ਅਕਾਲ ਤਖ਼ਤ ਸਾਹਿਬ  ਕਿਸੇ ਵੀ ਦੁਨਿਆਵੀ ਤਖ਼ਤ ਦੇ ਅਧੀਨ ਨਹੀਂ ਹੋ ਸਕਦਾ : ਭਾਈ ਦਲਜੀਤ ਸਿੰਘ ਬਿੱਟੂ

ਅਕਾਲ ਤਖ਼ਤ ਸਾਹਿਬ  ਕਿਸੇ ਵੀ ਦੁਨਿਆਵੀ ਤਖ਼ਤ ਦੇ ਅਧੀਨ ਨਹੀਂ ਹੋ ਸਕਦਾ : ਭਾਈ ਦਲਜੀਤ ਸਿੰਘ ਬਿੱਟੂ

14 ਨਵੰਬਰ ਨੂੰ ਸਿੱਖ ਪ੍ਰਚਾਰਕਾਂ ਨੂੰ ਵਿਚਾਰ ਗੋਸ਼ਟੀ ਦਾ ਸੱਦਾ

ਅੰਮ੍ਰਿਤਸਰ ਟਾਈਮਜ਼

ਅੰਮ੍ਰਿਤਸਰ: ਮੌਜੂਦਾ ਸਮੇਂ ਵਿਚ ਸਿੱਖ ਪੰਥ ਵਿੱਚ ਜੋ ਖਲਾਅ ਪੈਦਾ ਹੋ ਰਿਹਾ ਹੈ ਉਸ ਨੂੰ ਭਰਨ ਦੇ ਲਈ ਅਤੇ ਪੰਥ ਨੂੰ ਇਕ ਕਰਨ ਦੇ ਲਈ ਸੰਘਰਸ਼ੀ ਯੋਧਿਆਂ ਵੱਲੋਂ ਸੰਵਾਦ, ਵਿਚਾਰ ਗੋਸ਼ਟੀ ਦਾ ਪਿੜ ਬੰਨ੍ਹਿਆ ਗਿਆ। ਸਥਾਨਕ ਗੁ : ਸ਼ਹੀਦਗੰਜ ਸਾਹਿਬ ਰੇਲਵੇ ਕਲੋਨੀ ਬੀ - ਬਲਾਕ ਵਿਖੇ ਕਰਵਾਈ ਵਿਚਾਰ ਗੋਸ਼ਟੀ ਜਿਸ ਵਿੱਚ ਪੰਥ ਦੀਆਂ ਮੌਜੂਦਾ ਸਿੱਖ ਜਥੇਬੰਦੀਆਂ, ਸੰਪਰਦਾਵਾਂ ਦੇ ਆਗੂ ਅਤੇ ਕੌਮ ਦਾ ਦਰਦ ਰੱਖਣ ਵਾਲਿਆਂ ਨੂੰ ਇਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ । ਜਿਸ ਦਾ ਮੁੱਖ ਧੁਰਾ ਪੰਥ ਵਿਚ ਏਕਤਾ ਕਿਵੇਂ ਹੁੰਦੀ ਹੈ ਅਤੇ ਅੱਜ ਦੇ ਸਮੇਂ ਵਿਚ ਪੰਥਕ ਏਕਤਾ ਕਿਵੇਂ ਹੋ ਸਕਦੀ ਹੈ?

ਇਸ ਵਿਚਾਰ ਗੋਸ਼ਟੀ ਦੀ ਆਰੰਭਤਾ ਦਾ ਪਹਿਲਾ ਵਿਸ਼ਾ, ਅਕਾਲੀ ਅਤੇ ਅਕਾਲ ਤਖ਼ਤ ਸਾਹਿਬ ਦੀ ਵਰਤਮਾਨ ਸਥਿਤੀ ਅਤੇ ਭਵਿੱਖ ਦਾ ਅਮਲ ਸੀ  । ਜਿਸ ਵਿੱਚ  ਪੰਥਕ ਸੰਘਰਸ਼ ਦੇ ਪਿੜ ਵਿੱਚ ਨਿਸ਼ਕਾਮ ਵਿਚਰਦਿਆਂ ਹੋਇਆਂ ਸੇਵਾਵਾਂ ਨਿਭਾਉਣ ਵਾਲੇ ਜੁਝਾਰੂ ਸਿੰਘਾਂ ਭਾਈ ਰਜਿੰਦਰ ਸਿੰਘ ਮੁਗਲਵਾਲ, ਭਾਈ ਲਾਲ ਸਿੰਘ ਅਕਾਲਗੜ੍ਹ, ਭਾਈ ਦਲਜੀਤ ਸਿੰਘ ਬਿੱਟੂ, ਭਾਈ ਨਰੈਣ ਸਿੰਘ ਚੌੜਾ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਅਮਰੀਕ ਸਿੰਘ ਈਸੜੂ, ਭਾਈ ਸੁਖਦੇਵ ਸਿੰਘ ਫਗਵਾੜਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਸੁਖਦੇਵ ਸਿੰਘ ਡੋਡ, ਭਾਈ ਸਤਨਾਮ ਸਿੰਘ ਖੰਡੇਵਾਲਾ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਵੱਲੋਂ ਸਾਂਝੇ ਤੌਰ ਉੱਤੇ ਬੰਦੀ ਛੋੜ ਦਿਵਸ ਅਤੇ ਗੁਰੂ ਗ੍ਰੰਥ-ਗੁਰੂ ਪੰਥ ਗੁਰਿਆਈ ਦਿਵਸ ਮੌਕੇ ਆਪਸੀ ਵਿਚਾਰ ਵਟਾਂਦਰੇ ਦੀ ਗੁਰੂ ਖਾਲਸਾ ਪੰਥ ਦੀ ਰਵਾਇਤ ਦੇ ਅਨੁਸਾਰ  ਪਹਿਲੀ ਪੰਥਕ ਵਿਚਾਰ ਗੋਸ਼ਟੀ 21 ਅਕਤੂਬਰ2022 ਨੂੰ ਅੰਮ੍ਰਿਤਸਰ ਵਿਖੇ ਕਰਵਾਈ ਗਈ .

ਇਸ ਵਿਚਾਰ ਗੋਸ਼ਟੀ ਵਿਚ ਸਾਬਕਾ ਸਿੰਘ ਸਾਹਿਬਾਨ, ਨਿਹੰਗ ਸਿੰਘ ਜਥੇਬੰਦੀਆਂ, ਕਾਰ ਸੇਵਾ ਸੰਪਰਦਾਵਾਂ, ਟਕਸਾਲਾਂ, ਪੰਥਕ ਸੰਸਥਾਵਾਂ, ਪੰਥਕ ਜਥੇਬੰਦੀਆਂ ਅਤੇ ਪੰਥਕ ਸੰਘਰਸ਼ ਦੀਆਂ ਜੁਝਾਰੂ ਸਖਸ਼ੀਅਤਾਂ ਨੇ ਸ਼ਮੂਲੀਅਤ ਕੀਤੀ। ਇਸ ਵਿਚਾਰ ਗੋਸ਼ਟੀ  ਦੌਰਾਨ ਵੱਖ ਵੱਖ ਬੁਲਾਰਿਆਂ ਵੱਲੋਂ  ਆਪਣੇ ਵਿਚਾਰ ਪੇਸ਼ ਕੀਤੇ ਗਏ।

ਇਸ ਮੌਕੇ ਬੋਲਦਿਆਂ ਭਾਈ ਦਲਜੀਤ ਸਿੰਘ ਬਿੱਟੂ ਨੇ ਕਿਹਾ ਕਿ ਅੱਜ ਦੇ ਸਮੇਂ ਸੰਸਾਰ, ਦੱਖਣੀ ਏਸ਼ੀਆ, ਭਾਰਤੀ ਉਪ ਮਹਾਂਦੀਪ ਅਤੇ ਪੰਜਾਬ ਦੇ ਹਾਲਾਤ ਅਸਥਿਰਤਾ ਵੱਲ ਵਧ ਰਹੇ ਹਨ ਤੇ ਸਿੱਖਾਂ ਵਿੱਚ ਆਪਸੀ ਸੰਵਾਦ ਦਾ ਕੋਈ ਵੀ ਭਰੋਸੇਯੋਗ ਕੇਂਦਰੀ ਧੁਰਾ ਨਾ ਰਹਿਣ ਕਾਰਨ ਖਿੰਡਾਓ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਤੇਜੀ ਨਾਲ ਬਦਲ ਰਹੇ ਹਾਲਾਤ ਵਿੱਚ ਗੁਰੂ ਖਾਲਸਾ ਪੰਥ ਦੇ ਸਨਮੁਖ ਬਹੁਤ ਜਲਦ ਨਵੇਂ ਮੌਕੇ ਆ ਸਕਦੇ ਹਨ ਇਸ ਲਈ ਜਰੂਰੀ ਹੈ ਕਿ ਗੁਰੂ ਖਾਲਸਾ ਪੰਥ ਦੀ ਅਗਵਾਈ ਅਤੇ ਫੈਸਲੇ ਲੈਣ ਦੀ ਪ੍ਰਕਿਰਿਆ ਪੰਥਕ ਰਵਾਇਤ ਅਨੁਸਾਰ ਸੇਧਤ ਕਰਨ ਵਾਸਤੇ ਵਕਤੀ ਤੌਰ ਉੱਤੇ ਅੰਦਰੂਨੀ ਸੰਵਾਦ ਦਾ ਇਕ ਨਿਰਪੱਖ ਮੰਚ ਉਸਾਰਿਆ ਜਾਵੇ।

ਇਸ ਪਹਿਲੀ ਵਿਚਾਰ ਗੋਸ਼ਟੀ ਵਿਚ ਭਾਈ ਦਲਜੀਤ ਸਿੰਘ ਬਿੱਟੂ ਨੇ ਚਾਰ ਮੁੱਖ ਵਿਸ਼ੇ ਅਕਾਲ ਤਖ਼ਤ ਸਾਹਿਬ ਦਾ ਪ੍ਰਬੰਧ, ਗੁਰਦੁਆਰਿਆਂ ਦਾ ਪ੍ਰਬੰਧਕ ਢਾਂਚਾ,ਭਾਰਤੀ ਰਾਜਨੀਤਕ ਪ੍ਰਣਾਲੀ ਵਿੱਚ ਖੇਤਰੀ ਪਾਰਟੀ ਦੀ ਭੂਮਿਕਾ ਅਤੇ ਆਜ਼ਾਦੀ ਦੇ ਸੰਘਰਸ਼ ਭਾਵ ਖਾਲਿਸਤਾਨ ਦੀ ਪ੍ਰਾਪਤੀ  ਨੂੰ ਲੈ ਕੇ ਸੰਗਤ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕੀਤੇ ।ਇਨ੍ਹਾਂ ਵਿਚਾਰਾਂ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਜੁਝਾਰੂ ਲਹਿਰ ਨਾਲ ਸਬੰਧਤ ਨਿਸ਼ਕਾਮ ਸਖਸ਼ੀਅਤਾਂ ਵੱਲੋਂ ਅਜਿਹਾ ਹੀ ਮੰਚ ਉਸਾਰਨ ਦੀ ਪਹਿਲਕਦਮੀ ਕੀਤੀ ਜਾ ਰਹੀ ਹੈ। ਉਨ੍ਹਾਂ  ਦੀ ਇਹ ਵਿਚਾਰ ਗੋਸ਼ਟੀ ਇਸ ਲੜੀ ਦੀ ਪਹਿਲੀ ਵਿਚਾਰ ਚਰਚਾ ਹੈ ਜਿਸ ਵਿੱਚ ਪੰਥਕ ਸੰਪਰਦਾਵਾਂ ਸੰਸਥਾਵਾਂ ਅਤੇ ਸਖਸ਼ੀਅਤਾਂ ਨੂੰ ਸੱਦਾ ਦਿੱਤਾ ਗਿਆ ਸੀ। ਉਨ੍ਹਾਂ ਕਿਹਾ ਕਿ ਆਉਂਦੀ 14 ਨਵੰਬਰ ਨੂੰ ਸਿੱਖ ਪ੍ਰਚਾਰਕਾਂ ਨੂੰ ਵਿਚਾਰ ਗੋਸ਼ਟੀ ਦਾ ਸੱਦਾ ਦਿੱਤਾ ਜਾਵੇਗਾ ਜਿਸ ਦਾ ਵਿਸ਼ਾ ਗੁਰਮਤਾ ਸੰਸਥਾ ਦੀ ਮੁੜ ਬਹਾਲੀ ਹੋਵੇਗਾ। ਇਸੇ ਤਰ੍ਹਾਂ  ਦਸੰਬਰ ਦੇ ਪਹਿਲੇ ਹਫਤੇ ਸੰਸਾਰ ਭਰ ਦੇ ਸਿੱਖ ਨੁਮਾਇੰਦਿਆਂ ਨਾਲ ਵਿਚਾਰ ਗੋਸ਼ਟੀ ਕੀਤੀ ਜਾਵੇਗੀ।

ਸਾਹਿਬਜ਼ਾਦਿਆਂ ਦੀ ਸ਼ਹੀਦੀ ਸਭਾ ਮੌਕੇ ਨੌਜਵਾਨਾਂ, ਮਾਘੀ ਮੌਕੇ ਵਿਦਵਾਨਾਂ ਅਤੇ ਬਸੰਤ ਉੱਤੇ ਬੀਬੀਆਂ ਦਰਮਿਆਨ ਵਿਚਾਰ ਗੋਸ਼ਟੀ ਦਾ ਪ੍ਰਬੰਧ ਕੀਤਾ ਜਾਵੇਗਾ। ਇਸ ਸਮਾਗਮ  ਵਿੱਚ ਬਾਬਾ ਮਾਨ ਸਿੰਘ ਮੜ੍ਹੀਆਂ ਵਾਲੇ, ਸਿੰਘ  ਸਾਹਿਬ ਗਿਆਨੀ ਜਸਵੰਤ ਸਿੰਘ ਅਤੇ ਗਿਆਨੀ ਕੇਵਲ ਸਿੰਘ, ਸੁਖਦੇਵ ਸਿੰਘ ਭੌਰ, ਭਗਵੰਤ ਸਿੰਘ ਸਿਆਲਕਾ, ਗੁਰਪ੍ਰੀਤ ਸਿੰਘ ਗਲੋਬਲ ਸਿੱਖ ਕੌਂਸਲ, ਬਾਬਾ ਸਰਬਜੋਤ ਸਿੰਘ ਬੇਦੀ ਵੱਲੋਂ ਬਾਬਾ ਹਰਬੰਸ ਸਿੰਘ, ਹਵਾਰਾ ਰਿਹਾਈ ਕਮੇਟੀ ਵੱਲੋਂ ਪ੍ਰੋ. ਬਲਜਿੰਦਰ ਸਿੰਘ ਤੇ ਬਾਪੂ ਗੁਰਚਰਨ ਸਿੰਘ, ਦਲ ਖਾਲਸਾ ਵੱਲੋਂ ਪਰਮਜੀਤ ਸਿੰਘ ਮੰਡ, ਅਖੰਡ ਕੀਰਤਨੀ ਜਥੇ ਵੱਲੋਂ ਭਾਈ ਬਖਸ਼ੀਸ਼ ਸਿੰਘ, ਦਮਦਮੀ ਟਕਸਾਲ ਜਥਾ ਭਿੰਡਰਾਂ ਵੱਲੋਂ ਗਿਆਨੀ ਅੰਗਰੇਜ਼ ਸਿੰਘ, ਗੁਰੂ ਗ੍ਰੰਥ ਸਾਹਿਬ ਸਤਿਕਾਰ ਸਭਾ ਹਰਿਆਣਾ ਵੱਲੋਂ ਸੁਖਵਿੰਦਰ ਸਿੰਘ, ਕਿਸਾਨ ਆਗੂ ਬਲਦੇਵ ਸਿੰਘ ਸਿਰਸਾ, ਕਾਰ ਸੇਵਾ ਸੰਸਥਾਵਾਂ ਵਿਚੋਂ ਬਾਬਾ ਛਿੰਦਰ ਸਿੰਘ ਫਤਿਹਗੜ੍ਹ ਸਭਰਾ ਅਤੇ ਬਾਬਾ ਗੁਰਪ੍ਰੀਤ ਸਿੰਘ ਖਡੂਰ ਸਾਹਿਬ ਆਦਿ ਨੇ ਵਿਚਾਰਾਂ ਦੀ ਸਾਂਝ ਪਾਈ। ਆਉਣ ਵਾਲੇ ਸਮੇਂ ਵਿਚ ਇਹ ਵੀਚਾਰਾਂ ਦੀ ਲੜੀ ਲਗਾਤਾਰ ਪੰਥ ਲਈ ਨੇਕ ਉਪਰਾਲੇ ਕਰਨ ਲਈ ਵਚਨ ਵੱਧ ਹੈ।