ਦਲ ਖਾਲਸਾ ਨੇ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਪ੍ਰਭੂਸੱਤਾ ਅਤੇ ਬਾਦਸ਼ਾਹਤ ਲਈ ਡਟਣ ਅਤੇ ਲੜਨ ਵਾਲੇ ਕੌਮੀ ਨਾਇਕਾਂ ਨੂੰ ਕੀਤਾ ਸਮਰਪਿਤ 

ਦਲ ਖਾਲਸਾ ਨੇ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਪ੍ਰਭੂਸੱਤਾ ਅਤੇ ਬਾਦਸ਼ਾਹਤ ਲਈ ਡਟਣ ਅਤੇ ਲੜਨ ਵਾਲੇ ਕੌਮੀ ਨਾਇਕਾਂ ਨੂੰ ਕੀਤਾ ਸਮਰਪਿਤ 

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਸਿੱਖ ਜਥੇਬੰਦੀ ਦਲ ਖ਼ਾਲਸਾ ਵੱਲੋਂ ਪੰਥ ਪ੍ਰਵਾਨਿਤ ਮੂਲ ਨਾਨਕਸ਼ਾਹੀ ਕੈਲੰਡਰ ਸੰਮਤ 554 ਜਾਰੀ ਕੀਤਾ ਗਿਆ। ਪਾਰਟੀ ਦੇ ਪ੍ਰਧਾਨ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਹਨਾਂ ਵੱਲੋਂ ਜਾਰੀ ਕੀਤਾ ਗਿਆ ਕੈਲੰਡਰ ਮੂਲ ਨਾਨਕਸ਼ਾਹੀ ਕੈਲੰਡਰ ਹੈ ਜੋ 2003 ਵਿੱਚ ਸ਼੍ਰੋਮਣੀ ਕਮੇਟੀ ਦੇ ਇਜਲਾਸ ਦੀ ਪ੍ਰਵਾਨਗੀ ਨਾਲ ਅਕਾਲ ਤਖ਼ਤ ਸਾਹਿਬ ਵਲੋ ਜਾਰੀ ਕੀਤਾ ਸੀ ਅਤੇ ਜਿਸਨੂੰ 2010 ਵਿੱਚ ਅਕਾਲੀ ਬਾਦਲ ਦਲ ਨੇ ਸੰਤ ਸਮਾਜ ਦੇ ਪ੍ਰਭਾਵ ਹੇਠ ਚਲਾਕੀ ਨਾਲ ਮੁੜ ਬਿਕਰਮੀ ਕੈਲੰਡਰ ਵਿੱਚ ਬਦਲ ਦਿੱਤਾ ਸੀ। 

ਉਹਨਾਂ ਕਿਹਾ ਕਿ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ  ਹਰਪ੍ਰੀਤ ਸਿੰਘ ਵੱਲੋਂ ਬੀਤੇ ਦਿਨੀ ਸ਼੍ਰੋਮਣੀ ਗੁ. ਪ੍ਰ. ਕਮੇਟੀ ਵਲੋਂ ਛਾਪੇ ਜਿਸ ਕੈਲੰਡਰ ਨੂੰ ਜਾਰੀ ਕੀਤਾ ਗਿਆ ਹੈ ਉਹ ਅਸਲ ਵਿੱਚ ਬਿਕਰਮੀ ਹੈ, ਨਾਨਕਸ਼ਾਹੀ ਤਾਂ ਕੇਵਲ ਨਾਮ ਦਾ ਹੀ ਹੈ।  2003  ਵਿੱਚ ਜਾਰੀ ਮੂਲ ਨਾਨਾਕਸ਼ਾਹੀ ਕੈਲੰਡਰ ਨੂੰ 2010 ਵਿੱਚ "ਸੋਧਾਂ" ਦੇ ਨਾਂ ਹੇਠ ਮਿਲਗੋਭਾ ਬਣਾਇਆ ਗਿਆ ਅਤੇ 2015 ਵਿੱਚ ਮੁੜ ਬਿਕਰਮੀ ਬਣਾ ਦਿੱਤਾ ਗਿਆ। ਉਹਨਾਂ ਕਿਹਾ ਕਿ ਪਿਛਲ਼ੇ ਸੱਤ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਬਿਕਰਮੀ ਕੈਲੰਡਰ 'ਨਾਨਕਸ਼ਾਹੀ' ਦੇ ਨਾਂ ਹੇਠ ਛਾਪ ਕੇ ਵੰਡ ਰਹੀ ਹੈ, ਜੋ ਸਿੱਖ ਸੰਗਤਾਂ ਨਾਲ ਧੋਖਾ ਹੈ। 

 

ਪਾਰਟੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਛਾਣ ਦਾ ਪ੍ਰਤੀਕ ਹੈ ਅਤੇ ਬਿਕਰਮੀ ਵੱਲ ਮੁੜਣ ਨਾਲ ਕੌਮ ਵਿੱਚ ਭੰਬਲਭੂਸਾ ਅਤੇ ਦੁਬਿਧਾ ਪੈਦਾ ਹੋਈ ਹੈ।  ਉਨ੍ਹਾਂ ਕੈਲੰਡਰ ਵਿਵਾਦ ਨੂੰ ਸੁਲਝਾਉਣ  ਅਤੇ  ਕੈਲੰਡਰ ਕਾਰਨ ਕੌਮ ਅੰਦਰ ਪਈਆਂ ਵੰਡੀਆਂ ਨੂੰ ਖਤਮ ਕਰਨ ਲਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸ. ਹਰਜਿੰਦਰ ਸਿੰਘ ਧਾਮੀ ਦੇ ਨਾਮ ਜਨਰਲ ਸਕੱਤਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੂੰ ਮੈਮੋਰੰਡਮ ਅਤੇ ਕੈਲੰਡਰ ਦੀ ਕਾਪੀ ਸੌਪੀ। ਕਮੇਟੀ ਪ੍ਰਧਾਨ ਨੂੰ ਲਿਖੇ ਤਿੰਨ ਸਫ਼ਿਆਂ ਦੇ ਖੱਤ ਵਿੱਚ ਜਥੇਬੰਦੀ ਨੇ ਨਾਨਕਸ਼ਾਹੀ ਕੈਲੰਡਰ ਦੇ ਪਿਛੋਕੜ ਅਤੇ ਵਿਵਾਦ ਉੱਤੇ  ਵਿਸਥਾਰਿਤ ਜਾਣਕਾਰੀ ਦੇਦਿੰਆ ਇਸ ਲਮਕਦੇ ਕੌਮੀ ਮਸਲੇ ਨੂੰ ਸੁਲਝਾਉਣ ਲਈ ਸ.ਧਾਮੀ ਨੂੰ ਪਾਰਟੀ-ਪੱਧਰ ਤੋੰ ਉਪਰ ਉਠਕੇ ਪਹਿਲਕਦਮੀ ਕਰਨ ਲਈ ਕਿਹਾ ਹੈ। ਉਨ੍ਹਾਂ ਕਿਹਾ ਕਿ ਸਾਰੇ ਧਰਮਾਂ ਅਤੇ ਭਾਈਚਾਰਿਆਂ ਦਾ ਆਪਣੀ ਵੱਖਰੀ ਸੱਭਿਆਚਾਰਕ ਪਛਾਣ ਦੇ ਚਿੰਨ੍ਹ ਵਜੋਂ ਆਪਣਾ ਕੈਲੰਡਰ ਹੁੰਦਾ ਹੈ ਏਸੇ ਤਰ੍ਹਾਂ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਕੌਮ ਦੀ ਅੱਡਰੀ ਪਹਿਚਾਣ ਦਾ ਪ੍ਰਤੀਕ ਹੈ। ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦਾ ਮੂਲ ਨਾਨਕਸ਼ਾਹੀ ਕੈਲੰਡਰ ਸਿੱਖ ਪ੍ਰਭੂਸੱਤਾ ਅਤੇ ਬਾਦਸ਼ਾਹਤ ਲਈ ਡਟਣ ਅਤੇ ਲੜਨ ਵਾਲੇ ਕੌਮੀ ਨਾਇਕਾਂ ਨੂੰ ਸਮਰਪਿਤ ਕੀਤਾ ਗਿਆ ਹੈ। ਇਸ ਕੈਲੰਡਰ ਵਿੱਚ ਜਿੱਥੇ ਸਿੱਖ ਬਾਦਸ਼ਾਹਤ ਦੇ ਪ੍ਰਤੀਕ ਬਾਬਾ ਬੰਦਾ ਸਿੰਘ ਬਹਾਦਰ ਅਤੇ ਮਹਾਰਾਜਾ ਰਣਜੀਤ ਸਿੰਘ ਅਤੇ ਬਾਬਾ ਬਘੇਲ ਸਿੰਘ ਦੀ ਤਸਵੀਰ ਲਗਾਈ ਗਈ ਹੈ ਉਥੇ ਹੀ ਸੰਤ ਜਰਨੈਲ ਸਿੰਘ ਭਿੰਡਰਾਵਾਲੇ ਅਤੇ ਖਾਲਿਸਤਾਨ ਦੀ ਪ੍ਰਾਪਤੀ ਲਈ ਸੰਘਰਸ਼ ਕਰਦਿਆਂ ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਲ ਸਿੱਖ ਸੰਘਰਸ਼ ਨੂੰ ਅੰਤਰਰਾਸ਼ਟਰੀ ਪੱਧਰ ਉੱਤੇ ਪਹੁੰਚਾਉਣ ਵਾਲੇ ਡਾ. ਜਗਜੀਤ ਸਿੰਘ ਚੌਹਾਨ, ਅਤੇ ਡਾ. ਗੁਰਮੀਤ ਸਿੰਘ ਔਲਖ ਦੀਆਂ ਤਸਵੀਰਾਂ ਵੀ ਮੌਜੂਦ ਹਨ। ਸਿੱਖ ਜੁਝਾਰੂ ਸੰਘਰਸ਼ ਦੀ ਸਿਧਾਤਿਕ ਅਗਵਾਈ ਕਰ ਵਾਲੀਆਂ ਦੋਨੋਂ ਪੰਥਕ ਕਮੇਟੀਆਂ ਦੇ ਮੁਖੀਆਂ ਬਾਬਾ ਗੁਰਬਚਨ ਸਿੰਘ ਮਾਨੋਚਾਹਲ ਅਤੇ ਡਾ. ਸੋਹਣ ਸਿੰਘ ਦੀਆਂ ਤਸਵੀਰਾਂ ਵੀ ਲਾਈਆ ਗਈਆਂ ਹਨ। ਖਾਲਿਸਤਾਨ ਦੇ ਨਾਮ ਹੇਠ 1984 ਤੋੰ ਬਾਅਦ ਹੋਂਦ ਵਿੱਚ ਆਈਆਂ ਜੁਝਾਰੂ ਜਥੇਬੰਦੀਆਂ ਦੇ ਜਰਨੈਲਾਂ ਦੀਆਂ ਤਸਵੀਰਾਂ ਵੀ ਸ਼ਸ਼ੋਬਿਤ ਹਨ। 

ਸੰਘਰਸ਼ ਦੀ ਲਗਾਤਾਰਤਾ ਨੂੰ ਦਰਸਾਉਂਦਿਆਂ ਜਿੱਥੇ ਜਲਾਵਤਨੀ ਕੱਟ ਰਹੇ ਸਿੱਖਾਂ ਵਿੱਚੋਂ ਪਰਮਜੀਤ ਸਿੰਘ ਪੰਜਵੜ, ਚਾਚਾ ਵਧਾਵਾ ਸਿੰਘ ਬੱਬਰ, ਅਤੇ ਭਾਈ ਗਜਿੰਦਰ ਸਿੰਘ ਦੀ ਤਸਵੀਰ ਲਗਾਈ ਗਈ ਹੈ ਉਥੇ ਹੀ ਪੰਜਾਬ ਵਿੱਚ ਜਮਹੂਰੀ ਢੰਗ ਨਾਲ ਖਾਲਿਸਤਾਨ ਦੀ ਵਿਚਾਰਧਾਰਾ ਦੀ ਪ੍ਰਤੀਨਿਧਤਾ ਕਰਦਿਆਂ ਭਾਈ ਦਲਜੀਤ ਸਿੰਘ ਬਿੱਟੂ ਅਤੇ ਸਿਮਰਨਜੀਤ ਸਿੰਘ ਮਾਨ ਦੀ ਤਸਵੀਰ ਵੀ ਲਗਾਈ ਗਈ ਹੈ। ਲੰਬੇ ਸਮੇਂ ਤੋਂ ਭਾਰਤੀ ਜੇਲ੍ਹਾਂ ਵਿੱਚ ਨਜ਼ਰਬੰਦ ਕੈਦੀਆਂ ਵਿੱਚੋਂ ਭਾਈ ਜਗਤਾਰ ਸਿੰਘ ਹਵਾਰਾ, ਪ੍ਰੋਫੈਸਰ ਦਵਿੰਦਰ ਪਾਲ ਸਿੰਘ ਭੁੱਲਰ ਅਤੇ ਜੱਗੀ ਜੌਹਲ ਦੀ ਤਸਵੀਰ ਵੀ ਲਗਾਈ ਗਈ ਹੈ। ਕੈਲੰਡਰ ਦੇ ਹੇਠਲੇ ਭਾਗ ਵਿੱਚ 26 ਜਨਵਰੀ 2021 ਨੂੰ ਲਾਲ ਕਿਲ੍ਹੇ ਉੱਤੇ ਖ਼ਾਲਸਾਈ ਪਰਚਮ ਲਹਿਰਾਉਣ ਵਾਲੇ ਪਿੰਡ ਵਾਂ ਦੇ ਭਾਈ ਜੁਗਰਾਜ ਸਿੰਘ ਨੂੰ ਵੀ ਥਾਂ ਦਿੱਤੀ ਗਈ  ਹੈ। ਪੰਜਾਬ ਦੀ ਆਜ਼ਾਦੀ ਲਈ ਆਪਣੀ ਵਚਨਬੱਧਤਾ ਨੂੰ ਦੁਹਰਾਉਂਦਿਆਂ ਪਾਰਟੀ ਦੇ ਆਗੂਆਂ ਨੇ ਕਿਹਾ ਕਿ ਸਿੱਖ ਪ੍ਰਭੂਸੱਤਾ ਦੀ ਪ੍ਰਾਪਤੀ ਲਈ ਖ਼ਾਲਿਸਤਾਨ ਦਾ ਸੰਘਰਸ਼ ਜਾਰੀ ਹੈ।

ਮੌਜੂਦਾ ਹਾਲਾਤਾਂ ਦੀ ਗੱਲ ਕਰਦਿਆਂ ਦਲ ਖਾਲਸਾ ਲੀਡਰਸ਼ਿਪ ਨੇ ਕਿਹਾ ਹੈ ਕਿ ਅਕਾਲੀ ਦਲ ਬਾਦਲ ਨੂੰ ਉਹਨਾਂ ਦੀਆਂ ਸਮਝੌਤਾਵਾਦੀ ਨੀਤੀਆਂ ਤੇ ਲੀਡਰਸ਼ਿਪ ਦੀਆਂ ਨਲਾਇਕੀਆਂ ਅਤੇ 'ਮੈਂ ਨਾ ਮਾਨੂੰ' ਹੰਕਾਰੀ ਰਵੱਈਏ  ਕਾਰਨ ਲੋਕਾਂ ਨੇ ਨਕਾਰ ਦਿੱਤਾ ਹੈ। ਪੰਜਾਬ ਅੰਦਰ ਰਾਜਨੀਤਿਕ ਪਿੜ ਵਿੱਚ ਜਿੱਥੇ ਵੱਡਾ ਬਦਲਾਅ ਆਇਆ ਹੈ ਓਥੇ ਪੰਥਕ ਰਾਜਨੀਤੀ ਵੀ ਵੱਡੇ ਬਦਲਾਅ ਦੀ ਉਡੀਕ ਵਿੱਚ ਹੈ। ਰਵਾਇਤੀ ਪਾਰਟੀਆਂ ਤੇ ਰਵਾਇਤੀ ਆਗੂ ਹਾਸ਼ੀਏ 'ਤੇ ਜਾ ਚੁੱਕੇ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਰਣਵੀਰ ਸਿੰਘ, ਲਖਵੀਰ ਸਿੰਘ ਪੱਟੀ, ਗੁਰਪ੍ਰੀਤ ਸਿੰਘ ਖੁੱਡਾ, ਸਿੱਖ ਯੂਥ ਆਫ਼ ਪੰਜਾਬ ਦੇ ਪ੍ਰਧਾਨ ਗੁਰਨਾਮ ਸਿੰਘ ਮੂਨਕਾਂ, ਜਸਵਿੰਦਰ ਸਿੰਘ ਕਾਹਨੂੰਵਾਨ, ਪ੍ਰਭਜੀਤ ਸਿੰਘ ਹਸਨਪੁਰਸੁਖਜਿੰਦਰ ਸਿੰਘ ਟੇਰਕੇਅਣਾ, ਜਸਵੀਰ ਸਿੰਘ ਆਦਿ ਹਾਜ਼ਰ ਸਨ।