ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਨਾਨ-ਟੀਚਿੰਗ ਸਟਾਫ ਵੱਲੋਂ ਸੱਚ-ਹੱਕ ਉਤੇ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ,  ਦਿੱਤਾ ਜਾਵੇ ਇਨਸਾਫ਼: ਮਾਨ

ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਨਾਨ-ਟੀਚਿੰਗ ਸਟਾਫ ਵੱਲੋਂ ਸੱਚ-ਹੱਕ ਉਤੇ ਕੀਤੇ ਜਾ ਰਹੇ ਸੰਘਰਸ਼ ਦੀ ਪੂਰਨ ਹਮਾਇਤ,  ਦਿੱਤਾ ਜਾਵੇ ਇਨਸਾਫ਼: ਮਾਨ

ਅੰਮ੍ਰਿਤਸਰ ਟਾਈਮਜ਼ ਬਿਊਰੋ

ਨਵੀਂ ਦਿੱਲੀ, 10 ਦਸੰਬਰ (ਮਨਪ੍ਰੀਤ ਸਿੰਘ ਖਾਲਸਾ):- “ਐਸ.ਜੀ.ਪੀ.ਸੀ. ਦੇ ਵਿਦਿਅਕ ਅਦਾਰਿਆ ਵਿਚ ਅਗਜੈਕਟਿਵ ਕਮੇਟੀ ਮੈਬਰਾਂ, ਕਾਲਜਾਂ ਤੇ ਸਕੂਲਾਂ ਦੇ ਪ੍ਰਿੰਸੀਪਲ ਅਤੇ ਪ੍ਰਬੰਧ ਚਲਾਉਣ ਵਾਲੀਆ ਬੋਗਸ ਕਮੇਟੀਆ ਵੱਲੋਂ ਅਜਿਹੀਆ ਸੰਸਥਾਵਾਂ ਵਿਚ ਕਿਸ ਤਰ੍ਹਾਂ ਗੈਰ-ਨਿਯੀਮੀਆ, ਘਪਲੇ ਅਤੇ ਸਟਾਫ ਨਾਲ ਨਾਦਰਸ਼ਾਹੀ ਸੋਚ ਅਧੀਨ ਜ਼ਬਰ ਕੀਤੇ ਜਾ ਰਹੇ ਹਨ ਉਸਦੀ ਪ੍ਰਤੱਖ ਮਿਸ਼ਾਲ ਇਹ ਹੈ ਕਿ ਸਿੱਖ ਕੌਮ ਦੀ ਜਗਤ ਮਾਤਾ ‘ਮਾਤਾ ਗੁਜਰ ਕੌਰ’ ਜੀ ਦੇ ਨਾਮ ਉਤੇ ਲੰਮੇ ਸਮੇ ਤੋਂ ਚੱਲਦੇ ਆ ਰਹੇ ਫ਼ਤਹਿਗੜ੍ਹ ਸਾਹਿਬ ਦੇ ਕਾਲਜ ਵਿਚ ਐਸ.ਜੀ.ਪੀ.ਸੀ ਦੇ ਅਧਿਕਾਰੀ, ਪ੍ਰਿੰਸੀਪਲਾਂ ਵੱਲੋਂ ਆਪਣੇ ਪਰਿਵਾਰਿਕ ਮੈਬਰਾਂ, ਰਿਸਤੇਦਾਰਾਂ ਅਤੇ ਚੇਹਤਿਆ ਦੀ ਭਰਤੀ ਸਭ ਕਾਨੂੰਨ, ਅਸੂਲ ਛਿੱਕੇ ਟੰਗਕੇ ਕੀਤੀ ਜਾ ਰਹੀ ਹੈ । ਜੋ ਲੰਮੇ ਸਮੇ ਤੋਂ ਅਜਿਹੀਆ ਸੰਸਥਾਵਾਂ ਵਿਚ ਇਮਾਨਦਾਰੀ ਨਾਲ ਆਪਣੀਆ ਜਿ਼ੰਮੇਵਾਰੀਆ ਪੂਰਨ ਕਰਦੇ ਆ ਰਹੇ ਹਨ, ਉਨ੍ਹਾਂ ਦੀਆਂ ਤਰੱਕੀਆ, ਭੱਤੇ ਅਤੇ ਹੋਰ ਸਹੂਲਤਾਂ ਉਤੇ ਕੱਟ ਲਗਾਏ ਜਾ ਰਹੇ ਹਨ ਅਤੇ ਆਪਣੇ ਭਰਤੀ ਕੀਤੇ ਜਾਣ ਵਾਲੇ ਪਰਿਵਾਰਿਕ ਮੈਬਰਾਂ ਨੂੰ ਸਿੱਧੇ ਹੀ ਵੱਡੇ ਗਰੇਡ ਦੇ ਕੇ ਅਤੇ ਵੱਡੀਆਂ ਸਹੂਲਤਾਂ ਦੇ ਕੇ ਨਿਵਾਜਿਆ ਜਾ ਰਿਹਾ ਹੈ । ਜੇਕਰ ਪ੍ਰਬੰਧਕੀ ਬੇਇਨਸਾਫੀ ਤੋ ਪੀੜ੍ਹਤ ਨਾਨ-ਟੀਚਿੰਗ ਸਟਾਫ ਵੱਲੋ ਆਪਣੀ ਯੂਨੀਅਨ ਰਾਹੀ ਆਵਾਜ ਬੁਲੰਦ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਦੀ ਸੱਚ-ਹੱਕ ਦੀ ਆਵਾਜ ਨੂੰ ਦਬਾਉਣ ਲਈ ਉਨ੍ਹਾਂ ਨੂੰ ਉੱਚ ਅਧਿਕਾਰੀਆ ਵੱਲੋ ਧਮਕੀਆ, ਇਨ੍ਹਾਂ ਵਿਦਿਅਕ ਅਦਾਰਿਆ ਵਿਚੋ ਉਨ੍ਹਾਂ ਨੂੰ ਕੱਢ ਦੇਣ ਜਾਂ ਜ਼ਬਰੀ ਬਦਲੀਆ ਕਰ ਦੇਣ ਜਾਂ ਉਨ੍ਹਾਂ ਦੀਆਂ ਤਰੱਕੀਆ ਰੋਕਣ ਦੇ ਡਰਾਵੇ ਦੇਕੇ ਉਨ੍ਹਾਂ ਦੀ ਆਵਾਜ ਨੂੰ ਕੁੱਚਲਣ ਦੀਆਂ ਅਸਫਲ ਕੋਸਿ਼ਸ਼ਾਂ ਹੋ ਰਹੀਆ ਹਨ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਨਾਨ ਟੀਚਿੰਗ ਸਟਾਫ ਦੀ ਪ੍ਰਧਾਨ ਬੀਬੀ ਜਗਜੀਤ ਕੌਰ ਜਿਸਦੀ ਪਿਛਲੇ 20 ਸਾਲ ਦੀ ਸੇਵਾ ਦਾ ਇਕ ਮਾਰਕੇਯੋਗ ਫਖ਼ਰ ਵਾਲਾ ਰਿਕਾਰਡ ਹੈ ਅਤੇ ਜਿਸਨੇ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਦ੍ਰਿੜਤਾ ਨਾਲ ਨਿਭਾਈ ਹੈ, ਜੋ ਕਾਨੂੰਨੀ ਤੇ ਨਿਯਮਾਂਵਾਲੀ ਉਤੇ ਪਹਿਰਾ ਦਿੰਦੀ ਹੋਈ ਆਪਣੇ ਸਟਾਫ ਦੇ ਸਾਥੀਆ ਅਤੇ ਆਪਣੇ ਹੱਕਾਂ ਲਈ ਨਿਰੰਤਰ ਕਈ ਦਿਨਾਂ ਤੋ ਕਾਲਜ ਦੇ ਗੇਟ ਦੇ ਬਾਹਰ ਬੈਠਕੇ ਰੋਸ ਕਰਦੇ ਆ ਰਹੇ ਹਨ, ਉਨ੍ਹਾਂ ਨੂੰ ਝੁਕਾਉਣ ਲਈ ਅਤੇ ਡਰਾਉਣ ਲਈ ਕਾਲਜ ਦੇ ਪ੍ਰਿੰਸੀਪਲ, ਅਗਜੈਕਟਿਵ ਕਮੇਟੀ ਮੈਬਰਾਨ ਤੇ ਅਧਿਕਾਰੀਆ ਵੱਲੋ ਹਰ ਗੈਰ ਕਾਨੂੰਨੀ ਅਤੇ ਗੈਰ ਇਖਲਾਕੀ ਹੱਥਕੰਡਾ ਵਰਤਿਆ ਜਾ ਰਿਹਾ ਹੈ ਤਾਂ ਕਿ ਉਨ੍ਹਾਂ ਵੱਲੋ ਉਠਾਈ ਜਾ ਰਹੀ ਆਵਾਜ ਅਨੁਸਾਰ ਇਸ ਨਾਨ ਟੀਚਿੰਗ ਸਟਾਫ ਨੂੰ ਉਨ੍ਹਾਂ ਦੇ ਬਣਦੇ ਹੱਕ ਦੇਣ ਤੋ ਰੋਕਿਆ ਜਾ ਸਕੇ ਅਤੇ ਜਿਨ੍ਹਾਂ ਰਿਸਤੇਦਾਰ, ਸੰਬੰਧੀਆ ਦੀ ਗੈਰ ਕਾਨੂੰਨੀ ਢੰਗ ਨਾਲ ਵੱਡੇ ਪੱਧਰ ਤੇ ਭਰਤੀ ਕੀਤੀ ਗਈ ਹੈ ਅਤੇ ਕਾਲਜ ਦੇ ਖਜਾਨੇ ਨੂੰ ਵੱਡਾ ਚੂਨਾ ਲਗਾਇਆ ਗਿਆ ਹੈ ਉਹ ਸਿੱਖ ਕੌਮ ਦੇ ਸਾਹਮਣੇ ਨਾ ਆ ਜਾਵੇ ।”

ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਐਮ.ਪੀ ਅਤੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਮਾਤਾ ਗੁਜਰੀ ਕਾਲਜ ਦੇ ਨਾਨ ਟੀਚਿੰਗ ਸਟਾਫ ਵੱਲੋ ਕਾਲਜ ਦੀ ਪ੍ਰਬੰਧਕ ਕਮੇਟੀ, ਪ੍ਰਿੰਸੀਪਲ, ਡਾਈਰੈਕਟਰ ਅਤੇ ਐਸ.ਜੀ.ਪੀ.ਸੀ ਦੇ ਅਧਿਕਾਰੀਆ ਵੱਲੋ ਗੈਰ ਇਖਲਾਕੀ ਢੰਗ ਨਾਲ ਉਨ੍ਹਾਂ ਦੇ ਜਾਇਜ ਹੱਕਾਂ ਨੂੰ ਕੁੱਚਲਣ ਵਿਰੁੱਧ ਅਤੇ ਕਾਲਜ ਦੇ ਗੇਟ ਉਤੇ ਬੈਠੇ ਇਨ੍ਹਾਂ ਐਸ.ਜੀ.ਪੀ.ਸੀ ਦੇ ਮੁਲਾਜਮਾਂ ਵੱਲੋ ਇਨਸਾਫ ਪ੍ਰਾਪਤੀ ਲਈ ਵਿੱਢੇ ਸੰਘਰਸ਼ ਦੀ ਹਰ ਤਰਫੋ ਹਮਾਇਤ ਕਰਨ ਅਤੇ ਉਨ੍ਹਾਂ ਨੂੰ ਇਨਸਾਫ਼ ਮਿਲਣ ਤੱਕ ਇਸ ਸੰਘਰਸ ਵਿਚ ਪਾਰਟੀ ਵੱਲੋ ਸਮੂਲੀਅਤ ਕਰਦੇ ਰਹਿਣ ਅਤੇ ਕਾਲਜ ਵਿਚਲੇ ਦੋਸ਼ੀ ਅਧਿਕਾਰੀਆਂ ਜਾਂ ਪ੍ਰਬੰਧਕਾਂ ਨੂੰ ਸਿੱਖ ਸੰਗਤ ਸਾਹਮਣੇ ਨੰਗਾਂ ਕਰਨ ਤੱਕ ਸਾਥ ਦੇਣ ਦੀ ਗੱਲ ਕਰਦੇ ਹੋਏ ਅਤੇ ਕਾਲਜ ਅਧਿਕਾਰੀਆ ਨੂੰ ਖਬਰਦਾਰ ਕਰਦੇ ਹੋਏ ਪ੍ਰਗਟ ਕੀਤੇ । ਸ. ਮਾਨ ਨੇ ਕਿਹਾ ਕਿ ਇਹ ਤਾਂ ਇਕ ਫਤਹਿਗੜ੍ਹ ਸਾਹਿਬ ਦੇ ਇਸ ਕਾਲਜ ਦੀ ਗੱਲ ਹੈ, ਜੇਕਰ ਐਸ.ਜੀ.ਪੀ.ਸੀ. ਅਧੀਨ ਚੱਲਣ ਵਾਲੇ ਸੈਕੜੇ ਵਿਦਿਅਕ ਅਦਾਰਿਆ, ਸਿਹਤਕ ਅਦਾਰਿਆ, ਟਰੱਸਟਾਂ ਦੀ ਨਿਰਪੱਖਤਾ ਨਾਲ ਜਾਂਚ ਪੜ੍ਹਤਾਲ ਕੀਤੀ ਜਾਵੇ ਤਾਂ ਹਰ ਵਿਦਿਅਕ ਅਦਾਰੇ ਵਿਚ ਕਰੋੜਾਂ ਅਰਬਾਂ ਰੁਪਏ ਦੇ ਇਨ੍ਹਾਂ ਦੇ ਪ੍ਰਬੰਧਕਾਂ ਤੇ ਪ੍ਰਿੰਸੀਪਲਾਂ ਵੱਲੋ ਕੀਤੇ ਜਾ ਰਹੇ ਘਪਲਿਆ ਅਤੇ ਗੈਰ ਕਾਨੂੰਨੀ ਤੌਰ ਤੇ ਆਪਣੇ ਰਿਸਤੇਦਾਰਾਂ, ਸੰਬੰਧੀਆਂ ਅਤੇ ਪਰਿਵਾਰਿਕ ਮੈਬਰਾਂ ਦੀ ਕੀਤੀ ਗਈ ਭਰਤੀ ਅਤੇ ਉਨ੍ਹਾਂ ਨੂੰ ਦਿੱਤੀਆ ਗਈਆ ਵੱਡੀਆ ਤਰੱਕੀਆ ਦਾ ਵੱਡਾ ਕਾਲਾ ਚਿੱਠਾ ਸਿੱਖ ਸੰਗਤ ਦੇ ਸਾਹਮਣੇ ਆ ਜਾਵੇਗਾ । ਜਿਸ ਵਿਚੋ ਸਾਡੇ ਕੋਲ ਵੀ ਬਹੁਤ ਵੱਡਾ ਮਸੂਦਾ ਹੈ । ਜਿਸਦੀ ਅਸੀ ਸਮੇ-ਸਮੇ ਤੇ ਐਸ.ਜੀ.ਪੀ.ਸੀ. ਦੇ ਦੋਸ਼ਪੂਰਨ ਪ੍ਰਬੰਧ ਨੂੰ ਲੈਕੇ ਨਸਰ ਵੀ ਕਰਦੇ ਰਹਿੰਦੇ ਹਾਂ ਅਤੇ ਤੱਥਾਂ ਨੂੰ ਇਕੱਠਾਂ ਵੀ ਕਰਦੇ ਰਹਿੰਦੇ ਹਾਂ । ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲੇ ਸਾਡੇ ਕੋਲ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਵੱਡੇ ਗਬਨ, ਗੈਰ ਨਿਯੀਮੀਆ ਅਤੇ ਕੌਮੀ ਖਜਾਨੇ ਦੀ ਇਨ੍ਹਾਂ ਵੱਲੋ ਹੋ ਰਹੀ ਵੱਡੀ ਲੁੱਟ ਦੇ ਤੱਥ ਵੀ ਸਾਹਮਣੇ ਆਏ ਹਨ । ਜੋ ਅਸੀ ਪੂਰੀ ਤਹਿਕੀਕਾਤ ਕਰਦੇ ਹੋਏ ਮਾਤਾ ਗੁਜਰੀ ਕਾਲਜ ਦੀ ਪ੍ਰਬੰਧਕ ਕਮੇਟੀ ਅਤੇ ਐਸ.ਜੀ.ਪੀ.ਸੀ. ਦੇ ਅਧਿਕਾਰੀਆ ਵੱਲੋ ਕੀਤੀਆ ਜਾ ਰਹੀਆ ਮਨਮਰਜੀਆ ਦੇ ਚਿੱਠੇ ਤੋ ਆਉਣ ਵਾਲੇ ਸਮੇ ਵਿਚ ਜਾਣੂ ਕਰਵਾਉਣ ਦੇ ਫਰਜ ਅਦਾ ਕਰਾਂਗੇ । ਸ. ਮਾਨ ਨੇ ਕਿਹਾ ਕਿ ਕਾਲਜ ਵਿਖੇ ਚੱਲ ਰਹੇ ਸੰਘਰਸ ਵਿਚ ਸਾਡੀ ਪਾਰਟੀ ਹਰ ਵਧੀਕੀ ਵਿਰੁੱਧ ਪੂਰੀ ਤਰ੍ਹਾਂ ਸਮੂਲੀਅਤ ਕਰ ਰਹੀ ਹੈ । ਸਾਡੇ ਨੌਜਵਾਨ ਆਗੂ ਸ. ਇਮਾਨ ਸਿੰਘ ਮਾਨ, ਜਸਪਾਲ ਸਿੰਘ ਯੂਥ ਆਗੂ, ਜੁਗਨੀ, ਸ. ਸਿੰਗਾਰਾ ਸਿੰਘ ਬਡਲਾ ਜਿ਼ਲ੍ਹਾ ਪ੍ਰਧਾਨ ਅਤੇ ਸਮੁੱਚੀ ਜਥੇਬੰਦੀ ਇਸ ਸੰਘਰਸ ਵਿਚ ਹਾਜਰੀ ਲਗਾ ਰਹੇ ਹਨ । ਲੌੜ ਪੈਣ ਤੇ ਇਸ ਸੰਘਰਸ ਨੂੰ ਹੋਰ ਤਿੱਖਾ ਕੀਤਾ ਜਾਵੇਗਾ । ਇਸ ਲਈ ਪ੍ਰਬੰਧਕਾਂ ਵੱਲੋ ਇਹ ਬਿਹਤਰ ਹੋਵੇਗਾ ਕਿ ਨਾਨ ਟੀਚਿੰਗ ਸਟਾਫ ਵੱਲੋ ਰੱਖੀਆ ਗਈਆ ਜਾਇਜ ਮੰਗਾਂ ਨੂੰ ਪ੍ਰਵਾਨ ਕਰਦੇ ਹੋਏ ਉਨ੍ਹਾਂ ਨੂੰ ਤੁਰੰਤ ਇਨਸਾਫ ਦਿੱਤਾ ਜਾਵੇ ਅਤੇ ਜੋ ਉਨ੍ਹਾਂ ਦੀ ਪਿੱਠ ਲਗਾਉਣ ਲਈ ਪ੍ਰਬੰਧਕਾਂ ਵੱਲੋ ਆਪਣੇ ਜੀ ਹਜੂਰੀਆ ਦੀ ਨਵੀ ਨਾਨ ਟੀਚਿੰਗ ਸਟਾਫ ਯੂਨੀਅਨ ਖੜ੍ਹੀ ਕਰਕੇ ਭਰਾਮਾਰੂ ਜੰਗ ਕਰਵਾਉਣ ਦੇ ਮਨਸੂਬੇ ਘੜੇ ਜਾ ਰਹੇ ਹਨ, ਉਨ੍ਹਾਂ ਨੂੰ ਅਸੀ ਕਾਮਯਾਬ ਨਹੀ ਹੋਣ ਦੇਵਾਂਗੇ । ਇਸ ਵਿਦਿਅਕ ਅਦਾਰੇ ਦਾ ਮਾਹੌਲ ਖਰਾਬ ਨਾ ਹੋਵੇ ਉਸ ਤੋ ਪਹਿਲੇ ਇਸ ਸੰਜ਼ੀਦਾ ਮਸਲੇ ਨੂੰ ਹੱਲ ਕਰਨਾ ਪ੍ਰਬੰਧਕ ਕਮੇਟੀ, ਪ੍ਰਿੰਸੀਪਲ ਅਤੇ ਅਗਜੈਕਟਿਵ ਕਮੇਟੀ ਮੈਬਰਾਂ ਲਈ ਹਰ ਪੱਖੋ ਲਾਹੇਵੰਦ ਹੋਵੇਗਾ । ਵਰਨਾ ਇਸ ਸੰਘਰਸ ਨੂੰ ਮੰਜਿਲ ਤੇ ਪਹੁੰਚਾਉਣ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਆਪਣੀ ਜਿੰਮੇਵਾਰੀ ਪੂਰੀ ਕਰਨ ਤੋ ਪਿੱਛੇ ਨਹੀ ਹੱਟੇਗਾ ।