ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿੱਲੀ ਵਾਪਸ ਜਾਣ ਦੇ ਸੰਬੰਧ 'ਚ ਦਲ ਖਾਲਸਾ ਪ੍ਰੈਸ ਕਾਨਫਰੰਸ ਰਿਪੋਰਟ

ਭਾਰਤ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦਿੱਲੀ ਵਾਪਸ ਜਾਣ ਦੇ ਸੰਬੰਧ 'ਚ ਦਲ ਖਾਲਸਾ ਪ੍ਰੈਸ ਕਾਨਫਰੰਸ ਰਿਪੋਰਟ

ਅੰਮ੍ਰਿਤਸਰ ਟਾਈਮਜ਼ 

ਅੰਮ੍ਰਿਤਸਰ : ਸਿੱਖ ਜਥੇਬੰਦੀ ਦਲ ਖਾਲਸਾ ਨੇ ਅੱਜ ਕਿਹਾ ਕਿ ਭਾਰਤ ਦੇ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਲੀ ਵਾਪਸ ਜਾਣ ਲਈ ਮਜ਼ਬੂਰ ਕਰਕੇ ਪੰਜਾਬ ਦੇ ਲੋਕਾਂ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਭਾਜਪਾ ਦੇ ਹਿੰਦੂ ਰਾਸ਼ਟਰ ਦੇ ਏਜੰਡੇ ਅਤੇ ਫਾਸੀਵਾਦੀ ਨੀਤੀਆਂ ਤੇ ਫਿਰਕੂ ਰਾਜਨੀਤੀ ਨੂੰ ਨਕਾਰਦਾ (ਰੱਦ ਕਰਦਾ) ਹੈ ਪਾਰਟੀ ਦਫ਼ਤਰ ਵਿਖੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਿਕਾਇਤ ਕਰ ਰਹੇ ਹਨ ਕਿ ਕਿਸਾਨਾਂ ਦੇ ਰੋਸ ਕਾਰਨ ਉਨ੍ਹਾਂ ਦਾ ਕਾਫ਼ਲਾ ਫ਼ਿਰੋਜ਼ਪੁਰ ਫਲਾਈਓਵਰ 'ਤੇ 20 ਮਿੰਟ ਤੱਕ ਫਸਿਆ ਰਿਹਾ। ਆਗੂਆਂ ਨੇ ਇਸ ਨੂੰ ਕੋਈ ਵੱਡਾ ਮੁੱਦਾ ਨਾ ਦੱਸਦਿਆਂ, ਟਿਪਣੀ ਕਰਦਿਆਂ ਕਿਹਾ ਕਿ ਮੋਦੀ ਨੂੰ ਯਾਦ ਰੱਖਣ ਦੀ ਜ਼ਰੂਰਤ ਹੈ ਕਿ ਉਨ੍ਹਾਂ ਦੀ ਜਿੱਦ ਅਤੇ ਹਉਮੈ ਕਾਰਨ ਕਿਸਾਨਾਂ ਨੂੰ ਤਿੰਨ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦਿੱਲੀ ਦੀਆਂ ਸਰਹੱਦਾਂ 'ਤੇ ਇਕ  ਸਾਲ  ਤੋ  ਵੱਧ ਸਮਾਂ ਬੈਠਣਾ ਪਿਆ ਸੀ।ਪੰਜਾਬ ਦੇ ਲੋਕਾਂ ਨੂੰ ਸੁਚੇਤ ਕਰਦਿਆਂ ਪਾਰਟੀ ਦੇ ਅਾਗੂਆਂ ਨੇ ਕਿਹਾ ਕਿ ਕਲ ਜਿਵੇ ਲੋਕਾਂ ਨੇ ਭਾਜਪਾ ਨੂੰ ਨਕਾਰਿਆ ਹੈ ਅਤੇ  ਜਿਸ  ਤਰਾਂ ਸਰਕਾਰ ਇਸਨੂੰ ਨੈਸ਼ਨਲ ਮੁੱਦਾ ਅਤੇ ਮੋਦੀ ਭਗਤ ਇਸਨੂੰ ਪੂਰੇ ਦੇਸ਼ ਅੰਦਰ ਸਿੱਖ-ਵਿਰੋਧੀ ਜਜਬਾਤ ਭੜਕਾਉਣ  ਲਈ ਵਰਤ ਰਹੇ ਹਨ ਇਸ ਨਾਲ ਪੰਜਾਬ ਅਤੇ ਦਿੱਲੀ ਦਰਮਿਆਨ ਠੰਡੀ ਜੰਗ ਹੋਰ ਤੇਜ਼ ਤੇ ਤਿੱਖੀ ਹੋਵੇਗੀ । ਦਰਬਾਰ ਸਾਹਿਬ ਵਰਗੀ ਦਰਦਨਾਕ ਘਟਨਾ ਦਾ ਹਵਾਲਾ ਦਿੰਦਿਆਂ  ਉਹਨਾਂ ਪੰਜਾਬ ਦੇ ਲੋਕਾਂ ਨੂੰ ਦਿੱਲੀ ਦੇ ਕਿਸੇ ਲੁਕਵੇ ਸੰਭਾਵੀ ਹਮਲੇ ਲਈ ਚੌਕਸ ਰਹਿਣਾ ਲਈ ਕਿਹਾ। 

ਪਤਰਕਾਰਾਂ ਵੱਲੋਂ ਹਿੰਦੂਤਵੀਆਂ ਵੱਲੋਂ ਸੋਸਲ ਮੀਡੀਆ 'ਤੇ ਸਿੱਖਾਂ ਨੂੰ 84 ਵਰਗੇ ਕਤਲੇਆਮ ਕਰਨ ਦੀਆਂ ਦਿੱਤੀਆਂ ਜਾ ਰਹੀਆਂ ਧਮਕੀਆਂ ਬਾਰੇ ਪੁੱਛੇ ਸਵਾਲ ਦਾ ਜਵਾਬ ਦਿੰਦਿਆਂ ਉਨ੍ਹਾਂ ਕਿਹਾ ਕਿ ਸਿੱਖ ਕੌਮ ਨੂੰ ਹਰ ਤਰ੍ਹਾਂ ਦੇ ਹਮਲੇ ਲਈ ਤਿਆਰ ਰਹਿਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਹਰਿਦੁਆਰ ਵਿੱਚ ਮੁਸਲਮਾਨ ਦਾ ਕਤਲੇਆਮ ਕਰਨ ਦੀਆਂ ਗੱਲਾਂ ਕੀਤੀਆਂ ਗਈਆਂ ਸੀ ਅਤੇ ਹੁਣ ਸਿੱਖਾਂ ਪ੍ਰਤੀ ਅਜਿਹੀ ਭੱਦੀ ਸਬਦਾਵਲੀ ਵਰਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਦੁਨੀਆਂ ਦੇ ਤਾਕਤਵਰ ਮੁਲਕਾਂ ਨੂੰ ਇਹਨਾਂ ਧਮਕੀਆਂ ਦਾ ਗੰਭੀਰ ਨੋਟਿਸ ਲੈਣਾ ਚਾਹੀਦਾ ਹੈ ਕਿ ਭਾਰਤ ਆਪਣੀਆਂ ਘੱਟ ਗਿਣਤੀਆਂ ਨੂੰ ਕਿਸ ਤਰ੍ਹਾਂ ਭੈਭੀਤ ਕਰਦਾ ਹੈ। ਕੈਪਟਨ ਅਮਰਿੰਦਰ ਸਿੰਘ ਵੱਲੋਂ ਪੰਜਾਬ ਵਿੱਚ ਰਾਸ਼ਟਰਪਤੀ ਰਾਜ ਲਾਗੂ ਕਰਨ ਦੀਆਂ ਗੱਲਾਂ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਜਥੇਬੰਦੀ ਦੇ ਸੀਨੀਅਰ ਆਗੂ ਕੰਵਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਨਾਲ ਇਹ ਬੇਇਨਸਾਫ਼ੀ ਕੋਈ ਨਵੀਂ ਗੱਲ ਨਹੀਂ ਹੈ।  ਉਨ੍ਹਾਂ ਕਿਹਾ ਕਿ ਪੰਜਾਬ ਨੇ ਪਿਛਲੇ ਸਮਿਆਂ ਵਿੱਚ ਵੱਖ-ਵੱਖ ਮੌਕਿਆਂ 'ਤੇ ਰਾਸ਼ਟਰਪਤੀ ਸ਼ਾਸਨ ਦਾ ਸਾਹਮਣਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡੇ ਲਈ ਰਾਸ਼ਟਰਪਤੀ ਜਾਂ ਚੁਣੇ ਹੋਏ ਤਾਨਾਸ਼ਾਹ ਵਿਅਕਤੀ ਦੇ ਅਧੀਨ ਸ਼ਾਸਨ ਵਿੱਚ ਕੋਈ ਅੰਤਰ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਦਿੱਲੀ ਦੇ ਹਾਕਮ ਪੰਜਾਬ ਦੀ ਜੁਝਾਰੂ ਜਜ਼ਬੇ ਦੀ ਭਾਵਨਾ ਨੂੰ ਇੱਕ ਵਾਰ ਫਿਰ ਪਰਖਣਾ ਚਾਹੁੰਦੇ ਹਨ, ਤਾਂ ਉਹ ਰਾਸ਼ਟਰਪਤੀ ਰਾਜ ਲਾਗੂ ਕਰਕੇ ਦੇਖ ਲੈਣ। ਦਲ ਖਾਲਸਾ ਦੇ ਬੁਲਾਰੇ ਪਰਮਜੀਤ ਸਿੰਘ ਮੰਡ ਨੇ ਕਿਹਾ ਕਿ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਅਕਾਲੀ ਦਲ ਸੰਯੁਕਤ ਦੇ ਮੁਖੀ ਸੁਖਦੇਵ ਸਿੰਘ ਢੀਂਡਸਾ ਬਾਦਲਾਂ ਤੋਂ ਬਾਅਦ ਹਿੰਦੂਤਵੀ ਆਕਾਵਾਂ ਦੇ ਹੱਥਾਂ ਵਿੱਚ ਇੱਕ ਨਵਾਂ ਮੋਹਰਾ ਬਣ ਗਏ ਹਨ। ਉਨ੍ਹਾਂ ਕਿਹਾ ਕਿ ਭਾਜਪਾ ਇਨ੍ਹਾਂ ਦੋਹਾਂ ਸਿੱਖ ਚਿਹਰੇਆਂ ਨੂੰ ਆਪਣੇ ਹਿੰਦੁਤਵੀ ਏਜੰਡੇ ਲਈ ਵਰਤ ਕੇ ਪੰਜਾਬ ਵਿੱਚ ਪੈਰ ਜਮਾਉਣਾ ਚਾਹੁੰਦੀ ਹੈ। 

ਪਾਰਟੀ ਦੇ ਜਨਰਲ ਸਕੱਤਰ ਪਰਮਜੀਤ ਸਿੰਘ ਟਾਂਡਾ ਨੇ ਕਿਹਾ ਕਿ ਆਪਭਾਜਪਾ ਦੀ ਕਾਰਬਨ ਕਾਪੀ (ਨਕਲ) ਹੈ।  ਉਹਨਾਂ ਕਿਹਾ ਕਿ ਦੇਸ਼ ਭਗਤੀ ਨੂੰ ਸਿਆਸੀ ਲਾਹੇ ਲਈ ਮਾਸਕ ਵਜੋਂ ਵਰਤਣਾ ਭਾਜਪਾ ਦਾ ਮੰਤਰ ਹੈ ਅਤੇ ਹੁਣ ਆਮ ਆਦਮੀ ਪਾਰਟੀ ਨੇ ਪੰਜਾਬੀ ਵੋਟਰਾਂ ਨੂੰ ਭਰਮਾਉਣ ਲਈ ਜਲੰਧਰ ਅਤੇ ਪਟਿਆਲਾ ਵਿੱਚ ਤਿਰੰਗਾ ਮਾਰਚ ਅਤੇ ਸ਼ਾਂਤੀ ਮਾਰਚ ਕੱਢ ਕੇ ਅਜਿਹਾ ਹੀ ਪਤਾ ਖੇਡਿਆਂ ਹੈ। ਉਹਨਾਂ ਇਸ ਦੁਵਿਧਾ ਨੂੰ ਸਾਫ਼ ਕਰਦੇ ਹੋਏ ਕਿ ਪ੍ਰਚਲਿਤ ਹੈ ਕਿ ਭਾਜਪਾ ਕੱਟੜ ਹਿੰਦੂਤਵ ਦੀ ਨੁਮਾਇੰਦਗੀ ਕਰਦੀ ਹੈ, ਜਦੋਂ ਕਿ 'ਆਪ' ਨਰਮ ਹਿੰਦੂਤਵ ਦਾ ਚਿਹਰਾ ਹੈ। ਦਲ ਖਾਲਸਾ ਆਗੂ ਨੇ ਕਿਹਾ ਕਿ ਅਜਿਹਾ ਕੋਈ ਫਰਕ ਨਹੀਂ ਹੈ, ਹਿੰਦੂਤਵ ਹਿੰਦੂਤਵ ਹੀ ਹੈ। ਅਤੇ ਭਾਜਪਾ ਅਤੇ ਆਪ ਦੋਵੇਂ ਇੱਕੋ ਸਿੱਕੇ ਦੇ ਦੋ ਪਹਿਲੂ ਹਨ।ਜਥੇਬੰਦੀ ਨੇ ਪੰਥ ਅਤੇ ਪੰਜਾਬ ਨੂੰ ਦਰਪੇਸ਼ ਭਖਦੇ ਮਸਲਿਆਂ ਬਾਰੇ ਵਿਚਾਰ-ਵਟਾਂਦਰਾ ਕਰਨ ਅਤੇ ਇਨ੍ਹਾਂ ਚੁਣੌਤੀਆਂ ਦਾ ਟਾਕਰਾ ਕਰਨ ਅਤੇ ਰਣਨੀਤੀ ਘੜਨ ਲਈ 16 ਨੂੰ ਅੰਮ੍ਰਿਤਸਰ ਵਿਖੇ ਕਾਨਫਰੰਸ ਕਰਨ ਦਾ ਐਲਾਨ ਕੀਤਾ।  ਇਸ ਤਰਾਂ ਨੇ 26 ਜਨਵਰੀ ਨੂੰ ਰਾਜ ਵਿਆਪੀ ਰੋਸ ਪ੍ਰਦਰਸ਼ਨ ਕਰਨ ਦਾ ਵੀ ਸੰਕਲਪ ਲਿਆ। ਜਥੇਬੰਦੀ ਵੱਲੋਂ ਕਾਨਫਰੰਸ ਅਤੇ ਪ੍ਰਦਰਸ਼ਨ ਲਈ ਸੂਚੀਬੱਧ ਕੀਤੇ ਗਏ ਮੁੱਦਿਆਂ  ਵਿੱਚ ਬਰਗਾੜੀ ਤੋਂ ਦਰਬਾਰ ਸਾਹਿਬ ਤੱਕ ਗੁਰੂ ਗ੍ਰੰਥ ਸਾਹਿਬ 'ਤੇ ਹਮਲੇ ਤੇ ਬੇਅਦਬੀ, ਭਾਜਪਾ ਵੱਲੋਂ ਸੂਬੇ ਦੇ ਮਾਹੌਲ ਨੂੰ ਭਗਵਾਂਕਰਨ ਕਰਨ ਦੀਆਂ ਚਾਲਾਂ ਤੇ ਕੋਸ਼ਿਸ਼ਾਂ, ਕੇਂਦਰ ਸਰਕਾਰ ਵੱਲੋਂ ਉਮਰ ਕੈਦ ਦੀ ਸਜ਼ਾ ਪੂਰੀ ਕਰ ਚੁੱਕੇ ਸਿੱਖ ਸਿਆਸੀ ਕੈਦੀਆਂ ਨੂੰ ਰਿਹਾਅ ਨਾ ਕਰਨਾ, ਅਤ ਸਿੱਖ ਨੌਜਵਾਨਾਂ ਨੂੰ ਯੂ.ਏ.ਪੀ.ਏ. ਤਹਿਤ ਜੇਲ੍ਹਾਂ ਵਿੱਚ ਫਸਾਉਣਾ ਸ਼ਾਮਲ ਹੈ।ਸਿੱਖ ਯੂਥ ਆਫ਼ ਪੰਜਾਬ ਦੇ ਆਗੂ ਗੁਰਨਾਮ ਸਿੰਘ ਅਤੇ ਪ੍ਰਭਜੀਤ ਸਿੰਘ ਨੇ ਕਿਹਾ ਕਿ ਸਜ਼ਾ ਦੀ ਮਿਆਦ ਤੋਂ ਵੱਧ ਨੌਂ ਸਿੱਖ ਕੈਦੀਆਂ ਦੀ ਨਜ਼ਰਬੰਦੀ ਸਿੱਖਾਂ ਪ੍ਰਤੀ ਭਾਰਤੀ ਰਾਜ ਦੇ ਪੱਖਪਾਤ ਨੂੰ ਨੰਗਾ ਕਰਦੀ ਹੈ।