ਦਿਗਵਿਜੈ ਨੇ ਮੋਦੀ ਸਰਕਾਰ ਦੇ ਸਰਜੀਕਲ ਹਮਲਿਆਂ ਨੂੰ ਝੂਠ ਦਸਿਆ

ਦਿਗਵਿਜੈ ਨੇ ਮੋਦੀ ਸਰਕਾਰ ਦੇ ਸਰਜੀਕਲ ਹਮਲਿਆਂ ਨੂੰ ਝੂਠ ਦਸਿਆ

*ਕਾਂਗਰਸ ਦਿਗਵਿਜੈ ਦੇ ਵਿਚਾਰ ਨਾਲ ਅਸਹਿਮਤ  ਤੇ ਮੋਦੀ ਸਰਕਾਰ ਦੀ ਕੀਤੀ ਹਮਾਇਤ

ਅੰਮ੍ਰਿਤਸਰ ਟਾਈਮਜ਼ ਬਿਊਰੋ

ਦਿੱਲੀਕਾਂਗਰਸ ਆਗੂ ਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਨੇ ਸਰਜੀਕਲ ਹਮਲਿਆਂ ’ਤੇ ਸਵਾਲ ਚੁੱਕਦਿਆਂ ਕੇਂਦਰ ਦੀ ਮੋਦੀ ਸਰਕਾਰ ’ਤੇ ਝੂਠ ਬੋਲਣ ਦਾ ਦੋਸ਼ ਲਾਇਆ ਹੈ। ਉਨ੍ਹਾਂ 2019 ਦੇ ਪੁਲਵਾਮਾ ਹਮਲੇ ਲਈ ਵਰਤੇ 300 ਕਿਲੋ ਆਰਡੀਐੱਕਸ ਤੇ ਦਹਿਸ਼ਤਗਰਦਾਂ ਨਾਲ ਫੜੇ ਗਏ ਡੀਐੱਸਪੀ ਦਵਿੰਦਰ ਸਿੰਘ ਦੇ ਹਵਾਲੇ ਨਾਲ ਸਰਕਾਰ ਨੂੰ ਘੇਰਿਆ। ਉਧਰ ਕਾਂਗਰਸ ਨੇ ਦਿਗਵਿਜੈ ਦੀਆਂ ਇਨ੍ਹਾਂ ਟਿੱਪਣੀਆਂ ਨੂੰ ਉਨ੍ਹਾਂ ਦੇ ਨਿੱਜੀ ਵਿਚਾਰ ਦੱਸ ਕੇ ਦੂਰੀ ਬਣਾ ਲਈ। ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਟਵੀਟ ਕੀਤਾ ਕਿ ਕਾਂਗਰਸ ਫੌਜ ਵੱਲੋਂ ਦੇਸ਼ ਹਿੱਤ ਵਿੱਚ ਕੀਤੀਆਂ ਸਾਰੀਆਂ ਕਾਰਵਾਈਆਂ ਦੀ ਹਮਾਇਤ ਕਰਦੀ ਸੀ ਤੇ ਅੱਗੋਂ ਵੀ ਕਰਦੀ ਰਹੇਗੀ। ਉਨ੍ਹਾਂ ਕਿਹਾ ਕਿ ਸਿੰਘ ਦਾ ਉਪਰੋਕਤ ਬਿਆਨ ਪਾਰਟੀ ਦੇ ਅਧਿਕਾਰਤ ਸਟੈਂਡ ਦੀ ਤਰਜਮਾਨੀ ਨਹੀਂ ਕਰਦਾ। ਜੰਮੂ ਕਸ਼ਮੀਰ ਵਿੱਚ ‘ਭਾਰਤ ਜੋੜੋ’ ਯਾਤਰਾ ਦੌਰਾਨ ਜਨਤਕ ਇਕੱਠ ਨੂੰ ਸੰਬੋਧਨ ਕਰਦਿਆਂ ਸਿੰਘ ਨੇ ਕਿਹਾ ਕਿ ਸਰਕਾਰ ਨੇ ਸੀਆਰਪੀਐੱਫ ਦੀ ਉਸ ਦੇ ਅਮਲੇ ਨੂੰ ਸ੍ਰੀਨਗਰ ਤੋੋਂ ਦਿੱਲੀ ਹਵਾਈ ਰਸਤੇ ਭੇਜਣ ਦੀ ਗੁਜ਼ਾਰਿਸ਼ ਨਹੀਂ ਮੰਨੀ ਤੇ ਸਾਲ 2019 ਵਿੱਚ ਪੁਲਵਾਮਾ ਦਹਿਸ਼ਤੀ ਹਮਲੇ ਵਿੱਚ 40 ਸੁਰੱਖਿਆ ਬਲਾਂ ਨੇ ਆਪਣੀਆਂ ਜਾਨਾਂ ਵਾਰ ਦਿੱਤੀਆਂ। ਸਿੰਘ ਨੇ ਕਿਹਾ, ‘‘ਉਹ ਸਰਜੀਕਲ ਹਮਲਿਆਂ ਦੀ ਗੱਲ ਕਰਦੇ ਹਨ। ਉਨ੍ਹਾਂ ਵੱਡੀ ਗਿਣਤੀ ਦਹਿਸ਼ਤਗਰਦਾਂ ਨੂੰ ਮਾਰਨ ਦਾ ਦਾਅਵਾ ਕੀਤਾ, ਪਰ ਇਸ ਦਾ ਕੋਈ ਸਬੂਤ ਨਹੀਂ ਦਿੱਤਾ ਗਿਆ। ਉਹ ਝੂਠਾਂ ਦੀ ਪੰਡ ਸਿਰ ਰਾਜ ਕਰ ਰਹੇ ਹਨ। ਸਿੰਘ ਨੇ ਮਗਰੋਂ ਟਵੀਟ ਵਿਚ ਕਿਹਾ, ‘‘ਦਹਿਸ਼ਤਗਰਦਾਂ ਨੂੰ ਪੁਲਵਾਮਾ ਹਮਲੇ ਲਈ 300 ਕਿਲੋ ਆਰਡੀਐੱਕਸ ਕਿੱਥੋਂ ਮਿਲਿਆ? ਡੀਐੱਸਪੀ ਦਵਿੰਦਰ ਸਿੰਘ ਦਹਿਸ਼ਤਗਰਦਾਂ ਨਾਲ ਫੜਿਆ ਗਿਆ, ਪਰ ਫਿਰ ਉਸ ਨੂੰ ਕਿਉਂ ਛੱਡ ਦਿੱਤਾ ਗਿਆ?’’