪ ਵਿਚ ਲਿਆਉਣਾ ਚਾਹੁੰਦੇ ਹਾਂ ਕਿ ਸਤਲੁਜ ਜਮੁਨਾ ਲਿੰਕ ਨਹਿਰ ਨੂੰ ਕਢਵਾਉਣ ਲਈ ਪ੍ਰਕਾਸ਼ ਸਿੰਘ ਬਾਦਲ ਦੇ ਰੋਲ ਤੋਂ ਲੈ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਬਿਨਾਂ ਮੰਗਿਆਂ ਮਾਫੀ ਦੇਣ ਅਤੇ ਬਰਗਾੜੀ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਅਤੇ ਸ਼ਾਂਤਮਈ ਰੋਸ ਪ੍ਰਗਟ ਕਰਦੀਆਂ ਸੰਗਤਾਂ ਉੱਤੇ ਗੋਲੀਆਂ ਚਲਾਉਣ ਵਾਲੀ ਸਰਕਾਰ ਕਿਸੇ ਹੋਰ ਦੀ ਨਹੀਂ, ਬਲਕਿ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਾਲੀ ਅਕਾਲੀ ਸਰਕਾਰ ਹੀ ਸੀ। ਅਕਾਲੀ ਦਲ ਬਾਦਲ ਦੀ ਲੀਡਰਸ਼ਿਪ ਨੂੰ ਕੀ ਕਦੇ ਸ੍ਰੀ ਅਕਾਲ ਤਖਤ ਸਾਹਿਬ ‘ਤੇ ਤੁਸੀਂ ਤਲਬ ਕਰਨ ਦੀ ਲੋੜ ਨਹੀਂ ਸਮਝੀ?
ਜਥੇਦਾਰ ਸਾਹਿਬ ਗੱਲ ਤੁਹਾਡੇ ਕਾਰਜਕਾਲ ਦੀ ਹੀ ਕਰ ਲਈਏ ਤਾਂ ਤੁਹਾਡੇ ਵਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 326 ਲਾਪਤਾ ਸਰੂਪਾਂ ਦੇ ਮਸਲੇ ਤੇ ਐਡਵੋਕੇਟ ਈਸ਼ਰ ਸਿੰਘ ਦੀ ਅਗਵਾਈ ਵਿਚ ਬਣਾਈ ਗਈ ਪੜਤਾਲ ਕਮੇਟੀ ਦੀ 23-8-2020 ਨੂੰ ਜਾਰੀ ਹੋਈ ਰਿਪੋਰਟ ‘ਤੇ ਸ਼੍ਰੋਮਣੀ ਕਮੇਟੀ ਦੀ ਅੰਤ੍ਰਿਗ ਕਮੇਟੀ ਦੀ 27-8-2020 ਨੂੰ ਹੋਈ ਮੀਟਿੰਗ ਵਿਚ ਮਤਾ ਨੰਬਰ 466 ਰਾਹੀਂ ਪੜਤਾਲ ਰਿਪੋਰਟ ਵਿਚ ਨਾਮਜਦ ਕੀਤੇ ਗਏ ਦੋਸ਼ੀ ਕਰਮਚਾਰੀਆਂ ਖਿਲਾਫ਼ ਐਫ.ਆਈ.ਆਰ. ਦਰਜ ਕਰਵਾਉਣ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਦੇ ਆਰਡਰ ਨੰਬਰ 1305 ਰਾਹੀਂ ਦੋਸ਼ੀਆਂ ਖਿਲਾਫ ਐਫ.ਆਈ.ਆਰ. ਦਰਜ ਕਰਨ ਬਾਰੇ ਕਾਰਵਾਈ ਸ਼ੁਰੂ ਕਰਨ ਬਾਰੇ ਵੀ ਲਿਖ ਦਿੱਤਾ ਗਿਆ ਸੀ ਪਰ ਇਸ ਤੇ ਸਿਆਸੀ ਦਬਾਅ ਕਾਰਨ ਅਮਲ ਨਹੀਂ ਹੋ ਸਕਿਆ। ਕੀ ਤੁਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਸ਼੍ਰੋਮਣੀ ਕਮੇਟੀ ਨੂੰ ਇਸ ਵਾਸਤੇ ਕਦੇ ਤਲਬ ਕੀਤਾ ਕਿ ਉਸ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਲਾਪਤਾ ਕਰਨ ਦੇ ਮਾਮਲੇ ਵਿਚ ਦੋਸ਼ੀ ਸ਼੍ਰੋਮਣੀ ਕਮੇਟੀ ਮੁਲਾਜਮਾਂ ਦੇ ਵਿਰੁੱਧ ਐਫ.ਆਈ. ਆਰ.ਕਿਉਂ ਦਰਜ ਨਹੀਂ ਕੀਤੀ? ਸ਼ਾਇਦ ਇਸ ਤਰ੍ਹਾਂ ਇਸ ਕਰਕੇ ਨਹੀਂ ਹੋ ਸਕਿਆ ਕਿ ਜੇਕਰ ਦੋਸ਼ੀ ਕਰਮਚਾਰੀਆਂ ਵਿਰੁੱਧ ਪੁਲਿਸ ਮੁਕੱਦਮੇ ਦਰਜ ਹੋ ਗਏ ਤਾਂ ਉਨ੍ਹਾਂ ਦੀ ਪੁੱਛ ਪੜਤਾਲ ਤੋਂ ਉਹ ਅਸਲੀ ਦੋਸ਼ੀ ਸਿਆਸੀ ਆਗੂ ਸਾਹਮਣੇ ਆ ਜਾਣਗੇ, ਜਿਨ੍ਹਾਂ ਦੇ ਇਸ਼ਾਰਿਆਂ ਤੇ ਕਰਮਚਾਰੀਆਂ ਨੇ ਬਿਨਾਂ ਰਿਕਾਰਡ ਦਰਜ ਕੀਤਿਆਂ ਪਾਵਨ ਸਰੂਪ ਅਣਪਛਾਤੇ ਲੋਕਾਂ ਨੂੰ ਦੇ ਦਿੱਤੇ ਸਨ।ਇਸ ਤੋਂ ਵੀ ਪਹਿਲਾਂ ਅਕਾਲੀ ਦਲ ਦੀ ਸਰਕਾਰ ਵੇਲੇ 1997 ਤੋਂ 2002 ਅਤੇ 2007 ਤੋਂ ਲੈ ਕੇ 2017 ਤੱਕ ਅਕਾਲੀ ਦਲ ਦੀਆਂ ਸਰਕਾਰਾਂ ਵੇਲੇ ਸਿਰਫ ਆਪਣੀ ਕੁਰਸੀ ਬਚਾਉਣ ਲਈ ਪੰਥ ਨੂੰ ਬਿਲਕੁਲ ਹੀ ਵਿਸਾਰ ਦੇਣ ਵਾਲੀ ਅਕਾਲੀ ਲੀਡਰਸ਼ਿਪ ਨੂੰ ਨਸੀਹਤ ਕੌਣ ਦੇਵੇਗਾ?
ਜਥੇਦਾਰ ਸਾਹਿਬ, ਬਾਦਲ ਪਰਿਵਾਰ ਤੇ ਇਸ ਦੀ ਜੀ ਹਜੂਰੀ ਵਾਲੀ ਲੀਡਰਸ਼ਿਪ ਦੀ ਪੰਥ ਤੇ ਪੰਜਾਬ ਨਾਲ ਧੋਖੇਬਾਜੀ ਦੀ ਦਾਸਤਾਨ ਬਹੁਤ ਲੰਬੀ ਹੈ ਜਿਸ ਤੋਂ ਹਰੇਕ ਸਿੱਖ ਭਲੀਭਾਂਤ ਜਾਣੂ ਵੀ ਹੈ ਪਰ ਤੁਹਾਨੂੰ ਵੀ ਉਸ ਨਕਾਰੀ ਜਾ ਚੁੱਕੀ ਲੀਡਰਸ਼ਿਪ ਦੀ ਢਾਲ ਬਣਨ ਦੀ ਬਜਾਇ ਅੱਜ ਜਿਸ ਸਥਿਤੀ ਵਿਚ ਅਕਾਲੀ ਦਲ ਪੁੱਜ ਚੁੱਕਾ ਹੈ, ਇਸ ਥਾਂ ਤੱਕ ਪਹੁੰਚਾਉਣ ਦੇ ਜ਼ਿਮੇਵਾਰ ਕਾਰਨਾਂ ਅਤੇ ਆਗੂਆਂ ਦੀ ਨਿਸ਼ਾਨਦੇਹੀ ਕਰਕੇ ਪੰਥ ਦੇ ਸਾਹਮਣੇ ਰੱਖਣਾ ਚਾਹੀਦਾ ਹੈ। ਜਿਸ ਅਕਾਲੀ ਲੀਡਰਸ਼ਿਪ ਨੂੰ ਪੰਥ ਨੇ ਬੁਰੀ ਤਰ੍ਹਾਂ ਰੱਦ ਕਰ ਦਿੱਤਾ ਹੈ ਉਸ ‘ਤੇ ਪੰਥਕ ਪਾਰਟੀ ਦੇ ਨਿਸ਼ਾਨ ਤੇ ਚੋਣ ਲੜਣ ਤੇ ਪੂਰਨ ਪਾਬੰਦੀ ਲਾਈ ਜਾਣੀ ਚਾਹੀਦੀ ਹੈ ਅਤੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਹੋਣ ਨਾਤੇ ਆਪ ਜੀ ਕੋਲੋਂ ਇਹ ਆਸ ਵੀ ਰੱਖਦੇ ਹਾਂ ਕਿ ਜੇਕਰ ਤੁਸੀਂ ਸਚਮੁਚ ਪੰਥ ਦੀ ਨੁਮਾਇੰਦਾ ਜਥੇਬੰਦੀ ਸ਼੍ਰੋਮਣੀ ਅਕਾਲੀ ਦਲ ਨੂੰ ਸੁਰਜੀਤ ਕਰਨਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਗਿਆ ਫਖਰ-ਏ-ਕੌਮ ਦਾ ਖਿਤਾਬ ਤੁਰੰਤ ਵਾਪਸ ਲਵੋ ਤੇ ਜੇਕਰ ਤੁਸੀਂ ਅਜਿਹਾ ਨਹੀਂ ਕਰ ਸਕਦੇ ਤਾਂ ਫਿਰ ਤੁਹਾਨੂੰ ਸਿੱਖ ਪੰਥ ਦੀ ਸਿਰਮੌਰ ਪਦਵੀ ਨੂੰ ਛੱਡ ਦੇਣਾ ਚਾਹੀਦਾ ਹੈ ਤਾਂ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੇ ਪਾਵਨ ਤੇ ਸਰਵਉੱਚ ਅਹੁਦੇ ਤੇ ਕੋਈ ਯੋਗ ਤੇ ਜਰਨੈਲ ਸ਼ਖ਼ਸੀਅਤ ਬੈਠ ਸਕੇ, ਜੋ ਸੱਚ ਨੂੰ ਸੱਚ ਤੇ ਝੂਠ ਨੂੰ ਝੂਠ ਕਹਿਣ ਦੀ ਹਿੰਮਤ ਰੱਖਦੀ ਹੋਵੇ।
Comments (0)