ਬਹਿਬਲ ਕਲਾਂ ਗੋਲੀਕਾਂਡ: ਸਰਬੱਤ ਖਾਲਸਾ ਦੇ ਜਥੇਦਾਰ ਮੰਡ,ਦਾਦੂਵਾਲ,ਅਜਨਾਲਾ ਸਮੇਤ ਸਿੱਧੂ ਤੇ ਖਹਿਰਾ ਵੀ ਸਮਾਗਮ 'ਚ ਨਹੀ ਪਹੁੰਚੇ

ਬਹਿਬਲ ਕਲਾਂ ਗੋਲੀਕਾਂਡ: ਸਰਬੱਤ ਖਾਲਸਾ ਦੇ ਜਥੇਦਾਰ ਮੰਡ,ਦਾਦੂਵਾਲ,ਅਜਨਾਲਾ ਸਮੇਤ ਸਿੱਧੂ ਤੇ ਖਹਿਰਾ ਵੀ ਸਮਾਗਮ 'ਚ ਨਹੀ ਪਹੁੰਚੇ

*ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਸ਼ਹੀਦੀ ਦਿਹਾੜੇ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੀਆਂ ਸੰਗਤਾਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ 

*ਮੌਜੂਦਾ ਕਾਂਗਰਸ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀਕਾਂਡ ਅਤੇ ਬਰਗਾੜੀ ਬੇਅਦਬੀ ਕਾਂਡ ਦੇ ਅਸਲ ਦੋਸ਼ੀ ਬਾਦਲਕਿਆਂ,ਸੌਦਾ ਸਾਧ ਤੇ ਸੁਮੇਧੀ ਸੈਣੀ ਨੂੰ ਸ਼ਜਾਵਾਂ ਨਾਂ ਦੇਣ ਤੋਂ ਅੱਕੇ ਪੰਥਕ ਆਗੂਆਂ ਨੇ ਭਵਿੱਖ ਵਿੱਚ ਬੇਅਦਬੀ ਕਰਨ ਵਾਲੇ ਪੰਥ ਦੋਖੀਆਂ ਨੂੰ ਖੁਦ ਸੋਧਾ ਲਾ ਕੇ ਗੱਡੀ ਚਾੜ੍ਹਣ ਦਾ ਦਿੱਤਾ ਸੁਨੇਹਾ 

ਅੰਮ੍ਰਿਤਸਰ ਟਾਈਮਜ਼

ਪੰਜਗਰਾਈਕਲਾਂ/ਬਰਗਾੜੀ,(ਸੁਖਜਿੰਦ ਸਿੰਘ ਪੰਜਗਰਾਈਂ) : ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਅੱਜ ਸ਼ਹੀਦਾਂ ਦੇ ਪਰਿਵਾਰਾਂ ਤੇ ਸਮੂਹ ਪੰਥਕ ਜਥੇਬੰਦੀਆਂ ਵੱਲੋਂ ਗੁਰਦੁਆਰਾ ਟਿੱਬੀ ਸਾਹਿਬ ਪਾਤਿਸ਼ਾਹੀ ਦਸ਼ਵੀਂ ਬਹਿਬਲ ਕਲਾਂ ਵਿਖੇ ਸ਼ਹੀਦੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਤੇ ਸ਼ਹੀਦਾਂ ਦੀ ਯਾਦ ਵਿੱਚ ਤੇ ਸਰਬੱਤ ਦੇ ਭਲੇ ਲਈ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਤੇ ਵੱਖ ਵੱਖ ਰਾਗੀ, ਢਾਡੀ ਤੇ ਕਵੀਸ਼ਰੀ ਜਥਿਆਂ ਵੱਲੋਂ ਕੁਰਬਾਨੀਆਂ ਭਰਿਆ ਸਿੱਖ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕੀਤਾ ਗਿਆ। ਇਸ ਉਪਰੰਤ ਹੋਏ ਸਰਧਾਂਜਲੀ ਸਮਾਗਮ ਦੌਰਾਨ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਦਿਆਂ ਸ੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਰਦਾਰ ਸਿਮਰਨਜੀਤ ਸਿੰਘ ਮਾਨ,ਦਲ ਖਾਲਸਾ ਦੇ ਆਗੂ ਭਾਈ ਕੁੰਵਰਪਾਲ ਸਿੰਘ, ਸਦਭਾਵਨਾ ਦਲ ਦੇ ਆਗੂ ਭਾਈ ਬਲਦੇਵ ਸਿੰਘ ਵਡਾਲਾ,ਪ੍ਰੋਫੈਸਰ ਮਹਿੰਦਰਪਾਲ ਸਿੰਘ, ਜਸਕਰਨ ਸਿੰਘ ਕਾਹਨ ਸਿੰਘ ਵਾਲਾ,ਭਾਈ ਸੁਖਰਾਜ ਸਿੰਘ ਨਿਆਮੀ ਵਾਲਾ ਨੇ ਆਪਣੇ ਸੰਬੋਧਨ ਦੌਰਾਨ ਕਿਹਾ ਕੇ ਬਰਗਾੜੀ ਬੇਅਦਬੀ ਕਾਂਡ ਦੇ ਦੋਸ਼ੀਆਂ ਅਤੇ ਬਹਿਬਲ ਕਲਾਂ ਗੋਲੀਕਾਂਡ ਦੇ ਸ਼ਹੀਦ ਭਾਈ ਕ੍ਰਿਸ਼ਨ ਭਗਵਾਨ ਸਿੰਘ ਨਿਆਮੀ ਵਾਲਾ ਤੇ ਸ਼ਹੀਦ ਭਾਈ ਗੁਰਜੀਤ ਸਿੰਘ ਸਰਾਵਾਂ ਦੇ ਕਾਤਲ ਸੁਖਬੀਰ ਬਾਦਲ,ਪ੍ਰਕਾਸ਼ ਬਾਦਲ, ਸਾਬਕਾ ਡੀਜੀਪੀ ਸੁਮੇਧ ਸੈਣੀ ਤੇ ਸੌਦਾ ਸਾਧ ਨੂੰ ਬਚਾਅ ਕੇ ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ ਨੇ ਸਿੱਖ ਕੌਮ ਨਾਲ ਬੜੀ ਵੱਡੀ ਬੇਇਨਸਾਫ਼ੀ ਕਰਕੇ ਸਿੱਖ ਕੌਮ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਹੈ। ਉਕਤ ਪੰਥਕ ਆਗੂਆਂ ਨੇ ਇਕੱਜੁਟਤਾ ਦੇ ਨਾਲ ਕਿਹਾ ਕੇ ਜਿੰਨਾਂ ਚਿਰ ਸਿੱਖ ਕੌਮ ਆਪਣਾ ਆਜ਼ਾਦ ਘਰ ਨਹੀ ਬਣਾ ਲੈਂਦੀ ਓਨਾਂ ਚਿਰ ਕਦੇ ਵੀ ਸਿੱਖ ਕੌਮ ਨੂੰ ਭਾਰਤ ਦੇਸ਼ ਵਿੱਚ ਇਨਸਾਫ ਨਹੀ ਮਿਲਣਾ ਤੇ ਆਜ਼ਾਦ ਘਰ ਦੀ ਪ੍ਰਾਪਤੀ ਲਈ ਕੌਮ ਨੂੰ ਇੱਕ ਜੁੱਟ ਹੋਣਾ ਪਵੇਗਾ। ਉਹਨਾਂ ਕਿਹਾ ਕੇ ਜੇਕਰ ਭਵਿੱਖ ਵਿੱਚ ਕੋਈ ਪੰਥ ਦੋਖੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਦਾ ਹੈ ਤਾਂ ਸਿੱਖ ਕੌਮ ਸਰਕਾਰਾਂ ਤੇ ਕਨੂੰਨ ਤੋਂ ਇਨਸਾਫ ਦੀ ਆਸ ਛੱਡ ਕੇ ਉਸਦਾ ਮੌਕੇ ਉੱਤੇ ਹੀ ਸੋਧਾ ਲਗਾ ਕੇ ਗੱਡੀ ਚਾੜ੍ਹਣ ਵਾਲੀ ਮੁੜ ਰੀਤ ਚਲਾਵੇ। ਉਹਨਾਂ ਕਿਹਾ ਕੇ ਆਏ ਦਿਨ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੀਆਂ ਘਟਨਾਵਾਂ ਵਾਪਰ ਰਹੀਆਂ ਹਨ ਜੇਕਰ ਕਨੂੰਨ ਨੇ ਬੇਅਦਬੀ ਕਰਨ ਵਾਲੇ ਅਸਲ ਦੋਸ਼ੀਆਂ ਨੂੰ ਸਖ਼ਤ ਸ਼ਜਾਵਾਂ ਦਿੱਤੀਆਂ ਹੁੰਦੀਆਂ ਤਾਂ ਅੱਜ ਦੁਬਾਰਾ ਬੇਅਦਬੀ ਕਰਨ ਦੀ ਕਿਸੇ ਦੀ ਜੁਅਰਤ ਨਾਂ ਪੈਂਦੀ। ਉਹਨਾਂ ਇਹ ਵੀ ਕਿਹਾ ਕੇ ਬੇਅਦਬੀ ਵਾਲੇ ਮਾਮਲੇ ਤੇ ਸਿਆਸੀ ਲੋਕਾਂ ਵੱਲੋਂ ਸਿਆਸਤ ਕਰ ਕੇ ਆਮ ਲੋਕਾਂ ਨੂੰ ਗੁੰਮਰਾਹ ਕਰਨਾ ਬਹੁਤ ਹੀ ਮੰਦਭਾਗਾ ਹੈ। ਜਿਕਰਯੋਗ ਹੈ ਕੇ ਜਿਥੇ ਇਸ ਸਮਾਗਮ ਵਿੱਚ ਸਰਬੱਤ ਖਾਲਸਾ ਦੇ ਜਥੇਦਾਰ ਭਾਈ ਧਿਆਨ ਸਿੰਘ ਮੰਡ, ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਦੀ ਗੈਰ ਹਾਜ਼ਰੀ ਸਿੱਖ ਸੰਗਤਾਂ ਨੂੰ ਰੜਕਦੀ ਰਹੀ ਓਥੇ ਲੰਮੇ ਸਮੇਂ ਤੋਂ ਜਿਹੜੇ ਬਰਗਾੜੀ ਬੇਅਦਬੀ ਕਾਂਡ ਅਤੇ ਬਹਿਬਲ ਕਲਾਂ ਗੋਲੀ ਕਾਂਡ ਉੱਤੇ ਸਿਆਸਤ ਕਰਦੇ ਨੀ ਥੱਕਦੇ ਸੀ ਉਹ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਤੇ ਸੁਖਪਾਲ ਸਿੰਘ ਖਹਿਰਾ ਵੀ ਇਸ ਸ਼ਹੀਦੀ ਸਮਾਗਮ ਵਿੱਚ ਨਹੀ ਪਹੁੰਚੇ ਜਿਸ ਤੋਂ ਇਹ ਸਾਫ ਪਤਾ ਲੱਗ ਰਿਹਾ ਹੈ ਕੇ ਇਹ ਲੋਕ ਬੇਅਦਬੀ ਕਾਂਡ ਤੇ ਸਿਰਫ ਸਿਆਸਤ ਕਰ ਰਹੇ ਹਨ ਤੇ ਇਹਨਾਂ ਲੋਕਾਂ ਨੂੰ ਅੰਦਰੋਂ ਗ੍ਰੰਥ ਤੇ ਪੰਥ ਪ੍ਰਤੀ ਕੋਈ ਦਰਦ ਨਹੀ ਹੈ। ਇਸ ਮੌਕੇ ਤੇ ਸਟੇਜ ਦੀ ਸੇਵਾ 'ਵਾਰਿਸ ਪੰਜਾਬ ਦੇ' ਜਥੇਬੰਦੀ ਦੇ ਆਗੂ ਭਾਈ ਗੁਰਸੇਵਕ ਸਿੰਘ ਭਾਣਾ ਵੱਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਤੇ ਪੰਥਕ ਜਥੇਬੰਦੀਆਂ ਵੱਲੋਂ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰੋਪੇ ਦੇ ਕੇ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ । ਇਸ ਮੌਕੇ ਤੇ ਉੱਘੇ ਸਿੱਖ ਚਿੰਤਕ ਭਾਈ ਨਰੈਣ ਸਿੰਘ ਚੌੜਾ,ਹਵਾਰਾ ਕਮੇਟੀ ਦੇ ਆਗੂ ਪ੍ਰੋਫੈਸਰ ਬਰਜਿੰਦਰ ਸਿੰਘ, ਸਾਬਕਾ ਆਈ ਜੀ ਕੁੰਵਰ ਵਿਜੈ ਪ੍ਰਤਾਪ ਸਿੰਘ, ਵਿਧਾਇਕ ਮਾਸਟਰ ਬਲਦੇਵ ਸਿੰਘ, ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਕਵੀਸ਼ਰ ਭਾਈ ਮੱਖਣ ਸਿੰਘ ਮੁਸਾਫਿਰ,ਭਾਈ ਰੁਪਿੰਦਰ ਸਿੰਘ ਪੰਜਗਰਾਈਂ,ਯੂਥ ਵਿੰਗ ਦੇ ਪ੍ਰਧਾਨ ਵਰਿੰਦਰ ਸਿੰਘ ਸੇਖੋਂ,ਬਲਵਿੰਦਰ ਸਿੰਘ ਬਾਵਾ ਰੋਡੇ,ਰਣਜੀਤ ਸਿੰਘ ਵਾਂਦਰ,ਸ਼ਹੀਦ ਭਾਈ ਗੁਰਜੀਤ ਸਿੰਘ ਦੇ ਪਿਤਾ ਭਾਈ ਸਾਧੂ ਸਿੰਘ ਸਰਾਵਾਂ,ਗੁਰਮੀਤ ਸਿੰਘ ਬੁੱਕਣ ਵਾਲਾ,ਕੁਲਵੰਤ ਸਿੰਘ ਰਾਊਕੇ,ਡਾ:ਬਲਵੀਰ ਸਿੰਘ ਸਰਾਵਾਂ,ਪੱਤਰਕਾਰ ਰਜਿੰਦਰ ਸਿੰਘ ਕੋਟਲਾ, ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ,ਪ੍ਰਿਤਪਾਲ ਸਿੰਘ ਬਰਗਾੜੀ ਸਮੇਤ ਵੱਡੀ ਗਿਣਤੀ ਵਿੱਚ ਪਹੁੰਚੀਆਂ ਸਿੱਖ ਸੰਗਤਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੁੰਦਿਆਂ ਸ਼ਹੀਦਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ