ਜੇ ਅਸੀਂ ਅੱਜ ਨਾ ਜਾਗੇ ਤਾਂ 25 ਸਾਲ ਬਾਅਦ ਸਾਡੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ : ਐਚ.ਐਸ. ਫੂਲਕਾ

ਜੇ ਅਸੀਂ ਅੱਜ ਨਾ ਜਾਗੇ ਤਾਂ 25 ਸਾਲ ਬਾਅਦ ਸਾਡੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ : ਐਚ.ਐਸ. ਫੂਲਕਾ

*ਕਿਹਾ, ਛੇ-ਸੁਹਾਗਾ ਵਿਧੀ ਨਾਲ ਨਾ ਸਿਰਫ ਜ਼ਮੀਨ ਨੂੰ ਉਪਜਾਊ ਬਣਾਇਆ ਜਾ ਸਕਦਾ ਹੈ ਸਗੋਂ ਆਮਦਨ ਵਿਚ ਵੀ ਹੋਵੇਗਾ ਵਾਧਾ 

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ : ਉੱਘੇ ਵਕੀਲ ਐਚ.ਐਸ. ਫੂਲਕਾ ਨੇ  ਪ੍ਰੈਸ ਕਾਨਫਰੰਸ ਦੌਰਾਨ ਜ਼ਮੀਨ ਹੇਠਲੇ ਪਾਣੀ ਨੂੰ ਬਚਾਉਣ ਦੀ ਗੱਲ ਕਰਦਿਆਂ ਕਿਹਾ ਕਿ ਜੇਕਰ ਅਸੀਂ ਆਪਣਾ ਖੇਤੀ ਕਰਨ ਦਾ ਤਰੀਕਾ ਨਾ ਬਦਲਿਆ ਤਾਂ ਅਗਲੇ 25 ਸਾਲਾਂ ਵਿਚ ਧਰਤੀ ਹੇਠਲਾ ਪਾਣੀ ਖ਼ਤਮ ਹੋ ਜਾਵੇਗਾ ਅਤੇ ਸਾਡੀਆਂ ਜ਼ਮੀਨਾਂ ਬੰਜਰ ਹੋ ਜਾਣਗੀਆਂ।  ਉਨ੍ਹਾਂ ਕਿਹਾ ਕਿ ਹੁਣ ਸਾਡੇ ਕੋਲ ਇੱਕ ਮੌਕਾ ਹੈ ਅਤੇ ਸਾਨੂੰ ਇਹ ਮੌਕਾ ਸੰਭਾਲ ਲੈਣਾ ਚਾਹੀਦਾ ਹੈ ਇਹ ਨਾ ਹੋਵੇ ਕਿ ਬਹੁਤ ਦੇਰ ਹੋ ਜਾਵੇ।

ਦੱਸ ਦੇਈਏ ਕਿ ਸਰਕਾਰ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 1500 ਰੁਪਏ ਪ੍ਰਤੀ ਮਹੀਨਾ ਦੇਣ ਦੇ ਐਲਾਨ ਤੋਂ ਬਾਅਦ  ਐਚ.ਐਸ. ਫੂਲਕਾ ਨੇ ਵੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਇਸ ਮੌਕੇ ਜ਼ਿਕਰ ਵੀ ਕੀਤਾ ਕਿ ਇਹ ਬਹੁਤ ਹੀ ਗੰਭੀਰ ਮੁੱਦਾ ਹੈ ਜੋ ਸਮੇਂ ਦੀਆਂ ਸਰਕਾਰਾਂ ਦੇ ਧਿਆਨ ਵਿਚ ਸੀ ਪਰ ਮੌਜੂਦਾ ਸਰਕਾਰ ਨੇ ਕਦਮ ਚੁੱਕਿਆ ਹੈ ਅਤੇ ਕਿਸਾਨਾਂ ਦਾ ਧਿਆਨ ਇਸ ਪਾਸੇ ਵਲ ਲਿਆਂਦਾ ਹੈ।ਉਨ੍ਹਾਂ ਕਿਹਾ ਕਿ ਜਦੋਂ ਸਰਕਾਰ ਵਲੋਂ ਸਿੱਧੀ ਬਿਜਾਈ ਕਰਨ 'ਤੇ ਕਿਸਾਨਾਂ ਨੂੰ ਪੈਸੇ ਦੇਣ ਦਾ ਐਲਾਨ ਕੀਤਾ ਗਿਆ ਤਾਂ ਕਈਆਂ ਨੇ ਇਸ ਨੂੰ ਬਹੁਤ ਹੀ ਘੱਟ ਦੱਸਿਆ ਅਤੇ ਖੇਤੀ ਕਰਨ ਦਾ ਤਰੀਕਾ ਨਾ ਬਦਲਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹ ਰਵਈਆ ਬਹੁਤ ਹੀ ਗਲਤ ਹੈ। ਇਸ ਦਾ ਮਤਲਬ ਤਾਂ ਇਹ ਹੋਇਆ ਕਿ ਜੇਕਰ ਸਰਕਾਰ ਸਾਨੂੰ ਪੈਸੇ ਨਹੀਂ ਦੇਵੇਗੀ ਤਾਂ ਅਸੀਂ ਆਪਣੀ ਜ਼ਮੀਨ ਖੁਦ ਤਬਾਹ ਕਰ ਲਵਾਂਗੇ।

ਇਸ ਮੌਕੇ ਐਚ.ਐਸ. ਫੂਲਕਾ ਨੇ ਮੇਰੀ ਜ਼ਮੀਨ, ਮੇਰੀ ਜ਼ਿੰਮੇਵਾਰੀ ਨਾਂ ਦੀ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਡੀਆਂ ਜ਼ਮੀਨਾਂ ਨੂੰ ਉਪਜਾਊ ਬਣਾਈ ਰੱਖਣਾ ਸਾਡਾ ਫਰਜ਼ ਹੈ ਇਸ ਲਈ ਇਹ ਸਮੇਂ ਦੀ ਮੰਗ ਹੈ ਕਿ ਖੇਤੀ ਦਾ ਤਰੀਕਾ ਬਦਲਿਆ ਜਾਵੇ। ਇਹ ਮੁਹਿੰਮ ਝੋਨੇ ਦੀ ਕਾਸ਼ਤ ਲਈ ਚੌਲਾਂ ਦੀ ਸਿੱਧੀ ਬਿਜਾਈ (ਡੀਐਸਆਰ) ਨੂੰ ਐਨਾਰੋਬਿਕ ਸੀਡਿੰਗ ਆਫ਼ ਰਾਈਸ (ਏਐਸਆਰ) ਵਿਧੀ ਨਾਲ ਬਦਲਣ ਦੀ ਹੈ। ਉਨ੍ਹਾਂ ਦੱਸਿਆ ਕਿ ਇਸ ਨਾਲ 80 ਤੋਂ 90 ਫ਼ੀਸਦੀ ਪਾਣੀ ਦੀ ਬਚਤ ਹੁੰਦੀ ਹੈ।ਉਨ੍ਹਾਂ ਕਿਹਾ ਕਿ ਸਾਨੂੰ ਝੋਨੇ ਦਾ ਕੋਈ ਹੋਰ ਵਿਕਲਪ ਲੱਭਣਾ ਚਾਹੀਦਾ ਹੈ ਪਰ ਇਸ ਸਮੇਂ ਪੰਜਾਬ ਕੋਲ ਕੋਈ ਹੋਰ ਚਾਰਾ ਨਹੀਂ ਹੈ ਇਸ ਲਈ ਝੋਨਾ ਨਾ ਲਗਾਉਣ ਦੀ ਸਲਾਹ ਨਹੀਂ ਦਿਤੀ ਜਾ ਸਕਦੀ ਪਰ ਝੋਨੇ ਦੀ ਬਿਜਾਈ ਇਸ ਤਰੀਕੇ ਨਾਲ ਕਰੋ ਕਿ ਸਾਡੀ ਜ਼ਮੀਨ ਬਚੀ ਰਹੇ ਅਤੇ ਬੰਜਰ ਨਾ ਹੋਵੇ। ਇਸ ਮੌਕੇ ਉਨ੍ਹਾਂ ਨੇ ਕਈ ਉਦਾਹਰਣ ਵੀ ਦਿਤੀਆਂ ਜੋ ਕੱਦੂ ਛੱਡ ਕੇ ਝੋਨੇ ਦੀ ਸਿੱਧੀ ਬਿਜਾਈ ਕਰਦੇ ਹਨ। ਜਿਨ੍ਹਾਂ ਨੇ ਆਪਣੀ ਖੇਤੀ ਦਾ ਤਰੀਕਾ ਬਦਲ ਕੇ ਨਾ ਸਿਰਫ ਆਪਣੀ ਜ਼ਮੀਨ ਨੂੰ ਬਚਾਇਆ ਸਗੋਂ ਆਪਣੀ ਆਮਦਨ ਵਿਚ ਵੀ ਵਾਧਾ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡਾ. ਅਵਤਾਰ ਸਿੰਘ ਫਗਵਾੜਾ ਨੇ ਖੇਤੀ ਦਾ ਤਰੀਕਾ ਬਦਲ ਕੇ ਆਪਣੀ ਆਮਦਨ ਵਿਚ ਤਿੰਨ ਗੁਣਾ ਵਾਧਾ ਕੀਤਾ ਹੈ, ਉਨ੍ਹਾਂ ਨੇ ਅਜਿਹਾ ਮਾਡਲ ਤਿਆਰ ਕੀਤਾ ਹੈ ਜੋ ਹੋਰ ਕਿੰਨਾ ਲਈ ਵੀ ਮਿਸਾਲ ਬਣ ਗਿਆ ਹੈ।

ਫੂਲਕਾ ਨੇ ਦੱਸਿਆ ਕਿ ਕਿਸਾਨ ਅਵਤਾਰ ਸਿੰਘ ਨੇ ਇਹ ਵਿਧੀ ਤਕਰੀਬਨ 2010 ਵਿਚ ਸ਼ੁਰੂ ਕੀਤੀ ਸੀ ਜਿਸ ਨੇ ਉਨ੍ਹਾਂ ਦੀ ਆਮਦਨ ਵਿਚ ਵਾਧਾ ਕੀਤਾ ਹੈ। ਇਸ ਵਿਧੀ ਨੂੰ ਏ.ਐਸ.ਆਰ. ਵਿਧੀ ਕਹਿੰਦੇ ਹਨ। ਇਸ ਵਿਧੀ ਨਾਲ ਹਜ਼ਾਰਾਂ ਕਿਸਾਨ ਝੋਨਾ ਬੀਜ ਰਹੇ ਹਨ ਅਤੇ ਇਸ ਨੂੰ ਛੇ ਸੁਹਾਗਾ ਵਿਧੀ ਵੀ ਕਿਹਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਡੀ.ਐੱਸ.ਆਰ ਵਿਧੀ ਦੇ ਉਲਟ ਇਸ ਵਿਧੀ ਨਾਲ ਝੋਨਾ ਬੀਜਣ 'ਤੇ ਕੋਈ ਵੀ ਨਦੀਨ ਖਰਚ ਨਹੀਂ ਆਉਂਦਾ ਅਤੇ ਨਾ ਹੀ ਰਵਾਇਤੀ ਢੰਗ ਨਾਲ ਹੋਣ ਵਾਲੀ ਲੇਬਰ ਦਾ ਖਰਚਾ ਝੱਲਣਾ ਪੈਂਦਾ ਹੈ।ਉਨ੍ਹਾਂ ਕਿਹਾ ਕਿ ਇਹ ਇੱਕ ਸਮਾਜਿਕ ਮੁੱਦਾ ਹੈ ਅਤੇ ਇਸ ਪ੍ਰਤੀ ਲੋਕ ਨੂੰ ਜਾਗਰੂਕ ਕਰਨ ਲਈ ਸਿਆਸੀ ਲੀਡਰ ਨਹੀਂ ਸਗੋਂ ਸਮਾਜ ਸੇਵੀ ਲੋਕ ਨੂੰ ਅੱਗੇ ਆਉਣ ਦੀ ਜ਼ਰੂਰਤ ਹੈ। ਫੂਲਕਾ ਨੇ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਦਰੀ ਨੰਗਲ ਦੇ ਰਹਿਣ ਵਾਲੇ ਅਤੇ ਪੰਜਾਬੀ ਯੂਨੀਵਰਸਿਟੀ ਵਿਚ ਲੈਕਚਰਾਰ ਹਰਜੀਤ ਸਿੰਘ, ਮੋਗਾ ਦੇ ਕਿਸਾਨ ਇਕਬਾਲ ਸਿੰਘ, ਰੋਪੜ ਦੇ ਨਰਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਦੀ ਮਿਸਾਲ ਦਿਤੀ ਜੋ ਪਿਛਲੇ ਚਾਰ-ਪੰਜ ਸਾਲਾਂ ਤੋਂ ਇਸ ਵਿਧੀ ਰਾਹੀਂ ਝੋਨੇ ਦੀ ਕਾਸ਼ਤ ਕਰ ਰਹੇ ਹਨ।