ਸੱਚ ਦੀ ਅਵਾਜ਼ ਬੁਲੰਦ ਕਰਨ ਵਾਲਾ ਦੀਪ ਸਿੱਧੂ ਇਸ ਫਾਨੀ ਸੰਸਾਰ ਤੋਂ ਹੋਇਆ ਰੁਖ਼ਸਤ

ਸੱਚ ਦੀ ਅਵਾਜ਼ ਬੁਲੰਦ ਕਰਨ ਵਾਲਾ ਦੀਪ ਸਿੱਧੂ ਇਸ ਫਾਨੀ ਸੰਸਾਰ ਤੋਂ ਹੋਇਆ ਰੁਖ਼ਸਤ

ਅੰਮ੍ਰਿਤਸਰ ਟਾਈਮਜ਼

ਚੰਡੀਗੜ੍ਹ :ਪੰਜਾਬੀ ਅਦਾਕਾਰ ਦੀਪ ਸਿੱਧੂ ਦੀ ਭਿਆਨਕ ਸੜਕ ਹਾਦਸੇ 'ਚ ਦਿਹਾਂਤ ਹੋਣ ਦੀ ਦੁਖਦਾਈ ਖਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਹਾਦਸਾ ਕੁੰਡਲੀ ਮਾਨੇਸਰ ਹਾਈਵੇਅ 'ਤੇ ਦਿੱਲੀ ਤੋਂ ਪੰਜਾਬ ਵਾਪਸ ਆਉਂਦੇ ਹੋਇਆ ਵਾਪਰਿਆ। ਖਰਖੌਦਾ ਲਾਗੇ ਉਨ੍ਹਾਂ ਦੀ ਗੱਡੀ ਹਾਦਸਾਗ੍ਰਸਤ ਹੋ ਗਈ।

ਇਹ ਖ਼ਬਰ ਲਿਖੇ ਜਾਣ ਤੱਕ ਦੀਪ ਸਿੱਧੂ ਦੀ ਲਾਸ਼ ਨੂੰ ਖਰਖੌਦਾ ਦੇ ਹਸਪਤਾਲ ਚ ਰੱਖਿਆ ਗਿਆ ਸੀ। ਕਿਸਾਨ ਅੰਦੋਲਨ ਵਿਚ ਖ਼ਾਸ ਤੌਰ ਤੇ ਚਰਚਾ ਦਾ ਵਿਸ਼ਾ ਬਣੇ ਦੀਪ ਸਿੱਧੂ ਕੁੰਡਲੀ ਬਾਰਡਰ ਨੇੜੇ ਹੀ ਘਾਤਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ। ਕੁੰਡਲੀ ਬਾਰਡਰ ਕਿਸਾਨ ਅੰਦੋਲਨ ਕਾਰਣ ਪੂਰੀ ਦੁਨੀਆ ਚ ਚਰਚਾ ਦਾ ਵਿਸ਼ਾ ਬਣਿਆ ਰਿਹਾ ਹੈ।ਦੀਪ ਸਿੱਧੂ ਪਹਿਲਾਂ 2019 ਦੌਰਾਨ ਗੁਰਦਾਸਪੁਰ ਹਲਕੇ ਵਿਚ ਬਾਲੀਵੁੱਡ ਅਦਾਕਾਰ ਸੰਨੀ ਦਿਓਲ ਨਾਲ ਚੋਣ ਪ੍ਰਚਾਰ ਕਰਦੇ ਸਮੇਂ ਚਰਚਾ ਦਾ ਕੇਂਦਰ ਬਣੇ ਸਨ। ਉਸ ਤੋਂ ਬਾਅਦ ਪਿਛਲੇ ਸਾਲ 26 ਜਨਵਰੀ ਨੂੰ ਜਦੋਂ ਅੰਦੋਲਨਕਾਰੀ ਕਿਸਾਨਾਂ ਨੇ ਦਿੱਲੀ ਵਿਚ ਟਰੈਕਟਰ ਰੈਲੀ ਕੱਢੀ ਸੀ, ਤਦ ਉਹ ਲਾਲ ਕਿਲ੍ਹੇ ਤੇ ਝੰਡਾ ਝੁਲਾਉਣ ਦੇ ਮਾਮਲੇ ਵਿਚ ਡਾਢੇ ਚਰਚਿਤ ਹੋਏ ਸਨ।