ਪੰਜਾਬ ਦੀ ਸੰਘਰਸ਼ਸ਼ੀਲ ਸਖਸ਼ੀਅਤ ਦੀਪ ਸਿਧੂ  ਬਾਰੇ ਚਲੀ ਚਰਚਾ

ਪੰਜਾਬ ਦੀ ਸੰਘਰਸ਼ਸ਼ੀਲ ਸਖਸ਼ੀਅਤ ਦੀਪ ਸਿਧੂ  ਬਾਰੇ ਚਲੀ ਚਰਚਾ

 ਵੱਖ ਵੱਖ ਵਿਦਵਾਨਾਂ ਨੇ ਕੀਤੀ ਸ਼ਲਾਘਾ     

 ਅੰਮ੍ਰਿਤਸਰ ਟਾਈਮਜ਼

ਜਲੰਧਰ: ਸਿਖ ਵਿਦਵਾਨ ਪ੍ਰਭਸ਼ਰਨਬੀਰ ਸਿੰਘ ਆਖਦਾ ਹੈ ਕਿ ਦੀਪ ਜਾਂਦਾ ਜਾਂਦਾ ਸਾਨੂੰ ਜਗਾ ਵੀ ਗਿਆ ਤੇ ਰੁਆ ਵੀ ਗਿਆ। ਮੈਂ ਆਪਣੀ ਜ਼ਿੰਦਗੀ 'ਚ ਕਦੇ ਐਨੇ ਬੰਦਿਆਂ ਨੂੰ ਰੋਂਦਿਆਂ ਨਹੀਂ ਸੁਣਿਆ ਜਿੰਨਿਆਂ ਨੂੰ ਅੱਜ ਸੁਣ ਲਿਆ। ਹਰ ਕਿਸੇ ਨੂੰ ਲੱਗਦਾ ਜਿਵੇਂ ਉਹਦਾ ਕੋਈ ਖਾਸ ਕਰੀਬੀ ਤੁਰ ਗਿਆ ਹੋਵੇ। ਇਹੀ ਦੀਪ ਸਿੱਧੂ ਦੀ ਪ੍ਰਾਪਤੀ ਹੈ। ਉਹਦੇ ਬੋਲਾਂ ਵਿਚ ਕੋਈ ਅਪਣੱਤ ਸੀ ਜਿਹੜੀ ਬੰਦੇ ਨੂੰ ਝੱਟ ਮੋਹ ਲੈਂਦੀ ਸੀ। ਉਹਨੂੰ ਮਿਲ-ਸੁਣ ਕੇ ਹਜ਼ਾਰਾਂ ਨੌਜਵਾਨਾਂ ਦੀ ਸੋਚ ਚੁੱਪ-ਚੁਪੀਤੇ ਹੀ ਰਾਸ਼ਟਰਵਾਦ ਤੋਂ ਖਾਲਿਸਤਾਨ ਤੱਕ ਦਾ ਸਫ਼ਰ ਤੈਅ ਕਰ ਗਈ। ਦੀਪ ਸਿੱਖ ਸਪਿਰਿਟ ਦਾ ਬੁਲੰਦ ਪਰਚਮ ਸੀ ਜਿਹੜਾ ਨਾ ਕਦੇ ਝੁਕਿਆ, ਨਾ ਵਿਕਿਆ, ਨਾ ਡਰਿਆ, ਤੇ ਨਾ ਹੀ ਉਸਨੇ ਕਦੇ ਪਿਛੇ ਮੁੜ ਕੇ ਵੇਖਿਆ। ਉਹਨੇ ਬਹੁਤ ਕੁਝ ਗਵਾਇਆ ਪਰ ਜਤਾਇਆ ਕਦੇ ਕੁਝ ਵੀ ਨਾ। ਜਿਹਨਾਂ ਦਾ ਟੁੱਕ ਵੀ ਪੰਥ ਦੇ ਸਿਰੋਂ ਚੱਲਦਾ ਉਹ ਉਹਨੂੰ ਨੌਲਦੇ ਰਹੇ।ਸਿੱਖਾਂ ਦੀ ਉਭਰ ਰਹੀ ਰਾਜਸੀ ਚੇਤਨਾ ਨੂੰ ਮਸਾਂ-ਮਸਾਂ ਕੋਈ ਚਿਹਰਾ ਮਿਲਿਆ ਸੀ। ਲੋਕ ਆਪ-ਮੁਹਾਰੇ ਓਹਨੂੰ ਸੁਣਨ ਜਾਂਦੇ। ਜਿਹੜੇ ਇਲਾਕੇ ਵਿਚੋਂ ਲੰਘ ਜਾਂਦਾ, ਉਥੋਂ ਦੀ ਹਵਾ ਬਦਲ ਜਾਂਦੀ। ਓਹਨੇ ਪੰਥ ਦੀ ਨਬਜ਼ ਨੂੰ ਪਛਾਣਿਆ ਅਤੇ ਜਿਹੜੀਆਂ ਗੱਲਾਂ ਕਰਨੋਂ ਵੱਡੇ-ਵੱਡੇ ਡਰਦੇ ਸਨ, ਉਹ ਸਹਿਜ ਸੁਭਾ ਹੀ ਲੋਕਾਂ ਦੇ ਮਨਾਂ ਵਿਚ ਪਾ ਜਾਂਦਾ। ਦੀਪ ਸਿੱਧੂ ਦਾ ਅੰਦਰੂਨੀ ਕਾਇਆ-ਕਲਪ ਵੀ ਵਾਹਿਗੁਰੂ ਦੀ ਕਲਾ ਵਰਤਣ ਦਾ ਹੀ ਨਤੀਜਾ ਸੀ। ਗੁਰੂ ਸਾਹਿਬ ਦੀ ਕਿਰਪਾ ਹੋਈ ਤੇ ਉਹ ਪੰਥ ਦੇ ਰਾਹ ਉੱਤੇ ਚੱਲ ਪਿਆ। ਕਈ ਇਤਰਾਜ਼ ਕਰ ਰਹੇ ਹਨ ਕਿ ਉਹ ਪਹਿਲਾਂ ਕਿੱਥੇ ਸੀ। ਉਹਨੇ ਪਹਿਲਾਂ ਕਦੇ ਪੰਥ ਦੀ ਗੱਲ ਨਹੀਂ ਕੀਤੀ। ਓਏ ਭਲਿਓ, ਇਹੀ ਤਾਂ ਕਲਾ ਵਰਤਣੀ ਹੈ। ਜਿਹੜਾ ਪਹਿਲਾਂ ਟੁੱਟਿਆ ਹੋਇਆ ਸੀ ਉਹਨੂੰ ਗੁਰੂ ਨੇ ਕਿਰਪਾ ਕਰਕੇ ਜੋੜ ਲਿਆ। ਤੁਹਾਡੀ ਵਿਹੁਲੀ ਵਿਦਵਤਾ ਨੇ ਤਾਂ ਤੁਹਾਨੂੰ ਐਨਾ ਵੀ ਨਹੀਂ ਸਿਖਾਇਆ ਕਿ ਕਿਸੇ ਦੇ ਤੁਰ ਜਾਣ ਉੱਤੇ ਦੋ-ਚਾਰ ਦਿਨ ਆਪਣੀ ਨਫਰਤ ਦੀਆਂ ਲਗਾਮਾਂ ਕਿਵੇਂ ਖਿੱਚ ਕੇ ਰੱਖਣੀਆਂ ਹਨ। ਜਿਹੜੇ ਓਹਨੂੰ ਗੱਦਾਰ ਦੱਸਦੇ ਸੀ ਉਹਨਾਂ ਨੂੰ ਕਿਸੇ ਕੁੱਤੇ ਨੇ ਵੀ ਨਹੀਂ ਪਛਾਣਨਾ। ਕਾਮਰੇਡਾਂ ਨੇ ਤਾਂ ਓਹਨੂੰ ਕੀ ਜਰਨਾ ਸੀ ਸਾਡੇ ਆਪਣਿਆਂ ਤੋਂ ਹੀ ਨਹੀਂ ਜਰਿਆ ਗਿਆ। ਹੁਣ ਤਾਂ ਇਹਨਾਂ ਨੂੰ ਆਪਣੇ ਕਹਿਣ ਨੂੰ ਵੀ ਜੀਅ ਨਹੀਂ ਕਰਦਾ। ਨੌਜਵਾਨੀ ਦੇ ਦਿਲਾਂ ਅੰਦਰ ਜਿਹੜਾ ਦੀਪ ਉਹ ਜਗਾ ਗਿਆ ਹੈ, ਉਹਦਾ ਚਾਨਣ ਸੰਘਰਸ਼ ਦੇ ਰਾਹਾਂ ਨੂੰ ਰੁਸ਼ਨਾਉਂਦਾ ਰਹੇਗਾ। ਅੱਜ ਪੰਥ ਸੰਘਰਸ਼ ਦੇ ਨਵੇਂ ਦੌਰ ਦੀਆਂ ਬਰੂਹਾਂ ਉੱਤੇ ਖੜ੍ਹਾ ਹੈ। ਸਾਡੀ ਪੀੜ੍ਹੀ ਨੇ ਲੇਖਾ ਦੇਣਾ ਹੈ ਕਿ ਅਸੀਂ ਅੱਜ ਦੀ ਘੜੀ ਕੀ ਕੀਤਾ ਸੀ। ਅਸੀਂ ਜੰਗ ਜਾਰੀ ਰੱਖੀ ਜਾਂ ਆਪਣੀ ਜਾਨ ਪਿਆਰੀ ਰੱਖੀ? ਜੋਧਿਆਂ ਨੂੰ ਅਸਲੀ ਸ਼ਰਧਾਂਜਲੀ ਉਹਨਾਂ ਵੱਲੋਂ ਵਿੱਢੀ ਜੰਗ ਨੂੰ ਜਾਰੀ ਰੱਖਣਾ ਹੀ ਹੁੰਦੀ ਹੈ। ਭਰਿਆ ਮੇਲਾ ਛੱਡ ਜਾਣਾ ਪੰਜਾਬ ਦੀ ਪੁਰਾਣੀ ਰੀਤ ਹੈ। ਦੀਪ ਇਸ ਰੀਤ ਨੂੰ ਨਿਭਾ ਚੱਲਿਆ ਹੈ। ਅਸੀਂ ਜੇ ਇਸ ਰੀਤ ਨੂੰ ਨਿਭਾ ਨਹੀਂ ਸਕਦੇ ਤਾਂ ਘੱਟੋ-ਘੱਟ ਗਾ ਤਾਂ ਸਕਦੇ ਹਾਂ:

ਮੜ੍ਹੀਆਂ ਅੰਦਰ ਦੀਪ ਇਕੱਲਾ,

ਲੜਦਾ ਨਾਲ ਹਨ੍ਹੇਰੇ। 

ਕਿਰਪਾ ਗੁਰ ਦੀ ਆਨ ਬਿਰਾਜੀ 

ਪੰਥ ਦੇ ਉੱਚ ਬਨੇਰੇ। 

ਮਨ-ਮਸਤਕ ਪਰਵਾਜ਼ ਉਚੇਰੀ 

ਜੀਰਾਣਾਂ ਥੀਂ ਉੱਡੇ,

ਕਾਲ਼ੀ ਰਾਤ ਕਹਿਰ ਦੀ ਭਾਰੀ 

ਲੱਭਦੀ ਨਵੇਂ ਸਵੇਰੇ। 

ਪਰਮਿੰਦਰ ਸਿੰਘ ਸ਼ੌਂਕੀ ਆਖਦਾ ਹੈ ਕਿ ਡਰ, ਹੀਣਤਾ, ਬੌਧਿਕ ਖੱਸੀਪਣ ਤੇ ਨੇਸ਼ਨ/ਸਟੇਟ ਪ੍ਰਤੀ ਆਪਣੀ ਅਥਾਹ ਸ਼ਰਧਾ ਲਈ ਜਾਣੇ ਜਾਂਦੇ ਹਿੰਦੂਤਵੀ ਕਾਮਰੇਡੀ ਮਾਨਸਿਕਤਾ ਲਈ ਦੀਪ ਸਿੱਧੂ ਹਮੇਸ਼ਾ ਇਕ ਚੁਣੌਤੀ ਬਣ ਕੇ ਰਿਹਾ। ਆਪਣੇ ਹਰ ਸੰਭਵ ਯਤਨਾਂ ਤੇ ਪ੍ਰਾਪੇਗੰਡਾ ਰਾਹੀਂ ਸਿਰਜੇ ਗਏ ਕੁਹਜ ਬਿਰਤਾਂਤ ਦੇ ਬਾਵਜੂਦ ਲੱਖਾਂ ਲੋਕ ਉਸ ਦੇ ਲਈ ਆਪਣੇ ਮਨਾਂ ਅੰਦਰ ਪਿਆਰ/ਸਤਿਕਾਰ ਰੱਖਦੇ ਹਨ. ਬੇਸ਼ੱਕ ਉਹ ਅੱਜ ਸਾਡੇ ਵਿਚਕਾਰ ਨਹੀਂ ਰਿਹਾ, ਪਰ ਜਿਸ ਤਰ੍ਹਾਂ ਦਾ ਮਾਹੌਲ ਉਸ ਦੀ ਮੌਤ ਤੋਂ ਬਾਅਦ ਪੈਦਾ ਹੋਇਆ ਹੈ, ਇਹ ਉਨ੍ਹਾਂ ਸਾਰੇ ਲੋਕਾਂ ਦੀ ਇਕ ਵੱਡੀ ਹਾਰ ਤੇ ਉਨ੍ਹਾਂ ਦੇ ਮੂੰਹ ਤੇ ਵੱਜਾ ਇਕ ਵੱਡਾ ਥੱਪੜ ਹੈ, ਜਿਨ੍ਹਾਂ ਨੇ ਹਰ ਘੜੀ, ਹਰ ਪਲ ਉਸ ਮਰਜੀਵੜੇ ਦੀ ਕਿਰਦਾਰਕੁਸ਼ੀ ਕਰਦਿਆਂ ਆਪਣੇ ਕਰੂਪ ਸ਼ੌਕਾਂ ਦੀ ਪੂਰਤੀ ਕੀਤੀ।

ਦੀਪ ਹਮੇਸ਼ਾ ਉਨ੍ਹਾਂ ਲੋਕਾਂ ਦੀਆਂ ਅੱਖਾਂ ਵਿਚ ਰੜਕਦਾ ਰਿਹਾ ਜਿਨ੍ਹਾਂ ਦੇ ਹਿਤ ਨੇਸ਼ਨ/ਸਟੇਟ ਦੇ ਚਗਲੇ ਹੋਏ ਸਵਾਦਾਂ ਨਾਲ ਜੁੜੇ ਹੋਏ ਸਨ।ਸਾਨੂੰ ਮਾਣ ਹੈ ਕਿ ਅਸੀਂ ਉਸ ਬੰਦੇ ਦਾ ਸਾਥ ਦਿੱਤਾ ਜਿਸਨੇ ਆਪਣੀ ਮੌਤ ਤਕ ਸੱਚ ਦਾ ਪੱਲਾ ਫੜ ਕੇ ਰੱਖਿਆ। ਯਕੀਨ ਰੱਖਿਓ, ਜਿਸ ਦਿਨ ਦੀਪ ਦੇ ਵਿਰੋਧੀਆਂ ਵਿਚੋਂ ਇਕ ਵੀ ਪੰਜਾਬੀ ਜਾਂ ਸਿੱਖ ਅਖਵਾਉਣ ਵਾਲਾ ਨੇਤਾ ਜਾਂ ਸਾਧਾਰਨ ਬੰਦਾ ਮਰਿਆ, ਉਸ ਦੀ ਮੌਤ ਤੇ ਕਿਸੇ ਨੇ ਏਨਾ ਨਹੀਂ ਰੋਣਾ ਜਿਨ੍ਹਾਂ ਬਾਈ ਦੀ ਮੌਤ ਤੇ ਉਸ ਦੇ ਪਿਆਰੇ ਰੋਏ ਆਂ।ਇਹੀ ਪਿਆਰ ਉਸ ਦੀ ਜਿੱਤ ਹੈ। ਉਸ ਦਾ ਸਨਮਾਨ ਹੈ।ਤੁਸੀਂ ਓਹਦੀ ਲਾਸ਼ ਮਗਰ ਤੁਰੇ ਜਾਂਦੇ ਇਕੱਠ ਨੂੰ ਵੇਖੋ। ਲੋਕਾਂ ਦੀਆਂ ਅੱਖਾਂ ਚ ਛਾਇਆ ਵੈਰਾਗ ਤੇ ਬੋਲਾਂ ਦਾ ਜਲਾਲ ਸਪਸਟ ਕਰਦਾ ਕਿ ਤੁਹਾਡੀ ਈਰਖਾ, ਸਾੜਾ ਤੇ ਬੌਧਿਕ ਕਰੂਪਤਾ ਕਦੋਂ ਦੀ ਹਾਰ ਚੁੱਕੀ ਹੈ, ਪਰ ਉਹ ਜਿੱਤ ਕੇ ਗਿਆ।

ਲੇਖਕ ਗੁਰਸੇਵਕ ਸਿੰਘ ਚਾਹਲ ਆਖਦੇ ਹਨ ਕਿ ਦੀਪ ਸਿੱਧੂ ਦਾ ਜੀਵਣ ਸੰਘਰਸ਼ਮਈ ਸੀ ,ਉਸ ਦੀ ਛੋਟੀ ਉਮਰ ਵਿਚ ਮਾਂ ਵਿੱਛੜ ਗਈ ,ਉਸਨੇ ਮਿਹਨਤ ਨਾਲ ਅਪਣਾ ਮੁਕਾਮ ਬਣਾਇਆ ,ਕਨੂੰਨ ਦੀ ਡਿਗਰੀ ਲੈ ਕੇ ਇਕ ਨਾਮੀ ਵਕੀਲ ਬਣਿਆ ਤੇ ਮੁੰਬਈ ਦੀ ਹਾਈ ਸੁਸਾਇਟੀ ਚ ਅਪਣਾ ਸਰਕਲ ਬਣਾਇਆ ।ਇੱਥੇ ਉਸਨੇ ਸ਼ੋਹਰਤ ਤੇ ਪੈਸਾ ਵੀ ਕਮਾਇਆ ,ਓਹ ਇੰਟੈਲੀਜੈਂਟ ਨੌਜਵਾਨ ਸੀ ,ਕਾਰਾਂ ਚਲਾਉਣ ਦੇ ਨਾਲ ਉਸਨੂੰ ਜਿਮ ਦਾ ਵੀ ਕਾਫ਼ੀ ਸ਼ੌਕ ਸੀ

ਇਕ ਵਾਰ ਫ਼ਿਲਮ ਦੀ ਸ਼ੂਟਿੰਗ ਦੌਰਾਨ ਜਦੋਂ ਉਸਨੂੰ ਮੈਂ ਮਿਲਿਆ ਸੀ ਤਾਂ ਉਸ ਸਮੇਂ ਓਹ ਦੱਸ ਰਿਹਾ ਸੀ ਕੇ ਜ਼ਿਆਦਾ ਕਸਰਤ ਕਰਨ ਕਰਕੇ ਉਸਦੀ ਪਿੱਠ ਦਰਦ ਹੋਣ ਲੱਗ ਪਈ ਹੈ ਭਾਵੇਂ ਕਿ ਉੱਚ ਵਿੱਦਿਆ ਪ੍ਰਾਪਤ ,ਫ਼ਿਲਮੀ ਸਟਾਰ ਕਹਿ ਲਵੋ ਜਾਂ ਉਤਸ਼ਾਹੀ ਨੌਜਵਾਨ ਪਰ ਇਹਨਾਂ ਗੱਲਾਂ ਤੋਂ ਉੱਪਰ ਜਿਸ ਗੱਲ ਕਰਕੇ ਉਸਦੀ ਇੱਜ਼ਤ ਬਣੀ ਓਹ ਸੀ ਉਸਦਾ ਸਟੈਂਡ ਜੋ ਉਸਨੇ ਕਿਸਾਨ ਮੋਰਚੇ ਦੌਰਾਨ ਲਿਆ ਸੀ ਜਿੱਥੇ ਉਸਦਾ ਵਾਹ 40-40 ਸਾਲ ਦੇ ਤਜਰਬਿਆਂ ਦੇ ਤਗਮੇ ਗੱਲ ਵਿਚ ਪਾ ਕੇ ਚੌੜੇ ਹੋਏ ਫਿਰਦੇ ਹੰਕਾਰੀ  ਆਗੂਆਂ ਨਾਲ ਪਿਆ ਜੋ ਉਸਦੇ ਨੌਜਵਾਨਾਂ ਨੂੰ ਆਪਣੀ ਗੱਲ ਨਾਲ ਕਾਯਲ ਕਰਨ ਦੇ ਗੁਣ ਤੋਂ ਘਬਰਾ ਕੇ ਉਸ ਖ਼ਿਲਾਫ਼ ਦੁਸ਼ਪਰਚਾਰ ਕਰਨ ਉਪਰ ਉੱਤਰ ਆਏ ਤੇ ਹਰ ਰੋਜ ਉਸਨੂੰ ਨਿੱਤ ਨਵੇਂ ਦੋਸ਼ ਲਾ ਕੇ ਬਦਨਾਮ ਕਰਨ ਲੱਗ ਪਏ ।

ਸ਼ਾਇਦ ਦੀਪ ਸਿੱਧੂ ਨੇ ਇਹ ਕਦੇ ਕਿਆਸ ਨਹੀਂ ਕੀਤਾ ਹੋਵੇਗਾ ਕਿ ਉਸ ਨਾਲ ਇਵੇਂ ਹੋਵੇਗੀ ,ਓਹ ਵਾਰ ਕਹਿੰਦਾ ਰਿਹਾ ਸੀ ਕਿ ਸਾਡੀ ਗੱਲ ਤਾਂ ਸੁਣੋ,ਤੁਸੀਂ ਆਈਂ ਗੱਦਾਰ ਕਿਵੇਂ ਬਣਾ ਦਿਓਂਗੇਪਰ ਲਾਲਚੀ ਬੁੱਢੇ ਜਿਹੜੇ ਅੱਗੇ ਐਮ ਐਲ ਏ ਬਨਣ ਲਈ ਹਲਕੇ ਪਏ ਸੀ ਓਹਨਾਂ ਇਸਦੀ ਕੇਹੜੀ ਸੁਨਣੀ ਸੀ ।ਇਹਨਾਂ ਆਗੂਆਂ ਨੇ ਦਿਖਾਇਆ ਕੇ ਓਹ ਨੌਜਵਾਨਾਂ ਨੂੰ ਅਪਣੇ ਨਾਲ ਲੈ ਕੇ ਚੱਲਣ ਦੀ ਯੋਗਤਾ ਨਹੀਂ ਸੀ ਰੱਖਦੇ ।ਓਹ ਤਾਂ ਸਿਰਫ ਚੌਧਰ ਦੇ ਭੁੱਖੇ ਸੀ ।ਦੀਪ ਸਿੱਧੂ ਦਾ ਓਹ ਆਵਦੀ ਗੱਲ ਤੇ ਸਟੈਂਡ ਲੈਣਾ ਹੀ ਸੀ ,ਜਿਸ ਕਰਕੇ ਉਸਨੂੰ ਜੇਲ੍ਹ ਵੀ ਜਾਣਾ ਪਿਆ,ਉਸਦਾ ਨੁਕਸਾਨ ਵੀ ਹੋਇਆ ਪਰ ਉਸਨੂੰ ਇਸੇ ਵਜਾਹ ਕਰਕੇ ਲੋਕਾਂ ਦਾ ਸਮਰਥਨ ਵੀ ਮਿਲਿਆ

ਜੋ ਦੀਪ ਆਖਦਾ ਸੀ ਉਸ ਨੁਕਤੇ ਵਿਚ ਦਮ ਸੀ ,ਤਾਂਹੀਂ ਅਸੀਂ ਵੀ ਉਸਦਾ ਸਮਰਥਨ ਕੀਤਾ ਸੀ ਪਰ ਕਿਸਾਨ ਆਗੂ ਉਸ ਦੀ ਗੱਲ ਨੂੰ ਆਵਦੇ ਮੁਫਾਦਾਂ ਪਿੱਛੇ ਝੁਠਲਾਉਂਦੇ ਰਹੇ ਆਖਿਰ ਹੁਣ ਸਮੇਂ ਨਾਲ ਕਾਫ਼ੀ ਕੁਛ ਨਿੱਖਰ ਕੇ ਸਾਹਮਣੇ ਆ ਚੁੱਕਿਆ ਹੈ ਕਿ ਯੂਨੀਅਨਾਂ ਦੇ ਆਗੂ ਕਿਹੜੇ ਕਿੱਧਰ ਗਏ ਤੇ ਕੀ ਹੋਇਆ ਜਨਤਾ ਸਭ ਜਾਣਦੀ ਹੈ।                               

ਹਰਪਾਲ ਸਿੰਘ ਸੰਧਰ ਲਿਖਦੇ ਹਨ ਕਿ  ਦੀਪ ਸਿੰਘ ਸਿੱਧੂ ਨੂੰ ਉਸਦੀ ਸੋਚ ਨੂੰ ਪਿਆਰ ਕਰਨ ਵਾਲਿਆਂ ਲੋਕਾਂ ਦਾ ਖਾਸ ਕਰਕੇ ਨੌਜਵਾਨਾਂ ਦਾ ਠਾਠਾਂ ਮਾਰਦਾਂ ਇਕੱਠ ਅੱਜ ਉਸਨੂੰ ਅਖੀਰਲੀ ਅੱਲਵਿਦਾ ਕਹਿਣ ਲਈ ਦੇਖਣ ਨੂੰ ਮਿਲਿਆ ਇਸ ਦੀਪ ਦੀ ਲੋਅ ਨੂੰ ਬੁਝਣ ਨਾ ਦਿਉ ਗੁਰੂ ਸਾਹਿਬ ਆਪਣੇ ਬੱਚਿਆਂ ਨੂੰ ਹੋਸਲਾਂ ਅਤੇ ਚੜਦੀਕਲਾ ਬਖ਼ਸ਼ਣ ਜੀ।ਵਹਿਣਾ ਦੇ ਉਲਟ ਤਰਨਾ ਬਹੁਤ ਔਖਾ ਹੁੰਦਾ ਹੈ ਪਰ ਉਹ ਤਰਿਆ।ਉਸ ਕੋਲ ਤਮੀਜ਼, ਤਹਿਜ਼ੀਬ ਤੇ ਤਹੱਮਲ ਸੀ। ਉਸ ਕੋਲ ਆਪਣੀ ਮਿੱਟੀ ਦਾ ਮੋਹ ਸੀ , ਲੋਕਾਂ ਲਈ ਦਰਦ ਸੀ, ਧਰਤ ਲਈ ਪ੍ਰੇਮ ਸੀ, ਕੌਮ ਦੀਆਂ ਮੁਸੀਬਤਾਂ ਦਾ ਅਹਿਸਾਸ ਸੀ। ਆਪਣੀ ਧਰਤੀ ਦੇ ਲੋਕਾਂ ਲਈ ਆਸਾਂ ਦਾ ਦੀਪ ਸੀ ਉਹ, ਦੀਪ ਸਿੱਧੂ।ਉਹ ਆਪਣੀ ਧਰਤੀ ਲਈ ਆਸਾਂ ਦੇ ਬੀਜਾਂ ਦੀ ਝੋਲੀ ਭਰੀ ਫਿਰਦਾ ਸੀ ਤੇ ਵੱਤਰ ਦੀ ਤਿਆਰੀ ਕਰ ਰਿਹਾ ਸੀ।ਉਸ ਦੀ ਸੋਚ ਆਪਣੀ ਧਰਤ ਦੇ ਯੋਧਿਆਂ ਨਾਲ ਜਾ ਮਿਲਦੀ ਸੀ ਜਿਥੋਂ ਉਹ ਕੌਮ ਦੀ ਹੋਂਦ ਦੀ ਪ੍ਰੇਰਨਾ ਲੈਂਦਾ ਸੀ ਤੇ ਇਸੇ ਦਾ ਸੂਲ ਵੈਰੀ ਬਘਿਆੜਾਂ ਨੂੰ ਉੱਠਦਾ ਸੀ ਜੋ ਦੀਪ ਨੂੰ ਲੈ ਬੈਠਾ। ਗੁਰਦੀਪ ਸਿੰਘ ਨਿਦੋਸਰਾ ਲਿਖਦੇ ਹਨ ਕਿ ਸਾਡਾ ਦੀਪ ਸਾਡੇ ਤੋਂ ਖੁੱਸ ਗਿਆ। ਹਾਏ! ਕੋਈ ਐਸੀ ਅੱਖ ਨਹੀਂ ਜੋ ਉਸ ਦੀ ਯਾਦ ਵਿੱਚ ਨਮ ਨਾ ਹੋਈ ਹੋਵੇ। ਇਹ ਕੋਈ ਛੋਟੀ ਘਟਨਾ ਨਹੀਂ ਹੈ। ਨੌਜਵਾਨ ਇਸ ਨੂੰ ਗਹਿਰਾਈ ਨਾਲ ਲੈਣਗੇ। ਤੁਸੀਂ ਕਿਸੇ ਵੀ ਖੇਤਰ ਵਿੱਚ ਹੋਵੋ ਤੁਹਾਨੂੰ ਆਪਣੀ ਧਰਤੀ, ਆਪਣੀ ਲੋਕਾਂ ਤੇ ਆਪਣੀ ਕੌਮ ਲਈ ਲੜਨਾ ਹੀ ਪਵੇਗਾ। ਇਹੋ ਦੀਪ ਦੇ ਭਬਕ ਕੇ ਚਮਕਣ ਦਾ ਸੁਨੇਹਾ ਸੀ।ਉਸ ਦੇ ਖਿਆਲਾਂ ਦੀ ਗਹਿਰਾਈ ਅਤੇ ਸੋਚਣੀ ਦੀ ਉਚਾਈ ਕਮਾਲ ਸੀ। ਉਹ ਕਿਸੇ ਵੈਦ ਵਾਂਗ ਮਰਜ਼ ਦੀ ਜੜ੍ਹ ਫੜਨ ਤੱਕ ਜਾਂਦਾ ਸੀ ਤੇ ਉੱਥੋਂ ਹੀ ਉਸ ਦੇ ਇਲਾਜ ਦੀ ਗੱਲ ਸ਼ੁਰੂ ਕਰਦਾ ਸੀ। ਪੰਜਾਬ ਦੀ ਮਰਜ ਦੀ ਜੜ੍ਹ ਫੜਦਾ ਫੜਦਾ ਉਹ ਸੰਤਾਲੀ, ਚੁਰਾਸੀ ਅਤੇ ਨੱਬੇ ਦੀਆਂ ਬਾਤਾਂ ਪਾਉਂਦਾ ਸੀ। ਉਹ ਕਿਰਸਾਨੀ ਦੇ ਡੂੰਘੇ ਮਸਲਿਆਂ ਦੇ ਹੱਲ ਅਨੰਦਪੁਰ ਮਤੇ ਵਿੱਚੋਂ ਭਾਲਦਾ ਸੀ।

ਉਹ ਤਹਿ ਤੱਕ ਪਹੁੰਚ ਗਿਆ ਸੀ।ਪੰਜਾਬ ਦੀ ਰਾਜਨੀਤੀ ਉਸ ਤਹਿ ਦੇ ਉਲਟ ਵਗਦੀ ਹੈ ਤਾਂਹੀਉ ਉਹ ਉਹਨਾਂ ਨੂੰ ਭਾਉੰਦਾ ਨਹੀਂ ਸੀ ਤੇ ਉਸ ਤੇ ਊਜਾਂ ਤੇ ਇਲਜ਼ਾਮ ਲਾਉੰਦੀ ਰਹੀ।ਉਹ ਦਿਲ ਦਾ ਸਾਫ, ਸ਼ਹੀਦੀ ਪਹਿਰਿਆਂ ਦਾ ਗਵਾਹ ਅਤੇ ਗੁਰੂ ਥਾਪੜੇ ਦਾ ਹਾਸਿਲ ਸੀ। ਉਹ ਲੋਕ ਮਨਾਂ ਦਾ ਤਰਜ਼ਮਾਨ ਹੋ ਨਿਬੜਿਆ। ਮਨਾਂ ਵਿੱਚ ਦੱਬੇ ਖਿਆਲਾਂ ਨੂੰ ਉਹ ਜਨਤਕ ਪੱਧਰ ਤੇ ਲੈ ਆਇਆ ਸੀ।ਅੜ ਕੇ ਆਪਣੇ ਬੋਲਾਂ ਤੇ ਖਲੋਣਾ ਤੇ ਅਹੁਦੇ ਕੁਰਸੀਆਂ ਦੇ ਲਾਲਚ ਤਿਆਗ ਕੇ ਭਰ ਜੁਆਨੀ ਵਿੱਚ ਹੀ ਕੌਮ ਦੇ ਲੋਕਾਂ ਲਈ ਡਟ ਜਾਣਾ ਦੀਪ ਦਾ ਮੁਕਾਮ ਸੀ। ਉਹ ਇੱਕ ਵਾਹਿਦ ਕੌਮੀ ਜਰਨੈਲ ਬਣਨ ਵੱਲ ਦੇ ਕਾਇਆ ਕਲਪ ਵੱਲ ਵਧ ਰਿਹਾ ਸੀ।ਸਿਆਣੇ ਆਖਦੇ ਹਨ ਰੱਬ ਇੱਕ ਦਰਵਾਜ਼ਾ ਬੰਦ ਕਰੇ ਤਾਂ ਦੂਜਾ ਖੋਲ੍ਹ ਦਿੰਦਾ ਹੈ।

ਰੱਬਾ! ਸਾਨੂੰ ਦੂਜਾ ਦਰ ਵੇਖਣ ਦੀ ਸੋਝੀ ਦੇਈਂ।

ਅਲਵਿਦਾ ਸਾਡੇ ਪਿਆਰੇ ਦੀਪ।

ਤੂੰ ਸਾਡੇ ਦਿਲਾਂ ਵਿਚ ਸਦਾ ਰਹੇੰਗਾ।

ਅਸੀਂ ਤੇਰੀਆਂ ਗੱਲਾਂ ਕਰਦੇ ਰਹਾਂਗੇ ਤਾਂ ਕਿ ਦੀਪ ਜਗਦਾ ਰਹੇ।

ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਆਖਦਾ ਹੈ ਕਿ ਛਿਪ ਗਿਆ ਸਿਤਾਰਾ ਜਿਸ ਨੇ ਦਹਾਕਿਆਂ ਤਕ ਲਿਸ਼ਕਣਾ ਸੀ ।ਕਿਸਾਨਾਂ ਉਪਰ ਜੀਪਾਂ ਚਾੜਨ ਦੇ ਰਾਜਸੀ ਸਭਿਆਚਾਰ ਵਿਚ ਹਰ ਸਾਜ਼ਸ਼ੀ ਹਰਬਾ ਮੁਮਕਿਨ ਹੈ !