ਮੋਰਚੇ ਵਿਚ ਪੁੱਜੇ ਹਿੰਦੂ ਭਾਈਚਾਰੇ ਨੇ ਬੰਦੀ ਸਿੰਘਾਂ ਦੀ  ਮੰਗੀ ਰਿਹਾਈ

ਮੋਰਚੇ ਵਿਚ ਪੁੱਜੇ ਹਿੰਦੂ ਭਾਈਚਾਰੇ ਨੇ ਬੰਦੀ ਸਿੰਘਾਂ ਦੀ  ਮੰਗੀ ਰਿਹਾਈ

*ਮੋਰਚੇ ਨੂੰ ਲੋਕਾਂ ਦੀ ਮਿਲੀ ਭਰਵੀਂ ਹਮਾਇਤ, ਹਿੰਦੂ ਜਥੇ ਦਾ ਮੋਰਚੇ ਦੇ ਆਗੂਆਂ ਵੱਲੋਂ ਸਵਾਗਤ

*ਕੌਮੀ ਇਨਸਾਫ਼ ਮੋਰਚੇ ਦੇ ਆਗੂ ਦਾ ਪੁਲਿਸ ਵਲੋਂ ਫੋਨ ਟੈਪ ਕਰਨ ਦੀ ਨਿਖੇਧੀ

ਅੰਮ੍ਰਿਤਸਰ ਟਾਈਮਜ਼ ਬਿਊਰੋ

ਐਸਏਐਸ ਨਗਰ (ਮੁਹਾਲੀ)- ਬੰਦੀ ਸਿੰਘਾਂ ਦੀ ਰਿਹਾਈ, ਬੇਅਦਬੀ ਦੀਆਂ ਘਟਨਾਵਾਂ ਅਤੇ ਬਹਿਬਲ ਕਲਾਂ ਗੋਲੀ ਕਾਂਡ ਸਮੇਤ ਹੋਰ ਸਿੱਖ ਮਸਲਿਆਂ ਬਾਰੇ ਜਥੇਦਾਰ ਜਗਤਾਰ ਸਿੰਘ ਹਵਾਰਾ ਕਮੇਟੀ ਤੇ ਪੰਥਕ ਕਮੇਟੀ ਸਮੇਤ ਹੋਰ ਸਿੱਖ ਜਥੇਬੰਦੀਆਂ ਦਾ ਮੁਹਾਲੀ-ਚੰਡੀਗੜ੍ਹ ਦੀ ਸਾਂਝੀ ਹੱਦ ’ਤੇ ਪੱਕਾ ਮੋਰਚਾ  ਜਾਰੀ ਹੈ। ਭਾਈ ਜਗਤਾਰ ਸਿੰਘ ਹਵਾਰਾ ਦੇ ਜੱਦੀ ਪਿੰਡ ਤੇ ਨੇੜਲੇ ਪਿੰਡਾਂ ਵਿਚੋਂ ਹਿੰਦੂ ਭਾਈਚਾਰੇ ਦਾ ਵੱਡਾ ਜਥਾ  ਪੱਕੇ ਮੋਰਚੇ ਵਿੱਚ ਪੁੱਜਿਆ। ਸਿੱਖ ਸੰਘਰਸ਼ ਵਿੱਚ ਪਹੁੰਚਣ ’ਤੇ ਬਾਪੂ ਗੁਰਚਰਨ ਸਿੰਘ ਸਮੇਤ ਹੋਰਨਾਂ ਪ੍ਰਬੰਧਕਾਂ ਨੇ ਇਨ੍ਹਾਂ ਪਰਿਵਾਰਾਂ ਨਿੱਘਾ ਸਵਾਗਤ ਕੀਤਾ।

ਇਸ ਮੌਕੇ ਐਡਵੋਕੇਟ ਦਿਲਸ਼ੇਰ ਸਿੰਘ ਤੇ ਬਲਵਿੰਦਰ ਸਿੰਘ ਨੇ ਹਿੰਦੂ ਭਾਈਚਾਰੇ  ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਪੰਥ ਦੋਖੀਆਂ ਵੱਲੋਂ ਸਿੱਖ ਕੈਦੀਆਂ ਬਾਰੇ ਕੀਤੇ ਜਾ ਰਹੇ ਕੂੜ ਪ੍ਰਚਾਰ ਨੂੰ ਵੀ ਕਰਾਰਾ ਜਵਾਬ ਮਿਲਿਆ ਹੈ। ਪੰਡਤ ਰੂਪ ਚੰਦ ਨੇ ਹਵਾਰਾ ਪਰਿਵਾਰ ਨਾਲ ਆਪਣੀ ਸਾਂਝ ਅਤੇ ਸਿੱਖ ਨੌਜਵਾਨ ਨਾਲ ਜੁੜੀਆਂ ਯਾਦਾਂ ਸਾਂਝੀਆਂ ਕਰਦਿਆਂ ਕਿਹਾ ਕਿ ਉਹ ਇਕੱਠੇ ਖੇਡੇ ਅਤੇ ਪੜ੍ਹੇ ਹਨ। ਉਨ੍ਹਾਂ ਕਿਹਾ ਕਿ ਜਗਤਾਰ ਹਿੰਦੂ ਭਾਈਚਾਰੇ ਦੇ ਨਹੀਂ, ਸਗੋਂ ਜਬਰ ਦੇ ਖ਼ਿਲਾਫ਼ ਸੀ। ਉਨ੍ਹਾਂ ਕਿਹਾ ਕਿ ਪਿੰਡ ਹਵਾਰਾ ਨੂੰ ਉਨ੍ਹਾਂ ਦੀ ਜੇਲ੍ਹ ਜ਼ਿੰਦਗੀ ਕਰ ਕੇ ਵੱਡਾ ਘਾਟਾ ਪਿਆ ਹੈ। ਸਰਕਾਰਾਂ ਨੂੰ ਚਾਹੀਦਾ ਹੈ ਕਿ ਜਦੋਂ ਇਸ ਨੌਜਵਾਨ ਨੇ ਆਪਣੇ ਜੁਰਮ ਦੀ ਸਜ਼ਾ ਪੂਰੀ ਕਰ ਲਈ ਹੈ ਤਾਂ ਉਸ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਉਨ੍ਹਾਂ ਐਲਾਨ ਕੀਤਾ ਕਿ ਹਿੰਦੂ ਭਾਈਚਾਰੇ ਦੇ ਲੋਕ ਕੌਮੀ ਇਨਸਾਫ਼ ਮੋਰਚੇ ਨਾਲ ਡਟ ਕੇ ਖੜ੍ਹੇ ਹਨ।

ਪੱਕੇ ਮੋਰਚੇ ਦੇ ਆਗੂਆਂ ਵੱਲੋਂ  ਇਥੇ ਕੌਮੀ ਇਨਸਾਫ਼ ਮੋਰਚੇ ਦੇ ਆਗੂ ਬਲਵਿੰਦਰ ਸਿੰਘ ਦਾ ਫੋਨ ਟੈਪ ਕਰਵਾਏ ਜਾਣ ਦੀ ਨਿਖੇਧੀ ਕੀਤੀ ਗਈ। ਬਲਵਿੰਦਰ ਸਿੰਘ ਨੇ ਦੱਸਿਆ ਕਿ ਉਸ ਦਾ ਫੋਨ ਟੈਪ ਕੀਤਾ ਜਾ ਰਿਹਾ ਹੈ ਤੇ ਪੱਕੇ ਮੋਰਚੇ ਦੇ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਗੱਲਾਂ ਵੀ ਸੁਣੀਆਂ ਜਾ ਰਹੀਆਂ ਹਨ। ਸਿੱਖ ਆਗੂ ਨੇ ਦੱਸਿਆ ਕਿ ਉਨ੍ਹਾਂ ਨੂੰ ਇੱਕ ਪੁਲੀਸ ਅਧਿਕਾਰੀ ਦਾ ਡਿੱਗਿਆ ਫੋਨ ਮਿਲਿਆ ਸੀ, ਜਿਸ ਵਿੱਚ ਇਹ ਰਿਕਾਰਡਿੰਗਜ਼ ਪਈਆਂ ਸਨ, ਉਸ ਮਗਰੋਂ ਉਨ੍ਹਾਂ ਨੂੰ ਫੋਨ ਟੈਪ ਹੋਣ ਦਾ ਪਤਾ ਲੱਗਿਆ। ਆਗੂਆਂ ਨੇ ਕਿਹਾ ਕਿ ਇਸ ਸਬੰਧੀ ਸ਼ਿਕਾਇਤ ਦਰਜ ਕਰਵਾਈ ਜਾਵੇਗੀ ਤੇ ਛੇਤੀ ਹੀ ਡੀਜੀਪੀ ਨਾਲ ਮੁਲਾਕਾਤ ਕੀਤੀ ਜਾਵੇਗੀ।